ਜਦੋਂ ਟੈਕਸੀ ਮੋਬਾਈਲ ਹਸਪਤਾਲ ਬਣੀ

ਬਲਦੇਵ ਸਿੰਘ (ਸੜਕਨਾਮਾ)

ਕਲਕੱਤਾ ਮਹਾਂਨਗਰ! ਤਿੱਖੜ ਦੁਪਹਿਰ। ਅੱਗ ਵਾਂਗ ਤਪਦੀਆਂ ਸੜਕਾਂ। ਸਾਰਾ ਦਿਨ ਟੈਕਸੀ ਚਲਾਉਂਦਿਆਂ ਮਨ ਬੜਾ ਉਚਾਟ ਤੇ ਖਿੱਝਿਆ ਹੋਇਆ ਸੀ। ਸਰੀਰ ਵੀ ਕੁਝ ਵੱਲ ਨਹੀਂ ਸੀ ਲੱਗ ਰਿਹਾ। ਸੋਚਿਆ ਚੱਲ ਮਨਾਂ ਕਿਸੇ ਹੋਟਲ ’ਤੇ ਤਿੱਖੀ ਜਿਹੀ ਚਾਹ ਪੀਤੀ ਜਾਵੇ। ਉੱਥੇ ਬਿੰਦ-ਝੱਟ ਆਰਾਮ ਕਰਾਂਗੇ, ਫੇਰ ਵੇਖੀ ਜਾਊ। ਜਿਹੜੇ ਹੋਟਲ ’ਤੇ ਟੈਕਸੀ ਰੋਕੀ, ਉੱਥੇ ਮੇਰੇ ਹੀ ਮੁਹੱਲੇ ’ਚ ਰਹਿੰਦਾ ਇਕ ਜਾਣੂ ਡਰਾਈਵਰ ਪਹਿਲਾਂ ਹੀ ਟੈਕਸੀ ਕੋਲ ਖੜ੍ਹਾ ਖੈਣੀ (ਬੀੜਾ) ਮਲੀ ਜਾਂਦਾ ਸੀ। ‘ਕਿਉਂ ਦੇਵਾਂ ਭੋਰਾ?’ ਉਸ ਨੇ ਸੁਲ੍ਹਾ ਮਾਰੀ। ‘ਨਾ ਭਰਾਵਾ, ਚਾਹ ਪੀਣੀ ਐ ਮੈਂ ਤਾਂ। ਇਹਦੇ ਨਾਲ ਤਾਂ ਚੱਕਰ ਈ ਬੜੇ ਆਉਂਦੇ ਐ। ਸਾਰਾ ਕਲਕੱਤਾ ਪੁੱਠਾ ਹੋਇਆ ਦਿੱਸਦੈ।’ ਆਖ ਕੇ ਮੈਂ ਹੋਟਲ ਦੇ ਬਾਹਰ ਰੱਖੀ ਪਾਣੀ ਦੀ ਡਰੰਮੀ ਵਿਚੋਂ ਪਾਣੀ ਲੈ ਕੇ ਹੱਥ ਧੋਣ ਲੱਗਾ। ਮੇਰੀ ਗੱਲ ’ਤੇ ਉਹ ਸ਼ਰਾਰਤੀ ਜਿਹਾ ਹੱਸਿਆ ਤੇ ਮੇਰੇ ਲਿਬੜੇ ਹੱਥ ਵੇਖ ਕੇ ਟਿੱਚਰੀ ਅੰਦਾਜ਼ ਵਿਚ ਬੋਲਿਆ। ‘ਅੱਜ ਤਾਂ ਚਾਂਸ ਲੱਗਿਆ ਲਗਦੈ ਵੱਡੇ ਭਾਈ ਦਾ।’ ‘ਨਿੱੱਤ ਚਾਂਸ ’ਤੇ ਹੀ ਰਹੀਦੈ।’ ਮੈਂ ਮੋੜ ਕੀਤਾ। ‘ਕਿਸੇ ਨੂੰ ਮਾਂਹ ਬਾਦੀ ਕਿਸੇ ਨੂੰ ਸੁਆਦੀ।’ ‘ਪੱਕੀ ਗੱਲ ਐ ਤੇਰੀ। ਸਵੇਰੇ ਸਵੇਰੇ ਪਹਿਲਾਂ ਬੈਟਰੀ ਦਾ ਟਰਮੀਨਲ ਟੁੱਟ ਗਿਆ। ਫੇਰ ਦੁਪਹਿਰੇ ਇਕ ਪਲੱਗ ਸ਼ਾਟ ਹੋ ਗਿਆ। ਉਹ ਨਵਾਂ ਪੁਆਇਆ ਤਾਂ ਸਟਰੈਂਡ ਰੋਡ ’ਚ ਸਲੰਸਰ ਦੀ ਢੋਲਕੀ ਖੁੱਲ੍ਹ ਕੇ ਡਿੱਗ ਪਈ। ਗੱਡੀ ਦਾ ਇਉਂ ਅੜਾਟ ਪਵੇ ਜਿਵੇਂ ਵੈੜਕਾ ਖੱਸੀ ਕਰਨ ’ਤੇ ਪਾਉਂਦੈ।’ ਟੈਕਸੀ ਵਿਚ ਸੂਖਮ ਜਿਹੀ ਸਵਾਰੀ ਬੈਠੀ ਸੀ ਬੋਲੀ, ‘ਅਰੇ ਸ਼ੋਰਦਾਰ ਜੀ ਰੋਕੋ, ਅਮੀਂ ਜਾਬੋ ਨਾ, ਓ ਬਾਬਾ ਕੀ ਸ਼ੋਰ...।’ ਮੇਰੀਆਂ ਗੱਲਾਂ ਸੁਣ ਕੇ ਉਹ ਹੱਸਣ ਲੱਗ ਪਿਆ ਤੇ ਮੇਰੇ ਵੱਲ ਗਹੁ ਨਾਲ ਤੱਕਣ ਲੱਗਾ। ‘ਕਿਉਂ ਮੇਰੀਆਂ ਗੱਲਾਂ ’ਤੇ ਯਕੀਨ ਨ੍ਹੀਂ ਆਉਂਦਾ ?’ ‘ਯਕੀਨ ਤਾਂ ਆਉਂਦੈ, ਪਰ ਤੇਰੀ ਜੇਬ ਤਾਂ ਐਂ ਫੁੱਲੀ ਪਈ ਹੈ ਜਿਵੇਂ...।’ ਮੈਂ ਆਪਣੀ ਜੇਬ ਵੱਲ ਝਾਕਿਆ। ਹੱਥ ਪੂੰਝ-ਪੂੰਝ ਕੇ ਕਾਲਾ ਕੀਤਾ ਰੁਮਾਲ ਜੇਬ ਵਿਚੋਂ ਕੱਢ ਕੇ ਉਨ੍ਹਾਂ ਵੱਲ ਵਧਾਉਂਦਿਆਂ ਕਿਹਾ ‘ਲੈ ਤੂੰ ਲੈ ਲਾ ਦਿਨ ਭਰ ਦੀ ਕਮਾਈ।’ ‘ਮੈਂ ਤਾਂ ਸੋਚਿਆ ਕਿਤੇ ਅਮਰੀਕਨ ਮਿਲੇ ਬਾਈ ਨੂੰ।’ ਉਸਨੇ ਕੱਚਾ ਜਿਹਾ ਹੁੰਦਿਆਂ ਕਿਹਾ। ਇੰਨੇ ਨੂੰ ਹੋਟਲ ਦਾ ਮੁੰਡੂ ਪਾਣੀ ਦਾ ਗਲਾਸ ਅਤੇ ਚਾਹ ਫੜਾ ਗਿਆ। ਅਸੀਂ ਪੁਰਾਣੀਆਂ ਬੈਟਰੀਆਂ ਦੇ ਮੂਧੇ ਰੱਖੇ ਬਕਸਿਆਂ ਉੱਪਰ ਬੈਠ ਗਏ। ‘ਤੂੰ ਸੁਣਾ ਕਿਵੇਂ ਰਿਹਾ ਅੱਜ?’ ਚਾਹ ਦੀ ਘੁੱਟ ਭਰ ਕੇ ਮੈਂ ਪੁੱਛਿਆ। ‘ਔਹ ਵੱਡੇ ਭਾਈ ਨੂੰ ਫ਼ਿਕਰ ਐ।’ ਉਸ ਨੇ ਆਪਣੀ ਟੈਕਸੀ ਦੇ ਮੀਟਰ ਵੱਲ ਇਸ਼ਾਰਾ ਕਰਕੇ ਕਿਹਾ। ‘ਵੱਡਾ ਭਾਈ ਖੜ੍ਹਾ ਈ ਨੋਟ ਸੁੱਟੀ ਜਾਂਦੈ?’ ਮੈਂ ਵੀ ਛੇੜਿਆ। ਉਹ ਸਮਝ ਗਿਆ। ‘ਜਿੰਨਾ ਚਿਰ ਚੱਲਦਾ ਐ, ਰੋਟੀ ਖਾਈ ਜਾਨੇ ਐਂ।’ ਆਖ ਕੇ ਉੱਠ ਖੜ੍ਹਿਆ। ‘ਬਹਿ ਜਾ ਯਾਰ ਹੁਣ ਦਸ ਮਿੰਟ।’ ‘ਹੁਣ ਸਰੀਰ ਬਣਿਆ ਹੋਇਐ। ਦਿੰਨੇ ਐਂ ਸ਼ੌਕ ਦਾ ਗੇੜਾ।’ ਹੋਟਲ ਵਾਲੇ ਨੂੰ ਆਪਣੀ ਚਾਹ ਦੇ ਪੈਸੇ ਦੇ ਕੇ ਉਹ ਤੁਰ ਗਿਆ। ਮੈਂ ਅਜੇ ਚਾਹ ਖ਼ਤਮ ਨਹੀਂ ਸੀ ਕੀਤੀ। ਉਂਜ ਵੀ ਕੁਝ ਦੇਰ ਬੈਠਣ ਦੇ ਮੂਡ ਵਿਚ ਸੀ। ਇਕ ਬੰਗਾਲੀ ਬਾਬੂ ਆਇਆ। ‘ਸ਼ੋਰਦਾਰ ਜੀ, ਤਾੜਾ-ਤਾੜੀ (ਜਲਦੀ) ਚਲੋ।’ ਉਹ ਕਾਹਲ ਵਿਚ ਤੇ ਘਬਰਾਇਆ ਹੋਇਆ ਸੀ। ਮੇਰੀ ਚਾਹ ਅਜੇ ਅੱਧੀ ਪੀਣ ਵਾਲੀ ਸੀ। ‘ਹਸਪਤਾਲ ਜਾਣਾ ਹੈ, ਸ਼ੋਰਦਾਰ ਜੀ, ਪਲੀਜ਼।’ ਬੰਗਾਲੀ ਦੇ ਚਿਹਰੇ ਵੱਲ ਵੇਖ ਕੇ ਮੈਂ ਚਾਹ ਦਾ ਗਲਾਸ ਉੱਥੇ ਹੀ ਰੱਖ ਦਿੱਤਾ ਤੇ ਹੋਟਲ ਵਾਲੇ ਨੂੰ ਪੈਸੇ ਦੇਣ ਲੱਗਾ। ਮੇਰੇ ਇਸ਼ਾਰਾ ਕਰਨ ’ਤੇ ਬੰਗਾਲੀ ਟੈਕਸੀ ਵਿਚ ਜਾ ਬੈਠਾ। ਟੈਕਸੀ ਦਾ ਮੀਟਰ ਡਾਊਨ ਕਰਕੇ, ਮੈਂ ਪੁੱਛਿਆ, ‘ਕਿੱਧਰ?’ ‘ਥੋੜ੍ਹਾ ਸੋਜ੍ਹਾ (ਸਿੱਧਾ) ਚਲੋ, ਆਗੇ ਦਾਂਦੀ ਕੇ (ਸੱਜੇ ਪਾਸੇ) ਗੋਲੀ ਮੇਂ।’ ਮੈਂ ਟੈਕਸੀ ਤੋਰ ਲਈ।

ਬਲੇਦਵ ਸਿੰਘ ਸੜਕਨਾਮਾ

ਸੱਜੇ ਪਾਸੇ ਦੀ ਗਲੀ ਵਿਚ ਇਕ ਘਰ ਦੇ ਸਾਹਮਣੇ ਬੰਗਾਲੀ ਨੇ ਟੈਕਸੀ ਰੁਕਵਾ ਲਈ ਤੇ ਟੈਕਸੀ ਵਿਚੋਂ ਨਿਕਲ ਕੇ ਘਰ ਦੇ ਅੰਦਰ ਵੱਲ ਦੌੜਿਆ। ਮੈਂ ਸੋਚਿਆ ਕੋਈ ਵਧੇਰੇ ਹੀ ਸੀਰੀਅਸ ਲੱਗਦੈ। ਪਤਾ ਨਹੀਂ ਕਿਹੜੇ ਹਸਪਤਾਲ ਜਾਣਗੇ। ਇੰਨੇ ਵਿਚ ਮੈਂ ਦੇਖਿਆ, ਦੋ ਔਰਤਾਂ ਇਕ ਗਰਭਵਤੀ ਬਹੂ ਨੂੰ ਸਹਾਰਾ ਦੇ ਕੇ ਬਾਹਰ ਲਈ ਆ ਰਹੀਆਂ ਹਨ। ਦਰਦ ਨਾਲ ਉਹ ਬੂ ਪਾਹਰਿਆ ਕਰ ਰਹੀ ਸੀ ਤੇ ਔਰਤਾਂ ਉਸ ਨੂੰ ਸਬਰ ਰੱਖਣ ਲਈ ਆਖ ਰਹੀਆਂ ਸਨ। ਟੈਕਸੀ ਵਿਚ ਬੈਠਣ ਲੱਗਿਆਂ ਵੀ ਲੜਕੀ ਨੂੰ ਬੇਹੱਦ ਤਕਲੀਫ਼ ਹੋਈ। ਟੈਕਸੀ ਸਿੱਖਣ ਵੇਲੇ ਮੇਰੇ ਉਸਤਾਦ ਨੇ ਸਿੱਖਿਆ ਦਿੱਤੀ ਸੀ, ਕਦੇ ਵੀ ਬਿਮਾਰ ਆਦਮੀ ਨੂੰ ਤੇ ਬੱਚਾ ਜਣਨ ਵਾਲੀ ਔਰਤ ਨੂੰ ਜਵਾਬ ਨਹੀਂ ਦੇਣਾ, ਚਾਹੇ ਭਾੜਾ ਨਾ ਵੀ ਮਿਲੇ। ਖ਼ਰਾਬ ਅਤੇ ਊਬੜ-ਖਾਬੜ ਸੜਕ ਉੱਪਰ ਮੈਂ ਬਹੁਤ ਬਚਾ ਕੇ ਟੈਕਸੀ ਚਲਾ ਰਿਹਾ ਸਾਂ। ਪਿੱਛੇ ਹਾਲ-ਦੁਹਾਈ ਵਧ ਗਈ। ‘ਸ਼ੋਰਦਾਰ ਜੀ ਤੇਜ਼ ਚਾਲੋ ਨਾ।’ ਇਕ ਔਰਤ ਨੇ ਦੁਹਾਈ ਦਿੱਤੀ, ਪਰ ਕੋਲਕੱਤਾ ਮਹਾਂਨਗਰ ਦਾ ਟਰੈਫਿਕ ਕਦੇ ਸਿਗਨਲ ਦੀ ਬੱਤੀ, ਕਦੇ ਗੱਡੀਆਂ ਦਾ ਜਾਮ, ਕਦੇ ਸਿਪਾਹੀ ਦੇ ਹੱਥ ਦੇ ਕੇ ਰੋਕ ਦੇਣ ਕਾਰਨ ਰਫ਼ਤਾਰ ਵਿਚ ਵਿਘਨ ਪੈ ਰਿਹਾ ਸੀ। ਮੈਂ ਬੇਬਸ ਸੀ। ਫਿਰ ਵੀ ਪਿੱਛੇ ਬਾਰ-ਬਾਰ ਕਹਿਣ ਨਾਲ ਜਿੱਥੇ ਵੀ ਵਿਹਲ ਮਿਲਦੀ ਮੈਂ ਰਫ਼ਤਾਰ ਵਧਾ ਦਿੰਦਾ। ਇਸ ਕਾਹਲੀ ਵਿਚ ਇਕ ਵੱਡੇ ਖੱਡੇ ਵਿਚ ਟੈਕਸੀ ਦਾ ਟਾਇਰ ‘ਠਾਹ’ ਕਰਕੇ ਡਿੱਗਦਿਆਂ ਹੀ ਪਿੱਛੋਂ ਮੈਨੂੰ ਭਿਆਨਕ ਲੇਰ ਸੁਣੀ। ‘ਅਰੇ ਗਾੜੀ ਰੋਕੋ ਗਾੜੀ ਰੋਕੋ।’ ਇਕ ਔਰਤ ਨੇ ਘਬਰਾ ਕੇ ਕਿਹਾ। ਸਾਈਡ ਕਰਕੇ ਮੈਂ ਟੈਕਸੀ ਰੋਕ ਦਿੱਤੀ। ਪਿੱਛੇ ਝਾਕ ਕੇ ਪੁੱਛਣ ਹੀ ਲੱਗਾ ਸੀ ‘ਕੀ ਹੋਇਆ?’ ‘ਬਾਹਰ ਜਾਓ ਤੁਮ।’ ਮੈਨੂੰ ਸਖ਼ਤੀ ਭਰੇ ਤਰਲੇ ਨਾਲ ਹਦਾਇਤ ਕੀਤੀ ਗਈ। ਮੈਂ ਹੈਰਾਨ ਹੋਇਆ ਟੈਕਸੀ ਵਿਚੋਂ ਉੱਤਰ ਕੇ ਬਾਹਰ ਖੜ੍ਹ ਗਿਆ। ਕੁਝ ਦੇਰ ਬਾਅਦ ਟੈਕਸੀ ਵਿਚੋਂ ਰੋਂਦੇ ਬੱਚੇ ਦੀ ਆਵਾਜ਼ ਸੁਣੀ। ਫਿਰ ਹਸਪਤਾਲ ਜਾਣ ਦੀ ਬਜਾਏ ਉਨ੍ਹਾਂ ਨੇ ਵਾਪਸ ਘਰ ਛੱਡ ਦੇਣ ਲਈ ਕਿਹਾ। ਵਾਪਸ ਆ ਕੇ ਮੈਂ ਟੈਕਸੀ ਵਿਚੋਂ ਉਤਰ ਕੇ ਇਕ ਪਾਸੇ ਖੜ੍ਹ ਗਿਆ। ਉਹ ਉੱਤਰ ਕੇ ਚਲੀਆਂ ਗਈਆਂ। ਘਰ ਦੀ ਨੌਕਰਾਣੀ ਸੀ ਜਾਂ ਕੋਈ ਹੋਰ ਸੁਆਣੀ ਪਾਣੀ ਦੀ ਬਾਲਟੀ ਅਤੇ ਕੱਪੜਾ ਲੈ ਕੇ ਟੈਕਸੀ ਧੋਣ ਆਈ ਤਾਂ ਮੈਂ ਮਨ੍ਹਾ ਕਰ ਦਿੱਤਾ ਤੇ ਖਾਲੀ ਗੱਡੀ ਦਾ ਮੀਟਰ ਡਾਊਨ ਕਰਕੇ ਇਕ ਸਰਵਿਸ ਸਟੇਸ਼ਨ ’ਤੇ ਲੈ ਗਿਆ। ਟੈਕਸੀ ਧੁਆ-ਲਿਸ਼ਕਾ ਕੇ ਆਪਣੇ ਖ਼ਿਆਲਾਂ ਵਿਚ ਹੀ ਉਲਝਿਆ, ਇਕ ਚੌਕ ’ਤੇ ਲਾਲ-ਬੱਤੀ ਵਿਚ ਥੋੜ੍ਹਾ ਅਗਾਂਹ ਵਧ ਗਿਆ ਤਾਂ ਡਿਊਟੀ ਉੱਪਰ ਖੜ੍ਹੇ ਟਰੈਫਿਕ ਸਿਪਾਹੀ ਨੇ ਅੱਗੇ ਖੜ੍ਹਦਿਆਂ ਵਿਸਲ ਮਾਰ ਕੇ ਮੈਨੂੰ ਸਾਵਧਾਨ ਕੀਤਾ। ‘ਉਏ ਸਰਦਾਰਾ।’ ਰੋਹਬ ਮਾਰ ਕੇ ਉਸ ਨੇ ਮੁੱਛਾਂ ਫਰਕਾਈਆਂ। ਮੈਂ ਆਦਤਨ ਸ਼ਰਾਰਤ ਨਾਲ ਪੁਲਸੀਏ ਨੂੰ ਸਲੂਟ ਮਾਰਿਆ। ਬਿਹਾਰੀ ਪੁਲਸੀਏ ਦਾ ਮੁੱਛਾਂ ਵਿਚ ਹਾਸਾ ਨਿਕਲ ਗਿਆ। ਹੁਣ ਵੀ ਜਦੋਂ ਕਦੇ ਮੈਂ ਉਸ ਗਰਭਵਤੀ ਲੜਕੀ ਦੀ ਚੀਖ਼ ਸੁਣਦਾ ਹਾਂ ਤਾਂ ਮਹਿਸੂਸ ਹੁੰਦਾ ਹੈ ਕਿ ਮੇਰੇ ਕੋਲੋਂ ਵੀ ਇਕ ਉਪਕਾਰ ਦਾ ਕੰਮ ਹੋਇਆ ਹੈ।

ਸੰਪਰਕ: 98147-83069

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All