ਛੋਟੇ ਪੱਧਰ ’ਤੇ ਫਲਾਂ ਦੀ ਕਾਸ਼ਤ ਦੇ ਨੁਕਤੇ

ਗੁਰਤੇਗ ਸਿੰਘ, ਮੋਨਿਕਾ ਗੁਪਤਾ ਤੇ ਐਚ.ਐਸ. ਰਤਨਪਾਲ* ਇਸ ਸਮੇਂ, ਪੰਜਾਬ ਵਿੱਚ ਫਲਾਂ ਹੇਠ ਰਕਬਾ 86,673 ਹੈਕਟੇਅਰ ਹੈ ਜਿਸ ਤੋਂ ਲਗਭਗ 18,50,259 ਮੀਟਰਿਕ ਟਨ ਪੈਦਾਵਾਰ ਹੁੰਦੀ ਹੈ। ਕਿੰਨੂ, ਅਮਰੂਦ, ਅੰਬ, ਨਾਖ, ਮਾਲਟਾ, ਲੀਚੀ, ਆੜੂ ਅਤੇ ਬੇਰ ਪੰਜਾਬ ਦੇ ਮੁੱਖ ਫ਼ਲ ਹਨ ਜਿਹੜੇ ਕਿ ਲਗਭਗ 96.4 ਪ੍ਰਤੀਸ਼ਤ ਰਕਬੇ ’ਤੇ ਕਾਸ਼ਤ ਕੀਤੇ ਜਾ ਰਹੇ ਹਨ। ਪਰ, ਕੁਝ ਹੋਰ ਫ਼ਲ ਜੋ ਪੰਜਾਬ ਵਿੱਚ ਛੋਟੇ ਪੱਧਰ ’ਤੇ ਕਾਸ਼ਤ ਕੀਤੇ ਜਾਂਦੇ ਹਨ ਜਿਵੇਂ ਕਿ ਆਂਵਲਾ, ਚੀਕੂ, ਲੁਕਾਠ, ਅੰਜ਼ੀਰ ਅਤੇ ਫ਼ਾਲਸਾ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਫ਼ਲਾਂ ਦਾ ਖ਼ੁਰਾਕੀ ਮਹੱਤਵ ਅਤੇ ਆਰਥਿਕ ਲਾਭ ਵਧੇਰੇ ਹੈ। ਆਂਵਲਾ: ਇਸ ਫ਼ਲ ਨੂੰ ‘ਅੰਮ੍ਰਿਤ ਫ਼ਲ’ ਵੀ ਆਖਿਆ ਜਾਂਦਾ ਹੈ। ਇਸ ਫ਼ਲ ਵਿੱਚ ਵਿਟਾਮਿਨ-‘ਸੀ’, ਪੈਕਟਿਨ ਅਤੇ ਖਣਿਜਾਂ ਦੀ ਬਹੁਤਾਤ ਹੁੰਦੀ ਹੈ। ਪੰਜਾਬ ਦਾ ਪੌਣ-ਪਾਣੀ ਆਂਵਲੇ ਦੀ ਕਾਸ਼ਤ ਲਈ ਢੁੱਕਵਾਂ ਹੈ। ਆਂਵਲਾ ਸਖ਼ਤ-ਜਾਨ ਫ਼ਲ ਹੋਣ ਕਾਰਨ ਮਾੜੇ-ਚੰਗੇ ਵਾਤਾਵਰਨ ਤੇ ਮਿੱਟੀਆਂ ਵਿੱਚ ਉਗਾਇਆ ਜਾ ਸਕਦਾ ਹੈ। ਵਾਪਾਰਕ ਪੱਧਰ ’ਤੇ ਇਹ ਫ਼ਲ ਅਗਸਤ-ਸਤੰਬਰ ਵਿਚ ਲਗਾਇਆ ਜਾ ਸਕਦਾ ਹੈ। ਮੁੱਖ ਕਿਸਮਾਂ ਹਨ: ਬਲਵੰਤ: ਇਹ ਬਨਾਰਸੀ ਕਿਸਮ ’ਚੋਂ ਅਚਨਚੇਤ ਪੈਦਾ ਹੋਈ ਹੈ। ਇਸ ਦੇ ਫਲ ਚਪਟੇ ਗੋਲ ਅਤੇ ਦਰਮਿਆਨੇ ਆਕਾਰ ਦੇ ਹੁੰਦੇ ਹਨ। ਫ਼ਲ ਦੀ ਚਮੜੀ ਖੁਰਦਰੀ, ਪੀਲੀ ਹਰੀ ਅਤੇ ਗੁਲਾਬੀ ਭਾਅ ਮਾਰਦੀ ਹੈ। ਇਹ ਅਗੇਤੀ ਕਿਸਮ ਹੈ ਅਤੇ ਨਵੰਬਰ ਦੇ ਅੱਧ ਵਿੱਚ ਪੱਕ ਜਾਂਦੀ ਹੈ। ਇਸ ਦਾ ਔਸਤਨ ਝਾੜ 110-120 ਕਿਲੋ ਪ੍ਰਤੀ ਬੂਟਾ ਹੈ। ਨੀਲਮ: ਇਹ ਫਰਾਂਸਿਸ ਕਿਸਮ ਦੀ ਖੁੱਲ੍ਹੇ ਪਰਪ੍ਰਾਗਣ ਵਾਲੀ ਨਸਲ ਵਿਚੋਂ ਚੁਣ ਕੇ ਤਿਆਰ ਕੀਤੀ ਗਈ ਹੈ। ਇਸ ਦੇ ਫ਼ਲ ਦਰਮਿਆਨੇ ਤੋਂ ਵੱਡੇ ਆਕਾਰ ਦੇ ਅਤੇ ਤਿਕੋਣੀ ਸ਼ਕਲ ਦੇ ਹੁੰਦੇ ਹਨ। ਇਹ ਦਰਮਿਆਨੀ ਕਿਸਮ ਨਵੰਬਰ ਦੇ ਅਖੀਰ ਵਿੱਚ ਪੱਕਦੀ ਹੈ। ਇਸ ਦਾ ਔਸਤਨ ਝਾੜ 120-130 ਕਿਲੋ ਪ੍ਰਤੀ ਬੂਟਾ ਹੈ। ਕੰਚਨ: ਇਹ ਚਕੱਈਆ ਕਿਸਮ ਵਿਚੋਂ ਅਚਨਚੇਤ ਪੈਦਾ ਹੋਈ ਹੈ। ਇਹ ਪਛੇਤੀ ਕਿਸਮ ਦਸੰਬਰ ਦੇ ਅੱਧ ਵਿੱਚ ਪੱਕਦੀ ਹੈ। ਇਸ ਦਾ ਝਾੜ 100-120 ਕਿਲੋ ਪ੍ਰਤੀ ਬੂਟਾ ਹੈ। ਚੀਕੂ: ਚੀਕੂ ਦੀ ਕਾਸ਼ਤ ਪੰਜਾਬ ਦੇ ਅਰਧ-ਪਹਾੜੀ ਇਲਾਕਿਆਂ ਵਿੱਚ ਕੀਤੀ ਜਾ ਸਕਦੀ ਹੈ। ਇਹ ਇੱਕ ਸਖ਼ਤ-ਜਾਨ, ਬਹੁ-ਸਾਲੀ ਅਤੇ ਸਦਾ-ਬਹਾਰ ਫਲਦਾਰ ਦਰੱਖਤ ਹੈ। ਹਰ ਤਰ੍ਹਾਂ ਦੀ ਮਿੱਟੀ ਇਸ ਦੀ ਕਾਸ਼ਤ ਲਈ ਢੁੱਕਵੀਂ ਹੈ ਪਰ ਡੂੰਘੀਆਂ, ਚੰਗੇ ਜਲ-ਨਿਕਾਸ ਵਾਲੀਆਂ ਅਤੇ ਸਖ਼ਤ ਰੋੜ ਰਹਿਤ ਜ਼ਮੀਨਾਂ ਵਧੇਰੇ ਲਾਭਦਾਇਕ ਹਨ। ਇਹ ਫਲ ਫਰਵਰੀ-ਮਾਰਚ ਜਾਂ ਅਗਸਤ-ਅਕਤੂਬਰ ਵਿਚ ਲਗਾਇਆ ਜਾ ਸਕਦਾ ਹੈ। ਚੀਕੂ ਦੀਆਂ ਮੁੱਖ ਕਿਸਮਾਂ ਹਨ: ਕਾਲੀਪੱਤੀ: ਇਹ ਜ਼ਿਆਦਾ ਝਾੜ ਦੇਣ ਵਾਲੀ ਕਿਸਮ ਹੈ। ਫ਼ਲ ਲੰਬੂਤਰੇ, ਅੰਡਾਕਾਰ ਸ਼ਕਲ ਦੇ, ਨਰਮ ਗੁੱਦੇ ਵਾਲੇ, ਬਹੁਤੇ ਮਿੱਠੇ ਅਤੇ ਚੰਗੀ ਗੁਣਵੱਤਾ ਵਾਲੇ ਹੁੰਦੇ ਹਨ। ਬੂਟੇ ਦਾ ਔਸਤ ਝਾੜ 166 ਕਿਲੋ ਹੈ। ਕ੍ਰਿਕਟਬਾਲ: ਇਸ ਕਿਸਮ ਦੇ ਰੁੱਖ ਘੱਟ ਸੰਘਣੀਆਂ ਸ਼ਾਖ਼ਾਵਾਂ ਵਲੇ ਹੁੰਦੇ ਹਨ। ਫ਼ਲ ਵੱਡੇ ਆਕਾਰ ਦੇ ਅਤੇ ਗੋਲ ਹੁੰਦੇ ਹਨ। ਇਕੱਲੀ ਕ੍ਰਿਕਟਬਾਲ ਕਿਸਮ ਲਗਾਉਣ ਨਾਲ ਝਾੜ ਘੱਟ ਮਿਲਦਾ ਹੈ, ਪਰ ਬਾਗ ਵਿੱਚ ਕਾਲੀਪੱਤੀ ਦੇ ਬੂਟੇ ਲਗਾਉਣ ਨਾਲ ਚੰਗਾ ਝਾੜ ਮਿਲ ਜਾਂਦਾ ਹੈ। ਲੁਕਾਠ: ਇਹ ਫਲ ਗੁਰਦਾਸਪੁਰ, ਹੁਸ਼ਿਆਰਪੁਰ, ਰੂਪਨਗਰ ਅਤੇ ਪਟਿਆਲਾ ਜ਼ਿਲ੍ਹਿਆਂ ਵਿੱਚ ਉਗਾਇਆ ਜਾ ਸਕਦਾ ਹੈ। ਇਸ ਦੀ ਕਾਸ਼ਤ ਲਈ ਉਪਜਾਊ, ਹਲਕੀਆਂ ਰੇਤਲੀਆਂ ਅਤੇ ਚੰਗੇ ਜਲ-ਨਿਕਾਸ ਵਾਲੀਆਂ ਜ਼ਮੀਨਾਂ ਵਧੇਰੇ ਲਾਭਦਾਇਕ ਹਨ। ਇਹ ਫਲ ਫਰਵਰੀ-ਮਾਰਚ ਜਾਂ ਅਗਸਤ-ਅਕਤੂਬਰ ਵਿਚ ਲਗਾਇਆ ਜਾ ਸਕਦਾ ਹੈ। ਲੁਕਾਠ ਦੀਆਂ ਮੁੱਖ ਕਿਸਮਾਂ ਹਨ: ਕੈਲੇਫੋਰਨੀਆਂ ਐਡਵਾਂਸ: ਫ਼ਲ ਦਰਮਿਆਨੇ ਆਕਾਰ ਦਾ ਗੋਲ ਜਾਂ ਤਿਕੋਣਾ ਹੁੰਦਾ ਹੈ। ਇਹ ਸਵਾਦ ਵਿੱਚ ਖੱਟਾ-ਮਿੱਠਾ ਹੁੰਦਾ ਹੈ। ਇਸ ਦੇ ਫ਼ਲ ਵਿੱਚ 2-3 ਬੀਜ ਹੁੰਦੇ ਹਨ। ਗੋਲਡਨ ਯੈਲੋ: ਇਸ ਦਾ ਫ਼ਲ ਦਰਮਿਆਨੇ ਆਕਾਰ ਦਾ, ਅੰਡੇ ਦੀ ਸ਼ਕਲ ਵਰਗਾ, ਦਿਲ ਖਿੱਚਵਾਂ ਸੁਨਹਿਰੀ ਪੀਲੇ ਰੰਗ ਦਾ ਹੁੰਦਾ ਹੈ। ਇਹ ਮਾਰਚ ਦੇ ਤੀਸਰੇ ਹਫ਼ਤੇ ਪੱਕ ਜਾਂਦਾ ਹੈ। ਪੇਲ ਯੈਲੋ: ਇਸ ਦੇ ਫ਼ਲ ਦਰਮਿਆਨੇ ਤੋਂ ਵੱਡੇ ਆਕਾਰ ਦੇ, ਹੇਠਾਂ ਤੋਂ ਥੋੜ੍ਹੇ ਜਿਹੇ ਗੋਲ ਜਾਂ ਤਿਕੋਨੇ ਹੁੰਦੇ ਹਨ। ਇਹ ਅਪਰੈਲ ਦੇ ਦੂਜੇ ਹਫ਼ਤੇ ਪੱਕ ਜਾਂਦੀ ਹੈ। ਅੰਜ਼ੀਰ: ਖ਼ੁਰਾਕੀ ਅਤੇ ਔਸ਼ਧਿਕ ਮਹੱਤਤਾ ਕਾਰਨ ਇਹ ਫ਼ਲ ਸਦੀਆਂ ਤੋਂ ਨਿਵਾਜਿਆ ਗਿਆ ਹੈ। ਇਹ ਫ਼ਲ ਤਾਜ਼ਾ, ਸੁੱਕਾ, ਮੁਰੱਬੇ ਜਾਂ ਜੈਮ ਦੇ ਰੂਪ ਵਿੱਚ ਵਰਤਿਆ ਜਾ ਸਕਦਾ ਹੈ। ਅੰਜ਼ੀਰ ਦੇ ਫ਼ਲ ਪਤਝੜੀ ਹੋਣ ਕਰਕੇ ਕੋਹਰਾ ਅਤੇ ਘੱਟ ਤਾਪਮਾਨ ਸਹਾਰ ਲੈਂਦੇ ਹਨ। ਅੰਜ਼ੀਰ ਦੀਆਂ ਮੁੱਖ ਕਿਸਮਾਂ ਹਨ: ਬਲੈਕ ਫਿੱਗ-1: ਇਸ ਕਿਸਮ ਦੇ ਬੂਟੇ ਮਧਰੇ ਹੁੰਦੇ ਹਨ। ਇਸ ਦੇ ਫ਼ਲ ਅੱਧ ਜੂਨ ਤੋਂ ਜੁਲਾਈ ਦੇ ਅਖੀਰਲੇ ਹਫ਼ਤੇ ਤੱਕ ਪੱਕਦੇ ਹਨ। ਬਰਾਊਨ ਟਰਕੀ: ਇਸ ਦੇ ਫ਼ਲ ਦਰਮਿਆਨੇ ਤੋਂ ਵੱਡੇ ਆਕਾਰ ਦੇ ਹੁੰਦੇ ਹਨ। ਇਸ ਕਿਸਮ ਨੂੰ ਫ਼ਲ ਬਹੁਤ ਲੱਗਦਾ ਹੈ ਅਤੇ ਪ੍ਰਤੀ ਬੂਟਾ ਝਾੜ 53 ਕਿਲੋ ਹੁੰਦਾ ਹੈ। ਇਸ ਦੇ ਫ਼ਲ ਮਈ ਦੇ ਅਖੀਰਲੇ ਹਫ਼ਤੇ ਤੋਂ ਜੂਨ ਦੇ ਅਖੀਰ ਤੱਕ ਪੱਕਦੇ ਹਨ। ਫਾਲਸਾ: ਇਹ ਫ਼ਲ ਤਾਜ਼ਾ, ਜੂਸ ਜਾਂ ਸੀਰਪ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ। ਪੂਰੇ ਪੱਕੇ ਹੋਏ ਫ਼ਲ ਦੇਰ ਤੱਕ ਨਹੀਂ ਰੱਖੇ ਜਾ ਸਕਦੇ। ਇਹ ਇੱਕ ਝਾੜੀ-ਨੁਮਾ ਦਰਖ਼ਤ ਹੁੰਦਾ ਹੈ ਜਿਸਦੇ ਫ਼ਲ ਛੋਟੇ ਆਕਾਰ ਦੇ ਹੁੰਦੇ ਹਨ। ਇਹ ਫ਼ਲ ਗਰਮ ਅਤੇ ਖੁਸ਼ਕ ਵਾਤਾਵਰਨ ਵਿੱਚ ਵੀ ਉਗਾਇਆ ਜਾ ਸਕਦਾ ਹੈ। ਇਹ ਫ਼ਲ ਸੋਕੇ ਨੂੰ ਚੰਗੀ ਤਰ੍ਹਾਂ ਸਹਾਰ ਲੈਂਦਾ ਹੈ। ਬਾਗ ਲਗਾਉਣ ਲਈ ਵਧੀਆ ਨਸਲੀ ਫ਼ਲਦਾਰ ਬੂਟੇ ਯੂਨੀਵਰਸਿਟੀ ਦੀਆਂ ਨਰਸਰੀਆਂ ਤੋਂ ਲਏ ਜਾ ਸਕਦੇ ਹਨ। ਇਹ ਨਰਸਰੀਆਂ ਲੁਧਿਆਣਾ, ਲਾਡੋਵਾਲ (ਲੁਧਿਆਣਾ), ਜੱਲੋਵਾਲ (ਜਲੰਧਰ), ਗੁਰਦਾਸਪੁਰ, ਗੰਗੀਆਂ (ਹੁਸ਼ਿਆਰਪੁਰ), ਬੁਲੋਵਾਲ ਸੌਂਕੜੀ (ਸ਼ਹੀਦ ਭਗਤ ਸਿੰਘ ਨਗਰ), ਬਹਾਦੁਰਗੜ੍ਹ (ਪਟਿਆਲਾ), ਬਠਿੰਡਾ ਅਤੇ ਅਬੋਹਰ (ਫਾਜ਼ਿਲਕਾ) ਵਿਚ ਸਥਾਪਿਤ ਹਨ। ਇਸ ਤੋਂ ਇਲਾਵਾ ਬਾਗ਼ਬਾਨੀ ਵਿਭਾਗ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਥਾਪਿਤ ਕੀਤੀਆਂ ਨਰਸਰੀਆਂ ਅਤੇ ਪ੍ਰਮਾਣਿਤ ਨਰਸਰੀਆਂ ਤੋਂ ਵੀ ਵਧੀਆ ਨਸਲੀ ਬੂਟੇ ਮਿਲਦੇ ਹਨ। *ਫ਼ਲ ਵਿਗਿਆਨ ਵਿਭਾਗ, ਪੀਏਯੂ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All