ਜਸਵੰਤ ਦੀਦ ਦਾ ਆਵਾਗਵਣੁ

ਆਵਾਗਵਣੁ ਜਸਵੰਤ ਦੀਦ ਦੀ ਕਵਿਤਾ ਦੀ ਨਵੀਂ ਕਿਤਾਬ ਹੈ। ਇਸ ਕਿਤਾਬ ਵਿਚ ਇਕ ਕਵਿਤਾ ਹੈ ਅਰਦਾਸ: ਮਾਂ ਤਾਂ ਸਿਰਫ ਅਰਦਾਸ ਕਰ ਸਕਦੀ ਸੀ ਕੀਤੀ ਪੁੱਤ ਮਗਰ ਬਲਾਵਾਂ ਹੀ ਏਨੀਆਂ ਸਨ ਕਿ ਮਾਂ ਨੂੰ ਸਮਝ ਨਾ ਆਵੇ ਉਸ ਦੀ ਅਰਦਾਸ ਅੰਦਰ ਕਸਰ ਕਿੱਥੇ ਸੀ, ਇਹ ਬਲਾਵਾਂ ਸਿਰਫ ਪੁੱਤਰ ਮਗਰ ਹੀ ਨਹੀਂ ਅੱਜ ਦੇ ਹਰ ਚੇਤਨ ਤੇ ਸੋਚਣ ਵਾਲੇ ਮਨੁੱਖ ਦੇ ਮਗਰ ਪਈਆਂ ਹੋਈਆਂ ਹਨ। ਇਹ ਬਲਾਵਾਂ ਹਰ ਕਵਿਤਾ ਵਿਚ ਕਵੀ ਦਾ ਪਿੱਛਾ ਕਰਦੀਆਂ ਹਨ। ਕਵੀ ਆਪਣੇ ਸ਼ਬਦਾਂ ਵਿਚ ਉਨ੍ਹਾਂ ਨਾਲ ਲੜਦਾ ਹਾਰਦਾ ਤੇ ਜਿੱਤਦਾ ਹੈ। ਇਸ ਲਗਾਤਾਰ ਲੜਾਈ ਵਿਚ ਕਵੀ ਆਪਣੇ ਭੂਤ, ਵਰਤਮਾਨ ਤੇ ਭਵਿੱਖ ਨੂੰ ਲੈ ਕੇ ਜਿਵੇਂ ਜਿਵੇਂ ਆਪ ਔਖਾ ਤੇ ਅਵਾਜ਼ਾਰ ਹੁੰਦਾ ਹੈ, ਇਹ ਕਵਿਤਾਵਾਂ ਅੱਗੇ ਪਾਠਕ ਨੂੰ ਬੇਚੈਨ ਤੇ ਬੇਮੁੱਖ ਕਰਦੀਆਂ ਹਨ। ਇਨ੍ਹਾਂ ਕਵਿਤਾਵਾਂ ਵਿਚਲਾ ਹਨੇਰਾ ਬੜਾ ਬਰੀਕ ਹੈ। ਪਾਣੀ ਵਿਚ ਡਿੱਗੇ ਹੋਏ ਪੈਸੇ ਵਰਗੇ ਅਬੁਝ ਬੱਦਲ ਹਨ। ਪਿਰਾਮਿਡਾਂ ਵਿਚੋਂ ਲੱਭੇ ਹੋਏ ਦੰਦ ਹਨ। ਕਵੀ ਨੂੰ ਸਮਝ ਨਹੀਂ ਆ ਰਹੀ ਇਹ ਦੰਦ ਕਿਸ ਦੇ ਹਨ। ਇਕ ਕਵਿਤਾ ਵਿਚ ਉਹ ਬੰਦਾ ਹੈ ਜਿਸ ਨੇ ਕਵੀ ਦੀ ਫੋਟੋ ਖਿੱਚੀ। ਫੋਟੋ ਵਿਚ ਜਾਨ ਪਾਈ ਤੇ ਆਪ ਮਰ ਗਿਆ। ਇਕ ਨਾਰ ਦੰਦਾਂ ਹੇਠ ਪੁਦੀਨੇ ਦੀ ਪੱਤੀ ਲੈ ਕੇ ਸ਼ਾਵਰ ਲੈ ਰਹੀ ਹੈ, ਉਸ ਨੂੰ ਲੱਗਦਾ ਹੈ ਕਿ ਕੋਈ ਵਰ੍ਹਿਆਂ ਤੋਂ ਬਾਹਰ ਖੜਾ ਉਸ ਨੂੰ ਨਹਾਉਂਦੀ ਨੂੰ ਵੇਖ ਰਿਹਾ ਹੈ। ਇਕ ਕੁੜੀ ਸਿਰਹਾਣੇ ਵਿਚ ਆਪਣੀ ਖੁਸ਼ਬੂ ਰੱਖ ਗਈ ਹੈ। ਕਵੀ ਉਸ ਨੂੰ ਕੰਨ ਲਾ ਕੇ ਸੁਣ ਰਿਹਾ ਹੈ। ਤਾਂਬੇ ’ਤੇ ਜੰਮੇ ਹੋਏ ਜੰਗਾਲ ਵਰਗੀਆਂ ਆਵਾਜ਼ਾਂ ਕਵੀ ਨੂੰ ਡਰਾਉਂਦੀਆਂ ਹਨ। ਕਵਿਤਾ ਵਾਅਦਾ ਕਰਦੀ ਹੈ ਕਿ ਉਹ ਸਦੀਆਂ ਦੀ ਕੁੱਬੀ ਪਿੱਠ ਦੀ ਡੰਗੋਰੀ ਬਣੇਗੀ। ਘਰ ਕਵੀ ਨੂੰ ਕਦੀ ਜੰਗਲ ਲੱਗਦਾ ਹੈ, ਕਦੀ ਮਾਛੀਵਾੜਾ। ਛੱਡ ਕੇ ਕਿੱਥੇ ਜਾਏ...। ਮੂੰਹ ਅੰਦਰਲੀ ਚੁੱਪ ਕਵੀ ਦੇ ਸਿਰ ਅੰਦਰ ਜਾ ਕੇ ਖਲੋ ਜਾਂਦੀ ਹੈ। ਇਕ ਕਵਿਤਾ ਪੇਕੇ ਘਰ ਦੀ ਅੱਗ ਵਿਚ ਇਕ ਕੁੜੀ ਆਪਣੇ ਗਭਰੇਟ ਆਸ਼ਕ ਨੂੰ ਝੋਲੀ ਵਿਚੋਂ ਕੱਢ ਕੇ ਇਕ ਕੱਚਾ ਅੰਬ ਦਿੰਦੀ ਹੈ। ਤੇ ਉਹ ਮੁੰਡਾਂ ਉਸ ਨੂੰ ਪੱਕਣ ਖਾਤਿਰ ਤੂੜੀ ਵਿਚ ਲੁਕਾ ਦਿੰਦਾ ਹੈ। ਮੁੰਡੇ ਨੂੰ ਪਤਾ ਨਹੀਂ ਕਿ ਇਕ ਦਿਨ ਉਸ ਕੁੜੀ ਦਾ ਪਤੀ ਉਹ ਅੰਬ ਲੱਭ ਲਵੇਗਾ। ਇਹ ਕਵਿਤਾਵਾਂ ਪਲ ਪਲ ਆਪਣਾ ਰੂਪ ਵਟਾ ਲੈਂਦੀਆਂ ਹਨ। ਤੁਸੀਂ ਇਨ੍ਹਾਂ ਦੇ ਡਰਾਇੰਗ ਰੂਮ ਵਿਚੋਂ ਨਿਕਲਦੇ ਹੋ ਤਾਂ ਫਿਰ ਇਨ੍ਹਾਂ ਕੋਲ ਮੁੜ ਆਉਣ ਦਾ ਮਨ ਹੁੰਦਾ ਹੈ। ਕਿੰਨਾ ਕੁਝ ਵੇਖਣ ਜਾਨਣ ਵਾਲਾ ਰਹਿ ਗਿਆ ਲੱਗਦਾ ਹੈ, ਜਿਹੜਾ ਫੋਕਸ ਵਿਚ ਨਹੀਂ ਆਇਆ ਹੁੰਦਾ। ਸ਼ਾਇਦ ਇਸੇ ਲਈ ਇਹ ਆਵਾਗਵਣ ਹੈ। ਵੱਡੀ ਕਵਿਤਾ ਇਹੋ ਜਿਹੀ ਹੀ ਹੁੰਦੀ ਹੈ। ਇਕ ਬੇਚੈਨ ਤੇ ਬੇਗਾਨਗੀ ਹੰਢਾ ਰਿਹਾ ਮਨੁੱਖ ਇਸ ਕਿਤਾਬ ਵਿਚ ਪਹਿਲੇ ਅੱਖਰ ਤੋਂ ਆਖਿਰੀ ਸਤਰ ਤਕ ਫੈਲਿਆ ਹੋਇਆ ਹੈ, ਜਿਸ ਬਾਰੇ ਕੁਝ ਕਿਹਾ ਜਾਏ ਤਾਂ ਬਹੁਤ ਕੁਝ ਛੁੱਟ ਜਾਣ ਦਾ ਖਤਰਾ ਹੈ। ਇਸ ਬੰਦੇ ਨੂੰ ਤੁਸੀਂ ਆਪ ਹੀ ਮਿਲੋ ਤੇ ਉਸ ਦੇ ਚਿੱਬਾਂ, ਉਸ ਦੀਆਂ ਚਾਲਾਂ ਨੂੰ ਜਾਣੋ। ਉਹ ਮਨੁੱਖ ਕੇਵਲ ਕਵੀ ਨਹੀਂ ਮੈਂ ਵੀ ਹਾਂ, ਤੇ ਤੁਸੀਂ ਵੀ...। ਤੇ ਅੰਤ ਵਿਚ ਕਵੀ ਦੀ ਇਕ ਕਵਿਤਾ: ਹੋਮੀ ਭਾਭਾ ਤੇ ਭਾਈ ਵੀਰ ਸਿੰਘ ਹੋਮੀ ਭਾਭਾ ਤੇ ਭਾਈ ਵੀਰ ਸਿੰਘ ਇਕ ਦੂਜੇ ਨੂੰ ਪੁੱਛਦੇ ਨੇ- ਤੂੰ ਮੈਨੂੰ ਜਾਣਦਾ ਹੈਂ? ਦੋਵੇਂ ਚੁੱਪ ਨੇ ਪਛਾਣਦੇ ਨੇ ਭਾਈ ਵੀਰ ਸਿੰਘ ਚੁੱਪ-ਚਾਪ ਸਾਹਿਤ ਪੜ੍ਹਨ, ਕੋਸ਼ ਘੜਨ ਕਵਿਤਾਵਾਂ ਲਿਖਣ ਲਗਦਾ ਹੈ ਹੋਮੀ ਭਾਭਾ ਸ਼ੀਸ਼ੀਆਂ ਵਿਚ ਤੇਜ਼ਾਬ ਦੇ ਰੰਗ ਬਦਲਣ ਉਨ੍ਹਾਂ ਵਿਚੋਂ ਉਠਦੇ ਧੂੰਏ ਨਾਲ ਗੱਲਾਂ ਕਰਨ ਵਿਗਿਆਨ ਦੀਆਂ ਜੜ੍ਹਾਂ ਮਜ਼ਬੂਤ ਕਰਨ ਲਗਦਾ ਹੈ ਦੋਨੇਂ ਰਾਤ-ਰਾਤ ਭਰ ਸੌਂਦੇ ਨਹੀਂ ਧੌਣਾਂ ਸੁੱਟੀ ਲਿਖੀ ਪੜ੍ਹੀ ਜਾਂਦੇ ਬਸ ਕਦੀ ਕਦਾÂੀਂ ਪਿੰਡ ਗੇੜੀ ਮਾਰਨ ਜਾਂਦੇ ਜਾਂ ਸੁਪਨਿਆਂ ਨਾਲ ਭਰੀਆਂ ਅੱਖਾਂ ਵਾਲੇ ਮਾਂ ਬਾਪ ਦੇ ਖੀਸੇ ਵਿਚੋਂ ਫੀਸਾਂ ਭਰਨ, ਹੋਸਟਲ ਜਾਂ ਮੈੱਸ ਦੇ ਬਿੱਲ ਤਾਰਨ ਖਾਤਰ ਪੈਸੇ ਖਿੱਚਣ ਜਾਂਦੇ। ਭਾਈ ਵੀਰ ਸਿੰਘ ਕਦੀ ਤੰਗ ਆ ਜਾਂਦਾ ਧੂੰਏ ਛੱਡਦੇ, ਮਾਵੇ ਛਕਦੇ ਮਲਵਈ ਮੁੰਡਿਆਂ ਕੋਲੋਂ ਹੋਮੀ ਭਾਭਾ ਚਿੜ੍ਹ ਜਾਂਦਾ ਭਾਫ ਤੋਂ ਬਣੇ ਇੰਜਣ ਦਾ ਮਖੌਲ ਉਡਾਉਣ ਵਾਲੇ ਨਵੇਂ ਆਏ ਛੋਕਰਿਆਂ ਕੋਲੋਂ ਪਰ ਮੈੱਸ ਵਿਚ ਇਕੱਠੇ ਰੋਟੀ ਖਾਂਦੇ ਹੋਮੀ ਭਾਭਾ ਤੇ ਭਾਈ ਵੀਰ ਸਿੰਘ ਜਦੋਂ ਰੋਟੀ ਤੋਂ ਝੜਦੀ ਸਵਾਹ ਦਾ ਸੰਗੀਤ ਸੁਣਦੇ ਜਦੋਂ ਰਾਜਮਾਂਹ ਚੌਲਾਂ ਦੀ ਪਲੇਟ ਭਰਦੇ, ਤਾਂ ਉਨ੍ਹਾਂ ਦੀਆਂ ਅੱਖਾਂ ਵਿਚ ਚਮਕ ਇਕੋ ਜਿਹੀ ਹੁੰਦੀ ਇਕ ਦਿਨ ਉਹ ਭਰੇ ਦਿਲ ਨਾਲ ਖਾਲੀ ਡਿਗਰੀਆਂ ਲੈ ਵਿਸ਼ਵਵਿਦਿਆਲੇ ਤੋਂ ਪਿੰਡ ਮੁੜੇ ਕਾਲੀ ਦਾੜ੍ਹੀ ਵਾਲਾ ਭਾਈ ਵੀਰ ਸਿੰਘ ਦੁੱਧ ਚਿੱਟੀ ਦਾੜ੍ਹੀ ਵਿਚ ਬਦਲ ਗਿਆ ਹੋਮੀ ਭਾਭੇ ਦਾ ਸੰਘਣੇ ਵਾਲਾਂ ਵਾਲਾ ਸਿਰ ਗੰਜਾ ਤੇ ਅੱਜ ਵਰ੍ਹਿਆਂ ਬਾਅਦ ਉਹ ਯੂਨੀਵਰਸਿਟੀ ਘੁੰਮਣ ਆਏ ਨੇ ਤੇ ਉਨ੍ਹਾਂ ਨੂੰ ਕੋਈ ਪਹਿਚਾਣਦਾ ਨਹੀਂ ਕਾਫੀ ਹਾਊਸ ਦੇ ਬਾਹਰ ਅੱਡੋ ਅੱਡ ਰੁੱਖਾਂ ਹੇਠ ਬੈਠੇ ਪੂਰੀ ਯੂਨੀਵਰਸਿਟੀ ਨੂੰ ਭਾਂਪਦੇ ਨੇ ਉਨ੍ਹਾਂ ਨੂੰ ਸਭ ਰੁੱਖ ਕਰਜ਼ੇ ਹੇਠ ਦੱਬੇ ਬੇਰੁਜ਼ਗਾਰੀ, ਕਬੀਲਦਾਰੀ ਦੇ ਝੰਬੇ ਲਗਦੇ ਨੇ ਉਨ੍ਹਾਂ ਅੰਦਰਲੀ ਯੂਨੀਵਰਸਿਟੀ ਦੀ ‘ਲਵਰਜ਼ ਰੋਡ’ ਵਿਚ ਅਜੀਬ ਟੋਏ ਪੈ ਗਏ ਨੇ ਟੋਇਆਂ ਅੰਦਰ ਹਜ਼ਾਰਾਂ ਹਾਦਸਿਆਂ ਦਾ ਮੀਂਹ ਨ੍ਹੇਰੀ ਫਸਿਆ ਹੋਇਆ ਉਹ ਆਪਣੇ ਅੰਦਰਲੇ ਅਨੇਕ ਟੋਇਆਂ ਸਮੇਤ ਇਕ ਦੂਜੇ ਵੱਲ ਡੰੂਘਾ ਝਾਕਦੇ ਨੇ ਤੇ ਅੱਖਾਂ ਅੱਖਾਂ ਵਿਚ ਸੋਚਦੇ ਨੇ-ਮੈਂ ਇਸ ਨੂੰ ਜਾਣਦਾ ਹਾਂ. ਪਹਿਚਾਣਦੇ ਪੁੱਛਦੇ ਨੇ- ਯਾਦ ਹੈ ਤੈਨੂੰ ਆਪਾਂ ਪਹਿਲੀ ਵਾਰ ਇਨਕਲਾਬ ਜ਼ਿੰਦਾਬਾਦ ਵਾਲੀ ਰੈਲੀ ਵਿਚ ਮਜ਼ਬੂਤ ਹੱਥਾਂ ਨਾਲ ਲਾਲ ਝੰਡੇ ਫੜੀ ਟੱਕਰੇ ਸਾਂ ਤੇ ਆਖਰੀ ਵਾਰੀ ਦੁਖ ਨਿਵਾਰਨ ਮੱਥਾ ਟੇਕਦੇ ਬੰਦ ਮੁੱਠੀ ਵਿਚੋਂ ਚੋਂਦੇ ਕੜਾਹ ਨਾਲ ਮਿਲੇ ਸਾਂ। ਉਹ ਅੱਖਾਂ ਅੱਖਾਂ ਅੰਦਰ ਕਈ ਕੁਝ ਪੁੱਛਦੇ ਨੇ ਇਕ ਦੂਜੇ ਨੂੰ ਬਿਨ ਬੁਲਾਏ ਘਰਾਂ ਨੂੰ ਮੁੜਨ ਲੱਗੇ ਆਪੋ ਆਪਣੇ ਹੋਸਟਲਾਂ ਨੂੰ ਤਾਂਹ ਤੱਕ ਝਾਕਦੇ ਪੱਗ ਬਚਾਉਂਦੇ, ਗੰਜ ਸਾਂਭਦੇ ਆਪੋ ਆਪਣੇ ਟੋਇਆਂ ਅੰਦਰ ਡਿੱਗਣ ਲੱਗੇ ਇਕ ਦੂਜੇ ਨੂੰ ਧਾਹ ਕੇ ਡੂੰਘੀ ਜੱਫੀ ਵਿਚ ਘੁੱਟ ਲੈਂਦੇ ਨੇ ਇਕ ਦੂਜੇ ਨੂੰ ਫਿਰ ਡੂੰਘਾ ਝਾਕਦੇ ਨੇ- ਉਨ੍ਹਾਂ ਦੀਆਂ ਅੱਖਾਂ ਅੰਦਰ ਗੁਬਾਰ ਨਾਲ ਭਰੇ ਬੱਦਲ ਗੜ੍ਹਕਦੇ ਨੇ ਗੜ੍ਹਕਦੇ ਬੱਦਲ ਅਚਾਨਕ ਫਟਦੇ ਨੇ, ਭੁੱਬ ਮਾਰ ਕੇ ਫੁੱਟ ਫੁੱਟ ਰੋਣ ਲਗਦੇ ਨੇ ਅਕਸਮਾਤ ਉਤਰੇ ਮੀਂਹ ਨਾਲ ਯੂਨੀਵਰਸਿਟੀ ਚਮਕਣ ਲਗਦੀ ਹੈ ਹੋਮੀ ਭਾਭਾ ਤੇ ਭਾਈ ਵੀਰ ਸਿੰਘ ਆਪੋ-ਆਪਣੀਆਂ ਅੱਖਾਂ ਵਿਚ ਚਮਕਦੇ ਅੱਥਰੂਆਂ ਸਮੇਤ ਮੁਸਕਰਾ ਪੈਂਦੇ ਨੇ ਡੀਫੋਕਸ ਤੋਂ ਫੋਕਸ ਤੇ ਫਿਰ ਡੀਫੋਕਸ ਹੁੰਦੇ ਪਹਿਚਾਣਦੇ. ਮੁਕਰਾਉਂਦੇ ਫੋਕਸ ਵਿਚ ਆਉਂਦੇ ਨੇ ਤੇ ਆਪਣੇ ਆਪਣੇ ਨਾਂ ’ਤੇ ਬਣੇ ਹੋਸਟਲਾਂ ਨੂੰ ਤਾਂਹ ਤੱਕ ਝਾਕਦੇ ਹੇਠਾਂ ਤੱਕ ਡੁੱਬ ਜਾਂਦੇ ਨੇ। -ਗੁਲ ਚੌਹਾਨ ਮੋਬਾਈਲ: 98144-09010

