ਜਨੇਊ ਰੋਗ ਜਾਂ ਹਰਪੀਜ਼ ਜੋਸਟਰ

ਜਨੇਊ ਰੋਗ ਜਾਂ ਹਰਪੀਜ਼ ਜੋਸਟਰ

ਡਾ. ਮਨਜੀਤ ਸਿੰਘ ਬੱਲ

ਆਮ ਲੋਕਾਂ ਵਿੱਚ 'ਜਨੇਊ' ਦੇ ਨਾਮ ਨਾਲ ਜਾਣੀ ਜਾਂਦੀ ਚਮੜੀ ਦੀ ਇਸ ਬੀਮਾਰੀ ਦਾ ਅੰਗਰੇਜ਼ੀ ਨਾਮ ਹੈ- 'ਹਰਪੀਜ਼ ਜੋਸਟਰ' ਜਿਸ ਨੂੰ 'ਸ਼ਿੰਗਲਸ' ਵੀ ਕਿਹਾ ਜਾਂਦਾ ਹੈ। ਵਾਇਰਸ ਦੀ ਇਹ ਇਨਫੈਕਸ਼ਨ ਸੁਖਮਣਾ ਨਾੜੀ 'ਚੋਂ ਨਿਕਲਣ ਵਾਲੀਆਂ ਨਾੜੀਆਂ ਦੀਆਂ ਜੜ੍ਹਾਂ (ਨਰਵ ਰੂਟ) ਤੋਂ ਸ਼ੁਰੂ ਹੋ ਕੇ ਆਮ ਕਰਕੇ ਪਸਲੀਆਂ ਦੇ ਨਾਲ-ਨਾਲ ਚੱਲਦੀ ਹੈ। ਪਹਿਲਾਂ ਜਨੇਊ ਵਾਂਗ ਇੱਕ ਲਾਈਨ ਜਾਂ ਪੱਟੀ ਦੇ ਆਕਾਰ ਵਿੱਚ ਦਾਣੇ ਨਿਕਲਦੇ ਹਨ ਜੋ ਬਾਅਦ 'ਚ ਛਾਲੇ ਬਣ ਜਾਂਦੇ ਹਨ। ਇਹ ਇੱਕ ਇਨਫੈਕਸ਼ਨ ਵਾਲਾ ਰੋਗ ਹੈ, ਇਸ ਲਈ ਇਸ ਦੇ ਇਲਾਜ ਵਿੱਚ ਕਿਸੇ ਤਰ੍ਹਾਂ ਦੇ ਟੂਣੇ, ਝਾੜੇ ਜਾਂ ਕਿਸੇ 'ਸਿਆਣੇ' ਦੀ ਕੋਈ ਭੂਮਿਕਾ ਨਹੀਂ ਹੈ। ਕੀ ਹੈ'ਜਨੇਊ ਰੋਗ'? ਇਹ ਰੋਗ ਇੱਕ ਵਾਇਰਸ ਕਰਕੇ ਹੁੰਦਾ ਹੈ ਜਿਸ ਦਾ ਨਾਮ ਹੈ- 'ਵੀ.ਜੈੱਡ.ਵੀ.'  ਜਾਂ  'ਵੇਰੀਸੈਲਾ ਜੋਸਟਰ ਵਾਇਰਸ'। ਆਮ ਕਰਕੇ ਇਸ ਦੇ ਰੋਗੀ ਨੂੰ ਬਚਪਨ ਵੇਲੇ ਛੋਟੀ ਮਾਤਾ (ਚਿਕਨ ਪੌਕਸ) ਨਿਕਲੀ ਹੁੰਦੀ ਹੈ। ਸਰੀਰ ਦੀ ਰੋਗਾਂ ਨਾਲ ਲੜਨ ਵਾਲੀ ਪ੍ਰਣਾਲੀ ਵਾਇਰਸ ਨੂੰ ਕਈਆਂ ਥਾਵਾਂ ਤੋਂ ਤਾਂ ਕੱਢ ਦਿੰਦੀ ਹੈ ਪਰ ਸੁਖਮਨਾ ਨਾੜੀ ਜਿੱਥੋਂ ਉਗਣ ਵਾਲੀ ਕਿਸੇ ਨਾੜੀ ਦੀ ਜੜ੍ਹ/ 'ਨਰਵ ਰੂਟ' ਹੁੰਦੀ ਹੈ, ਉੱਥੇ ਕਈ ਵਾਰ ਇਹ ਵਾਇਰਸ ਸੁੱਤਾ ਪਿਆ (ਡੌਰਮੈਂਟ) ਰਹਿੰਦਾ ਹੈ ਅਤੇ 50-60 ਸਾਲ ਦੀ ਉਮਰ ਤੋਂ ਬਾਅਦ, ਹਰਪੀਜ਼ ਜੋਸਟਰ ਜਾਂ 'ਜਨੇਊ ਰੋਗ' ਦੇ ਰੂਪ ਵਿੱਚ ਕਿਰਿਆਸ਼ੀਲ ਹੋ ਜਾਂਦਾ ਹੈ। ਪੋਸਟ ਮਾਰਟਮ ਤੋਂ ਬਾਅਦ ਇਸ ਵਾਇਰਸ ਨੂੰ ਭਾਵੇਂ ਨਾੜੀਆਂ ਵਿੱਚੋਂ ਲੱਭ ਲਿਆ ਜਾਂਦਾ ਹੈ ਪਰ ਵਿਅਕਤੀ ਦੀ ਜ਼ਿੰਦਗੀ ਦੌਰਾਨ ਸੁੱਤੇ ਪਏ ਇਸ ਨੂੰ ਲੱਭਣ ਲਈ ਅਜੇ ਤਕ ਕੋਈ ਟੈਸਟ ਕਾਰਗਰ ਸਾਬਤ ਨਹੀਂ ਹੋਇਆ ਹੈ। ਅਧਿਐਨ ਦਰਸਾਉਂਦੇ ਹਨ ਕਿ ਵੱਡੀ ਉਮਰ 'ਚ ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਘਟਣ ਅਤੇ ਕਮਜ਼ੋਰ ਹੋਣ ਕਾਰਨ ਇਮਿਊਨੋ-ਸਪ੍ਰੈਸਿਵ ਇਲਾਜ, ਮਨੋਵਿਗਿਆਨਕ ਦਬਾਅ ਜਾਂ ਕਿਸੇ ਹੋਰ ਕਾਰਨ ਸੁੱਤਾ ਪਿਆ ਇਹ ਦੁਸ਼ਮਣ 'ਵੇਰੀਸੈਲਾ ਜੋਸਟਰ ਵਾਇਰਸ' ਇੱਕ ਵਾਰ ਫਿਰ ਜਾਗ ਪੈਂਦਾ ਹੈ। ਕੀ ਹਨ ਮੁੱਢਲੇ ਲੱਛਣ? ਸਿਰ ਪੀੜ, ਬੁਖ਼ਾਰ,  ਸੁਸਤੀ ਅਤੇ ਥਕਾਵਟ ਇਸ ਦੇ ਮੁੱਢਲੇ ਲੱਛਣ ਹਨ। ਇਹ ਸਮੱਸਿਆਵਾਂ ਤਾਂ ਹੋਰ ਕਈ ਬੀਮਾਰੀਆਂ ਵਿੱਚ ਵੀ ਹੋ ਜਾਂਦੀਆਂ ਹਨ, ਇਸ ਲਈ ਮਰੀਜ਼ ਜਾਂ ਉਸ ਦੇ ਰਿਸ਼ਤੇਦਾਰ ਇਹ ਨਹੀਂ ਸੋਚਦੇ ਕਿ ਇਹ 'ਜਨੇਊ ਰੋਗ' ਹੈ। ਅਗਲੇ ਪੜਾਅ ਵਿੱਚ ਖਾਰਸ਼, ਸਾੜ, ਸਾੜ ਵਾਲੀ ਦਰਦ, ਕਿਸੇ ਕੱਪੜੇ ਦੀ ਛੋਹ ਵੀ ਨਾ ਸਹਾਰ ਸਕਣਾ, ਕੰਡੇ ਖੁਭਣ ਵਾਲੀ ਪੀੜ, ਕੀੜੀਆਂ ਤੁਰਨੀਆਂ, ਉੱਨੇ ਹਿੱਸੇ ਦੀ ਚਮੜੀ ਸੌਂ ਜਾਣਾ, ਟੱਸ-ਟੱਸ, ਡੰਗ ਵੱਜਣ ਤੇ ਕਈ ਵਾਰ ਛੁਰੀਆਂ ਵੱਜਣ ਵਰਗੀ ਪੀੜ ਦਾ ਅਹਿਸਾਸ ਹੋਣਾ ਆਦਿ ਇਸ ਰੋਗ ਦੇ ਲੱਛਣ ਹਨ। 