ਜਸਟਿਸ ਬੋਬੜੇ ਦੀ ਅਗਲੇ ਚੀਫ਼ ਜਸਟਿਸ ਵਜੋਂ ਸਿਫ਼ਾਰਿਸ਼

ਨਵੀਂ ਦਿੱਲੀ, 18 ਅਕਤੂਬਰ ਭਾਰਤ ਦੇ ਚੀਫ਼ ਜਸਟਿਸ (ਸੀਜੇਆਈ) ਰੰਜਨ ਗੋਗੋਈ ਨੇ ਅੱਜ ਕੇਂਦਰ ਸਰਕਾਰ ਨੂੰ ਲਿਖੇ ਪੱਤਰ ਵਿੱਚ ਆਪਣੇ ਜਾਨਸ਼ੀਨ ਵਜੋਂ ਜਸਟਿਸ ਐੱਸ.ਏ.ਬੋਬੜੇ ਦੇ ਨਾਂ ਦੀ ਸਿਫਾਰਿਸ਼ ਕੀਤੀ ਹੈ। ਜਸਟਿਸ ਬੋਬੜੇ, ਸੀਜੇਆਈ ਮਗਰੋਂ ਸੁਪਰੀਮ ਕੋਰਟ ਦੇ ਸਭ ਤੋਂ ਸੀਨੀਅਰ ਜੱਜ ਹਨ। ਅਧਿਕਾਰਤ ਸੂਤਰਾਂ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਜਸਟਿਸ ਗੋਗੋਈ ਨੇ ਕਾਨੂੰਨ ਤੇ ਨਿਆਂ ਮੰਤਰਾਲੇ ਨੂੰ ਲਿਖੇ ਪੱਤਰ ਵਿੱਚ ਜਸਟਿਸ ਬੋਬੜੇ ਦੇ ਨਾਂ ਦੀ ਅਗਲੇ ਚੀਫ਼ ਜਸਟਿਸ ਵਜੋਂ ਸਿਫਾਰਿਸ਼ ਕੀਤੀ ਹੈ। ਜਸਟਿਸ ਗੋਗੋਈ ਨੇ ਪਿਛਲੇ ਸਾਲ 3 ਅਕਤੂਬਰ ਨੂੰ ਭਾਰਤ ਦੇ 46ਵੇਂ ਚੀਫ਼ ਜਸਟਿਸ ਵਜੋਂ ਹਲਫ਼ ਲਿਆ ਸੀ ਤੇ ਉਹ 17 ਨਵੰਬਰ ਨੂੰ ਸੇਵਾ ਮੁਕਤ ਹੋਣਗੇ। ਅਧਿਕਾਰਤ ਸੂਤਰਾਂ ਨੇ ਕਿਹਾ ਕਿ ਸੀਜੇਆਈ ਨੇ ਪ੍ਰਚੱਲਤ ਰਵਾਇਤ ਮੁਤਾਬਕ ਹੀ ਅਗਲੇ ਸਭ ਤੋਂ ਸੀਨੀਅਰ ਜੱਜ ਦੇ ਨਾਂ ਦੀ ਆਪਣੇ ਜਾਨਸ਼ੀਨ ਵਜੋਂ ਸਿਫਾਰਿਸ਼ ਕੀਤੀ ਹੈ। ਸੀਜੇਆਈ ਵਜੋਂ ਜਸਟਿਸ ਗੋਗੋਈ ਦਾ ਕਾਰਜਕਾਲ 13 ਮਹੀਨਿਆਂ ਤੇ ਪੰਜ ਦਿਨ ਦਾ ਹੈ ਜਦੋਂਕਿ ਜਸਟਿਸ ਬੋਬੜੇ 18 ਨਵੰਬਰ ਨੂੰ ਸੀਜੇਆਈ ਵਜੋਂ ਹਲਫ਼ ਲੈਣਗੇ ਤੇ ਉਨ੍ਹਾਂ ਦਾ ਕਾਰਜਕਾਲ 18 ਮਹੀਨਿਆਂ ਦਾ ਹੋਵੇਗਾ। ਉਂਜ ਮੈਂਮੋਰੰਡਮ ਆਫ਼ ਪ੍ਰੋਸੀਜ਼ਰ ਮੁਤਾਬਕ ਸੀਜੇਆਈ ਦੀ ਸਿਫਾਰਿਸ਼ ਮਿਲਣ ਮਗਰੋਂ ਕਾਨੂੰਨ ਮੰਤਰਾਲਾ ਇਸ ਨੂੰ ਪ੍ਰਧਾਨ ਮੰਤਰੀ ਕੋਲ ਰੱਖੇਗਾ, ਜੋ ਅੱਗੇ ਰਾਸ਼ਟਰਪਤੀ ਨੂੰ ਇਸ ਸਬੰਧੀ ਸਿਫਾਰਿਸ਼ ਕਰਨਗੇ।

-ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All