ਚੰਨ, ਚਕੋਰ ਤੇ ਆਰਮਸਟਰਾਂਗ

 ਹਰਫ਼ਾਂ ਦੇ ਆਰ-ਪਾਰ / ਵਰਿੰਦਰ ਵਾਲੀਆ

ਚੰਦਰਮਾ ਨੂੰ ਦਾਦਾ-ਦਾਦੀ ਅਤੇ ਨਾਨਾ-ਨਾਨੀ ਦੀਆਂ ਕਹਾਣੀਆਂ ਵਿੱਚੋਂ ਚੁਰਾਉਣ ਵਾਲਾ ਅਮਰੀਕੀ ਪੁਲਾੜ ਯਾਤਰੀ ਨੀਲ ਆਰਮਸਟਰਾਂਗ 82 ਸਾਲ ਦੀ ਉਮਰ ਭੋਗ ਕੇ ਖ਼ੁਦ ਤਾਰਾ ਬਣ ਗਿਆ ਹੈ। ਉਸ ਨੇ ਜੁਲਾਈ 1969 ਵਿੱਚ ਅਪੋਲੋ-11 ਮਿਸ਼ਨ ਦੀ ਅਗਵਾਈ ਕਰਦੇ ਹੋਏ ਚੰਦ ’ਤੇ ਪਹਿਲਾ ਕਦਮ ਰੱਖ ਕੇ ਮਨੁੱਖ ਦੇ ਪੁਲਾੜੀ ਪੀਂਘਾਂ ਪਾਉਣ ਦੇ ਸਦੀਆਂ ਪੁਰਾਣੇ ਸੁਪਨੇ ਨੂੰ ਹਕੀਕਤ ਵਿੱਚ ਬਦਲਿਆ ਸੀ। ਥੋਥ ਜਾਂ ਸ਼ੂਨਯ ਨੂੰ ਪੁਲਾੜ ਕਹਿੰਦੇ ਹਨ। ਪੈੜਾਂ ਕੇਵਲ ਥਲ ’ਤੇ ਪੈਂਦੀਆਂ ਹਨ। ਆਦਿ-ਮਨੁੱਖ ਨੇ ਜਲ, ਹਵਾ ਅਤੇ ਪੁਲਾੜ ’ਤੇ ਪੈੜਾਂ ਪਾਉਣ ਬਾਰੇ ਕਦੇ ਚਿਤਵਿਆ ਤਕ ਨਹੀਂ ਸੀ। ਜਲ ਵਿੱਚੋਂ ਤਾਂ ਸਮੁੰਦਰ ਦੇ ਰਾਜਾ, ਜਲਧਰਾਜ ਦੀਆਂ ਪੈੜਾਂ ਵੀ ਨਹੀਂ ਲੱਭਦੀਆਂ। ਚੰਦਰਮਾ ਨਾਲ ਇਲਾਹੀ ਪਰੀਤ ਰੱਖਣ ਵਾਲੇ ਚਕੋਰ ਦੇ ਪੌਂਚਿਆਂ ਦੇ ਨਿਸ਼ਾਨ ਹਵਾ ’ਚੋਂ ਕਿਸ ਨੇ ਲੱਭੇ ਹਨ? ਚੰਦ ਤੇ ਚਕੋਰ ਦੀ ਪਰੀਤ ਦਾ ਜ਼ਿਕਰ ਗੁਰਬਾਣੀ ਅਤੇ ਲੋਕ-ਬਾਣੀ, ਦੋਵਾਂ ਵਿੱਚ ਵਾਰ-ਵਾਰ ਆਉਂਦਾ ਹੈ। ਪਹਾੜੀ ਤਿੱਤਰ ਦਾ ਸਾਹਿਤਕ ਨਾਂ ਚਕੋਰ ਹੈ ਜਿਸ ਦੀਆਂ ਲਾਲ ਟੰਗਾਂ ਹੁੰਦੀਆਂ ਹਨ। ਪੁਰਾਣੇ ਜ਼ਮਾਨੇ ਵਿੱਚ ਰਾਜੇ-ਮਹਾਰਾਜੇ ਚਕੋਰ ਪਾਲਿਆ ਕਰਦੇ ਸਨ। ਰਾਜੇ ਖਾਣਯੋਗ ਪਦਾਰਥ ਚਕੋਰ ਅੱਗੇ ਰੱਖ ਕੇ ਪਰਖ ਕਰਦੇ ਸਨ ਕਿ ਉਸ ਵਿੱਚ ਕਿਤੇ ਜ਼ਹਿਰ ਤਾਂ ਨਹੀਂ ਰਲਿਆ ਹੋਇਆ? ਜੇ ਜ਼ਹਿਰ ਹੋਵੇ ਤਾਂ ਚਕੋਰ ਦੇ ਦੇਖਣ ਸਾਰ ਨੇਤਰ ਲਾਲ ਹੋ ਜਾਂਦੇ ਹਨ ਅਤੇ ਉਹ ਮਰ ਜਾਂਦਾ ਹੈ। ਆਦਿ-ਕਾਲ ਤੋਂ ਚੰਦਰਮਾ, ਮਨੁੱਖ ਅਤੇ ਚਕੋਰ ਨੂੰ ਟੁੰਬਦਾ ਆਇਆ ਹੈ। ਹੁਣ ਤਕ ਪਤਾ ਨਹੀਂ ਕਿੰਨੀਆਂ ਕੁ ਚਕੋਰਾਂ ਨੇ ਚਾਨਣੀਆਂ ਰਾਤਾਂ ਵੇਲੇ ਅੰਬਰ ਵੱਲ ਅਸਫ਼ਲ ਉਡਾਰੀਆਂ ਭਰੀਆਂ ਹੋਣਗੀਆਂ? ਚੰਦ ਨਾਲ ਚਕੋਰ ਵਰਗੀ ਉਲਫ਼ਤ ਨੇ ਹੀ ਮਨੁੱਖ ਨੂੰ ਪੁਲਾੜ ਯਾਤਰੀ ਬਣਨ ਦਾ ਰਾਹ ਵਿਖਾਇਆ ਹੋਵੇਗਾ। ਇਸ ਜੋਖ਼ਮ ਭਰੇ ਪੰਧ ’ਤੇ ਚੱਲਦਿਆਂ ਕਈ ਕੀਮਤੀ ਜਾਨਾਂ ਗਈਆਂ ਪਰ ਚਕੋਰ ਵਾਂਗ ਮਨੁੱਖ ਨੇ ਹਾਰ ਨਾ ਮੰਨੀ। ਆਖਰ ਮਨੁੱਖ ਨੇ ਪੁਲਾੜ ’ਤੇ ਚਹਿਲਕਦਮੀ ਕਰਕੇ ਬ੍ਰਹਿਮੰਡ ਦੇ ਭੇਦਾਂ ਨੂੰ ਖੋਲ੍ਹਣਾ ਸ਼ੁਰੂ ਕਰ ਦਿੱਤਾ। ਪੁਲਾੜ, ਭਾਵ ਸ਼ੂਨਯ ’ਤੇ ਪੈੜਾਂ ਭਾਵੇਂ ਸੰਭਵ ਨਹੀਂ ਪਰ ਇਹ ਇਤਿਹਾਸ ਦੇ ਪੰਨਿਆਂ ਤੋਂ ਦੇਖੀਆਂ ਜਾ ਸਕਦੀਆਂ ਹਨ। ਡਾ.ਜਤਿੰਦਰਪਾਲ ਸਿੰਘ ਨੇ ਆਪਣੀ ‘ਪੁਲਾੜ ਯਾਤਰਾ’ ਪੁਸਤਕ “ਪੁਲਾੜ ਵਿਚਲੇ ਸੁੰਨਸਾਨ ਰਾਹਾਂ ਦੇ ਸਭ ਤੋਂ ਪਹਿਲੇ ਪਾਂਧੀ ਯੂਰੀ ਗੈਗਰਿਨ ਅਤੇ ਚੰਦਰਮਾ ਦੀ ਸਤਹ ਉੱਪਰ ਆਪਣਾ ਪਹਿਲਾ ਕਦਮ ਰੱਖਣ ਵਾਲੇ ਸੂਰਬੀਰ ਨੀਲ ਆਰਮਸਟਰਾਂਗ ਸਮੇਤ ਉਨ੍ਹਾਂ ਸਮੂਹ ਪੁਲਾੜ ਵਿਗਿਆਨੀਆਂ, ਜਿਨ੍ਹਾਂ ਨੇ ਆਪਣੇ ਸਿਰ ਉੱਪਰ ਕਫ਼ਨ ਬੰਨ੍ਹ ਕੇ ਪੁਲਾੜ ਦੇ ਭਿੰਨ-ਭਿੰਨ ਕੋਨਿਆਂ ਨੂੰ ਟੋਹਣ ਦਾ ਯਤਨ ਕੀਤਾ” ਨੂੰ ਸਮਰਪਿਤ ਕੀਤੀ ਹੈ। ਮੁੱਢਲੇ ਸ਼ਬਦ ਤੋਂ ਪਹਿਲਾਂ ਪੰਜਾਬੀ ਦੇ ਯੁੱਗ ਕਵੀ ਪ੍ਰੋ.