ਜਨਤਕ ਖੇਤਰ ਕਮਜ਼ੋਰ ਕਰਨ ਦੇ ਗੰਭੀਰ ਸਿੱਟੇ

ਡਾ. ਕੁਲਦੀਪ ਸਿੰਘ

ਡਾ. ਕੁਲਦੀਪ ਸਿੰਘ

ਕਰੋਨਾ ਸੰਕਟ ਦੀ ਕਰੋਪੀ ਆਉਣ ਕਾਰਨ ਦੁਨੀਆਂ ਦੀਆਂ ਸਰਕਾਰਾਂ ਮੁੜ ਕਾਰਪੋਰੇਟ ਦੀਆਂ ਨੀਤੀਆਂ ’ਤੇ ਗ਼ੌਰ ਕਰ ਰਹੀਆਂ ਹਨ, ਜਨਤਕ ਸੈਕਟਰ ਦੀ ਅਹਿਮੀਅਤ ਨੂੰ ਮਹਿਸੂਸ ਕਰ ਰਹੀਆਂ ਹਨ। ਇੱਥੋਂ ਤਕ ਸਪੇਨ ਤੇ ਆਇਰਲੈਂਡ ਨੇ ਸਮੁੱਚੀਆਂ ਸਿਹਤ ਸਹੂਲਤਾਂ ਨੂੰ ਸਰਕਾਰ ਦੇ ਅਧੀਨ ਲੈ ਲਿਆ ਹੈ। ਜਿਨ੍ਹਾਂ ਮੁਲਕਾਂ ਵਿਚ ਜਨਤਕ ਸੈਕਟਰ ਤਾਕਤਵਰ ਹੈ ਉੱਥੇ ਕਰੋਨਾ ਦੀ ਮਾਰ ਘੱਟ ਹੈ। ਮਿਸਾਲ ਵਜੋਂ ਵੀਅਤਨਾਮ ਤੇ ਕਿਊਬਾ। ਅਜਿਹੇ ਸਬੂਤਾਂ ਦੇ ਬਾਵਜੂਦ ਭਾਰਤ ਸਰਕਾਰ ਸਰਕਾਰੀ ਖੇਤਰ ਦੇ ਸਾਧਨ ਤੇਜ਼ੀ ਨਾਲ ਵੇਚਣ ਦੇ ਰਾਹ ਪਈ ਹੋਈ ਹੈ ਜਿਸ ਨਾਲ ਸੰਕਟਗ੍ਰਸਤ ਭਾਰਤ ਤਬਾਹੀ ਦੀ ਕਗਾਰ ਵੱਲ ਵੱਧ ਰਿਹਾ ਹੈ। ਹਾਲਾਂਕਿ ਆਜ਼ਾਦੀ ਤੋਂ ਬਾਅਦ ਦੇਸ਼ ਦੇ ਵਿਕਾਸ ਲਈ ਸਰਕਾਰੀ ਅਦਾਰਿਆਂ ਦਾ ਨਿਰਮਾਣ ਲੋਕਾਂ ਦੀ ਕਿਰਤ ਅਤੇ ਇੱਛਾ ਸ਼ਕਤੀ ਰਾਹੀਂ ਕੀਤਾ ਗਿਆ ਸੀ, ਜਿਨ੍ਹਾਂ ਵਿਚ ਵੱਡੇ ਸਰਕਾਰੀ ਖੇਤਰਾਂ ਦੀ ਗਿਣਤੀ 200 ਤੋਂ ਉੱਪਰ ਹੈ, ਇਨ੍ਹਾਂ ਵਿਚੋਂ ਬਹੁਤਿਆਂ ਨੂੰ ਮਹਾਰਤਨ, ਨਵਰਤਨ ਤੇ ਮਿੰਨੀਰਤਨ ਦਾ ਨਾਂ ਦਿੱਤਾ ਗਿਆ ਜੋ ਵੱਡੀ ਕੌਮੀ ਕਮਾਈ ਦਾ ਸਾਧਨ ਹਨ। ਨਹਿਰੂ ਕਾਲ ਵਿਚ 32 ਸਰਕਾਰੀ ਵੱਡੇ ਅਦਾਰੇ ਸਥਾਪਤ ਕੀਤੇ ਗਏ, ਲਾਲ ਬਹਾਦਰੀ ਸ਼ਾਸਤਰੀ ਦੇ ਦੋ ਸਾਲ ਦੇ ਅਰਸੇ ’ਚ 8, ਇੰਦਰਾ ਗਾਂਧੀ ਦੇ ਰਾਜ ਵਿਚ 18 ਪਬਲਿਕ ਅਦਾਰੇ ਸਥਾਪਤ ਕੀਤੇ, ਜਿਨ੍ਹਾਂ ਵਿਚ ਪੈਟਰੋਲੀਅਮ ਤੋਂ ਲੈ ਕੇ ਏਅਰ ਇੰਡੀਆ ਸ਼ਾਮਲ ਹੈ। ਮੁਰਾਰਜੀ ਦੇਸਾਈ, ਰਾਜੀਵ ਗਾਂਧੀ, ਵੀ.ਪੀ. ਸਿੰਘ, ਨਰਸਿਮਹਾ ਰਾਉ, ਦੇਵਗੌੜਾ, ਆਈ.ਕੇ. ਗੁਜਰਾਲ, ਅਟਲ ਬਿਹਾਰੀ ਵਾਜਪਈ ਤੇ ਡਾ. ਮਨਮੋਹਨ ਸਿੰਘ ਦੇ ਦੌਰ ਤਕ 80 ਤੋਂ ਵੱਧ ਛੋਟੇ-ਵੱਡੇ ਸਰਕਾਰੀ ਅਦਾਰਿਆਂ ਦਾ ਨਿਰਮਾਣ ਕੀਤਾ ਗਿਆ। ਜਿਨ੍ਹਾਂ ਨੇ ਭਾਰਤ ਦੇ ਪਬਲਿਕ ਸੈਕਟਰ ਨੂੰ ਅਜੋਕੀ ਵਿਸ਼ਵ ਪੂੰਜੀਵਾਦੀ ਅਰਥਵਿਵਸਥਾ ਦੇ ਪੱਧਰ ਤਕ ਪਹੁੰਚਾਇਆ। ਇਸਦੇ ਸਮਾਂਤਰ ਲਗਾਤਾਰ ਹੌਲੀ-ਹੌਲੀ ਨਿੱਜੀ ਅਦਾਰੇ ਵੀ ਚੱਲਦੇ ਤੇ ਵਿਕਸਤ ਹੁੰਦੇ ਗਏ, ਜਿਨ੍ਹਾਂ ਕਾਰਨ ਹੀ ਭਾਰਤ ਦੀ ਅਰਥਵਿਵਸਥਾ ਨੂੰ ‘ਸਾਂਝੀ ਆਰਥਿਕਤਾ ਵਾਲਾ ਮੁਲਕ’ ਕਿਹਾ ਜਾਣ ਲੱਗਾ, ਪਰ 1970 ਤੋਂ ਬਾਅਦ ਵਿਸ਼ਵ ਪੱਧਰ ’ਤੇ ਅਮਰੀਕਾ ਦੀ ਧੌਂਸ ਤੇ ਪੂੰਜੀਪਤੀ/ ਕਾਰਪੋਰੇਟ ਘਰਾਣਿਆਂ ਦੇ ਹੱਕ ’ਚ ਆਈ.ਐੱਮ.ਐੱਫ. ਤੇ ਸੰਸਾਰ ਬੈਂਕ ਦੀਆਂ ਨੀਤੀਆਂ ਤੇ ਦਿਸ਼ਾ-ਨਿਰਦੇਸ਼ ਫ਼ੈਸਲਾਕੁੰਨ ਹੋਣ ਲੱਗੇ, ਭਾਰਤ ਦੇ ਹੁਕਮਰਾਨਾਂ ਨੇ ਨਵ-ਉਦਾਰਵਾਦੀ ਆਰਥਿਕ ਤੇ ਰਾਜਨੀਤਕ ਪ੍ਰਾਜੈਕਟ ਤੇਜ਼ੀ ਨਾਲ ਲਾਗੂ ਕਰਨਾ ਸ਼ੁਰੂ ਕਰ ਦਿੱਤਾ। ਜਿਸ ਤਹਿਤ ਭਾਰਤ ਦੀ ਸੰਸਦ ਸਿਰਫ਼ ਆਈ.ਐੱਮ.ਐੱਫ. ਤੇ ਸੰਸਾਰ ਬੈਂਕ ਦੀਆਂ ਨੀਤੀਆਂ ਲਾਗੂ ਕਰਨ ਤਕ ਸੁੰਗੜ ਗਈ। ਅਸਲ ਸੰਕਟ ਡਾ. ਮਨਮੋਹਨ ਸਿੰਘ ਦੀ ਸਰਕਾਰ ਵੇਲੇ ਸ਼ੁਰੂ ਹੁੰਦਾ ਹੈ, ਜਦੋਂ 2005 ਤੋਂ ਲੈ ਕੇ 2009 ਤਕ ਦੇ ਸਮੇਂ ਵਿਚ 16 ਸਰਕਾਰੀ ਅਦਾਰੇ ਵੇਚੇ ਗਏ ਤੇ ਇਸਤੋਂ ਅਗਾਂਹ ਮੋਦੀ ਸਰਕਾਰ ਨੇ 2014 ਤੋਂ 2019 ਤਕ ਤੇਜ਼ੀ ਨਾਲ 23 ਵੱਡੇ ਅਦਾਰੇ ਵੇਚ ਦਿੱਤੇ। ਹੁਣ ਸਰਕਾਰ ਅੱਠ ਵੱਡੇ ਅਦਾਰੇ ਜਿਹੜੇ ਮਹਾਰਤਨ ਤੇ ਨਵਰਤਨ ਦੇ ਘੇਰੇ ਵਿਚ ਆਉਂਦੇ ਨੇ, ਨੂੰ ਵੇਚਣ ਦੀ ਤਿਆਰੀ ਵਿਚ ਹੈ, ਇਸਦੀ ਤਿਆਰੀ ਕਰਕੇ ਹੀ ਕਿਰਤ ਕਾਨੂੰਨ ਵਿਚ ਸੋਧ ਕੀਤੀ ਜਾ ਰਹੀ ਹੈ। ਦਲੀਲ ਦਿੱਤੀ ਕਿ ਨਰਸਿਮਹਾ ਰਾਉ ਸਰਕਾਰ ਨੇ 9600 ਕਰੋੜ, ਸਾਂਝੀ ਸਰਕਾਰ ਨੇ 1259 ਕਰੋੜ, ਅਟਲ ਬਿਹਾਰੀ ਵਾਜਪਈ ਸਰਕਾਰ ਨੇ 33000 ਕਰੋੜ ਅਤੇ ਡਾ. ਮਨਮੋਹਨ ਸਿੰਘ ਦੇ ਦੌਰ ’ਚ ਸਰਕਾਰੀ ਅਦਾਰੇ ਵੇਚ ਕੇ 150 ਲੱਖ ਕਰੋੜ ਰੁਪਏ ਦੀ ਕਮਾਈ ਕੀਤੀ। ਮੋਦੀ ਸਰਕਾਰ ਨੇ 2014 ਤੋਂ 2019 ਤਕ ਸਰਕਾਰੀ ਅਦਾਰੇ ਵੇਚ ਕੇ 279 ਲੱਖ ਕਰੋੜ ਕਮਾਏ। ਹੁਣ ਜਿਹੜੇ ਅੱਠ ਅਦਾਰੇ ਵੇਚਣ ਦੀ ਤਿਆਰੀ ਹੈ, ਉਨ੍ਹਾਂ ਵਿਚ ਪੈਟਰੋਲੀਅਮ, ਏਅਰ ਸਪੇਸ ਤੇ ਏਅਰ ਪੋਰਟ, ਬਿਜਲੀ ਖੇਤਰ, ਕੋਲਾ, ਨਿਊਕਲੀਅਰ ਊਰਜਾ ਸ਼ਾਮਲ ਹੈ। ਇਨ੍ਹਾਂ ਸਰਕਾਰੀ ਅਦਾਰਿਆਂ ਨੂੰ ਵੇਚ ਕੇ ਸਰਕਾਰ ਹੁਣ ਤਕ ਦੇ ਟੁੱਟੇ-ਭੱਜੇ ਵਿਕਾਸ ਦੇ ਬਚੇ ਖੁਚੇ ‘ਵੈਲਫੇਅਰ ਮਾਡਲ’ ਨੂੰ ਖਾਤਮੇ ਵੱਲ ਧੱਕ ਦੇਵੇਗੀ, ਹਾਲਾਂਕਿ ਕਰੋਨਾ ਸੰਕਟ ਨੇ ਦੁਨੀਆਂ ਭਰ ’ਚ ਦਿਖਾ ਦਿੱਤਾ ਕਿ ਕਾਰਪੋਰੇਟ ਘਰਾਣਿਆਂ ਨੇ ਮਾਨਵੀ ਤਬਾਹੀ ਨੂੰ ਰੋਕਣ ਦੀ ਥਾਂ ਇਸ ਵਿਚ ਹੀ ਵੱਡਾ ਯੋਗਦਾਨ ਪਾਇਆ ਹੈ, ਲੱਖਾਂ ਕਾਮਿਆਂ ਨੂੰ ਦੋ ਵਕਤ ਦੀ ਰੋਟੀ ਤੋਂ ਵੀ ਮੁਹਤਾਜ਼ ਕਰ ਦਿੱਤਾ ਹੈ। ਵਿਸ਼ਲੇਸ਼ਕ ਪ੍ਰਸੂਨ ਵਾਜਪਈ ਅਨੁਸਾਰ ਹਕੀਕਤ ਇਹ ਹੈ ਕਿ ਮੌਜੂਦਾ ਸੰਸਦ ਵਿਚ ਭ੍ਰਿਸ਼ਟ ਅਤੇ ਆਰਥਿਕ ਪਿਛੋਕੜ ਵਾਲੇ ਮੈਂਬਰਾਂ ਦੀ ਗਿਣਤੀ 42% ਹੈ। ਇਸ ਤਰ੍ਹਾਂ ਹੀ ਸੰਸਦ ’ਚ ਕਰੋੜਪਤੀਆਂ ਦੀ ਸੰਖਿਆ ਜੋ 2009 ’ਚ 58% ਸੀ, 2014 ’ਚ 82% ਤੇ 2019 ’ਚ 90% ਹੋ ਗਈ ਹੈ। ਇਸ ਤਰ੍ਹਾਂ ਵੱਡੇ ਘਰਾਣਿਆਂ ਤੇ ਕਰੋੜਪਤੀਆਂ ਨੇ ਲੁੱਟ ਕੇ ਸਰਮਾਇਆ ਇਕੱਤਰ ਕੀਤਾ ਜੋ ਵੱਖ-ਵੱਖ ਸਰਕਾਰਾਂ ਨੇ ਮੰਨਿਆ ਕਿ ਅਰਬਾਂ ਖਰਬਾਂ ਵਿਚ ਵਿਦੇਸ਼ੀ ਬੈਂਕਾਂ ਵਿਚ ਪਿਆ ਹੈ। ਦੇਸ਼ ਦੇ ਹੁਕਮਰਾਨ ਤੇ ਕਾਰਪੋਰੇਟ ਘਰਾਣਿਆਂ ਸਮੇਤ ਅਪਰਾਧੀ ਇਕ ਗੱਠਜੋੜ ਦੇ ਰੂਪ ’ਚ ਹਨ, ਜੋ ਦੇਸ਼ ਨੂੰ ਚਲਾ ਰਹੇ ਹਨ। ਦੇਸ਼ ਦੀ ਮੌਜੂਦਾ ਆਰਥਿਕ ਤੇ ਰਾਜਨੀਤਕ ਸਥਿਤੀ ਦੇਸ਼ ਨੂੰ ਹੋਰ ਸੰਕਟਾਂ ਵਿਚ ਫਸਾ ਸਕਦੀ ਹੈ। ਲੋਕਾਂ ਦੀਆਂ ਸਿਹਤ ਸਹੂਲਤਾਂ, ਖਾਧ-ਖੁਰਾਕ ਦਾ ਪ੍ਰਬੰਧ ਤੇ ਆਰਥਿਕ ਮਦਦ ਤਾਂ ਦੂਰ ਦੀ ਗੱਲ ਹੈ, ਜੇ ਮਦਦ ਦੀ ਵਕਾਲਤ ਕੀਤੀ ਜਾ ਰਹੀ ਹੈ ਤਾਂ ਉਹ ਵੀ ਮੋੜਨ ਯੋਗ ਕਰਜ਼ਾ ਪ੍ਰਦਾਨ ਕਰਕੇ ਕੀਤੀ ਜਾ ਰਹੀ ਹੈ। ਹੁਣ ਭਾਰਤ ਪੂਰੀ ਤਰ੍ਹਾਂ ‘ਨਵ-ਉਦਾਰਵਾਦੀ ਭਾਰਤ’ ਹੈ, ਜਿਸ ਦਾ ਭਾਵ ਹੈ ਕਿ ਸਰਕਾਰ ਦੇ ਹੱਥ ਖਾਲੀ, ਖੁੱਲ੍ਹੀ ਮੰਡੀ ਵਿਚ ਵਿਚਰੋ, ਜੇ ਕੋਈ ਤੁਹਾਡੀ ਕਿਰਤ ਖ਼ਰੀਦਦਾ ਹੈ ਉਸ ਨੂੰ ਵੇਚੋ ਤੇ ਆਪਣਾ ਗੁਜ਼ਾਰਾ ਕਰੋ। ਸਰਕਾਰਾਂ ਕੋਲ ਸਿਰਫ਼ ਨਵੇਂ ਕਾਲੇ ਕਾਨੂੰਨ ਤੇ ਨਫ਼ਰਤੀ ਰਾਜਨੀਤੀ ਹੀ ਹੈ। ਇਹ ਭਾਰਤੀ ‘ਨਵ-ਉਦਾਰਵਾਦੀ ਰਾਜਨੀਤਕ ਅਤੇ ਆਰਥਿਕ ਪ੍ਰੋਜੈਕਟ’ ਦਾ ਨਿਚੋੜ ਹੈ।

