ਚੌਰਾਹੇ ਤੋਂ ਬਣਿਆ ਪਿੰਡ ਚੌਗਾਵਾਂ

ਮੁਖਤਾਰ ਗਿੱਲ

ਗੁਰੂ ਨਾਨਕ ਦੇਵ ਕਾਲਜ, ਚੌਗਾਵਾਂ ਗੁਰੂ ਨਾਨਕ ਦੇਵ ਕਾਲਜ, ਚੌਗਾਵਾਂ

ਚੌਗਾਵਾਂ ਅੰਮ੍ਰਿਤਸਰ ਜ਼ਿਲ੍ਹੇ ਦਾ ਪਿੰਡ ਹੈ। ਕਦੇ ਲੋਪੋਕੇ, ਭੁੱਲਰ, ਕੋਹਾਲੀ ਤੇ ਕੋਹਾਲਾ ਵਿੱਚ ਘਿਰਿਆ ਚੌਕ (ਚੌਰਾਹਾ) ਚੌਗਾਵਾਂ ਕਰਕੇ ਸੱਦਿਆ ਜਾਣ ਲੱਗਿਆ। ਇਹ ਪਿੰਡ ਅੰਮ੍ਰਿਤਸਰ ਤੋਂ 22 ਕਿਲੋਮੀਟਰ ਦੀ ਦੂਰੀ ’ਤੇ ਰਾਣੀਆਂ ਬਾਰਡਰ ਰੋਡ ’ਤੇ ਸਥਿਤ ਹੈ। ਚੌਗਾਵਾਂ  ਦੀ ਆਬਾਦੀ ਲਗਪਗ 13 ਹਜ਼ਾਰ, ਵੋਟਰਾਂ ਦੀ ਗਿਣਤੀ 6500 ਤੇ ਰਕਬਾ ਦੋ ਹਜ਼ਾਰ ਏਕੜ ਹੈ। ਪਿੰਡ ਦੇ ਸਰਪੰਚ ਬਘੇਲ ਸਿੰਘ ਹਨ। ਗੁਰੂ ਨਾਨਕ ਕੰਨਿਆ ਕਾਲਜ ਦੇ ਸੰਸਥਾਪਕ  ਅੱਛਰ ਸਿੰਘ ਅਨੁਸਾਰ ਦੋ ਭਰਾ ਤਾਰੂ ਤੇ ਧਰਮੂ ਆਪਣੇ ਮਾਲ-ਡੰਗਰ ਸਮੇਤ ਅਟਾਰੀ ਵੱਲੋਂ ਇਧਰ ਆਏ। ਉਨ੍ਹਾਂ ਵਿੱਚ ਸ਼ਰਤ ਲੱਗ ਗਈ ਕਿ ਜਿਹੜਾ ਸਾਹਮਣੇ ਵਾਲੇ ਥੇਹ ’ਤੇ ਆਪਣਾ ਗੱਡੂਾ ਲੈ ਜਾਊ, ਥੇਹ ਉਸ ਦਾ ਹੋ ਜਾਵੇਗਾ। ਦੋਵਾਂ ਭਰਾਵਾਂ ਵਿੱਚੋਂ ਜਿਹੜਾ ਜਿੱਤਿਆ, ਉਸ ਨੇ ਥੇਹ ’ਤੇ ਅਤੇ ਦੂਜੇ ਨੇ ਕੋਹ ਕੁ ਅੱਗੇ ਜਾ ਕੇ ਛੱਪੜਾਂ ਵਿੱਚ ਘਿਰੀ ਝਿੜੀ ’ਤੇ ਮੋੜ੍ਹੀ ਗੱਡੀ ਦਿੱਤੀ। ਇੱਕ ਨੇ ਚੌਗਾਵਾਂ ਅਤੇ ਦੂਜੇ ਭਰਾ ਨੇ ਕੋਹਾਲਾ ਪਿੰਡ ਵਸਾਇਆ। ਹੌਲੀ ਹੌਲੀ ਆਸ ਪਾਸ ਦੇ ਪਿੰਡਾਂ ਭੁੱਲਰ, ਸੌੜੀਆਂ, ਭੀਲੋਵਾਲ, ਸਾਰੰਗੜਾਂ, ਕੋਹਾਲੀ ਆਦਿ ਦੇ ਲੋਕ ਇੱਥੇ ਵਸ ਗਏ। ਹੁਣ ਚੌਗਾਵਾਂ ਬਲਾਕ ਹੈੱਡਕੁਆਰਟਰ ਹੈ। ਪਿਛਲੇ ਦਿਨੀਂ ਇਸ ਦੇ ਸਰਕਾਰੀ ਹਾਈ ਸਕੂਲ ਦਾ ਦਰਜਾ ਵਧਾ ਕੇ ਸੀਨੀਅਰ ਸੈਕੰਡਰੀ ਕਰ ਦਿੱਤਾ ਗਿਆ ਹੈ। ਪਿੰਡ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਤੋਂ ਇਲਾਵਾ ਬਲਾਕ ਐਲੀਮੈਂਟਰੀ ਐਜੂਕੇਸ਼ਨ ਅਫ਼ਸਰ ਦਾ ਦਫ਼ਤਰ, ਬੀਡੀਪੀਓ ਦਫ਼ਤਰ, ਸੀਡੀਪੀਓ ਦਫ਼ਤਰ, ਪਾਵਰਕੌਮ ਦਫ਼ਤਰ, ਪਨਸਪ ਦਫ਼ਤਰ ਆਦਿ ਤੋਂ ਇਲਾਵਾ ਬੈਂਕ ਸ਼ਾਖ਼ਾਵਾਂ, ਡਾਕਘਰ, ਸਾਂਝ ਕੇਂਦਰ, ਸੇਵਾ ਕੇਂਦਰ, ਜਲ ਘਰ, ਕਮਿਊਨਿਟੀ ਹਾਲ, ਆਂਗਣਵਾੜੀ ਕੇਂਦਰ, ਡਿਸਪੈਂਸਰੀ ਤੇ ਪਸ਼ੂ ਹਸਪਤਾਲ ਆਦਿ ਦੀ ਸਹੂਲਤ ਹੈ। ਇਸ ਸਰਹੱਦੀ ਖਿੱਤੇ ਦੀਆਂ ਲੜਕੀਆਂ ਨੂੰ ਉਚੇਰੀ ਸਿੱਖਿਆ ਦੇਣ ਦੇ ਉਦੇਸ਼ ਨਾਲ ਅੱਛਰ ਸਿੰਘ ਨੇ 1996 ਵਿੱਚ ਗੁਰੂ ਨਾਨਕ ਕਾਲਜ ਫਾਰ ਗਰਲਜ਼ ਦੀ ਸਥਾਪਨਾ ਕੀਤੀ ਸੀ। ਇਸ ਕਾਲਜ ਵਿੱਚ ਵੱਡੀ ਗਿਣਤੀ ਲੜਕੀਆਂ ਸਿੱਖਿਆ ਹਾਸਲ ਕਰ ਰਹੀਆਂ ਹਨ। ਕਾਲਜ ਵੱਲੋਂ ਵਾਜਬ ਦਾਖ਼ਲਾ ਫੀਸ ਤੇ ਹੋਰ ਫੰਡ ਲਏ ਜਾਂਦੇ ਹਨ। ਇੱਥੇ ਸੈੱਕਰਡ ਹਾਰਟ, ਗੁਰੂ ਗੋਬਿੰਦ ਸਿੰਘ ਖਾਲਸਾ, ਮਾਸਟਰ ਮਨੀਰਾਮ ਮਾਡਰਨ ਆਦਿ ਪ੍ਰਾਈਵੇਟ ਸਕੂਲ ਹਨ। ਇੱਥੋਂ ਦੇ ਜਤਿੰਦਰ ਸਿੰਘ ਕਾਲਾ ਉਪ ਚੇਅਰਮੈਨ (ਬਲਾਕ ਸਮਿਤੀ ਚੌਗਾਵਾਂ) ਅਤੇ ਤਾਰਾ ਚੰਦ ਨੰਬਰਦਾਰ ਯੂਨੀਅਨ ਦੇ ਪ੍ਰਧਾਨ ਹਨ। ਪਿੰਡ ਦੀਆਂ ਨਾਮਵਰ ਸ਼ਖ਼ਸੀਅਤਾਂ ਵਿੱਚ ਮੁਖਤਾਰ ਸਿੰਘ ਔਲਖ, ਮਾਸਟਰ ਮਨੀ ਰਾਮ, ਮਾਸਟਰ ਬੂਟਾ ਸਿੰਘ, ਪੂਰਨ ਸਿੰਘ ਮੰਡੀਵਾਲੇ, ਤਾਰਾ ਚੰਦ ਸ਼ਰਮਾ, ਹੈੱਡਮਾਸਟਰ ਅਜੀਤ ਸਿੰਘ ਘਈ, ਸੁਰਜੀਤ ਸਿੰਘ ਘਈ, ਇੰਦਰ ਸਿੰਘ ਘੇਈ, ਬ੍ਰਿਜਮੋਹਨ ਸਿੰਘ, ਮਾਸਟਰ ਗੁਰਪ੍ਰਤਾਪ ਸਿੰਘ ਔਲਖ, ਗਿਆਨ ਸਿੰਘ ਘੇਈ, ਗੁਰਦਰਸ਼ਨ ਸਿੰਘ ਸਵਿੰਦਰ ਸਿੰਘ, ਨਵਜੀਤ ਸਿੰਘ ਘੇਈ, ਨੰਬਰਦਾਰ ਤਾਰਾ ਚੰਦ ਗੁਲਾਬ, ਸ਼ਮਸ਼ੇਰ ਸਿੰਘ, ਨਿਰਵੈਲ ਸਿੰਘ, ਭਗਵਾਨ ਸਿੰਘ ਤੇ ਹਰਦੇਵ ਸਿੰਘ ਆਦਿ ਦਾ ਨਾਮ ਆਉਂਦਾ ਹੈ। ਇੱਥੇ ਲਛਮਣ ਸਿੰਘ, ਕਾਮਰੇਡ ਸੁਰਜਣ ਸਿੰਘ, ਜਗੀਰ ਸਿੰਘ, ਸੁਖਜਿੰਦਰ ਸਿੰਘ, ਬਖਸ਼ੀਸ਼ ਸਿੰਘ ਤੇ ਜਤਿੰਦਰ ਸਿੰਘ ਕਾਲਾ ਸਰਪੰਚ ਰਹੇ ਹਨ। ‘ਲੇਖਕਾਂ ਦਾ ਮੱਕਾ’ ਪ੍ਰੀਤਨਗਰ’ ਚੌਗਾਵਾਂ ਤੋਂ ਸਿਰਫ਼ 5 ਕਿਲੋਮੀਟਰ ਦੀ ਦੂਰੀ ’ਤੇ ਹੋਣ ਦੇ ਬਾਵਜੂਦ ਇਸ ਇਲਾਕੇ ’ਚੋਂ ਬਹੁਤ ਘੱਟ ਲੇਖਕ ਹੋਏ ਹਨ। ਇੱਥੇ 1990 ਤੋਂ ਸਾਹਿਤ ਸਭਾ ਬਣੀ ਹੋਈ ਹੈ। ਸਾਹਿਤ ਸਭਾ ਦੇ ਪ੍ਰਧਾਨ ਧਰਵਿੰਦਰ ਸਿੰਘ ਔਲਖ ਹਨ ਜੋ ਕਾਫ਼ ਸਰਗਰਮ ਹਨ। ਕਹਾਣੀਕਾਰ ਗੁਰਬਿੰਦਰ ਸਿੰਘ ਬਾਗੀ ਇੱਥੋਂ ਦੇ ਜੰਮਪਲ ਹਨ। ਚੌਗਾਵਾਂ ਸ਼ਾਇਰ ਜਤਿੰਦਰ ਔਲਖ ਦੀ ਕਰਮ ਭੂਮੀ ਹੈ। ਉਹ ਇਥੋਂ ‘ਮੇਘਲਾ’ ਨਾਂ ਦਾ ਸਾਹਿਤਕ ਪੱਤਰ ਪ੍ਰਕਾਸ਼ਤ ਕਰਦੇ ਹਨ। ਇਸ ਪਿੰਡ ਦੇ ਕਈ ਮਸਲੇ ਹੱਲ ਕਰਨ ਦੀ ਲੋੜ ਹੈ। ਇੱਥੋਂ ਅਜਨਾਲਾ ਰੋਡ ਤੇ ਅੰਮ੍ਰਿਤਸਰ ਰੋਡ ਨੂੰ ਜੋੜਨ ਵਾਲੀ ਸੰਪਰਕ ਸੜਕ ਦੀ ਹਾਲਤ ਬਹੁਤ ਖਸਤਾ ਹੈ। ਇਸ ਨੂੰ ਪਹਿਲ ਦੇ ਆਧਾਰ ’ਤੇ ਬਣਾਉਂਣ ਦੀ ਲੋੜ ਹੈ। ਚੌਗਾਵਾਂ ਦੇ ਬਾਜ਼ਾਰ ਖਾਸ ਕਰਕੇ ਅਜਨਾਲਾ ਰੋਡ ’ਤੇ ਦੁਕਾਨਦਾਰਾਂ ਵੱਲੋਂ ਦੁਕਾਨਾਂ ਅੱਗੇ ਨਾਜਾਇਜ਼ ਕਬਜ਼ੇ ਕੀਤੇ ਹੋਣ ਕਰਕੇ ਜਾਮ ਲੱਗਿਆ ਰਹਿੰਦਾ ਹੈ। ਇੱਥੇ ਚੌਕ ਤੇ ਮੁੱਖ ਬਾਜ਼ਾਰਾਂ ਵਿੱਚ ਸੋਲਰ ਲਾਈਟਾਂ ਲਗਾਉਣ ਦੀ ਲੋੜ ਹੈ। ਚੌਗਾਵਾਂ ਤੋਂ ਅੰਮ੍ਰਿਤਸਰ, ਅਜਨਾਲਾ, ਰਾਣੀਆਂ ਬਾਰਡਰ ਤੇ ਭਿੰਡੀ ਸੈਦਾਂ ਨੂੰ ਬੱਸ ਸੇਵਾ ਹੈ ਪਰ ਬੱਸਾਂ ਵੱਖ ਵੱਖ ਅੱਡਿਆਂ ਤੋਂ ਚਲਦੀਆਂ ਹਨ। ਇਲਾਕਾ ਵਾਸੀਆਂ ਦੀ ਮੰਗ ਹੈ ਕਿ ਬੱਸਾਂ ਇੱਕੋ ਬੱਸ ਅੱਡੇ ਤੋਂ ਚਲਾਈਆਂ ਜਾਣ।

ਸੰਪਰਕ: 98140-82217

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All