ਜਦੋਂ ‘ਦਿ ਟ੍ਰਿਬਿਊਨ’ ’ਚ ਛਪੀ ਤਸਵੀਰ ਦਾ ਅਸਰ ਹੋਇਆ

ਜਤਿਨ ਦਾਸ ਦੇ ਸ਼ਹੀਦੀ ਦਿਹਾੜੇ ’ਤੇ ਵਿਸ਼ੇਸ਼

ਵਿਸ਼ਵ ਭਾਰਤੀ ਚੰਡੀਗੜ੍ਹ, 12 ਸਤੰਬਰ ਮ੍ਰਿਤਕ ਜਤਿਨ ਦਾਸ ਦੀ 90 ਸਾਲ ਪਹਿਲਾਂ ‘ਦਿ ਟ੍ਰਿਬਿਊਨ’ ਵਿੱਚ ਛਪੀ ਤਸਵੀਰ ਨਾਲ ਭਾਰਤ ਵਾਸੀਆਂ ਵਿੱਚ ਇਸ ਹੱਦ ਤੱਕ ਸ਼ੋਕ, ਰੋਹ ਤੇ ਇੱਕਸੁਰਤਾ ਹੋਈ ਕਿ ਬਰਤਾਨਵੀ ਸਾਮਰਾਜ ਨੂੰ ਭਵਿੱਖ ਵਿੱਚ ਸ਼ਹੀਦਾਂ ਦੇ ਵਾਰਿਸਾਂ ਨੂੰ ਲਾਸ਼ਾਂ ਸੌਂਪਣ ਦੀ ਆਪਣੀ ਨੀਤੀ ਬਦਲਣੀ ਪਈ। ਸ਼ਹੀਦ ਜਤਿੰਦਰਨਾਥ ਦਾਸ ਜਿਨ੍ਹਾਂ ਨੂੰ ਜਤਿਨ ਕਰਕੇ ਯਾਦ ਕੀਤਾ ਜਾਂਦਾ ਹੈ, ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦਾ ਬੰਗਾਲ ਤੋਂ ਬੰਬ ਬਣਾਉਣ ਦਾ ਮਾਹਿਰ ਆਜ਼ਾਦੀ ਸੰਗਰਾਮੀਆ ਸੀ। ਉਸ ਦੀ ਲਾਹੌਰ ਦੀ ਬੋਸਟਲ ਜੇਲ੍ਹ ਵਿੱਚ 13 ਸਤੰਬਰ 1929 ਨੂੰ ਉਸ ਨੂੰ ਜ਼ਬਰਦਸਤੀ ਖ਼ੁਰਾਕ ਦੇਣ ਦੌਰਾਨ ਮੌਤ ਹੋ ਗਈ ਸੀ। ਰਾਜਸੀ ਕੈਦੀਆਂ ਦੇ ਬਿਹਤਰ ਇਲਾਜ ਲਈ ਉਸ ਵੱਲੋਂ ਸ਼ੁਰੂ ਕੀਤੀ ਅਣਮਿਥੇ ਸਮੇਂ ਦੀ ਭੁੱਖ ਹੜਤਾਲ ਦਾ ਇਹ 63ਵਾਂ ਦਿਨ ਸੀ। ਤਸਵੀਰ ਦਾ ਮੋਟੇ ਅੱਖਰਾਂ ਵਿੱਚ ਸਿਰਲੇਖ ਦਿੱਤਾ ਗਿਆ ਸੀ, ‘ ਉਹ ਰਾਜਸੀ ਕੈਦੀਆਂ ਦੇ ਬਿਹਤਰ ਇਲਾਜ ਲਈ ਸੰਘਰਸ਼ ਕਰਦਿਆਂ ਸ਼ਹੀਦ ਹੋ ਗਿਆ।’ ਇਹ ਤਸਵੀਰ ਦਿ ਟ੍ਰਿਬਿਊਨ ਦੇ ਪਹਿਲੇ ਸਫ਼ੇ ਉੱਤੇ ਸਭ ਤੋਂ ਪਹਿਲਾਂ 15 ਸਤੰਬਰ 1929 ਨੂੰ ਪ੍ਰਕਾਸ਼ਿਤ ਹੋਈ ਸੀ। ਇਤਿਹਾਸਕਾਰਾਂ ਅਨੁਸਾਰ ਇਸ ਤਸਵੀਰ ਦਾ ਅਸਰ ਏਨਾ ਜ਼ਬਰਦਸਤ ਸੀ ਕਿ ਬਰਤਾਨਵੀ ਸਾਮਰਾਜ ਨੂੰ ਰਾਜਸੀ ਕੈਦੀਆਂ ਦੀਆਂ ਲਾਸ਼ਾਂ ਵਾਰਿਸਾਂ ਨੂੰ ਦੇਣ ਦੀ ਆਪਣੀ ਨੀਤੀ ਬਦਲਣੀ ਪਈ ਸੀ। ਦਿ ਯੂਨੀਵਰਸਿਟੀ ਆਫ ਨਿਊ ਸਾਊਥ ਵੇਲਜ਼ ਆਸਟਰੇਲੀਆ ਦੀ ਸਾਊਥ ਏਸ਼ੀਅਨ ਐਂਡ ਵਰਲਡ ਹਿਸਟਰੀ ਵਿਸ਼ੇ ਦੀ ਐਸੋਸੀਏਟ ਪ੍ਰੋਫੈਸਰ ਕਾਮਾ ਮੈਕਲੀਨ ਅਨੁਸਾਰ ਦਿ ਟ੍ਰਿਬਿਊਨ ਦੇ ਪਹਿਲੇ ਪੰਨੇ ਤੋਂ ਇਹ ਪਤਾ ਲੱਗਿਆ ਕਿ ਦਾਸ ਦੀ ਮੌਤ ਦਾ ਭਾਰਤ ਦੀ ਕੌਮੀ ਰਾਜਨੀਤੀ ਉੱਤੇ ਗਹਿਰਾ ਅਸਰ ਪਿਆ ਸੀ। ਇਸ ਤੋਂ ਬਾਅਦ ਅੰਗਰੇਜ਼ ਸਰਕਾਰ ਨੇ ਰਾਜਸੀ ਕੈਦੀਆਂ ਦੀਆਂ ਲਾਸ਼ਾਂ ਨੂੰ ਉਨ੍ਹਾਂ ਦੇ ਵਾਰਿਸਾਂ ਤੋਂ ਦੂਰ ਹੀ ਰੱਖਿਆ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇੱਕ ਤਸਵੀਰ ਦਾ ਅਸਰ ਕਿੰਨਾ ਹੋ ਸਕਦਾ ਹੈ, ਭਾਵੇਂ ਕਿ ਅਖ਼ਬਾਰ ਨੇ ਫੋਟੋ ਦਾ ਸਰੋਤ ਨਹੀਂ ਪ੍ਰਕਾਸ਼ਿਤ ਕੀਤਾ ਸੀ। ਇਹ ਫੋਟੋ ਲਾਹੌਰ ਦੀ ਬੋਸਟਲ ਜੇਲ੍ਹ ਦੇ ਅੱਗਿਓਂ ਖਿੱਚੀ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਤਸਵੀਰ ਤੋਂ ਹੀ ਜਤਿਨ ਦਾਸ ਦਾ ਪੋਸਟਰ ਤਿਆਰ ਕੀਤਾ ਗਿਆ ਸੀ। ਇਸ ਦੌਰਾਨ ਹੀ ਸ਼ਹੀਦ ਦੇ ਭਰਾ ਕਿਰੋਨ ਜੋ ਕਿ ਉਨ੍ਹਾਂ ਦੀ ਸੰਭਾਲ ਲਈ ਜੇਲ੍ਹ ਵਿੱਚ ਉਨ੍ਹਾਂ ਦੇ ਨਾਲ ਰਿਹਾ ਸੀ, ਨੇ ਸ਼ਹੀਦ ਜਤਿਨ ਦਾਸ ਸਬੰਧੀ ਲਿਖੀ ਇੱਕ ਕਿਤਾਬ ਵਿੱਚ ਦੱਸਿਆ ਸੀ ਕਿ ਇਹ ਫੋਟੋ 13 ਸਤੰਬਰ ਦੀ ਸ਼ਾਮ ਨੂੰ ਬੋਸਟਲ ਜੇਲ੍ਹ ਦੇ ਗੇਟ ਕੋਲ ਖਿੱਚੀ ਗਈ ਸੀ। ਉਨ੍ਹਾਂ ਦਿਨਾਂ ਵਿੱਚ ਅਖ਼ਬਾਰ ’ਚ ਫੋਟੋ ਹੋਣੀ ਆਪਣੇ ਆਪ ਵਿੱਚ ਵਿਲੱਖਣ ਗੱਲ ਹੁੰਦੀ ਸੀ। ਇਸ ਤੋਂ ਬਾਅਦ 17 ਸਤੰਬਰ 1929 ਨੂੰ ਦਿ ਟ੍ਰਿਬਿਉੂਨ ਵਿੱਚ ਪਹਿਲੇ ਸਫੇ ਉੱਤੇ ਅੱਧੇ ਸਫ਼ੇ ਵਿੱਚ ਫੋਟੋਆਂ ਸਣੇ ਲੇਖ ਪ੍ਰਕਾਸ਼ਿਤ ਹੋਇਆ ਸੀ, ਇਸ ਨੂੰ ‘ਲਾਹੌਰ ਦੀ ਜਤਿਨ ਦਾਸ ਨੂੰ ਸ਼ਰਧਾਂਜਲੀ’ ਸਿਰਲੇਖ ਦਿੱਤਾ ਗਿਆ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All