ਮੋਹਨ ਸਿੰਘ ਦੀ ਕਵਿਤਾ ਦੀਆਂ ਸਤਰਾਂ ਅੰਕਿਤ ਹਨ: ਚੰਨ, ਮੰਗਲ, ਬੁੱਧ, ਬ੍ਰਿਹਸਪਤ ਤੋਂ ਵੀ ਅੱਗੇ ਜਾਣਾ ਹਿੰਮਤ ਨੇ ਧਰਤੀ ਤਾਂ ਇੱਕ ਪੜਾਅ ਹੀ ਹੈ ਰੱਖ ਦਾਈਆ ਪੰਧ ਲੰਮੇਰੇ ਦਾ। ਵਿਗਿਆਨਕ ਸੋਚ ਨੂੰ ਪਰਨਾਏ ਮਹਾਨ ਵਿਅਕਤੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਡਾ.ਜਤਿੰਦਰਪਾਲ ਸਿੰਘ ਨੇ ਲਿਖਿਆ ਹੈ, “ਗਿਆਰਡਾਨੋ ਬਰੂਨੋ ਨੇ ਕਿਹਾ ਕਿ ਆਕਾਸ਼ ਵਿੱਚ ਟਿਮਟਿਮਾਉਂਦੇ ਹੋਏ ਸਾਰੇ ਚੰਦ, ਤਾਰੇ, ਸੂਰਜ ਦੀ ਤਰ੍ਹਾਂ ਹਨ ਅਤੇ ਇਨ੍ਹਾਂ ਦੇ ਗ੍ਰਹਿ ਇਨ੍ਹਾਂ ਦੁਆਲੇ ਪਰਿਕਰਮਾ ਕਰ ਰਹੇ ਹਨ। ਉਸ ਨੇ ਇਹ ਵੀ ਕਿਹਾ ਕਿ ਬ੍ਰਹਿਮੰਡ ਦੀ ਸ਼ੁਰੂਆਤ ਵੀ ਹੈ ਅਤੇ ਇਸ ਦਾ ਅੰਤ ਵੀ ਹੈ। ਉਸ ਦੀਆਂ ਇਨ੍ਹਾਂ ਗੱਲਾਂ ਤੋਂ ਖਫ਼ਾ ਹੋ ਕੇ ਸਮੇਂ ਦੇ ਲੋਕਾਂ ਨੇ ਉਸ ਨੂੰ ਥੰਮ੍ਹ ਨਾਲ ਬੰਨ੍ਹ ਕੇ ਜਿਉਂਦਾ ਸਾੜ ਦਿੱਤਾ।” ਇਸੇ ਤਰ੍ਹਾਂ ਯੂਰੀ ਗੈਗਰਿਨ ਅਤੇ ਕਲਪਨਾ ਚਾਵਲਾ ਵਰਗੇ ਪੁਲਾੜ ਯਾਤਰੀ ਅੰਬਰ ਦੇ ਭੇਦਾਂ ਨੂੰ ਜਾਣਨ ਲਈ ਪਰਵਾਨੇ ਬਣ ਗਏ। “...