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਕਸ਼ਮੀਰ ਵਾਦੀ ਮੁੜ ਪਾਬੰਦੀਆਂ ਹੇਠ

ਕਸ਼ਮੀਰ ਵਾਦੀ ਮੁੜ ਪਾਬੰਦੀਆਂ ਹੇਠ

ਧਾਰਾ-370 ਹਟਾਉਣ ਦੀ ਪਹਿਲੀ ਵਰ੍ਹੇਗੰਢ ਤੋਂ ਦੋ ਦਿਨ ਪਹਿਲਾਂ ਕੀਤੇ ‘ਲੌਕ...

ਜ਼ਹਿਰੀਲੀ ਸ਼ਰਾਬ ਕਾਰਨ 7 ਹੋਰ ਮੌਤਾਂ

ਜ਼ਹਿਰੀਲੀ ਸ਼ਰਾਬ ਕਾਰਨ 7 ਹੋਰ ਮੌਤਾਂ

* ਮੌਤਾਂ ਦੀ ਗਿਣਤੀ ਵਧ ਕੇ 119 ਹੋਈ; * ਮੋਗਾ ਅਤੇ ਲੁਧਿਆਣਾ ਦੇ ਪੇਂਟ ਸ...

ਮੁੱਖ ਮੰਤਰੀ ਆਦਿਤਿਆਨਾਥ ਨੇ ਅਯੁੱਧਿਆ ’ਚ ਤਿਆਰੀਆਂ ਦਾ ਜਾਇਜ਼ਾ ਲਿਆ

ਮੁੱਖ ਮੰਤਰੀ ਆਦਿਤਿਆਨਾਥ ਨੇ ਅਯੁੱਧਿਆ ’ਚ ਤਿਆਰੀਆਂ ਦਾ ਜਾਇਜ਼ਾ ਲਿਆ

ਕੋਵਿਡ- 19 ਪ੍ਰੋਟੋਕੋਲ ਦੀ ਸਖ਼ਤੀ ਨਾਲ ਪਾਲਣਾ ਕਰਨ ਦਾ ਅਹਿਦ

ਵਿੱਤੀ ਸੰਕਟ: ਪੰਜਾਬ ਸਰਕਾਰ ਨੇ ਤਿੰਨ ਲੱਖ ਮੁਲਾਜ਼ਮਾਂ ਦੀ ਤਨਖ਼ਾਹ ਰੋਕੀ

ਵਿੱਤੀ ਸੰਕਟ: ਪੰਜਾਬ ਸਰਕਾਰ ਨੇ ਤਿੰਨ ਲੱਖ ਮੁਲਾਜ਼ਮਾਂ ਦੀ ਤਨਖ਼ਾਹ ਰੋਕੀ

* ਕੇਵਲ ਦਰਜਾ ਚਾਰ ਮੁਲਾਜ਼ਮਾਂ ਨੂੰ ਮਿਲੇਗੀ ਤਨਖ਼ਾਹ; * ਸਰਕਾਰ ਨੂੰ 2303...

ਸ਼ਹਿਰ

View All