ਚੱਕੀ ਦਰਿਆ ’ਤੇ ਚੱਲਿਆ ਗੁੰਡਾ ਪਰਚੀ ਦਾ ਰਿਵਾਜ਼

ਨਾਜਾਇਜ਼ ਨਾਕੇ ’ਤੇ ਗੁੰਡਾ ਪਰਚੀ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ਪਿੰਡਾਂ ਦੇ ਵਾਸੀ।

ਐੱਨਪੀ ਧਵਨ ਪਠਾਨਕੋਟ, 18 ਨਵੰਬਰ ਪਠਾਨਕੋਟ ਦੇ ਨਜ਼ਦੀਕ ਪੈਂਦੇ ਹਰਿਆਲ ਤ੍ਰੇਹਟੀ ਚੱਕੀ ਦਰਿਆ ਦੇ ਕਿਨਾਰੇ ਦਰਜਨਾਂ ਪਿੰਡਾਂ ਦੇ ਲੋਕਾਂ ਨੇ ਮਾਈਨਿੰਗ ਮਾਫੀਆ ਵੱਲੋਂ ਖੇਤਰ ਵਿੱਚ ਨਜਾਇਜ਼ ਨਾਕਾ ਲਗਾ ਕੇ ਵਸੂਲੀ ਜਾ ਰਹੀ ਗੁੰਡਾ ਪਰਚੀ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਰੋਸ ਪ੍ਰਦਰਸ਼ਨ ਵਿੱਚ ਪਿੰਡ ਤ੍ਰੇਹਟੀ, ਝਿਕਲੀ ਤ੍ਰੇਹਟੀ, ਹਾੜਾ, ਬਘਾਰ, ਨਰਾਇਣਪੁਰ ਅਤੇ ਚੱਕੜ ਆਦਿ ਪਿੰਡਾਂ ਦੇ ਲੋਕ ਸ਼ਾਮਲ ਸਨ। ਇਸ ਬਾਰੇ ਪਿੰਡ ਹਾੜਾ ਦੀ ਸਰਪੰਚ ਪੱਲਵੀ ਠਾਕੁਰ, ਬਲਾਕ ਸਮਿਤੀ ਚੇਅਰਪਰਸਨ ਮਮਤਾ ਦੇਵੀ, ਸਰਪੰਚ ਜਗਦੀਸ਼ ਸਿੰਘ, ਰੁਸਤਮ, ਰਵਿੰਦਰ ਸਿੰਘ, ਕੇਵਲ ਸਿੰਘ, ਰਣਧੀਰ ਸਿੰਘ ਰਿੰਪੂ, ਬਲਜੀਤ ਸਿੰਘ, ਰਣਜੀਤ ਸਿੰਘ, ਨਰੋਤਮ ਸਿੰਘ, ਰਾਹੁਲ, ਅੰਕੂ ਹਾੜਾ ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਨਾਲ ਲੱਗਦੇ ਚੱਕੀ ਦਰਿਆ ਦੀ ਪੰਜਾਬ ਸਰਕਾਰ ਵੱਲੋਂ ਕੋਈ ਵੀ ਮਾਈਨਿੰਗ ਦੀ ਬੋਲੀ ਨਹੀਂ ਕੀਤੀ ਗਈ ਪਰ ਮਾਈਨਿੰਗ ਮਾਫੀਆ ਵੱਲੋਂ ਇਥੇ ਇੱਕ ਨਜਾਇਜ਼ ਨਾਕਾ ਲਗਾ ਕੇ ਆਪਣੇ ਕਰਿੰਦੇ ਬਿਠਾਏ ਹੋਏ ਹਨ ਜੋ ਟਰੈਕਟਰ ਟਰਾਲੀ ਚਾਲਕਾਂ ਅਤੇ ਟਰੱਕਾਂ ਤੋਂ ਮਾਈਨਿੰਗ ਪਰਚੀ ਦੇ ਨਾਮ ਤੇ ਜਬਰਨ ਗੁੰਡਾ ਟੈਕਸ ਵਸੂਲ ਰਹੇ ਹਨ। ਇਸ ਮੌਕੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਸੰਜੀਵ ਬੈਂਸ ਵੀ ਪੁੱਜੇ ਅਤੇ ਲੋਕਾਂ ਨੇ ਇਸ ਦੀ ਸ਼ਿਕਾਇਤ ਉਨ੍ਹਾਂ ਨਾਲ ਵੀ ਕੀਤੀ। ਹੈਰਾਨੀ ਦੀ ਗੱਲ ਹੈ ਕਿ ਸਥਿਤੀ ਨੂੰ ਭਾਂਪਦੇ ਹੋਏ ਮਾਈਨਿੰਗ ਮਾਫੀਆ ਦੇ ਲੋਕ ਨਾਕਾ ਛੱਡ ਕੇ ਥੋੜ੍ਹੀ ਦੇਰ ਲਈ ਖਿਸਕ ਗਏ। ਸੰਜੀਵ ਬੈਂਸ ਦਾ ਕਹਿਣਾ ਸੀ ਕਿ ਖੇਤਰ ਦੇ ਲੋਕਾਂ ਨਾਲ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਨਹੀਂ ਹੋਣ ਦਿੱਤੀ ਜਾਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All