ਜਦੋਂ ਦਸਮੇਸ਼ ਪਿਤਾ ਨੇ ਹਾਕੀ ਖੇਡੀ ਤੇ ਹੱਥ ਸਜਾਇਆ ਬਾਜ਼

ਇਕਬਾਲ ਸਿੰਘ ਸਰੋਆ

ਸੰਪਰਕ: 99140-22101 ਪੁਰਾਣੇ ਸਮੇਂ ਵਿੱਚ ਪੇਂਡੂ ਖੇਡਾਂ ਜਿਵੇਂ ਖਿੱਦੋ-ਖੂੰਡੀ, ਰੱਸਾਕਸ਼ੀ, ਮੱਲਯੁੱਧ, ਕੋਟਲਾ-ਛਪਾਕੀ, ਰੱਸੀ-ਟੱਪਾ, ਲੁਕਣਮੀਟੀ ਆਦਿ ਸਭ ਧਰਮਾਂ ਦੇ ਸਾਂਝੇ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਸਨ। ਇਨ੍ਹਾਂ ਤੋਂ ਇਲਾਵਾ ਪਾਲਤੂ ਪੰਛੀਆਂ ਅਤੇ ਪਸ਼ੂਆਂ ਦੇ ਆਪਸੀ ਮੁਕਾਬਲੇ ਜਿਵੇਂ ਬਾਜ਼ ਨੂੰ ਬਾਜ਼, ਕੁੱਕੜ ਨੂੰ ਕੁੱਕੜ, ਸਾਨ੍ਹ ਨੂੰ ਸਾਨ੍ਹ ਨਾਲ ਭਿੜਾਉਣਾ ਆਦਿ ਵੀ ਖੇਡਾਂ ਵਾਂਗ ਮਨੋਰੰਜਨ ਦਾ ਹੁੰਦੇ ਸਨ। ਇਸ ਪ੍ਰਸੰਗ ਵਿੱਚ ਖਿੱਦੋ-ਖੂੰਡੀ, ਚਿੜੀਆਂ ਬਨਾਮ ਬਾਜ਼ ਦੀ ਲੜਾਈ ਅਤੇ ਦਸਮੇਸ਼ ਪਿਤਾ ਦੇ ਸ਼ਕਤੀਸ਼ਾਲੀ ਬਾਜ਼ ਦਾ ਜ਼ਿਕਰ ਕਰਨਾ ਬਣਦਾ ਹੈ। ਇਸ ਤੱਥ ਤੋਂ ਹਾਕੀ ਪ੍ਰੇਮੀ ਭਲੀਭਾਂਤ ਜਾਣੂੰ ਹੋਣਗੇ ਕਿ ਖਿੱਦੋ-ਖੂੰਡੀ ਦੀ ਖੇਡ ਆਧੁਨਿਕ ਹਾਕੀ ਦਾ ਪੁਰਾਤਨ ਅਣਤਰਾਸ਼ਿਆ ਰੂਪ ਸੀ। ਖਿੱਦੋ-ਖੂੰਡੀ ਨੇ ਨਿਰੰਤਰ ਵਿਕਾਸ ਕਰ ਕੇ ਐਸਟ੍ਰੋਟਰਫ ’ਤੇ ਖੇਡੀ ਜਾਣ ਵਾਲੀ ਅਜੋਕੀ ਹਾਕੀ ਦਾ ਰੂਪ ਧਾਰਨ ਕੀਤਾ ਹੈ। ਪੁਰਾਤਨ ਸਮੇਂ ਵਿੱਚ ਇਸ ਖੇਡ ਦੇ ਕੋਈ ਨਿਰਧਾਰਤ ਨਿਯਮ ਨਹੀਂ ਹੁੰਦੇ ਸਨ। ਇਸ ਖੇਡ ਰਾਹੀਂ ਬਾਲ ਖਿਡਾਰੀ ਵਿਹਲੇ ਜਾਂ ਫਾਲਤੂ ਸਮੇਂ ਦੌਰਾਨ ਆਪਣਾ ਮਨਪਰਚਾਵਾ ਕਰਦੇ ਸਨ ਅਤੇ ਨਾਲ-ਨਾਲ ਆਪਣੇ ਸਰੀਰ ਨੂੰ ਸਿਹਤਮੰਦ ਰੱਖਦੇ ਸਨ। ਖਿੱਦੋ-ਖੂੰਡੀ ਅਤੇ ਹਾਕੀ-ਖੇਡ ਦੀ ਆਪਸੀ ਸਮਾਨਤਾ ਤੇ ਸਮਰੂਪਤਾ ਦੇ ਬਾਵਜੂਦ ਇਹ ਸਪਸ਼ਟ ਕਰਨਾ ਜ਼ਰੂਰੀ ਹੈ ਕਿ ਇਨ੍ਹਾਂ ਦੋਵਾਂ ਖੇਡਾਂ ਵਿਚਕਾਰ ਪ੍ਰਮੁੱਖ ਭੌਤਿਕ ਭਿੰਨਤਾ ਕੀ ਹੈ? ਖਿੱਦੋ ਜਿਸ ਨੂੰ ਅੱਜ ਅਸੀਂ ਗੇਂਦ ਜਾਂ ਬਾਲ ਦੇ ਨਾਂ ਨਾਲ ਜਾਣਦੇ ਹਾਂ ਉਸ ਸਮੇਂ ਪੀ ਯੂ, ਪੀ ਵੀ ਸੀ, ਪਲਾਸਟਿਕ ਸਮੱਗਰੀ, ਰਬੜ ਜਾਂ ਚਮੜੇ ਦੀਆਂ ਨਹੀਂ ਬਣਦੀਆਂ ਸਨ ਸਗੋਂ ਘਰਾਂ ਵਿੱਚ ਪਏ ਪਾਟੇ-ਪੁਰਾਣੇ ਕੱਪੜਿਆਂ ਦੇ ਟੁਕੜਿਆਂ ਨੂੰ ਇਕੱਠਾ ਕਰ ਕੇ ਗੇਂਦ ਵਰਗੀ ਇੱਕ ‘ਗੋਲ-ਗੱਠ’ ਬਣਾ ਲਈ ਜਾਂਦੀ ਸੀ। ਫਿਰ ਉਸ ਨੂੰ ਬਾਹਰਲੇ ਪਾਸਿਓਂ ਹੋਰ ਮਜ਼ਬੂਤ ਕਰਨ ਲਈ ਰੱਸੀਆਂ ਤੇ ਸੇਬਿਆਂ ਨਾਲ ਬੰਨ੍ਹ ਕੇ ਖਿੱਦੋ ਦਾ ਰੂਪ ਦਿੱਤਾ ਜਾਂਦਾ ਸੀ। ‘ਖੂੰਡੀ’ ਜਿਸ ਨੂੰ ਅੱਜ ਅਸੀਂ ਹਾਕੀ ਜਾਂ ਹਾਕੀ ਸਟਿੱਕ ਆਖਦੇ ਹਾਂ, ਉਸ ਸਮੇਂ ਟਾਹਲੀ, ਬੇਰੀ, ਜੰਡ, ਕਿੱਕਰ ਜਾਂ ਸ਼ਹਿਤੂਤ ਦੇ ਦਰੱਖਤ ਦੇ ਕਿਸੇ ਵਿੰਗੇ ਜਿਹੇ ਟਾਹਣੇ ਨੂੰ  ਵੱਢ ਕੇ ਬਣਾਈ ਜਾਂਦੀ ਸੀ ਪਰ ਅੱਜ ਦੀਆਂ ਪਾਕਿਸਤਾਨੀ ਕੰਪੋਜ਼ਿਟ ਹਾਕੀਆਂ ਗਲਾਸ ਫਾਈਬਰ, ਕਾਰਬਨ ਤੇ ਕੈਵੀਲਰ ਰਸਾਇਣਾਂ ਨਾਲ ਬਣਾਈਆਂ ਜਾਂਦੀਆਂ ਹਨ ਜੋ ਲੱਕੜੀ ਦੇ ਮੁਕਾਬਲੇ ਕਾਫ਼ੀ ਹਲਕੀਆਂ ਅਤੇ ਮਜ਼ਬੂਤ ਹੁੰਦੀਆਂ ਹਨ।

ਗੰਭੀਰ ਅਧਿਐਨ ਅਤੇ ਲੰਮੀ ਖੋਜ ਮਗਰੋਂ ਇਸ ਤੱਥ ਦਾ ਪ੍ਰਗਟਾਵਾ ਹੋਇਆ ਹੈ ਕਿ ਸਤਾਰ੍ਹਵੀਂ ਸਦੀ ਦੌਰਾਨ ਪੰਜਾਬ ਦੇ ਪੇਂਡੂ ਇਲਾਕਿਆਂ ਵਿੱਚ ਖਿੱਦੋ-ਖੂੰਡੀ ਦੀ ਖੇਡ ਬਹੁਤ ਪ੍ਰਚੱਲਤ ਸੀ। ਉਦੋਂ ਖ਼ਾਸ ਤੌਰ ’ਤੇ 6 ਤੋਂ 13 ਸਾਲ ਦੀ ਉਮਰ ਦੇ ਉੱਭਰਦੇ ਨੌਜਵਾਨ ਇਸ ਖੇਡ ਨੂੰ ਬੜੀਆਂ ਰੀਝਾਂ ਤੇ ਚਾਵਾਂ ਨਾਲ ਖੇਡਦੇ ਸਨ। ਉਹ ਜਾਣਦੇ ਸਨ ਕਿ ਇਸ ਖੇਡ ਰਾਹੀਂ ਉਨ੍ਹਾਂ ਵਿੱਚ ਅਨੁਸ਼ਾਸਨ, ਆਗਿਆ ਪਾਲਣ, ਆਤਮ-ਵਿਸ਼ਵਾਸ, ਏਕਤਾ, ਤਿਆਗ, ਸਹਿਯੋਗ ਅਤੇ ਸਹਿਣਸ਼ੀਲਤਾ ਦੀ ਭਾਵਨਾ ਜਿਹੇ ਗੁਣਾਂ ਦਾ ਸੰਚਾਰ ਹੁੰਦਾ ਹੈ। ਇਹ ਤੱਥ ਬੜੇ ਵਚਿੱਤਰ ਅਤੇ ਹੈਰਾਨੀਜਨਕ ਜਾਪਣਗੇ ਕਿ ਗੁਰੂ ਗੋਬਿੰਦ ਸਿੰਘ ਜੀ ਬਚਪਨ ਵਿੱਚ ਆਪਣੇ ਸਾਥੀਆਂ ਨਾਲ ਪਿੰਡ ਮਰਦੋ ਅਤੇ ਭਾਨੋ ਖੇੜੀ (ਹੁਣ ਜ਼ਿਲ੍ਹਾ ਅੰਬਾਲਾ) ਦਰਮਿਆਨ ਖਿੱਦੋ-ਖੂੰਡੀ ਖੇਡਿਆ ਕਰਦੇ ਸਨ। ਪਟਨਾ ਸ਼ਹਿਰ ਤੋਂ ਆਨੰਦਪੁਰ ਸਾਹਿਬ ਆਉਣ ਸਮੇਂ ਸੰਨ 1673 ਵਿੱਚ ਬਾਲ ਗੋਬਿੰਦ ਰਾਏ (ਬਾਅਦ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ) ਰਸਤੇ ਵਿੱਚ ਕੁਝ ਸਮੇਂ ਲਈ ਮਾਤਾ ਗੁਜਰੀ ਜੀ ਨਾਲ ਨਾਨਕਾ ਪਿੰਡ ਲਖਨੌਰ (ਜ਼ਿਲ੍ਹਾ ਅੰਬਾਲਾ) ਵਿਖੇ ਠਹਿਰੇ ਸਨ। ਇਸ ਪਿੰਡ ਵਿੱਚ ਰਹਿੰਦਿਆਂ ਬਾਲ ਗੋਬਿੰਦ ਰਾਏ ਆਪਣੇ ਹਾਣੀਆਂ ਨਾਲ ਖੇਡਣ ਨਿਕਲਦੇ ਤਾਂ ਸਾਰੇ ਸਾਥੀ ਖਿਡਾਰੀ ਆਪ ਨੂੰ ਮੋਹਰੀ ਅਥਵਾ ਆਪਣਾ ਸਰਦਾਰ ਮੰਨਦੇ ਸਨ। ਅੰਬਾਲਾ ਛਾਉਣੀ-ਹਿਸਾਰ ਮਾਰਗ ’ਤੇ 12 ਕਿਲੋਮੀਟਰ ਲਹਿੰਦੇ ਪਾਸੇ ਵੱਲ ਸਥਿਤ ਪਿੰਡ ਲਖਨੌਰ ਵਿਖੇ ਹੁਣ ਗੁਰਦੁਆਰਾ ਸ੍ਰੀ ਲਖਨੌਰ ਸਾਹਿਬ ਸੁਸ਼ੋਭਿਤ ਹੈ ਜਿੱਥੇ ਲਿਖਿਆ ਇਤਿਹਾਸ ਇਉਂ ਹੈ: ਇਸ ਪਵਿੱਤਰ ਅਸਥਾਨ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਨਾਨਕਾ ਨਿਵਾਸ ਅਤੇ ਉਨ੍ਹਾਂ ਦੇ ਪੂਜਨੀਕ ਮਾਤਾ ਗੁਜਰੀ ਜੀ ਦਾ ਪੇਕਾ ਘਰ ਹੋਣ ਦਾ ਮਾਣ ਪ੍ਰਾਪਤ ਹੈ। ਇਸ ਅਸਥਾਨ ’ਤੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਚੰਦ ਜੀ ਮਹਾਰਾਜ ਵੀ ਆਏ ਸਨ। ਇੱਥੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਅਤੇ ਮਾਤਾ ਗੁਜਰੀ ਜੀ ਦੀਆਂ ਯਾਦਗਾਰਾਂ- ਪਲੰਘ, ਪਰਾਤਾਂ, ਖੂਹ ਅਤੇ ਬਾਉਲੀ ਸਾਹਿਬ ਸੁਸ਼ੋਭਿਤ ਹਨ।’’ ਬਾਲ ਗੋਬਿੰਦ ਰਾਏ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਖਿੱਦੋ-ਖੂੰਡੀ ਖੇਡਣ ਲਈ ਲਖਨੌਰ ਤੋਂ ਤਕਰੀਬਨ ਤਿੰਨ ਕਿਲੋਮੀਟਰ ਦੇ ਫ਼ਾਸਲੇ ’ਤੇ ਸਥਿਤ ਪਿੰਡ ਮਰਦਾਂ ਜਾਇਆ ਕਰਦੇ ਸਨ। ਮਰਦੋਂ ਪਿੰਡ (ਹੁਣ ਗੁਰਦੁਆਰਾ ਸ੍ਰੀ ਮਰਦੋਂ ਸਾਹਿਬ) ਵਿੱਚ ਇਸ ਬਿਰਤਾਂਤ ਬਾਰੇ ਇਹ ਇਤਿਹਾਸਕ ਤੱਥ ਅੰਕਿਤ ਹਨ: ‘‘ਜਦੋਂ ਬਾਲ ਗੋਬਿੰਦ ਰਾਏ ਸੱਤ ਸਾਲ ਦੀ ਉਮਰ ਵਿੱਚ ਆਪਣੇ ਨਾਨਕਾ ਘਰ ਲਖਨੌਰ ਠਹਿਰੇ ਹੋਏ ਸੀ, ਉਸ ਸਮੇਂ ਉਹ ਖਿੱਦੋ-ਖੂੰਡੀ (ਹੁਣ ਹਾਕੀ) ਖੇਡਣ ਲਈ ਇੱਥੇ ਆਉਂਦੇ ਸਨ। ਉਹ ਦੁਪਹਿਰ ਦੇ ਸਮੇਂ ਇੱਥੇ ਹੀ ਵਿਸ਼ਰਾਮ ਕਰਦੇ ਸਨ। ਇਸ ਅਸਥਾਨ ਨੂੰ ਖਿੱਦੋ-ਖੂੰਡੀ ਦੀ ਖੇਡ ਦਾ ਇੱਕ ਪਾਲ੍ਹਾ ਜਾਣੀ ਗੋਲ ਪੋਸਟ ਬਣਾਇਆ ਹੋਇਆ ਸੀ। ਦੂਜਾ ਪਾਲ੍ਹਾ ਪਿੰਡ ਭਾਨੋ ਖੇੜੀ ਵਿੱਚ ਬਣਾਇਆ ਹੋਇਆ ਸੀ ਜਿੱਥੇ ਹੁਣ ਗੁਰਦੁਆਰਾ ਸ੍ਰੀ ਗੇਂਦਸਰ ਸਾਹਿਬ ਸੁਸ਼ੋਭਿਤ ਹੈ।’’ ਜ਼ਿਕਰਯੋਗ ਹੈ ਕਿ ਜਿਸ ਖੇਡ ਮੈਦਾਨ ’ਤੇ ਖਿੱਦੋ-ਖੂੰਡੀ ਖੇਡੀ ਜਾਂਦੀ ਸੀ, ਉਸ ਮੈਦਾਨ ਦੀ ਲੰਬਾਈ ਲਗਪਗ ਤਿੰਨ ਕਿਲੋਮੀਟਰ ਸੀ। ਦੋਵਾਂ ਪਾਸਿਆਂ ਦੇ ਦਸਤੇ (ਜਾਣੀ ਟੀਮਾਂ) ਇੱਥੇ ਖਿੱਦੋ-ਖੂੰਡੀ ਖੇਡਦੇ ਸਨ ਅਤੇ ਖੇਡਣ ਉਪਰੰਤ ਬਾਲ ਗੋਬਿੰਦ ਰਾਏ ਆਪਣੇ ਸਾਥੀਆਂ ਸਮੇਤ ਲਖਨੌਰ ਪਰਤ ਜਾਂਦੇ ਸਨ। ਇਨ੍ਹਾਂ ਇਤਿਹਾਸਕ ਤੱਥਾਂ, ਗੁਰਦੁਆਰਾ ਸ੍ਰੀ ਗੇਂਦਸਰ ਵਿਖੇ ਸ਼ੁਭਾਇਮਾਨ ਹਾਕੀ ਸਟਿੱਕ ਤੇ ਗੇਂਦ ਅਤੇ ਸ੍ਰੀ ਲਖਨੌਰ ਸਾਹਿਬ ਵਿਖੇ ਪ੍ਰਦਰਸ਼ਿਤ ਕੀਤੇ ਚਿੱਤਰਾਂ (ਪੇਂਟਿੰਗਜ਼) ਤੋਂ ਇਹ ਸਾਬਤ ਹੁੰਦਾ ਹੈ ਕਿ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸੱਤ ਸਾਲ ਦੀ ਉਮਰ ਵਿੱਚ ਇੱਥੇ ਖਿੱਦੋ-ਖੂੰਡੀ ਖੇਡਦੇ ਸਨ। ਇਹ ਵੀ ਜ਼ਿਕਰਯੋਗ ਹੈ ਕਿ ਖਿੱਦੋ-ਖੂੰਡੀ ਖੇਡਣ ਤੋਂ ਇਲਾਵਾ ਦਸਮੇਸ਼ ਪਿਤਾ ਪੰਛੀਆਂ ਦੇ ਰਾਜਾ ਅਤੇ ਬਹਾਦਰੀ, ਵਫ਼ਦਾਰੀ ਤੇ ਜਿੱਤ ਦੇ ਪ੍ਰਤੀਕ ਬਾਜ਼ ਨੂੰ ਆਪਣੇ ਹੱਥ ਦੀ ਮੁੱਠੀ ’ਤੇ ਸਜਾਉਂਦੇ ਸਨ। ਉਸ ਜ਼ਮਾਨੇ ਵਿੱਚ ਹਾਕਮ, ਹਾਕਮ ਘਰਾਣਾ ਅਤੇ ਅਮੀਰ ਲੋਕ (ਵਿਸ਼ੇਸ਼ ਤੌਰ ’ਤੇ ਮੁਗ਼ਲ ਸਲਤਨਤ ਨਾਲ ਸਬੰਧ ਰੱਖਣ ਵਾਲੇ) ਹੀ ਬਾਜ਼ ਰੱਖ ਸਕਦੇ ਸਨ। ਦਸਮੇਸ਼ ਪਿਤਾ ਨੇ ਹਿੰਦੁਸਤਾਨੀ ਲੋਕਾਂ ਦੀ ਸੁੱਤੀ ਹੋਈ ਅਣਖ ਨੂੰ ਜਗਾਉਣ, ਮਜ਼ਲੂਮਾਂ ਵਿੱਚ ਨਵੀਂ ਰੂਹ ਦਾ ਸੰਚਾਰ ਕਰਨ, ਨਿਤਾਣਿਆਂ ਵਿੱਚ ਤਾਣ ਤੇ ਤਾਕਤ ਭਰਨ ਅਤੇ ਉਨ੍ਹਾਂ ਨੂੰ ਖ਼ੁਦਮੁਖ਼ਤਾਰ ਕੌਮ ਬਣਾਉਣ ਲਈ ਆਪਣੇ ਹੱਥ ’ਤੇ ਬਾਜ਼ ਸਜਾ ਕੇ ਸਮੇਂ ਦੀ ਜ਼ਾਲਮ ਹਕੂਮਤ ਨੂੰ ਵੰਗਾਰਿਆ। ਦਸਮੇਸ਼ ਪਿਤਾ ਦੇ ਬਾਜ਼ ਅਤੇ ਮੁਗ਼ਲਾਂ ਤੇ ਅਮੀਰ ਲੋਕਾਂ ਦੇ ਬਾਜ਼ ਵਿੱਚ ਜ਼ਮੀਨ-ਆਸਮਾਨ ਦਾ ਫ਼ਰਕ ਸੀ। ਇਸ ਫ਼ਰਕ ਨੂੰ ਸਮਝਣ ਲਈ ਅੱਗੇ ਦਰਸਾਏ ਇਤਿਹਾਸਕ ਤੱਥਾਂ, ਅਸਥਾਨਾਂ ਅਤੇ ਪੀਰ ਅਮੀਰਦੀਨ ਦੇ ਬਾਜ਼ ਵਿਰੁੱਧ ਚਿੜੀਆਂ ਦੀ ਲਾਜਵਾਬ ਲੜਾਈ ਦੀ ਦਾਸਤਾਨ ਨੂੰ ਜਾਣਨਾ ਜ਼ਰੂਰੀ ਹੈ: ਇਤਿਹਾਸ ਗੁਰਦੁਆਰਾ ਬਾਦਸ਼ਾਹੀ ਬਾਗ਼, ਪਾਤਸ਼ਾਹੀ ਦਸਵੀਂ, (ਅੰਬਾਲਾ ਸ਼ਹਿਰ, ਹਰਿਆਣਾ) ‘‘ਇਸ ਪਵਿੱਤਰ ਅਸਥਾਨ ’ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਫੱਗਣ ਦੀ ਪੂਰਨਮਾਸ਼ੀ ਨੂੰ ਆਏ ਸਨ। ਗੁਰੂ ਜੀ ਨਾਲ ਮਾਮਾ ਕਿਰਪਾਲ ਚੰਦ, ਕਈ ਸਿੱਖ, ਨੀਲਾ ਘੋੜਾ ਅਤੇ ਚਿੱਟਾ ਬਾਜ਼ ਸੀ। ਅੰਬਾਲਾ ਸ਼ਹਿਰ ਦਾ ਪੀਰ ਅਮੀਰਦੀਨ ਰਸਤੇ ਵਿੱਚ ਆਪਣਾ ਬਾਜ਼ ਲਈ ਖੜ੍ਹਾ ਸੀ। ਜਦੋਂ ਗੁਰੂ ਸਾਹਿਬ ਦਾ ਚਿੱਟਾ ਬਾਜ਼ ਦੇਖਿਆ ਤਾਂ ਪੀਰ ਦਾ ਮਨ ਬੇਈਮਾਨ ਹੋ ਗਿਆ। ਉਸ ਨੇ ਗੁਰੂ ਜੀ ਨੂੰ ਕਿਹਾ ਕਿ ਮੇਰੇ ਬਾਜ਼ ਨਾਲ ਆਪਣਾ ਬਾਜ਼ ਲੜਾਓ। ਗੁਰੂ ਜੀ ਅੰਤਰਜਾਮੀ ਸਨ, ਸਮਝ ਗਏ ਕਿ ਪੀਰ ਨੀਤੀ ਨਾਲ ਬਾਜ਼ ਲੈਣਾ ਚਾਹੁੰਦਾ ਹੈ। ਗੁਰੂ ਜੀ ਨੇ ਕਿਹਾ ਕਿ ਅਸੀਂ ਤੁਹਾਡੇ ਬਾਜ਼ ਨੂੰ ਚਿੜੀਆਂ ਨਾਲ ਲੜਾਵਾਂਗੇ। ਪੀਰ ਨੇ ਕਿਹਾ ਚਿੜੀਆਂ ਤਾਂ ਬਾਜ਼ ਦੀ ਖੁਰਾਕ ਹਨ, ਇਸ ਕਰਕੇ ਇਹ ਬਾਜ਼ ਨਾਲ ਨਹੀਂ ਲੜ ਸਕਦੀਆਂ। ਗੁਰੂ ਜੀ ਨੇ ਦੂਜੀ ਵਾਰ ਵੀ ਉਸੇ ਤਰ੍ਹਾਂ ਕਿਹਾ ਕਿ ਤੁਹਾਡੇ ਬਾਜ਼ ਨੂੰ ਚਿੜੀਆਂ ਨਾਲ ਲੜਾਵਾਂਗੇ। ਪੀਰ ਗੁੱਸੇ ਵਿੱਚ ਬੋਲਿਆ, ਕੱਢੋ ਚਿੜੀਆਂ ਕਿੱਥੇ ਹਨ। ਗੁਰੂ ਜੀ ਦੇ ਸਾਹਮਣੇ ਇਸ ਇਤਿਹਾਸਕ ਅਸਥਾਨ ’ਤੇ ਕੇਵਲ ਦੋ ਚਿੜੀਆਂ ਬੈਠੀਆਂ ਸਨ। ਉਨ੍ਹਾਂ ਖੜ੍ਹੇ ਹੋ ਕੇ ਰੂਹਾਨੀ ਤੇ ਜਿਸਮਾਨੀ ਸ਼ਕਤੀ ਦਾ ਵਰਦਾਨ ਦੇ ਕੇ ਚਿੜੀਆਂ ਨੂੰ ਹੁਕਮ ਦਿੱਤਾ ਕਿ ਪੀਰ ਦੇ ਬਾਜ਼ ਨਾਲ ਲੜੋ। ਬਾਜ਼ ਅਤੇ ਚਿੜੀਆਂ ਨੇ ਲੜਨਾ ਸ਼ੁਰੂ ਕੀਤਾ। ਲੜਦੇ-ਲੜਦੇ ਚਿੜੀਆਂ ਨੇ ਬਾਜ਼ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਇਸ ਅਸਥਾਨ ਤੋਂ ਥੋੜ੍ਹੀ ਦੂਰ ਲੱਭੂਵਾਲਾ ਤਲਾਬ (ਹੁਣ ਗੁਰਦੁਆਰਾ ਸ੍ਰੀ ਗੋਬਿੰਦਪੁਰਾ, ਅੰਬਾਲਾ ਸ਼ਹਿਰ, ਹਰਿਆਣਾ) ਵਿਖੇ ਚਿੜੀਆਂ ਨੇ ਪੀਰ ਦੇ ਬਾਜ਼ ਨੂੰ ਮਾਰ ਮੁਕਾਇਆ।’’ ਗੁਰੂ ਜੀ ਨੇ ਉਸ ਸਮੇਂ ਇਹ ਬਚਨ ਉਚਾਰੇ ਸਨ: ਚਿੜੀਓਂ ਸੇ ਮੈਂ ਬਾਜ਼ ਤੁੜਾਊਂ ਸਵਾ ਲਾਖ ਸੇ ਏਕ ਲੜਾਊਂ ਤਬੈ ਗੋਬਿੰਦ ਸਿੰਘ ਨਾਮ ਕਹਾਊਂ।। ਇਨ੍ਹਾਂ ਪੰਕਤੀਆਂ ਤੋਂ ਸਿੱਧ ਹੁੰਦਾ ਹੈ ਕਿ ਜਿਸ ਗੁਰੂ ਦੇ ਵਰਦਾਨ ਨਾਲ ਸਿਰਫ਼ ਦੋ ਚਿੜੀਆਂ ਨੇ ਸ਼ਾਹੀ ਬਾਜ਼ ਨੂੰ ਮਾਰ ਮੁਕਾਇਆ, ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਸ ਗੁਰੂ ਦਾ ਮਹਿਬੂਬ ਬਾਜ਼ ਕਿੰਨਾ ਕੁ ਸ਼ਕਤੀਸ਼ਾਲੀ ਹੋਵੇਗਾ। ਦਸਮੇਸ਼ ਪਿਤਾ ਬਾਜ਼ ਦੇ ਜ਼ਰੀਏ ਆਪਣੇ ਸੂਰਮੇ-ਯੋਧਿਆਂ ਨੂੰ ਦੂਰ-ਦ੍ਰਿਸ਼ਟੀ ਰੱਖਣ, ਸੋਚ-ਸਮਝ ਕੇ ਅਚਾਨਕ ਹਮਲਾ ਕਰਨ, ਅਥਾਹ ਛੋਹਲਾਪਣ ਅਖ਼ਤਿਆਰ ਕਰਨ ਅਤੇ ਹਰ ਹੀਲੇ ਕਾਮਯਾਬੀ ਹਾਸਲ ਕਰਨ ਦੇ ਸੰਕੇਤ ਦਿੰਦੇ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All