'ਕਲਿਨੀਕਲ ਇਨਫੈਕਸ਼ੀਅਸ ਡਿਸੀਜ਼' (2004) ਰਸਾਲੇ ਵਿੱਚ 'ਸ਼ਿੰਗਲਸ' ਸਬੰਧੀ ਡਾ. ਜੈਨੀਫਰ ਕਾਟਜ ਅਤੇ ਸਹਿਯੋਗੀਆਂ ਦੀ 110 ਅਜਿਹੇ ਰੋਗੀਆਂ 'ਤੇ ਅਧਾਰਿਤ ਇੱਕ ਅਧਿਐਨ ਰਿਪੋਰਟ ਛਪੀ ਸੀ ਜਿਸ ਵਿੱਚ ਇਸ ਰੋਗ ਦੀ ਪੀੜ ਦੇ ਸਮਾਜਿਕ, ਜਜ਼ਬਾਤੀ ਅਤੇ ਸਿਹਤ ਸਮੱਸਿਆਵਾਂ ਦੇ ਹਿਸਾਬ ਨਾਲ ਵਿਸਥਾਰ ਦੱਸੇ ਗਏ ਸਨ। ਇਸ ਅਧਿਐਨ ਨੇ ਦਰਸਾਇਆ ਕਿ ਜਨੇਊ ਰੋਗ ਦੀ ਪੀੜ, ਰੋਗੀ ਦੇ ਰੋਜ਼ਮਰ੍ਹਾ ਦੇ ਕੰਮ-ਕਾਜ ਅਤੇ ਜ਼ਿਹਨੀ ਸਿਹਤ 'ਤੇ ਬਹੁਤ ਬੁਰਾ ਪ੍ਰਭਾਵ ਪਾਉਂਦੀ ਹੈ। ਜਿਵੇਂ-ਜਿਵੇਂ ਵਿਅਕਤੀ ਦੀ ਉਮਰ ਵਧਦੀ ਹੈ, ਸ਼ਿੰਗਲਸ ਹੋਣ ਦੇ ਮੌਕੇ ਵੀ ਵਧ ਜਾਂਦੇ ਹਨ। ਇਸ ਲਈ ਇਸ  ਤੋਂ ਬਚਾਅ ਅਤੇ ਇਲਾਜ ਸਬੰਧੀ ਕੋਸ਼ਿਸ਼ਾਂ ਨੂੰ ਜਾਰੀ ਰੱਖਣਾ ਚਾਹੀਦਾ ਹੈ। ਜੇਕਰ ਇਹ ਸਮੱਸਿਆ ਬੱਚਿਆਂ ਵਿੱਚ ਹੋਵੇ ਤਾਂ ਆਮ ਕਰਕੇ ਦਰਦ ਨਹੀਂ ਹੁੰਦਾ ਜਾਂ ਘੱਟ ਹੁੰਦਾ ਹੈ ਪਰ ਜਦੋਂ ਵੱਡੀ ਉਮਰ ਵਿੱਚ ਹੋਵੇ ਤਾਂ ਬਹੁਤ ਕਸ਼ਟਦਾਇਕ ਹੁੰਦੀ ਹੈ। ਕਈਆਂ ਮਾਮਲਿਆਂ ਵਿੱਚ ਇੱਕ-ਦੋ ਦਿਨਾਂ ਬਾਅਦ ਪਰ ਕਈ ਵਾਰ ਤਿੰਨ ਹਫ਼ਤਿਆਂ ਤਕ ਪਹਿਲੇ ਪੜਾਅ ਤੋਂ ਬਾਅਦ ਚਮੜੀ 'ਤੇ ਇੱਕ ਖ਼ਾਸ ਕਿਸਮ ਦੇ ਦਾਣੇ ਨਿਕਲ ਆਉਂਦੇ ਹਨ ਜੋ ਵਧੇਰੇ ਕੇਸਾਂ ਵਿੱਚ ਧੜ 'ਤੇ ਆਉਂਦੇ ਹਨ ਪਰ ਇਹ ਦਾਣੇ ਚਿਹਰੇ ਜਾਂ ਸਰੀਰ ਦੇ ਹੋਰ ਹਿੱਸਿਆਂ 'ਤੇ ਵੀ ਨਿਕਲ ਸਕਦੇ ਹਨ। ਸਭ ਤੋਂ ਪਹਿਲਾਂ ਚਮੜੀ 'ਤੇ ਛਪਾਕੀ ਵਾਂਗ ਲਾਲ, ਉਭਰੀ ਹੋਈ ਅਤੇ ਸਾੜ-ਖ਼ਾਰਸ਼ ਹੁੰਦੀ ਹੈ ਪਰ ਇਹ ਸਿਰਫ਼ ਇੱਕ ਖ਼ਾਸ ਭਾਗ 'ਤੇ ਹੀ ਹੁੰਦੀ ਹੈ ਜਦਕਿ ਛਪਾਕੀ ਤਾਂ ਸਾਰੇ ਸਰੀਰ 'ਤੇ ਹੁੰਦੀ ਹੈ। ਇਹ ਇੱਕ ਬੈਲਟ ਵਾਂਗ ਧੜ ਜਾਂ ਕਿਸੇ ਹਿੱਸੇ 'ਤੇ, ਇੱਕੋ ਪਾਸੇ (ਸੱਜੇ ਜਾਂ ਖੱਬੇ) ਹੀ ਹੁੰਦੀ ਹੈ ਅਤੇ ਕੇਂਦਰੀ ਲਾਈਨ ਨੂੰ ਪਾਰ ਨਹੀਂ ਕਰਦੀ। ਬਾਅਦ ਵਿੱਚ ਚਮੜੀ ਦੇ ਦਾਣੇ ਛਾਲੇ ਬਣ ਜਾਂਦੇ ਹਨ ਜਿਨ੍ਹਾਂ ਵਿੱਚ ਪਾਣੀ ਭਰ ਜਾਂਦਾ ਹੈ ਜਦਕਿ ਬੁਖ਼ਾਰ ਅਤੇ ਬਾਕੀ ਲੱਛਣ ਉਵੇਂ ਹੀ ਰਹਿੰਦੇ ਹਨ। ਹੌਲੀ-ਹੌਲੀ ਇਹ ਕਸ਼ਟਦਾਇਕ ਦਾਣੇ ਅਤੇ ਛਾਲੇ ਗੂੜ੍ਹੇ ਹੋਣ ਲੱਗਦੇ ਹਨ, ਅੰਦਰਲਾ ਪਾਣੀ ਧੁੰਦਲਾ ਹੋਣ ਲੱਗਦਾ ਹੈ ਤੇ ਅੰਦਰ ਖ਼ੂਨ ਇਕੱਠਾ ਹੋ ਜਾਂਦਾ ਹੈ। ਹਫ਼ਤੇ ਤੋਂ ਲੈ ਕੇ ਦਸਾਂ ਦਿਨਾਂ ਵਿੱਚ ਖਰੀਂਡ ਬਣ ਜਾਂਦਾ ਹੈ ਅਤੇ ਕੁਝ ਦਿਨਾਂ ਵਿੱਚ ਛਿੱਕੜ ਲੱਥ ਕੇ ਚਮੜੀ ਠੀਕ ਹੋ ਜਾਂਦੀ ਹੈ। ਜਿਨ੍ਹਾਂ ਰੋਗੀਆਂ ਵਿੱਚ ਵਧੇਰੇ ਛਾਲੇ ਬਣੇ ਹੋਣ, ਉਨ੍ਹਾਂ ਵਿੱਚ ਕਈ ਵਾਰੀ ਖਰੀਂਡ ਤੋਂ ਬਾਅਦ ਚਮੜੀ 'ਤੇ ਪੱਕੇ ਨਿਸ਼ਾਨ ਬਣ ਜਾਂਦੇ ਹਨ। ਇੱਕ ਕਿਸਮ ਅਜਿਹੀ ਵੀ ਹੈ ਜਿਸ ਵਿੱਚ ਚਮੜੀ 'ਤੇ ਦਾਣੇ ਨਹੀਂ ਨਿਕਲਦੇ ਜਦਕਿ ਬਾਕੀ ਸਾਰਾ ਉਵੇਂ ਹੀ ਹੁੰਦਾ ਹੈ, ਇਸ ਨੂੰ ਹਰਪੀਜ਼ ਤੋਂ ਬਿਨਾਂ ਜੋਸਟਰ ਜਾਂ ਜੋਸਟਰ ਸਾਇਨ ਹਰਪੇਟੇ ਵੀ ਕਿਹਾ ਜਾਂਦਾ ਹੈ। 'ਦਿ ਵਾਲ ਸਟਰੀਟ' ਰਸਾਲੇ ਦੇ ਇੱਕ ਅੰਕ ਵਿੱਚ ਛਪੇ ਇੱਕ ਲੇਖ ਵਿੱਚ ਮੈਡੀਕਲ ਐਪੀਡੇਮੀਓਲੋਜਿਸਟ ਡਾ. ਰਾਫੇਲ ਟਰਪਜ਼ ਅਨੁਸਾਰ ਇਸ ਰੋਗ ਦੇ ਅੱਧੇ ਤੋਂ ਵੱਧ ਮਰੀਜ਼ 60 ਤੋਂ ਉੱਪਰ ਉਮਰ ਦੇ ਹੁੰਦੇ ਹਨ ਅਤੇ ਇਹ ਬੀਮਾਰੀ ਮਰਦਾਂ ਨਾਲੋਂ ਕੁਝ ਵਧੇਰੇ ਔਰਤਾਂ ਨੂੰ ਆਪਣਾ ਸ਼ਿਕਾਰ ਬਣਾਉਂਦੀ ਹੈ ਜਦੋਂਕਿ ਕਲਕੱਤਾ ਮੈਡੀਕਲ ਕਾਲਜ ਦੇ ਚਮੜੀ ਰੋਗ ਮਾਹਿਰ ਡਾ. ਦੇਬਬਰਤਾ ਬੰਧੋਪਾਧਿਆਏ ਅਨੁਸਾਰ ਇਹ ਰੋਗ ਮਰਦਾਂ ਤੇ ਔਰਤਾਂ ਵਿੱਚ ਬਰਾਬਰ ਹੀ ਹੁੰਦਾ ਹੈ। ਆਮ ਕਰਕੇ ਇਹ ਰੋਗ ਵਾਰ- ਵਾਰ ਨਹੀਂ ਹੁੰਦਾ ਹੈ ਪਰ ਫਿਰ ਵੀ ਕੁਝ ਕੇਸਾਂ ਵਿੱਚ ਕਿਸੇ ਵਿਅਕਤੀ ਦੇ ਜੀਵਨ ਦੌਰਾਨ ਇਹ ਤਿੰਨ ਵਾਰ ਤਕ ਹੋ ਸਕਦਾ ਹੈ। ਸਮੱਸਿਆਵਾਂ - ਇਹ ਦੁਬਾਰਾ ਵੀ ਹੋ ਸਕਦੀ ਹੈ। - ਚਮੜੀ ਦੀ ਇਨਫੈਕਸ਼ਨ ਹੋ ਕੇ ਪਾਕ ਪੈ ਸਕਦੀ ਹੈ। - ਜੇ ਅੱਖਾਂ ਤਕ ਪੁੱਜ ਜਾਵੇ ਤਾਂ ਅੰਨ੍ਹਾਪਣ ਹੋ ਸਕਦਾ ਹੈ। - ਕੰਨਾਂ ਦੀਆਂ ਨਾੜੀਆਂ ਅਸਰ-ਅਧੀਨ ਹੋਣ ਤਾਂ ਵਿਅਕਤੀ ਬੋਲਾ ਵੀ ਹੋ ਸਕਦਾ ਹੈ। - ਜਿਨ੍ਹਾਂ ਵਿਅਕਤੀਆਂ 'ਚ ਰੋਗਾਂ ਨਾਲ ਲੜਨ ਦੀ ਸਮਰੱਥਾ ਘੱਟ ਹੋਵੇ, ਉਨ੍ਹਾਂ ਵਿੱਚ ਇਹ ਇਨਫੈਕਸ਼ਨ ਦਿਮਾਗ ਦੇ ਅੰਦਰ ਵੀ ਪੁੱਜ ਸਕਦੀ ਹੈ। ਕਿਵੇਂ ਹੋਵੇ ਬਚਾਅ? ਇਸ ਰੋਗ ਤੋਂ ਬਚਣ ਦਾ ਇੱਕੋ-ਇੱਕ ਤਰੀਕਾ ਇਸ ਦਾ ਟੀਕਾਕਰਨ  ਹੈ। 