ਜਲ ਸਪਲਾਈ ਦੇ ਫ਼ੀਲਡ ਕਾਮਿਆਂ ਨੇ ਘੇਰਿਆ ਮੁੱਖ ਦਫ਼ਤਰ

ਗੁਰਨਾਮ ਸਿੰਘ ਅਕੀਦਾ ਪਟਿਆਲਾ, 28 ਮਈ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨਾਭਾ ਰੋਡ ਪਟਿਆਲਾ ਵਿਖੇ ਸੂਬਾ ਪੱਧਰੀ ਮੁੱਖ ਦਫ਼ਤਰ ਨੂੰ ਘੇਰ ਕੇ ਪੀਡਬਲਿਊਡੀ ਫ਼ੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਪ੍ਰਧਾਨ ਦਰਸ਼ਨ ਬੇਲੂਮਜਾਰਾ ਦੀ ਅਗਵਾਈ ਹੇਠ ਧਰਨਾ ਦਿੱਤਾ ਗਿਆ। ਇਸ ਧਰਨੇ ਵਿੱਚ ਜਸਬੀਰ ਖੋਖਰ, ਅਨਿਲ ਕੁਮਾਰ ਬਰਨਾਲਾ, ਸੁਖਦੇਵ ਚੰਗਾਲੀਵਾਲਾ, ਦਰਸ਼ਨ ਰੌਂਗਲਾ ਨੇ ਕਿਹਾ ਕਿ ਸਾਲ ਪਹਿਲਾਂ ਅਕਾਲ ਚਲਾਣਾ ਕਰ ਚੁੱਕੇ ਕਰਮਚਾਰੀਆਂ ਦੇ ਵਾਰਸਾਂ ਨੂੰ ਨੌਕਰੀਆਂ ਨਹੀਂ ਦਿੱਤੀਆਂ ਜਾ ਰਹੀਆਂ। ਦਰਸ਼ਨ ਚੀਮਾ, ਹਰਦੇਵ ਸਿੰਘ, ਛੱਜੂ ਰਾਮ ਤੇ ਮਾਲਵਿੰਦਰ ਸਿੰਘ ਨੇ ਕਿਹਾ ਕਿ ਨਵੀਂ ਪੈਨਸ਼ਨ ਵਿੱਚੋਂ ਪੁਰਾਣੀ ਪੈਨਸ਼ਨ 'ਚ ਆਏ ਕਰਮਚਾਰੀਆਂ ਦੇ ਬਕਾਏ ਨਹੀਂ ਦਿੱਤੇ ਜਾ ਰਹੇ। ਇਸ ਦਫ਼ਤਰ ਵਿੱਚ ਅਧਿਕਾਰੀਆਂ ਅਤੇ ਦਫ਼ਤਰੀ ਸਟਾਫ਼ ਦੀਆਂ ਪ੍ਰਮੋਸ਼ਨਾਂ ਤਾਂ ਲਗਾਤਾਰ ਹੋ ਰਹੀਆਂ ਹਨ ਪਰ ਫ਼ੀਲਡ ਮੁਲਾਜ਼ਮਾਂ ਦੀਆਂ ਤਰੱਕੀਆਂ ਨਹੀਂ ਦਿੱਤੀਆਂ ਜਾ ਰਹੀਆਂ। ਸਥਿਤੀ ਉਦੋਂ ਗੰਭੀਰ ਹੋ ਗਈ ਜਦੋਂ ਫ਼ੀਲਡ ਕਾਮਿਆਂ ਨੇ ਮੁੱਖ ਦਫ਼ਤਰ ਦੇ ਗੇਟ ਨੂੰ ਘੇਰ ਲਿਆ। ਉਸ ਸਮੇਂ ਪੁਲੀਸ ਅਤੇ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਪ੍ਰਸ਼ਾਸਨ ਵੱਲੋਂ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰਕੇ ਜਥੇਬੰਦੀ ਦੀ 11 ਜੂਨ ਦੀ ਮੀਟਿੰਗ ਤੈਅ ਕਰਵਾਈ। ਇਸ ਧਰਨੇ ਵਿੱਚ ਲਖਵਿੰਦਰ ਸਿੰਘ, ਉਜਾਗਰ ਸਿੰਘ, ਮਾਲਵਿੰਦਰ ਸਿੰਘ, ਰਜਿੰਦਰ ਸਿੰਘ, ਬਲਵਿੰਦਰ ਮੰਡੋਲੀ, ਅਮਰਨਾਥ, ਨਾਥ ਸਿੰਘ ਬੁਜਰਕ, ਪ੍ਰਕਾਸ਼ ਘਨੌਰ, ਹਰਵੀਰ ਸੁਨਾਮ, ਗੁਰਮੀਤ ਸਿੰਘ, ਹਰਦੇਵ ਸਿੰਘ ਨੇ ਕਿਹਾ ਕਿ ਜੇਕਰ 11 ਜੂਨ ਦੀ ਮੀਟਿੰਗ ਵਿੱਚ ਮੰਗਾਂ ਦਾ ਹੱਲ ਨਾ ਕੀਤਾ ਤਾਂ ਜਥੇਬੰਦੀ ਤਿੱਖਾ ਤੇ ਤੇਜ਼ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All