ਜਗਦੀਸ਼ ਸਚਦੇਵਾ ਦੇ ਦੋ ਗੀਤ

ਜਗਦੀਸ਼ ਸਚਦੇਵਾ ਮੋਬਾਈਲ: 98143-80051 ਜਗਦੀਸ਼ ਸਚਦੇਵਾ ਪੰਜਾਬੀ ਜ਼ੁਬਾਨ ਦਾ ਨਾਮਵਰ ਨਾਟਕਕਾਰ ਹੈ। ਚੌਂਕ ਢੋਲੀਆਂ, ਖੁਸਰੇ, ਘੁੱਗੂ ਘੋੜੇ ਬੰਦੇ ਅਤੇ ਸਾਵੀ ਜਿਹੇ ਨਾਟਕ ਰਚ ਕੇ ਸਚਦੇਵਾ ਨੇ ਪੰਜਾਬੀ ਨਾਟਕਕਾਰੀ ਵਿੱਚ ਅਹਿਮ ਸਥਾਨ ਬਣਾਇਆ ਹੈ। ਉਸ ਦੀਆਂ ਤਿੰਨ ਨਾਟ ਪੁਸਤਕਾਂ ‘ਚੌਂਕ ਢੋਲੀਆਂ’, ‘ਸਾਵੀ’ ਤੇ ‘ਘੁੱਗੂ ਘੋੜੇ ਬੰਦੇ’ ਖ਼ੂਬ ਚਰਚਾ ’ਚ ਰਹੀਆਂ ਹਨ ਤੇ ਹੁਣ ਉਸ ਦੀ ਚੌਥੀ ਨਾਟ ਪੁਸਤਕ ‘ਮੇਰੇ 8 ਨਾਟਕ’ ਪਾਠਕਾਂ ਦੇ ਰੂ-ਬ-ਰੂ ਹੋਣ ਵਾਲੀ ਹੈ। ਤੀਹ ਸਾਲਾਂ ਦੇ ਨਾਟਕੀ ਸਫ਼ਰ ਵਿੱਚ ਜਗਦੀਸ਼ ਸਚਦੇਵਾ ਨੇ ਅਨੇਕਾਂ ਨਾਟਕਾਂ ਦੇ ਸ਼ਾਨਦਾਰ ਗੀਤ ਲਿਖੇ ਪਰ ਖ਼ੁਦ ਨੂੰ ਸ਼ਾਇਰ ਕਦੀ ਨਹੀਂ ਸੀ ਮੰਨਿਆ। ਉਹਦੇ ਨਾਟਕ ‘ਸਾਵੀ’ ਨੂੰ ਦਿੱਲੀ ਦੀ ਪੰਜਾਬੀ ਅਕਾਦਮੀ, ਅੰਗਰੇਜ਼ੀ ਵਿੱਚ ਅਨੁਵਾਦ ਕਰਵਾਕੇ ਜਲਦ ਹੀ ਪੁਸਤਕ ਰੂਪ ਵਿੱਚ ਪੇਸ਼ ਕਰਨ ਵਾਲੀ ਹੈ ਤੇ ਉਹ ਖ਼ੁਦ ‘ਸਾਵੀ’ ’ਤੇ ਫ਼ਿਲਮ ਬਣਾਉਣ ’ਚ ਰੁੱਝਿਆ ਹੋਇਆ ਹੈ।     - ਮਨਮੋਹਨ    

ਮਾਂ

ਮਾਂ ਦੇ ਮੂੰਹੋਂ ‘ਹਾਏ’ ਨਿਕਲੇ ਪੁੱਤ ਮੂੰਹੋਂ ‘ਹਾਜ਼ਿਰ’ ਨਿਕਲੇ। ਪੁੱਤ ਦੇ ਪੈਰ ’ਚ ਕੰਡਾ ਚੁਭੇ ਮਾਂ ਦੇ ਪੈਰ ’ਚੋਂ ਰੱਤ ਨਿਕਲੇ। ਇੱਕ ਇੱਕ ਹਰਫ਼ ਨੂੰ ਪੜ੍ਹਿਆ ਨਾਲੇ ਹੁਬਕੀ ਹੁਬਕੀ ਰੋਇਆ ਮੈਂ ਫੋਲਾ ਫਾਲੀ ਕਰਦੇ ਵਿੱਚ ਸੰਦੂਕੋਂ ਮਾਂ ਦੇ ਖ਼ਤ ਨਿਕਲੇ। ਮੇਰੇ ਹੱਥ ਲੱਗ ਗਿਆ ਖ਼ਜ਼ਾਨਾ ਅੱਜ ਮਿੱਤਰੋ ਕਾਰੂ ਵਾਲਾ ਬੁਗਨੀ ਮਾਂ ਦੀ ਤੋੜੀ ਵਿੱਚੋਂ ਨੋਟ ਇੱਕ ਇੱਕ ਦੇ, ਸੱਤ ਨਿਕਲੇ। ਮਾਂ ਦੀ ਫੁਲਕਾਰੀ ਵਿੱਚੋਂ ਇੱਕ ਖ਼ਤ ਨਿਕਲ, ਹੇਠਾਂ ਡਿੱਗਿਆ ਬਾਪੂ ਜੀ ਦੀ ਲਿਖਤ ਸੀ ਹੇਠਾਂ ਉਹਨਾਂ ਦੇ ਦਸਖ਼ਤ ਨਿਕਲੇ। ਮੈਂ ਕਿਹਾ ਆਪਣੇ ਪੁੱਤਰਾਂ ਨੂੰ ਅੱਜ ਘਰ ਦੀ ਹਰ ਨੁੱਕਰ ਫੋਲੋ ਖਵਰੇ ਕਿਤੋਂ ਦੱਬੀ, ਮਾਂ ਦੀ ਤੁਹਾਡੇ ਲਈ ਕੋਈ ਮੱਤ ਨਿਕਲੇ। ਲੱਖ ਬਰੈਂਡਿਡ ਕੋਟ ਕੋਟੀਆਂ ਪਾਏ ਪਰ ਹਾਏ ਨਾ ਲੱਭੀ ਮਾਂ ਦੇ ਹੱਥ ਦੇ ਉਣੇ ਸਵੈਟਰੋਂ ਜੋ ਨਿੱਘ ਦੀ ਬਰਕਤ ਨਿਕਲੇ। ਮਾਂ ਦੇ ਹੱਥ ਦਾ ਉਣਿਆਂ ਤੱਕ ਸਵੈਟਰ ਹੈਰਤ ਹੋਈ ਬਹੁਤ ਜਾਮਨੀ ਫੁੱਲਾਂ ਹੇਠਾਂ, ਇਸ ਮੌਸਮ ਵਿੱਚ, ਸਾਵੇ ਪੱਤ ਨਿਕਲੇ। ਪਰਦੇਸੀ ਵੱਸਦੇ ਪੁੱਤਰਾਂ ਨੂੰ ਮਸ਼ਵਰਾ ਹੈ ‘ਸਚਦੇਵੇ’ ਦਾ ਬੁੱਢੇ ਮਾਪਿਆਂ ਨੂੰ ਮਿਲ ਜਾਣਾਂ ਜਦ ਕਿਧਰੇ ਫ਼ੁਰਸਤ ਨਿਕਲੇ।

ਗੀਤ

ਓਦੋਂ ਹਾਲੀ ਲਹੂਆਂ ’ਚ ਸਫ਼ੈਦੀ ਨਹੀਂ ਸੀ ਆਈ ਓਦੋਂ ਹਾਲੀ ਰਿਸ਼ਤੇ ਲੰਗਾਰ ਨਹੀਂ ਸੀ ਹੋਏ। ਓਦੋਂ ਦੀਆਂ ਗੱਲਾਂ ਨੇ ਏਹ ਜਦੋਂ ਮੇਰੇ ਦੋਸਤੋ ਪਿਆਰ-ਪਿਆਰ ਸਨ ਵਪਾਰ ਨਹੀਂ ਸੀ ਹੋਏ।

ਚੋਣਾਂ ਦਿਆਂ ਦਿਨਾਂ ਵਿੱਚ ਬਿੱਲੇ ਲਾ ਲਾ ਘੁੰਮਣਾ ਤੇ ਹੱਥਾਂ ਵਿੱਚ ਹੁੰਦੀਆਂ ਸੀ ਝੰਡੀਆਂ। ਸੁਬਾਹ ਹੋਣੀ ‘ਪੰਜੇ’ ਨਾਲ ਸ਼ਾਮ ‘ਦੀਵੇ’ ਨਾਲ ਹੋਣੀ ਮਨਾਂ ਵਿੱਚ ਪਈਆਂ ਨਹੀਂ ਸੀ ਵੰਡੀਆਂ। ਬਾਲ ਸਾਂ ਤੇ ਨੇਤਾ ਵੀ ਗੱਦਾਰ ਨਹੀਂ ਸੀ ਹੋਏ। ਪਿਆਰ-ਪਿਆਰ ਸਨ ਵਪਾਰ ਨਹੀਂ ਸੀ ਹੋਏ। ‘ਨੀਲਕੰਠ’ ਪਾਂਡੇ ਜੀ ਤੋਂ ਸ਼ਾਮ ਕਥਾ ਸੁਣਨੀ ਸਵੇਰੇ ਪਾਠ ‘ਮੋਹਨ ਸਿੰਘ ਭਾਈ’ ਤੋਂ। ‘ਗੁਰੂ ਗ੍ਰੰਥ ਸਾਹਿਬ’ ਜੀ ਤੋਂ ਛੋਟਾ ਵੀਰ ਮੰਗਣਾ ‘ਪਾਸ ਹੋਣਾ’ ਮੰਗਣਾ ‘ਮਹਾਂਮਾਈ’ ਤੋਂ। ਧਰਮ ਸੀ ਰਸਤੇ ਦੀਵਾਰ ਨਹੀਂ ਸੀ ਹੋਏ। ਪਿਆਰ ਪਿਆਰ ਸਨ ਵਪਾਰ ਨਹੀਂ ਸੀ ਹੋਏ। ਟਿੱਪ ਟਿੱਪ ਕੋਠਿਆਂ ਨੇ ਚੋਣਾ ਜਦੋਂ ਲੱਗਣੀ ਝੜੀ ਸਾਉਣ ਵਾਲੀ, ਵੀਰਵਾਰ ਨੂੰ। ਮਹੀਨਿਆਂ ਤੋਂ ਪਿੱਟਦੀ ਸਾਂ ਕੋਠੇ ਲਿੰਬਵਾ ਦੇ ਮਾਂ ਨੇ ਵਾਰ ਵਾਰ ਕਹਿਣਾ ਸਰਦਾਰ ਨੂੰ। ਮਾਂ ਦਿਆਂ ਮਿਹਣਿਆਂ ਤੋਂ, ਪਿਤਾ ਦਰਵੇਸ਼ ਸਾਡੇ ਖਿੱਝੇ ਨਹੀਂ ਸੀ ਕਦੀ, ਅਵਾਜ਼ਾਰ ਨਹੀਂ ਸੀ ਹੋਏ। ਪਿਆਰ ਪਿਆਰ ਸਨ ਵਪਾਰ ਨਹੀਂ ਸੀ ਹੋਏ। ਉਦੋਂ ਹਾਲੀ ਰੇਡਵੇ ਹੀ ਬੋਲਦੇ ਸੀ ਘਰਾਂ ਵਿੱਚ ਏਹ ਟੀ.ਵੀ ਨਹੀਂ ਆਏ ਸੀ। ‘ਠੰਡੂ ਰਾਮ’ ਬੋਲਣਾ ਜਾਂ ‘ਦੇਸ਼ ਪੰਜਾਬ’ ਵਿੱਚ ਗੀਤ ਜਾਂਦੇ ਚੋਟੀ ਦੇ ਸੁਣਾਏ ਸੀ। ਤਾਰ ਤਾਰ ਹਾਲੀਂ ਸਰੋਕਾਰ ਨਹੀਂ ਸੀ ਹੋਏ। ਪਿਆਰ ਪਿਆਰ ਸਨ ਵਪਾਰ ਨਹੀਂ ਸੀ ਹੋਏ। ਦਮੜੀ ਦਾ ਸੱਕ ਮਲ੍ਹ ਮੋਹ ਲੈਣਾ ਜੱਗ ਨੂੰ ਏਹ ਪੇਸਟਾਂ, ਲਿਪਸਟਿਕਾਂ ਨਾ ਆਈਆਂ ਸੀ। ਘੋਲ ਲੈਣੇ ਸੱਤੂ ਤੇ ਜਾਂ ਕਰਨੀ ਸ਼ਿਕੰਜਵੀ ਏਹ ‘ਕੋਕੋ ਕੋਲੇ’ ਨਹੀਂ ਸੀ, ਸ਼ਰਦਾਈਆਂ ਸੀ। ਮੌਰਾਂ ’ਤੇ ਸਵਾਰ ਏਹ ਬਾਜ਼ਾਰ ਨਹੀਂ ਸੀ ਹੋਏ। ਪਿਆਰ ਪਿਆਰ ਸਨ ਵਪਾਰ ਨਹੀਂ ਸੀ ਹੋਏ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All