ਸੰਪਰਕ: 98151-15429

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਦਿੱਲੀ ਨੂੰ ਮਿਲਿਆ 10000 ਬਿਸਤਰਿਆਂ ਦਾ ਹਸਪਤਾਲ

ਦਿੱਲੀ ਨੂੰ ਮਿਲਿਆ 10000 ਬਿਸਤਰਿਆਂ ਦਾ ਹਸਪਤਾਲ

ਉਪ ਰਾਜਪਾਲ ਨੇ ਕੀਤਾ ਉਦਘਾਟਨ; ਕੇਂਦਰ ਤੇ ਦਿੱਲੀ ਦੇ ਆਗੂਆਂ ਨੇ ਲਿਆ ਕੋਵ...

ਜਲੰਧਰ ’ਚ ਕਰੋਨਾ ਧਮਾਕਾ; 71 ਨਵੇਂ ਕੇਸ

ਜਲੰਧਰ ’ਚ ਕਰੋਨਾ ਧਮਾਕਾ; 71 ਨਵੇਂ ਕੇਸ

ਲੁਧਿਆਣਾ ਜੇਲ੍ਹ ਵਿੱਚ 26 ਕੈਦੀਆਂ ਤੇ ਹਵਾਲਾਤੀਆਂ ਨੂੰ ਕਰੋਨਾ

ਸ਼ਹਿਰ

View All