ਚੰਦਰਮਾ ਉੱਤੇ ਨੀਲ ਆਰਮਸਟਰਾਂਗ ਵੱਲੋਂ ਰੱਖਿਆ ਪਹਿਲਾ ਕਦਮ ਇਸੇ ਦਿਸ਼ਾ ਵਿੱਚੋਂ ਇੱਕ ਸੀ... ਮਨੁੱਖ ਦੇ ਗੋਡਿਆਂ ਨੂੰ ਥਕਾਵਟ ਨਹੀਂ। ਇਹ ਤਾਂ ਬਹੁਤ ਦੂਰ ਜਾਣਾ ਚਾਹੁੰਦੇ ਹਨ। ਚੰਦਰਮਾ ਤਾਂ ਧਰਤੀ ਤੋਂ ਚਾਰ ਲੱਖ ਕਿਲੋਮੀਟਰ ਦੀ ਦੂਰੀ ਉੱਤੇ ਹੀ ਹੈ। ਪਰਵਾਨੇ ਤਾਂ ਇਸ ਤੋਂ ਵੀ ਦੂਰ, ਅਣਜਾਣ ਅਤੇ ਅੱਥਰੇ ਰਾਹਾਂ ਨੂੰ ਗਾਹੁਣ ਲਈ ਵੀ ਤਿਆਰ ਹਨ... ਪੁਲਾੜੀ ਪੀਂਘਾਂ ਪਾਉਣ ਦੀ ਸ਼ੌਕੀਨ ਮਨੁੱਖੀ ਸੋਚ ਬਾਰੇ ਕੌਂਸਟੇਨਟਿਨ ਤਸਾਈਓਲ ਕੋਵਸਕੀ ਦਾ ਕਹਿਣਾ ਦਰੁਸਤ ਲੱਗਦਾ ਹੈ ਕਿ ਮਨੁੱਖ ਜਾਤੀ ਹਮੇਸ਼ਾਂ ਲਈ ਇਸ ਧਰਤੀ ਉੱਪਰ ਟਿਕ ਕੇ ਨਹੀਂ ਬੈਠੇਗੀ।” ਸੋਲ੍ਹਵੀਂ ਸਦੀ ਦੇ ਮਹਾਨ ਵਿਗਿਆਨੀ ਕੋਪਰਨੀਕਸ ਨੂੰ ਇਸ ਲਈ ਜ਼ਿੰਦਾ ਜਲਾ ਦਿੱਤਾ ਗਿਆ ਕਿ ਉਸ ਨੇ ‘ਧਰਤੀ ਸੂਰਜ ਦੁਆਲੇ ਘੁੰਮਦੀ ਹੈ’ ਦੀ ਅਟੱਲ ਸੱਚਾਈ  ਜੱਗ-ਜ਼ਾਹਰ ਕਰ ਕੇ ਪੁਰਾਤਨ ਧਾਰਨਾਵਾਂ ਨੂੰ ਲੀਰੋ-ਲੀਰ ਕੀਤਾ ਸੀ। ਇਹੀ ਹਸ਼ਰ ਸਤ੍ਹਾਰਵੀਂ ਸਦੀ ਦੇ ਗੈਲੀਲੀਓ ਦਾ ਹੋਇਆ ਸੀ, ਜਿਸ ਨੇ ਕੋਪਰਨੀਕਸ ਦੀ ਵਿਚਾਰਧਾਰਾ ਦੀ ਤਾਈਦ ਕੀਤੀ ਸੀ। ਉਸ ਨੂੰ ਸੱਚ ਬੋਲਣ ਕਰ ਕੇ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਜਿੱਥੇ ਉਹ ਢਲਦੀ ਉਮਰ ਵਿੱਚ ਅੰਨ੍ਹਾ ਅਤੇ ਬੋਲਾ ਹੋ ਗਿਆ ਸੀ। ‘ਪੁਲਾੜ ਯਾਤਰਾ’ ਵਿੱਚ ਆਰਮਸਟਰਾਂਗ ਤੋਂ ਪਹਿਲਾਂ ਚੰਦਰਮਾ ’ਤੇ ਪੁੱਜਣ ਦੀਆਂ ਕੁਝ ਅਸਫ਼ਲ ਕੋਸ਼ਿਸ਼ਾਂ ਬਾਰੇ ਵੀ ਭਰਪੂਰ ਜਾਣਕਾਰੀ ਮਿਲਦੀ ਹੈ। ਰੂਸ ਅਤੇ ਅਮਰੀਕਾ ਪੁਲਾੜ ਖੋਜ ਵਿੱਚ ਮੋਢੀ ਦੇਸ਼ ਮੰਨੇ ਗਏ ਹਨ। ਪਹਿਲਾਂ ਦੋ ਮਾਨਵ-ਰਹਿਤ ਪੁਲਾੜੀ ਜਹਾਜ਼ਾਂ ਨੇ ਚੰਦਰਮਾ ਦੀਆਂ ਤਸਵੀਰਾਂ ਧਰਤੀ ’ਤੇ ਭੇਜੀਆਂ ਸਨ। ਅਪੋਲੋ-8 ਨਾਂ ਦਾ ਪੁਲਾੜੀ ਵਾਹਨ ਚੰਦਰਮਾ ਤੋਂ ਕੋਈ ਸੌ ਕਿਲੋਮੀਟਰ ਦੀ ਦੂਰੀ ਤੋਂ ਵਾਪਸ ਆ ਗਿਆ ਸੀ। ਇਨ੍ਹਾਂ ਯਾਤਰਾਵਾਂ ਨੇ ਪੁਲਾੜ-ਪੱਥ ਨੂੰ ਨਿਰਧਾਰਤ ਕਰਨ ਵਿੱਚ ਸਹਿਯੋਗ ਦਿੱਤਾ ਸੀ। ਇਸ ਤੋਂ ਬਾਅਦ ਕੁਝ ਹੋਰ ਮਾਨਵ-ਰਹਿਤ ਪੁਲਾੜੀ ਵਾਹਨ ਚੰਦਰਮਾ ’ਤੇ ਪੁੱਜੇ ਸਨ। ਆਰਮਸਟਰਾਂਗ ਅਤੇ ਉਸ ਦੇ ਸਾਥੀ ਐਡਵਿਨ ਐਲਡਰਿਨ ਵੱਲੋਂ ਚੰਦਰਮਾ ’ਤੇ ਕੀਤੀ ਗਈ ਚਹਿਲਕਦਮੀ ਦੀਆਂ ਪੈੜਾਂ ਅਜੇ ਵੀ ਮੌਜੂਦ ਹਨ। ਪ੍ਰਯੋਗਸ਼ਾਲਾ ਸਥਾਪਤ ਕਰਨ ਤੋਂ ਇਲਾਵਾ ਉਨ੍ਹਾਂ ਆਪਣੇ ਦੇਸ਼ ਦਾ ਝੰਡਾ ਵੀ ਉੱਥੇ ਗੱਡ ਦਿੱਤਾ। ਅਮਰੀਕਾ ਦੇ ਝੰਡੇ ਵਿੱਚ ਪੰਜਾਹ ਤਾਰੇ ਹਨ। ਕਿਸੇ ਦੇਸ਼ ਦੇ ਤਾਰਿਆਂ ਦਾ ਚੰਦਰਮਾ ’ਤੇ ਲਹਿਰਾਉਣਾ ਇੱਕ ਅਲੌਕਿਕ ਨਜ਼ਾਰਾ ਸੀ। ਇਹੀ ਕਾਰਨ ਹੈ ਕਿ ਜਦੋਂ ਪਿਛਲੇ ਸ਼ਨਿਚਰਵਾਰ ਨੀਲ ਆਰਮਸਟਰਾਂਗ ਇਸ ਜਹਾਨ ਤੋਂ ਰੁਖ਼ਸਤ ਹੋਏ ਤਾਂ ਮੀਡੀਆ ਨੇ ਮਨੁੱਖ ਦੀ ਚੰਨ ਉੱਤੇ ਫ਼ਤਿਹ ਪਾਉਣ ਵਾਲੇ ਪੁਲਾੜ ਯਾਤਰੀ ਬਾਰੇ ਲਿਖਿਆ- ਖੋਇਆ ਖੋਇਆ ਚਾਂਦ, ਰੋਇਆ ਰੋਇਆ ਚਾਂਦ। ਨੀਲ ਆਰਮਸਟਰਾਂਗ ਨੇ ਚੰਦ ਦੀ ਕੋਇਲਾ-ਨੁਮਾ ਮਿੱਟੀ ਅਤੇ ਚੱਟਾਨਾਂ ਦੇ ਕੁਝ ਟੁਕੜੇ ਵੀ ਲਿਆਂਦੇ। ਕਾਲੀ ਮਿੱਟੀ ਨੇ ਦੁਨੀਆਂ ਭਰ ਦੇ ਅਣਗਿਣਤ ਕਵੀਆਂ ਦੀਆਂ ਕਲਮਾਂ ਨੂੰ ਸ਼ਰਮਸਾਰ ਕੀਤਾ ਸੀ ਜੋ ਆਪਣੀ ਮਹਿਬੂਬਾ ਨੂੰ ਚੰਦਰਮਾ ਨਾਲ ਤਸ਼ਬੀਹ ਦਿੰਦੇ ਸਨ- ਚਾਂਦ ਸੀ ਮਹਿਬੂਬਾ ਹੋ ਮੇਰੀ, ਕਬ ਐਸਾ ਮੈਨੇ ਸੋਚਾ ਥਾ। ਚੰਦ ਦੀ ਸਤਹ ’ਤੇ ਆਪਣਾ ਸੱਜਾ ਪੈਰ ਰੱਖਣ ਤੋਂ ਬਾਅਦ ਨੀਲ ਆਰਮਸਟਰਾਂਗ ਨੇ ਕਿਹਾ ਸੀ, ‘ਇੱਕ ਮਨੁੱਖ ਦਾ ਅਦਨਾ ਜਿਹਾ ਕਦਮ, ਮਨੁੱਖਤਾ ਲਈ ਬਹੁਤ ਵੱਡੀ ਛਲਾਂਗ’। ਉਸ ਨੇ ਚੰਦ ਦੀ ਸਤਹ ਨੂੰ ਕੋਇਲੇ ਦੇ ਚੂਰੇ ਵਰਗਾ ਦੱਸਿਆ ਸੀ। ਦੋਵਾਂ ਪੁਲਾੜ ਯਾਤਰੀਆਂ ਨੇ ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਰਿਚਰਡ ਨਿਕਸਨ ਦੇ ਦਸਤਖ਼ਤ ਵਾਲੀ ਇੱਕ ਤਖ਼ਤੀ ਵੀ ਚੰਨ ’ਤੇ ਗੱਡੀ ਜਿਸ ਦੀ ਇਬਾਰਤ ‘ਇਸ ਗ੍ਰਹਿ ’ਤੇ ਮਨੁੱਖ ਨੇ ਪਹਿਲੀ ਵਾਰ ਆ ਕੇ ਕਦਮ ਰੱਖਿਆ’ ਸੀ। ਆਰਮਸਟਰਾਂਗ ਉਸ ਵੇਲੇ 38 ਸਾਲਾਂ ਦੇ ਸਨ ਜਦੋਂ ਚੰਨ ’ਤੇ ਮੋਹੜੀ ਗੱਡੀ ਗਈ। ਇਹ ਉਹ ਸਮਾਂ ਸੀ ਜਦੋਂ ਮਹਾਂਸ਼ਕਤੀ ਅਮਰੀਕਾ ਅਤੇ ਸੋਵੀਅਤ ਸੰਘ ਵਿਚਕਾਰ ਚੰਦ ’ਤੇ ਫ਼ਤਿਹ ਪਾਉਣ ਲਈ ਦੌੜ ਲੱਗੀ ਹੋਈ ਸੀ। ਮਨੁੱਖ ਦੀ ਇਸ ਜਿੱਤ ਦਾ ਜਸ਼ਨ ਦੁਨੀਆਂ ਭਰ ਵਿੱਚ ਮਨਾਇਆ ਗਿਆ ਜਿਸ ਨੇ ਰੂੜੀਵਾਦੀ ਧਾਰਨਾਵਾਂ ਨੂੰ ਭਾਂਜ ਦਿੱਤੀ ਸੀ। ਬਾਬਾ ਨਾਨਕ ਦੀ ਵਿਗਿਆਨਕ ਸੋਚ ‘ਧਰਤੀ ਹੋਰੁ ਪਰੈ ਹੋਰੁ ਹੋਰੁ’ (ਇਸ ਧਰਤੀ ਤੋਂ ਪਰੇ ਕਈ ਹੋਰ ਘਨੇਰੇ ਆਲਮ ਹਨ) ਨੂੰ ਨਮਸਕਾਰ ਕੀਤਾ ਸੀ। ‘ਬੋਧ ਮਤ’ ਸਿਰਲੇਖ ਵਾਲੀ ਵਾਰ ਵਿੱਚ ਭਾਈ ਗੁਰਦਾਸ ਫਰਮਾਉਂਦੇ ਹਨ, ‘ਕੋਈ ਪੂਜੇ ਚੰਦੁ ਸੂਰੁ ਕੋਈ ਧਰਤਿ ਅਕਾਸੁ ਮਨਾਵੈ’ (ਕੋਈ ਚੰਦਰਮਾ, ਕੋਈ ਸੂਰਜ ਹੀ ਪੂਜਣ ਲੱਗ ਪਿਆ। ਕੋਈ ਧਰਤੀ ਤੇ ਆਕਾਸ਼ ਦੇ ਦੇਵਤੇ ਮਨਾਉਣ ਲੱਗ ਪਿਆ)। ਨੀਲ ਆਰਮਸਟਰਾਂਗ ਨੇ ਚੰਦ ਦੀ ਸੱਚਾਈ ਆਕਾਸ਼ ਤੋਂ ਧਰਤੀ ’ਤੇ ਲਿਆ ਕੇ ਮਨੁੱਖਤਾ ਨੂੰ ਵਿਗਿਆਨਕ ਪਹੁੰਚ ਅਪਨਾਉਣ ਲਈ ਮਾਰਗ-ਦਰਸ਼ਨ ਕੀਤਾ। ‘ਪਾਤਾਲਾ ਪਾਤਾਲ ਲਖ, ਆਗਾਸਾ ਆਗਾਸ’ ਦਾ ਰਹੱਸ ਸਮਝਾਉਣ ਵਿੱਚ ਮਦਦ ਕੀਤੀ ਸੀ। ਚੰਦ ’ਤੇ ਆਰਮਸਟਰਾਂਗ ਤੇ ਉਸ ਦੇ ਸਾਥੀ ਦੀ ਚਹਿਲਕਦਮੀ ਨੇ ‘ਚੰਨ ਮਾਹੀ’ ਤੇ ‘ਚੰਦ ਮਾਮਾ’ ਵਰਗੀਆਂ ਭਾਵਨਾਵਾਂ ਨੂੰ ਮਧੋਲ ਕੇ ਆਦਿ ਸੱਚ ਨੂੰ ਜੱਗ ਜ਼ਾਹਰ ਕੀਤਾ ਸੀ। ਬ੍ਰਹਿਮੰਡੀ ਭੇਦ ਖੋਲ੍ਹਣ ਲਈ ਉਨ੍ਹਾਂ ਨੂੰ ਚਾਰ ਦਿਨਾਂ ਵਿੱਚ ਚਾਰ ਲੱਖ ਕਿਲੋਮੀਟਰ ਦਾ ਜੋਖ਼ਮ ਭਰਿਆ ਪੁਲਾੜੀ ਸਫ਼ਰ ਕਰਨਾ ਪਿਆ। ਮੌਤ ਤੋਂ ਬਾਅਦ ਉਸ ਦੇ ਪਰਿਵਾਰ ਨੇ ਕਿਹਾ ਕਿ ਜਦੋਂ ਵੀ ਲੋਕ ਮੁਸਕਰਾਉਂਦੇ ਹੋਏ ਚੰਦਰਮਾ ਵੱਲ ਤੱਕਣਗੇ ਤਾਂ ਉਸ ਵਿੱਚੋਂ ਨੀਲ ਆਰਮਸਟਰਾਂਗ ਦਿਸੇਗਾ। ਇੱਕ ਹਫ਼ਤੇ ਬਾਅਦ ਵੀ ਇੰਜ ਮਹਿਸੂਸ ਹੁੰਦਾ ਹੈ ਕਿ ਉਹ ਮਰਿਆ ਨਹੀਂ ਸਗੋਂ ਆਪਣੇ ਪੁਲਾੜੀ ਵਾਹਨ ਵਿੱਚ ਧਰਤੀ ਤੋਂ ‘ਗੁਜ਼ਰ’ ਕੇ ਚੰਦ ’ਤੇ ਮੁੜ ਪਹੁੰਚ ਗਿਆ ਹੈ। ਇਸ ਵਾਰ ਕੋਈ ‘ਆਕਾਸ਼ੀ ਪਿੰਡ’ ਵਸਾਉਣ। ਉਸ ਦੇ ਗੁਜ਼ਰਨ ਤੋਂ ਬਾਅਦ ਨਾਸਾ ਨੇ ਵੀ ਦਾਅਵਾ ਕੀਤਾ ਹੈ ਕਿ ਧਰਤੀ ਤੋਂ ਚੰਦਰਮਾ ਤਕ ਪੁਲਾੜੀ ਪੌੜੀ ਬਣਾਉਣੀ ਸੰਭਵ ਹੈ। ਇਸ ਤੋਂ ਪਹਿਲਾਂ ਵੀ ਪੱਛਮੀ ਦੇਸ਼ਾਂ ਵਿੱਚ ਚੰਦਰਮਾ ’ਤੇ ਰਿਹਾਇਸ਼ੀ ਬਸਤੀਆਂ ਵਸਾਉਣ ਦੀ ਚਰਚਾ ਚੱਲੀ ਸੀ। ਅਮਰੀਕਾ ਅਤੇ ਰੂਸ ਨੇ ਲਿਖਤੀ ਸਮਝੌਤਾ ਕਰਕੇ ਚੰਦਰਮਾ ਨੂੰ ਮਨੁੱਖਤਾ ਦੀ ਸਾਂਝੀ ਜਗੀਰ ਮੰਨਿਆ ਹੈ। ਫਿਰ ਵੀ ਇਸ ਦੀ ਮਲਕੀਅਤ ਨੂੰ ਵੇਚਣ ਲਈ ਕਈ ਕੰਪਨੀਆਂ ਰਾਤੋ-ਰਾਤ ਹੋਂਦ ਵਿੱਚ ਆ ਗਈਆਂ ਸਨ। ਲੋਕਾਂ ਨੇ ਇਨ੍ਹਾਂ ਦਲਾਲਾਂ ਰਾਹੀਂ ਜ਼ਮੀਨ ਵੀ ਖਰੀਦ ਲਈ ਸੀ। ਜ਼ਮੀਨ ਖਰੀਦਣ ਵਿੱਚ ਫਿਰ ਪੰਜਾਬੀ ਕਿਵੇਂ ਪਿੱਛੇ ਰਹਿ ਸਕਦੇ ਹਨ? ਆਪਣੀ ਭੋਇੰ ਨਾਲੋਂ ਟੁੱਟ ਕੇ ਜਰਮਨੀ ਵਸਣ ਵਾਲਾ ਪੰਜਾਬੀ ਕਲਾਕਾਰ ਹਰਜਿੰਦਰ ਸਿੰਘ ਬਾਗੀ ਵੀ ਚੰਨ ’ਤੇ ਇੱਕ ਏਕੜ ਜ਼ਮੀਨ ਖਰੀਦ ਕੇ ਪੁਲਾੜੀ ਪੀਂਘਾਂ ਪਾਉਣ ਲੱਗ ਪਿਆ ਸੀ। ਇਨ੍ਹਾਂ ਦਿਨਾਂ ਵਿੱਚ ਪ੍ਰਸਿੱਧ ਪੰਜਾਬੀ ਸ਼ਾਇਰ ਨੂੰ ਆਰਮਸਟਰਾਂਗ ਨੂੰ ਸੰਬੋਧਨ ਹੁੰਦਿਆਂ ਪੁੱਛਿਆ ਸੀ: ਚੰਨ ਤੋਂ ਪਰਤਣ ਵਾਲਿਆ ਏਨੀ ਗੱਲ ਤਾਂ ਦੱਸ ਕੀ ਉੱਥੇ ਵੀ ਝੁੱਗੀਆਂ ਹਨ ਮਹਿਲਾਂ ਦੇ ਕੋਲ?

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਪਿਛਲੇ ਸਾਲ, ਇਨ੍ਹੀਂ ਦਿਨੀਂ

ਪਿਛਲੇ ਸਾਲ, ਇਨ੍ਹੀਂ ਦਿਨੀਂ

ਸ਼ਹਿਰ

View All