50- 60 ਸਾਲ ਤੋਂ ਵੱਧ ਉਮਰ ਵਾਲੇ ਲੋਕਾਂ ਲਈ 2006 ਵਿੱਚ 'ਐਡਵਾਇਜਰੀ ਕਮੇਟੀ ਆਨ ਇਮੂਨਾਇਜੇਸ਼ਨ ਪ੍ਰੈਕਟਿਸਜ' ਨੇ ਸ਼ਿੰਗਲਸ  ਵੈਕਸੀਨ ਜਾਂ 'ਜੋਸਟਾ-ਵੈਕਸ' ਦੀ ਸਿਫ਼ਾਰਸ਼ ਕੀਤੀ ਸੀ। ਇਹ ਟੀਕਾਕਰਨ ਉਨ੍ਹਾਂ ਵਾਸਤੇ ਵੀ ਹੈ ਜਿਨ੍ਹਾਂ ਨੂੰ ਪਹਿਲਾਂ ਛੋਟੀ ਮਾਤਾ ਹੋ ਚੁੱਕੀ ਹੈ ਤਾਂ ਕਿ ਉਹ ਜਨੇਊ ਰੋਗ ਦਾ ਸ਼ਿਕਾਰ ਨਾ ਹੋਣ। ਭਾਰਤ ਵਿੱਚ ਇਹ ਵੈਕਸੀਨ ਅਜੇ ਸ਼ੁਰੂਆਤੀ ਸਟੇਜ 'ਤੇ ਹੀ ਹੈ। ਅਮਰੀਕਾ ਵਿੱਚ ਇਸ ਦੀ ਵਰਤੋਂ ਸ਼ੁਰੂ ਹੋ ਚੁੱਕੀ ਹੈ ਅਤੇ 59 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਇਹ ਵੈਕਸੀਨ ਦਿੱਤੀ ਜਾਂਦੀ ਹੈ। ਸ਼ਿੰਗਲਸ ਜਾਂ ਜਨੇਊ ਰੋਗ ਇੱਕ ਤੋਂ ਦੂਜੇ ਵਿਅਕਤੀ ਤਕ ਨਹੀਂ ਫੈਲਦਾ ਜਦੋਂਕਿ ਜਨੇਊ ਵਾਲੇ ਰੋਗੀ ਤੋਂ ਵਾਇਰਸ (ਵੀ.ਜੈੱਡ.ਵੀ.) ਤੰਦਰੁਸਤ ਵਿਅਕਤੀ ਤਕ ਫੈਲ ਕੇ ਛੋਟੀ ਮਾਤਾ ਦੇ ਦਾਣੇ ਹੋ ਸਕਦੇ ਹਨ ਪਰ ਜਿਸ ਨੂੰ ਪਹਿਲਾਂ ਕਦੇ ਛੋਟੀ ਮਾਤਾ ਨਾ ਹੋਈ ਹੋਵੇ, ਉਸ ਨੂੰ ਸਿੱਧੇ ਤੌਰ 'ਤੇ ਜਨੇਊ ਨਹੀਂ ਹੋ ਸਕਦਾ। ਛਾਲੇ ਬਣਨ ਤੋਂ ਪਹਿਲਾਂ ਅਤੇ ਖਰੀਂਡ ਬਣਨ ਤੋਂ ਬਾਅਦ ਇਹ ਵਾਇਰਸ ਇੱਕ ਤੋਂ ਦੂਜੇ ਵਿਅਕਤੀ ਤਕ ਨਹੀਂ ਫੈਲਦਾ। ਰੋਗੀ ਦੇ ਛਾਲਿਆਂ 'ਚੋਂ ਨਿਕਲਣ ਵਾਲੇ ਪਾਣੀ ਵਿੱਚ ਹੀ ਵਾਇਰਸ ਹੁੰਦੇ ਹਨ ਜੋ ਦੂਜੇ ਵਿਅਕਤੀ ਤਕ ਫੈਲਦੇ ਹਨ। ਇਹ ਛਿੱਕਾਂ, ਖੰਘ ਜਾਂ ਮਾੜੇ-ਮੋਟੇ ਛੂਹਣ ਨਾਲ ਨਹੀਂ ਫੈਲਦਾ। ਇੱਕ ਵਾਰ ਖਰੀਂਡ ਬਣ ਜਾਵੇ ਤਾਂ ਵੀ ਇਸ ਵਿੱਚੋਂ ਇਨਫੈਕਸ਼ਨ ਵਾਲਾ ਵਾਇਰਸ ਨਹੀਂ ਨਿਕਲਦਾ। ਭਾਵੇਂ ਵਾਇਰਸ ਓਹੀ ਹੁੰਦਾ ਹੈ, ਫਿਰ ਵੀ ਛੋਟੀ ਮਾਤਾ ਵੇਲੇ ਇਹ ਬੇਹੱਦ ਤੇਜ਼ੀ ਨਾਲ ਫੈਲਣ ਦੇ ਸਮਰੱਥ ਹੁੰਦਾ ਹੈ ਜਦੋਂਕਿ ਜਨੇਊ ਦੇ ਛਾਲਿਆਂ ਚੋਂ ਇੰਨੀ ਜਲਦੀ ਨਹੀਂ ਫੈਲਦਾ। ਛਾਲਿਆਂ ਨੂੰ ਢਕ ਕੇ ਰੱਖਣ ਨਾਲ ਵੀ ਇਸ ਨੂੰ ਫੈਲਣ ਤੋਂ  ਰੋਕਿਆ ਜਾ ਸਕਦਾ ਹੈ। ਇਲਾਜ ਜਨੇਊ ਰੋਗ ਦੇ ਇਲਾਜ ਲਈ ਰੋਗੀ ਨੂੰ ਖਾਣ ਲਈ ਦਰਦ-ਨਿਵਾਰਕ ਦਵਾਈਆਂ ਅਤੇ ਇਨਫੈਕਸ਼ਨ ਤੋਂ ਬਚਣ ਲਈ ਐਂਟੀ-ਬਾਇਓਟਿਕਸ ਦੀ ਵਰਤੋਂ ਦੱਸੀ ਜਾਂਦੀ ਹੈ। ਦਾਣਿਆਂ ਜਾਂ ਛਾਲਿਆਂ 'ਤੇ ਲਗਾਉਣ ਵਾਸਤੇ ਕੈਲਾਮੀਨ ਲੋਸ਼ਨ, ਨੀਲੀ ਦਵਾਈ (ਜੈਨਸ਼ੀਅਨ ਵਾਇਲੈਟ) ਜੋ ਪਹਿਲੇ ਸਮਿਆਂ ਅਤੇ ਕਈ ਥਾਵਾਂ 'ਤੇ ਹੁਣ ਵੀ ਵਰਤੀ ਜਾਂਦੀ ਹੈ, ਦੀ ਵਰਤੋੋਂ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਠੰਢੀਆਂ ਪੱਟੀਆਂ ਵੀ ਕੀਤੀਆਂ ਜਾਂਦੀਆਂ ਹਨ। ਕਈ ਤਰ੍ਹਾਂ ਦੀਆਂ ਐਂਟੀ-ਵਾਇਰਲ ਦਵਾਈਆਂ ਵੀ ਮਿਲਦੀਆਂ ਹਨ ਪਰ ਇਨ੍ਹਾਂ ਸਾਰੇ ਇਲਾਜਾਂ ਦੇ ਬਾਵਜੂਦ ਵੀ ਬਹੁਤਾ ਫ਼ਰਕ ਨਹੀਂ ਪੈਂਦਾ ਅਤੇ ਜ਼ੁਕਾਮ ਵਾਂਗ ਇਹ ਰੋਗ ਵੀ ਆਪਣੇ ਪੂਰੇ ਦਿਨ (7 ਤੋਂ 15 ਤਕ) ਚੱਲਦਾ ਹੈ ਜਿਸ ਦੌਰਾਨ ਰੋਗੀ ਬੜੀ ਤਕਲੀਫ਼ ਵਿੱਚ ਰਹਿੰਦਾ ਹੈ। ਰੋਗੀ ਲਈ ਧਿਆਨਦੇਣਯੋਗ ਗੱਲਾਂ - ਚਮੜੀ ਦੇ ਛਾਲਿਆਂ ਨੂੰ ਹਮੇਸ਼ਾ ਢਕ ਕੇ ਰੱਖੋ। - ਛਾਲਿਆਂ ਨੂੰ ਨਾ ਤਾਂ ਛੂਹੋ ਅਤੇ ਨਾ ਹੀ ਉਨ੍ਹਾਂ 'ਤੇ ਖਾਰਸ਼ ਕਰੋ। - ਆਪਣੇ ਹੱਥ ਸਾਬਣ ਨਾਲ ਧੋਂਦੇ ਰਹੋ। - ਬਾਬਿਆਂ, 'ਸਿਆਣਿਆਂ' ਅਤੇ ਟੂਣੇ-ਟਪਾਣਿਆਂ ਦੇ ਚੱਕਰਾਂ ਵਿੱਚ ਨਾ ਪਵੋ। - ਜਿੰਨੀ ਦੇਰ ਛਾਲਿਆਂ 'ਤੇ ਖਰੀਂਡ ਨਹੀਂ ਬਣਦਾ, ਉੱਨੀ ਦੇਰ ਹੇਠ ਲਿਖੇ ਵਿਅਕਤੀਆਂ ਤੋਂ ਦੂਰ ਰਹੋ: - ਗਰਭਵਤੀ ਔਰਤ ਜਿਸ ਨੂੰ ਕਦੇ ਚਿਕਨ ਪਾਕਸ ਨਾ ਹੋਇਆ ਹੋਵੇ/ ਵੇਰੀਸੈਲਾ ਦਾ ਟੀਕਾਕਰਨ ਨਾ ਕਰਵਾਇਆ ਹੋਵੇ। - ਸਤਮਾਹਿਆਂ ਹਾਂ ਘੱਟ ਜਨਮ-ਭਾਰ ਵਾਲਾ ਬੱਚਾ। - ਜੋ ਵਿਅਕਤੀ ਕੈਂਸਰ ਜਾਂ ਅੰਗ ਬਦਲਣ ਜਾਂ ਏਡਜ਼ ਦੀ ਦਵਾਈ ਲੈ ਰਹੇ ਹੋਣ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਪੰਜਾਬ ਬਜਟ 2022-23 ਦੀ ਪੁਣ-ਛਾਣ

ਪੰਜਾਬ ਬਜਟ 2022-23 ਦੀ ਪੁਣ-ਛਾਣ

ਰੁਪਏ ਦੀ ਕੀਮਤ ਵਿਚ ਨਿਘਾਰ ਦਾ ਦੂਜਾ ਪਾਸਾ

ਰੁਪਏ ਦੀ ਕੀਮਤ ਵਿਚ ਨਿਘਾਰ ਦਾ ਦੂਜਾ ਪਾਸਾ

ਪੰਜਾਬ ਸਰਕਾਰ ਦੇ ਬਜਟ ਦਾ ਲੇਖਾ-ਜੋਖਾ

ਪੰਜਾਬ ਸਰਕਾਰ ਦੇ ਬਜਟ ਦਾ ਲੇਖਾ-ਜੋਖਾ

ਪੰਜਾਬ ਦਾ ਬਜਟ ਅਤੇ ਖੇਤੀ ਸੈਕਟਰ

ਪੰਜਾਬ ਦਾ ਬਜਟ ਅਤੇ ਖੇਤੀ ਸੈਕਟਰ

ਸ਼ਹਿਰ

View All