ਜਦ ਪੰਜਾਬ ਰੂਸ ਨੂੰ ਧਾਵੇ ....... : The Tribune India

ਜਦ ਪੰਜਾਬ ਰੂਸ ਨੂੰ ਧਾਵੇ .......

ਜਦ ਪੰਜਾਬ ਰੂਸ ਨੂੰ ਧਾਵੇ .......

ਗੁਰਦੇਵ ਸਿੰਘ ਸਿੱਧੂ

ਲੈਨਿਨ ਦੀ ਅਗਵਾਈ ਵਿਚ ਪ੍ਰੋਲੋਤਾਰੀ ਸਫਾਂ ਵੱਲੋਂ ਜ਼ਾਰਸ਼ਾਹੀ ਨੂੰ ਢਹਿ ਢੇਰੀ ਕਰਨ ਦੇ ਨਤੀਜੇ ਵਜੋਂ ਰੂਸ ਵਿਚ ਇਨਕਲਾਬ ਦਾ ਸੂਰਜ ਚੜਿ੍ਹਆ ਤਾਂ ਵਿਸ਼ਵ ਭਰ ਵਿਚ ਸਾਮਰਾਜੀ ਗੁਲਾਮੀ ਦੀਆਂ ਜੰਜੀਰਾਂ ਵਿਚ ਬੱਝੀਆਂ ਕੌਮਾਂ ਦੇ ਜਾਗ੍ਰਿਤ ਵਿਅਕਤੀਆਂ ਦੇ ਮਨਾਂ ਵਿਚ ਨਵੇਂ ਰਾਜ ਪ੍ਰਬੰਧ ਬਾਰੇ ਜਾਨਣ ਦੀ ਜਗਿਆਸਾ ਪੈਦਾ ਹੋਈ ਅਤੇ ਉਸ ਦੀ ਮਦਦ ਨਾਲ ਗੁਲਾਮੀ ਤੋਂ ਮੁਕਤੀ ਦੀ ਆਸ ਵੀ ਬੱਝੀ। ਹਿੰਦੋਸਤਾਨ ਵਿਚੋਂ ਸੋਵੀਅਤ ਸੰਘ ਦੀ ਮਦਦ ਨਾਲ ਬਰਤਾਨਵੀ ਸਾਮਰਾਜ ਨਾਲ ਆਢਾ ਲੈਣ ਦੇ ਇੱਛੁਕ ਮੁਢਲੇ ਦੇਸ ਭਗਤਾਂ ਵਿਚ ਉਹ ਮੁਸਲਮਾਨ ਮੁਹਾਜਰ ਸ਼ਾਮਲ ਸਨ, ਜੋ ਪਹਿਲੀ ਸੰਸਾਰ ਜੰਗ ਦੌਰਾਨ ਅੰਗਰੇਜ਼ਾਂ ਵੱਲੋਂ ਤੁਰਕੀ ਨਾਲ ਕੀਤੇ ਧੱਕੇ ਖ਼ਿਲਾਫ਼ ਰੋਸ ਵਜੋਂ ਹਿੰਦੋਸਤਾਨ ਛੱਡ ਕੇ ਤੁਰਕੀ ਵੱਲ ਚੱਲ ਪਏ। ਉਨ੍ਹਾਂ ਦਾ ਰਾਹ ਸੋਵੀਅਤ ਸੰਘ ਦੇ ਇਲਾਕੇ ਵਿਚ ਦੀ ਹੋਣ ਕਾਰਨ ਉਨ੍ਹਾਂ ਦਾ ਵਾਹ ਸੋਵੀਅਤ ਅਧਿਕਾਰੀਆਂ ਨਾਲ ਪਿਆ, ਜਿਨ੍ਹਾਂ ਦੇ ਵਤੀਰੇ ਅਤੇ ਸੋਚ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਵਿਚੋਂ ਕੁੱਝ ਨੇ ਪਹਿਲਾਂ ਤਾਸ਼ਕੰਦ ਅਤੇ ਫਿਰ ਮਾਸਕੋ ਦੀ ਪੂਰਬੀ ਯੂਨੀਵਰਸਿਟੀ ਵਿਚ ਸਿਖਲਾਈ ਪ੍ਰਾਪਤ ਕਰਨ ਮਗਰੋਂ ਦੇਸ਼ ਪਰਤ ਕੇ ਸਮਾਜਵਾਦ ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ। ਇਨ੍ਹਾਂ ਵਿਚੋਂ ਰਹਿਮਤ ਅਲੀ ਜ਼ਕਰੀਆ, ਮਿਰਜ਼ਾ ਅਬਦੁੱਲ ਮੁਹੰਮਦ ਖਾਂ, ਫਜ਼ਲ ਇਲਾਹੀ ਮਲਿਕ ਆਦਿ ਪੰਜਾਬੀਆਂ ਨੇ ਆਪਣਾ ਕਰਮ ਖੇਤਰ ਪੰਜਾਬ ਨੂੰ ਬਣਾਇਆ ਅਤੇ ਇੱਥੇ ਸਮਾਜਵਾਦ ਦਾ ਬੀਜ ਬੀਜਣ ਲਈ ਮੁਢਲਾ ਔਖਾ ਕਾਰਜ ਕੀਤਾ। ਭਾਰਤੀ ਸੁਤੰਤਰਤਾ ਸੰਗਰਾਮ ਦੇ ਪ੍ਰਸੰਗ ਵਿਚ ਇਸਲਾਮੀ ਜਹਾਦ ਤੋਂ ਪ੍ਰੋਲੋਤਾਰੀ ਇਨਕਲਾਬ ਵੱਲ ਦੇ ਸਫਰ ਦਾ ਇਹ ਅਣਛੋਹਿਆ ਅਧਿਆਇ ਕਿਸੇ ਖੋਜੀ ਵੱਲੋਂ ਪੜਤਾਲੇ ਜਾਣ ਦਾ ਮੁਥਾਜ ਹੈ। ਉਨ੍ਹਾਂ ਤੋਂ ਬਾਅਦ ਮਾਸਕੋ ਪਹੁੰਚਣ ਵਿਚ ਪਹਿਲ ਕਰਨ ਵਾਲਾ ਦਲੀਪ ਸਿੰਘ ਗਿੱਲ ਪਿੰਡ ਬੁੱਧ ਸਿੰਘ ਵਾਲਾ (ਰਿਆਸਤ ਕਲਸੀਆ, ਹੁਣ ਜ਼ਿਲਾ ਮੋਗਾ) ਸੀ। ਪਹਿਲੀ ਸੰਸਾਰ ਜੰਗ ਖਤਮ ਹੋਣ ਪਿੱਛੋਂ ਦਲੀਪ ਸਿੰਘ ਗਿੱਲ ਬਰਕਲੇ ਯੂਨੀਵਰਸਿਟੀ ਵਿਚੋਂ ਪੜ੍ਹਾਈ ਅਧੂਰੀ ਛੱਡ ਕੇ ਬਰਲਿਨ ਪਹੁੰਚ ਗਿਆ ਅਤੇ ਹਿੰਦੀ ਸਭਾ, ਜੋ ਜਰਮਨੀ ਵਿਚ ਨਿਯੁਕਤ ਰੂਸੀ ਸਫੀਰ ਮਿਸਟਰ ਮਾਰਕੋਫਸਕੀ ਦੇ ਇਸ਼ਾਰੇ ’ਤੇ ਗਠਿਤ ਕੀਤੀ ਗਈ ਸੀ, ਵਿਚ ਸਰਗਰਮ ਹੋ ਗਿਆ। ਜਦ ਮਾਸਕੋ ਪਹੁੰਚ ਚੁੱਕੇ ਮੌਲਵੀ ਬਰਕਤਉੱਲਾ ਨੇ ਹਿੰਦੀ ਸਭਾ ਦਾ ਕੋਈ ਨੁਮਾਇੰਦਾ ਮਾਸਕੋ ਭੇਜਣ ਦਾ ਸੁਨੇਹਾ ਭੇਜਿਆ ਤਾਂ ਹਿੰਦੀ ਸਭਾ ਨੇ ਇਸ ਮਨੋਰਥ ਲਈ ਦਲੀਪ ਸਿੰਘ ਗਿੱਲ ਦੀ ਚੋਣ ਕੀਤੀ; ਜੋ ਰੁਸੀ ਸਫੀਰ ਮਾਰਕੋਫਸਕੀ ਅਤੇ ਜਰਮਨ ਫੌਜੀ ਜਰਨੈਲ ਲੂਡਨਡੋਰਫ ਵੱਲੋਂ ਕਾਮਰੇਡ ਲੈਨਿਨ ਦੇ ਨਾਉਂ ਪੱਤਰ ਲੈ ਕੇ 1919 ਦੀਆਂ ਸਰਦੀਆਂ ਵਿਚ ਮਾਸਕੋ ਗਿਆ। ਇਸ ਪਿੱਛੋਂ ਉਹ 1920, 1921 ਅਤੇ ਫਿਰ ਤੀਹਵਿਆਂ ਵਿਚ ਵੀ ਮਾਸਕੋ ਜਾ ਕੇ ਸੋਵੀਅਤ ਸੰਘ ਦੇ ਕਮਿਊਨਿਸਟ ਆਗੂਆਂ ਅਤੇ ਅਧਿਕਾਰੀਆਂ ਨੂੰ ਮਿਲਦਾ ਰਿਹਾ। ਨਵੇਂ ਸੋਵੀਅਤ ਪ੍ਰਸ਼ਾਸਨ ਨੂੰ ਪੈਰਾਂ ਸਿਰ ਖੜ੍ਹੇ ਹੋਣ ਲਈ ਦੋ ਸਾਲ ਲੱਗ ਗਏ। ਕੁੱਝ ਸਾਹ ਮਿਲਿਆ ਤਾਂ ਸੋਵੀਅਤ ਆਗੂਆਂ ਨੇ ਪੂਰਬ ਦੀਆਂ ਗੁਲਾਮ ਕੌਮਾਂ ਵੱਲ ਇਹ ਸੁਨੇਹਾ ਭੇਜਿਆ:

ਗੁਰਦੇਵ ਸਿੰਘ ਸਿੱਧੂ

"ਪੂਰਬ ਵਲੇ ਰਹਿਣ ਵਾਲੇ ਭਰਾਓ! ਆਪ ਦੀ ਸਰਕਾਰ ਨੇ ਕਈ ਵਾਰ ਜੰਗ ਕਰਨ ਲਈ ਵੰਗਾਰਿਆ ਹੋਵੇਗਾ ਅਤੇ ਕੌਣ ਜਾਣਦਾ ਹੈ ਕਿ ਕਿੰਨੀ ਵਾਰ ਆਪ ਨੇ ਆਪਣੇ ਪੈਗੰਬਰ ਦੇ ਝੰਡੇ ਥੱਲੇ ਜੰਗ ਕੀਤੇ ਹੋਣਗੇ ਪਰ ਇਸ ਕਿਸਮ ਦੇ ਧਾਰਮਕ ਜੰਗਾਂ ਨਾਲ ਆਪ ਨੂੰ ਕੀ ਲਾਭ ਹੋਇਆ? ਆਪ ਨੇ ਆਪਣੇ ਸਿਰ ਵਢਾਏ, ਘਰ ਬਾਰ ਤਬਾਹ ਕੀਤਾ, ਪਰ ਇਸ ਦਾ ਫਲ ਆਪ ਦੇ ਸਰਮਾਏਦਾਰ ਇਕੱਠੇ ਕਰ ਕੇ ਲੈ ਗਏ। ਫਤਹਿ ਹੋਣ ਪਿੱਛੋਂ ਆਪ ਗਰੀਬਾਂ ਨੂੰ ਕਿਸੇ ਪੁੱਛਿਆ ਤੱਕ ਨਹੀਂ। ਤੁਸਾਂ ਦੂਜਿਆਂ ਲਈ ਮੁਲਕ ਫਤਹਿ ਕੀਤੇ, ਦੌਲਤ ਇਕੱਠੀ ਕੀਤੀ ਪਰ ਆਪ ਉਸੇ ਹੀ ਫਾਕੇ ਮਸਤੀ ਵਿਚ ਫਸੇ ਰਹੇ। ਆਓ! ਹੁਣ ਸਾਂਝੀਵਾਲਾਂ ਦੇ ਲਾਲ ਝੰਡੇ ਥੱਲੇ ਆਓ ਅਤੇ ਆਪਣਾ ਅਸਲੀ ਜੰਗ ਕਰੋ ਇਹ ਜੰਗ ਆਪ ਦੀ ਭਲਾਈ, ਆਪ ਦੀ ਆਜ਼ਾਦੀ ਅਤੇ ਆਪ ਦੀ ਜ਼ਿੰਦਗੀ ਦੇ ਲਈ ਹੈ। ਪੂਰਬੀ ਭਰਾਓ! ਉੱਠੋ ਅਤੇ ਆਪਣੇ ਆਪ ਨੂੰ ਬਚਾਓ।" "ਉੱਠ ਐ ਹਿੰਦੁਸਾਨੀ! ਜਿਹੜਾ ਕਿ ਗੁਲਾਮੀ ਦੀ ਹਾਲਤ ਵਿਚ ਭੁੱਖਾ ਮਰ ਰਿਹਾ ਏ। ਸੁਨੇਹੇ ਦਾ ਅੰਤ ਇਨ੍ਹਾਂ ਸ਼ਬਦਾਂ ਨਾਲ ਕੀਤਾ ਗਿਆ ਸੀ: "ਪੂਰਬ ਦੇ ਸਭ ਕਿਰਤੀ ਤੇ ਕਿਸਾਨ ਜਿਉਂਦੇ ਰਹਿਣ! ਉਨ੍ਹਾਂ ਦਾ ਜਨਰਲ ਸਟਾਫ 'ਸਾਂਝੀਵਾਲ ਕੌਮਾਂਤਰੀ' ਰਾਜ਼ੀ ਰਹੇ।" ਅਕਤੂਬਰ ਇਨਕਲਾਬ ਤੋਂ ਥੋੜੀ ਦੇਰ ਪਿੱਛੋਂ ਅਗਾਂਹਵਧੂ ਸੋਚ ਦੇ ਧਾਰਨੀ ਕੁੱਝ ਅਮਰੀਕਨਾਂ ਨੇ ਕਮਿਊਨਿਸਟ ਪਾਰਟੀ ਗਠਿਤ ਕਰ ਲਈ। ਅਮਰੀਕਨ ਕਮਿਊਨਸਟ ਪਾਰਟੀ ਦੇ ਕਾਰਜਕਾਰੀ ਸਕੱਤਰ ਮਿਸਟਰ ਸੀ. ਵੀਟ ਨੇ ਗਦਰ ਪਾਰਟੀ ਦਾ ਸੰਪਰਕ ਰੂਸ ਦੇ ਕਮਿਊਨਿਸਟਾਂ ਨਾਲ ਕਰਵਾਇਆ ਤਾਂ ਗਦਰ ਪਾਰਟੀ ਦੇ ਫੈਸਲੇ ਅਨੁਸਾਰ ਸੋਵੀਅਤ ਸੰਘ ਵਿਚ ਸਥਾਪਤ ਨਵੇਂ ਸਮਾਜਵਾਦੀ ਪ੍ਰਬੰਧ ਬਾਰੇ ਜਾਣਕਾਰੀ ਲੈਣ ਵਾਸਤੇ ਭਾਈ ਰਤਨ ਸਿੰਘ ਅਤੇ ਭਾਈ ਸੰਤੋਖ ਸਿੰਘ ਅਮਰੀਕਾ ਤੋਂ ਅਗਸਤ 1922 ਵਿਚ ਤੁਰ ਕੇ 24 ਸਤੰਬਰ 1922 ਨੂੰ ਮਾਸਕੋ ਪਹੁੰਚੇ। ਉਨ੍ਹਾਂ ਨੇ ਮਈ 1923 ਤੱਕ ਉੱਥੇ ਠਹਿਰ ਕੇ ਸਮਾਜਵਾਦੀ ਰਾਜ ਪ੍ਰਬੰਧ ਬਾਰੇ ਜਾਣਕਾਰੀ ਹਾਸਲ ਕੀਤੀ। ਨਵੀਂ ਵਿਚਾਰਧਾਰਾ ਨਾਲ ਜੁੜ ਕੇ ਲਏ ਫੈਸਲੇ ਅਨੁਸਾਰ ਭਾਈ ਰਤਨ ਸਿੰਘ ਨੇ ਅਮਰੀਕਾ ਅਤੇ ਹੋਰ ਮੁਲਕਾਂ ਵਿਚੋਂ ਗਦਰੀਆਂ ਨੂੰ ਮਾਸਕੋ ਦੀ ਪੂਰਬੀ ਯੂਨੀਵਰਸਿਟੀ ਵਿਚ ਸਿੱਖਿਆ ਪ੍ਰਾਪਤੀ ਲਈ ਭੇਜਣ ਅਤੇ ਭਾਈ ਸੰਤੋਖ ਸਿੰਘ ਨੇ ਹਿੰਦੁਸਤਾਨ ਜਾ ਕੇ ਨਵੇਂ ਵਿਚਾਰਾਂ ਦਾ ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਓਟ ਲਈ। ਭਾਈ ਰਤਨ ਸਿੰਘ ਦੇ ਉਪਰਾਲੇ ਨਾਲ ਅਮਰੀਕਾ ਤੋਂ ਪੰਜ ਗਦਰੀਆਂ - ਭਾਈ ਹਰਜਾਪ ਸਿੰਘ ਮਾਹਲਪੁਰ (ਹੁਸ਼ਿਆਰਪੁਰ), ਭਾਈ ਸੰਤਾ ਸਿੰਘ ਗੰਡੀਵਿੰਡ (ਅੰਮ੍ਰਿਤਸਰ), ਭਾਈ ਪ੍ਰੀਤਮ ਸਿੰਘ ਢੰਡ ਕਸੇਲ (ਅੰਮ੍ਰਿਤਸਰ), ਭਾਈ ਕਰਮ ਸਿੰਘ ਧੂਤ (ਰਿਆਸਤ ਕਪੂਰਥਲਾ) ਅਤੇ ਭਾਈ ਪ੍ਰੇਮ ਸਿੰਘ ਚੂਹੜਚੱਕ (ਫਿਰੋਜ਼ਪੁਰ) ਦਾ ਪਹਿਲਾ ਜਥਾ 1926 ਦੇ ਸ਼ੁਰੂ ਵਿਚ ਮਾਸਕੋ ਪੁੱਜਾ। ਅਮਰੀਕਾ ਦੀ ਕਮਿਊਨਿਸਟ ਪਾਰਟੀ ਵੱਲੋਂ ਚੁਣੇ ਦੋ ਵਿਦਿਆਰਥੀ ਵੀ ਉਨ੍ਹਾਂ ਦੇ ਨਾਲ ਸਨ, ਇਨ੍ਹਾਂ ਦੋਵਾਂ ’ਚੋਂ ਇਕ ਰਾਵਲਪਿੰਡੀ ਦਾ ਪੰਜਾਬੀ ਅਮੀਰ ਹੈਦਰ ਸੀ। ਇਸ ਦੇ ਸਮਾਨਾਂਤਰ ਹੀ ਪੰਜਾਬੀ ਦੇਸ਼ ਭਗਤਾਂ ਨੂੰ ਸਮਾਜਵਾਦੀ ਇਨਕਲਾਬ ਦੀ ਸਿਖਲਾਈ ਪ੍ਰਾਪਤ ਕਰਨ ਲਈ ਮਾਸਕੋ ਭੇਜਣ ਵਾਸਤੇ ਅਫਗਾਨਿਸਤਾਨ ਦੇ ਸ਼ਹਿਰ ਜਲਾਲਾਬਾਦ ਵਿਚ ਰੂਪੋਸ਼ੀ ਹੰਢਾ ਰਹੇ ਗਦਰੀ ਊਧਮ ਸਿੰਘ ਕਸੇਲ ਤੇ ਗੁਰਮੁਖ ਸਿੰਘ ਲਲਤੋਂ (ਲੁਧਿਆਣਾ) ਯਤਨਸ਼ੀਲ ਸਨ। ਉਨ੍ਹਾਂ ਨੇ ਪੰਜਾਬ ਜਾ ਕੇ ਅਕਾਲੀ ਆਗੂਆਂ ਮਾਸਟਰ ਤਾਰਾ ਸਿੰਘ, ਸੂਬੇਦਾਰ ਸੁਰੈਣ ਸਿੰਘ, ਤੇਜਾ ਸਿੰਘ ਸਮੁੰਦਰੀ, 'ਅਕਾਲੀ ਤੇ ਪ੍ਰਦੇਸੀ' ਦੇ ਐਡੀਟਰ ਮੰਗਲ ਸਿੰਘ ਬੀ.ਏ., ਅਤੇ ਹੋਰਨਾਂ ਨਾਲ ਸਲਾਹ ਕਰ ਕੇ ਗੁਪਤ ਜਥੇਬੰਦੀ ਗਠਿਤ ਕਰਨ ਵਿਚ ਮਾਹਰ ਸ਼ਚਿੰਦਰ ਨਾਥ ਸਨਿਆਲ ਨੂੰ ਪੰਜਾਬ ਲਿਆਂਦਾ ਜਿਸ ਨੇ ਅੰਮ੍ਰਿਤਸਰ ਆ ਕੇ ਅਕਾਲੀ ਆਗੂਆਂ ਨੂੰ ‘ਭਾਰਤ ਸਾਂਝੀਵਾਲ ਐਸੋਸੀਏਸ਼ਨ’ ਨਾਉਂ ਹੇਠ ਗਠਿਤ ਕੀਤੀ ਜਾਣ ਵਾਲੀ ਜਥੇਬੰਦੀ ਦੇ ਵਿਧਾਨ ਦਾ ਖਰੜਾ ਤਿਆਰ ਕਰ ਕੇ ਦਿੱਤਾ। ਅਮਰਜੀਤ ‘ਚੰਦਨ’ ਦੀ ਖੋਜ ਅਨੁਸਾਰ ਊਧਮ ਸਿੰਘ ਕਸੇਲ ਨੇ ਜਥੇਬੰਦੀ ਦੇ ਨੁਮਾਇੰਦੇ ਵਜੋਂ ਜੁਲਾਈ 1924 ਵਿਚ ਸੋਵੀਅਤ ਸੰਘ ਦੇ ਆਗੂਆਂ ਨਾਲ ਰਾਬਤਾ ਬਣਾਇਆ ਤੇ ਜਥੇਬੰਦੀ ਦੇ ਵਿਧਾਨ ਦੀ ਪ੍ਰਤਿ ਪੇਸ਼ ਕਰਦਿਆਂ ਅਗਲੇਰੀ ਕਾਰਵਾਈ ਦੀ ਯੋਜਨਾ ਸਾਂਝੀ ਕੀਤੀ। 20 ਜਨਵਰੀ 1926 ਨੂੰ ਊਧਮ ਸਿੰਘ ਦਾ ਕਤਲ ਹੋ ਜਾਣ ਤੇ ਗੁਰਦੁਆਰਾ ਐਕਟ ਬਣ ਜਾਣ ਕਾਰਨ ਅਕਾਲੀ ਆਗੂਆਂ ਦਾ ਧਿਆਨ ਗੁਰਦੁਆਰਿਆਂ ਦੇ ਪ੍ਰਬੰਧ ਉੱਤੇ ਕੇਂਦ੍ਰਿਤ ਹੋ ਜਾਣ ਕਾਰਨ ਇਹ ਯੋਜਨਾ ਇੱਥੇ ਹੀ ਖਤਮ ਹੋ ਗਈ। ਦੂਜੇ ਪਾਸੇ ਪਹਿਲਾਂ ਭਾਈ ਰਤਨ ਸਿੰਘ ਤੇ ਫਿਰ ਤੇਜਾ ਸਿੰਘ ਸੁਤੰਤਰ ਦੇ ਉਪਰਾਲੇ ਨਾਲ ਅਰਜਨਟਾਈਨਾ, ਫਿਜੀ, ਨਿਊਜ਼ੀਲੈਂਡ, ਪਾਨਾਮਾ, ਮੈਕਸੀਕੋ, ਕੀਨੀਆ ਤੋਂ ਗਦਰੀ ਦੇਸ਼ਭਗਤ ਮਾਸਕੋ ਪਹੁੰਚੇ। ਨੈਸ਼ਨਲ ਆਰਕਾਈਵਜ਼, ਨਵੀਂ ਦਿੱਲੀ, ਵਿਚ ਪਈ ਸਾਲ 1935 ਦੀ ਗ੍ਰਹਿ ਰਾਜਸੀ ਫਾਈਲ ਨੰ: 44/79 ਵਿਚ ਮਾਸਕੋ ਤੋਂ ਸਿਖਲਾਈ ਪ੍ਰਾਪਤ ਗਦਰੀਆਂ ਦੀ ਗਿਣਤੀ 40 ਜਾਂ ਇਸ ਤੋਂ ਵੱਧ ਦੱਸੀ ਗਈ ਹੈ। ਡਾ. ਹਰੀਸ਼ ਪੁਰੀ ਨੇ ਆਪਣੀ ਪੁਸਤਕ "ਗਦਰ ਲਹਿਰ: ਵਿਚਾਰਧਾਰਾ, ਜਥੇਬੰਦੀ, ਰਣਨੀਤੀ" ਵਿਚ 1935 ਦੇ ਅਖੀਰ ਉਤੇ ਸਰਗਰਮੀ ਬਿਲਕੁਲ ਰੋਕ ਦਿੱਤੇ ਜਾਣ ਤੱਕ ਅਮਰੀਕਾ ਤੋਂ ਦੋ ਜਾਂ ਵਧੇਰੇ ਹੋਰ ਟੋਲੀਆਂ ਅਤੇ ਅਰਜਨਰਾਈਨਾ, ਪਾਨਾਮਾ ਅਤੇ ਹੋਰ ਇਲਾਕਿਆਂ ਤੋਂ ਕਈ ਹੋਰ ਮਿਲਾ ਕੇ 60 ਬੰਦੇ ਮਾਸਕੋ ਭੇਜੇ ਦੱਸੇ ਹਨ। ਬਰਤਾਨਵੀ ਹਿੰਦੋਸਤਾਨ ਸਰਕਾਰ ਦੇ ਖੁਫੀਆ ਮਹਿਕਮੇ ਵੱਲੋਂ ਤਿਆਰ "ਇੰਡੀਆ ਐਂਡ ਕਮਿਊਨਿਜ਼ਮ" ਵਿਚ ਲਿਖਿਆ ਹੈ ਕਿ ਪਹਿਲੀ ਟੋਲੀ ਦੇ ਮਾਸਕੋ ਪੁੱਜਣ ਦੇ ਇਕ ਸਾਲ ਪਿੱਛੋਂ ਇਹ ਗਿਣਤੀ 20 ਤੋਂ ਟੱਪ ਗਈ, ਅਗਲੇ ਸਾਲ ਦੇ ਅੰਤ ਉੱਤੇ ਦੁੱਗਣੀ ਹੋ ਗਈ ਅਤੇ 1935 ਦੇ ਨੇੜ ਵਾਪਸ ਪਰਤ ਗਿਆਂ ਤੋਂ ਬਿਨਾਂ ਮਾਸਕੋ ਰਹਿ ਕੇ ਸਿਖਲਾਈ ਲੈ ਰਹੇ ਸਿੱਖ ਵਿਦਿਆਥੀਆਂ ਦੀ ਗਿਣਤੀ 60 ਦੇ ਨੇੜ ਸੀ। ਅਮਰਜੀਤ 'ਚੰਦਨ' ਨੇ ਲੰਡਨ, ਬਰਲਿਨ, ਵਾਸ਼ਿੰਗਟਨ ਦੇ ਮਿਸਲਖਾਨਿਆਂ ਅਤੇ ਕਮਿਊਨਿਸਟ ਇੰਟਰਨੈਸ਼ਨਲ ਦੇ ਹੋਰ ਦੁਰਲੱਭ ਸਰੋਤਾਂ ਤੋਂ ਜਾਣਕਾਰੀ ਇਕੱਠੀ ਕਰ ਕੇ 1920 ਤੋਂ 1940 ਤੱਕ ਮਾਸਕੋ ਜਾਣ ਵਾਲੇ 92 ਦੇਸ਼ਭਗਤਾਂ ਦੀ ਸੂਚੀ ਤਿਆਰ ਕੀਤੀ ਹੈ ਜਿਨ੍ਹਾਂ ਵਿਚੋਂ 33 ਜਲੰਧਰ ਜ਼ਿਲ੍ਹੇ ਵਿਚੋਂ ਸਨ। ਬਰਤਾਨਵੀ ਹਿੰਦੁਸਤਾਨ ਸਰਕਾਰ ਦੇ ਵਿਦੇਸ਼ ਵਿਭਾਗ ਵਿਚ ਪਾਸਪੋਰਟ ਮਹਿਕਮੇ ਵੱਲੋਂ 31 ਦਸੰਬਰ 1930 ਨੂੰ ਵਿਦੇਸ਼ਾਂ ਵਿਚ ਰਹਿ ਰਹੇ ਉਨ੍ਹਾਂ ਵਿਅਕਤੀਆਂ ਦੀ ਸੂਚੀ ਜਾਰੀ ਕੀਤੀ ਗਈ ਜਿਨ੍ਹਾਂ ਨੂੰ ਪਾਸਪੋਰਟ ਨਹੀਂ ਸੀ ਦਿੱਤਾ ਜਾਣਾ। ਇਸ ਸੂਚੀ ਵਿਚ ਮਾਸਕੋ ਰਹਿ ਰਹੇ - ਸਫਦਰ ਸਿਆਲਕੋਟ, ਹਬੀਬ ਅਹਿਮਦ ਲੁਧਿਆਣਾ, ਅਬਦੁੱਲ ਹਸਨ ਸਿਆਲਕੋਟ, ਖੁਸ਼ੀ ਮੁਹੰਮਦ ਆਦਿ ਦੇ ਨਾਂ ਵੀ ਸ਼ਾਮਲ ਹਨ, ਜੋ 'ਚੰਦਨ' ਵਾਲੀ ਸੂਚੀ ਵਿਚ ਨਹੀਂ ਜਿਸ ਤੋਂ ਇਹ ਨਤੀਜਾ ਨਿਕਲਦਾ ਹੈ ਕਿ ਜੇ ਹੋਰ ਖੋਜ ਕੀਤੀ ਜਾਵੇ ਤਾਂ ਇਹ ਗਿਣਤੀ ਸੈਂਕੜੇ ਨੂੰ ਪਾਰ ਕਰ ਜਾਵੇਗੀ। ਅੱਧੀ ਦਰਜਨ ਦੇ ਲਗਪਗ ਦੇਸ਼ ਭਗਤਾਂ ਦੀ ਮਾਸਕੋ ਵਿਚ ਹੀ ਮੌਤ ਹੋ ਗਈ। ਵਿਉਂਤ ਅਨੁਸਾਰ ਕੁੱਝ ਦੇਸ਼ ਭਗਤ ਹਿੰਦੋਸਤਾਨ ਆ ਕੇ ਸਾਮਰਾਜ ਵਿਰੁੱਧ ਜਨਤਕ ਲਾਮਬੰਦੀ ਕਰਨ ਲਈ ਭੇਜੇ ਗਏ ਅਤੇ ਕੁੱਝ ਨੂੰ ਵਿਦੇਸ਼ਾਂ ਵਿਚ ਵਸਦੇ ਭਾਰਤੀਆਂ ਨੂੰ ਜਥੇਬੰਦ ਕਰਨ ਲਈ ਭੇਜਿਆ ਗਿਆ।

ਸੰਪਰਕ: 94170 49147

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਇੱਕ ਸੀ ‘ਬਾਪੂ ਭਾਈ’

ਇੱਕ ਸੀ ‘ਬਾਪੂ ਭਾਈ’

... ਕਾਗਦ ਪਰ ਮਿਟੈ ਨ ਮੰਸੁ।।

... ਕਾਗਦ ਪਰ ਮਿਟੈ ਨ ਮੰਸੁ।।

ਸ਼ਹਿਰ

View All