ਚੋਣਾਂ ਦੇ ਛੇ ਗੇੜ ਪੂਰੇ: ਸਪਸ਼ਟ ਬਹੁਮਤ ਦੇ ਸੰਕੇਤ ਮੱਧਮ

ਸੰਜੀਵ ਪਾਂਡੇ ਲੋਕ ਸਭਾ ਚੋਣਾਂ ਦਾ ਛੇਵਾਂ ਗੇੜ ਖ਼ਤਮ ਹੋ ਚੁੱਕਾ ਹੈ। ਦੇਸ਼ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਨਾਮੀ ਹੋਣ ਦੇ ਦਾਅਵੇ ਕਰਨ ਵਾਲੇ ਹੁਣ ਮੰਨਣ ਲੱਗੇ ਹਨ ਕਿ ਦੇਸ਼ ਹੰਗ ਪਾਰਲੀਮੈਂਟ (ਲਟਕਵੀਂ ਸੰਸਦ) ਵੱਲ ਵਧ ਰਿਹਾ ਹੈ। ਕਾਂਗਰਸ ਤੇ ਭਾਜਪਾ ਦੇ ਨਾਲ-ਨਾਲ ਖੇਤਰੀ ਦਲ ਵੀ ਮਜ਼ਬੂਤੀ ਨਾਲ ਚੋਣਾਂ ਲੜ ਰਹੇ ਹਨ ਤੇ ਨਵੀਂ ਸਰਕਾਰ ਦੇ ਗਠਨ ਵਿਚ ਖੇਤਰੀ ਦਲਾਂ ਦੀ ਭੂਮਿਕਾ ਅਹਿਮ ਹੋਣ ਦੇ ਆਸਾਰ ਹਨ। ਸਿਆਸੀ ਮਾਹਿਰ ਕਹਿਣ ਲੱਗੇ ਹਨ ਕਿ ਅਗਲੀ ਸਰਕਾਰ ਵਿਚ ਬਸਪਾ, ਸਪਾ, ਟੀਐਮਸੀ, ਬੀਜੇਡੀ, ਤਿਲੰਗਾਨਾ ਰਾਸ਼ਟਰ ਸਮਿਤੀ ਅਤੇ ਵਾਈਐਸਆਰ ਕਾਂਗਰਸ ਦੀ ਅਹਿਮ ਭੂਮਿਕਾ ਹੋਵੇਗੀ। ਬਹੁਮਤ ਸੰਭਾਵਨਾ ਘਟਦੀ ਦੇਖ ਕੇ ਪ੍ਰਧਾਨ ਮੰਤਰੀ ਦਾ ਰਵੱਈਆ ਵੀ ਖੇਤਰੀ ਦਲਾਂ ਪ੍ਰਤੀ ਨਰਮ ਪਿਆ ਹੈ। ਮੋਦੀ ਨੇ ਉੜੀਸਾ ਵਿਚ ਆਏ ਸਮੁੰਦਰੀ ਵਾਵਰੋਲੇ ਦੇ ਬਹਾਨੇ ਨਵੀਨ ਪਟਨਾਇਕ ਦੇ ਕਰੀਬ ਜਾਣ ਦੀ ਪੂਰੀ ਕੋਸ਼ਿਸ਼ ਕੀਤੀ। ਪੱਛਮੀ ਬੰਗਾਲ ਵਿਚ ਮਮਤਾ ਬੈਨਰਜੀ ਦੇ ਵੀ ਨੇੜੇ ਹੋਣ ਦੀ ਕੋਸ਼ਿਸ਼ ਕੀਤੀ ਪਰ ਸਫ਼ਲਤਾ ਨਹੀਂ ਮਿਲੀ। ਗ਼ੌਰਤਲਬ ਹੈ ਕਿ 2019 ਦੀਆਂ ਚੋਣਾਂ ਭਾਜਪਾ ਨੇ ਨਹੀਂ ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਨੇ ਲੜੀਆਂ ਹਨ। ਛੇਵੇਂ ਗੇੜ ਦੇ ਅਖ਼ੀਰ ਤੱਕ ਦੇਸ਼ ਭਰ ’ਚ ਮੋਦੀ ਨੇ 110 ਤੇ ਰਾਹੁਲ ਗਾਂਧੀ ਨੇ 103 ਰੈਲੀਆਂ ਕੀਤੀਆਂ ਹਨ। ਸਖ਼ਤ ਮੁਕਾਬਲੇ ਵਿਚ ਫਸੇ ਭਾਜਪਾ ਉਮੀਦਵਾਰਾਂ ਨੇ ਆਖਣਾ ਸ਼ੁਰੂ ਕੀਤਾ ਹੋਇਆ ਹੈ ਕਿ ਵੋਟ ਉਮੀਦਵਾਰ ਨੂੰ ਨਹੀਂ ਮੋਦੀ ਨੂੰ ਪਾਓ। ਨਾਲ ਹੀ ਉਹ ਲੋਕਾਂ ਨੂੰ ਭਰਮਾਉਣ ਲਈ ਆਖਦੇ ਹਨ: ‘‘ਕੁਝ ਵੀ ਕਰ ਲਓ, ਆਵੇਗਾ ਤਾਂ ਮੋਦੀ ਹੀ।’’ ਪੰਜਵੇਂ ਗੇੜ ਤੋਂ ਐਨ ਪਹਿਲਾਂ ਭਾਜਪਾ ਨੇ ਆਪਣੀ ਚੋਣ ਰਣਨੀਤੀ ਵਿਚ ਤਬਦੀਲੀ ਕੀਤੀ। ਮੋਦੀ ਨੇ ਯੂਪੀ ਦੀ ਇਕ ਰੈਲੀ ਵਿਚ ਪੰਜਵੇਂ ਗੇੜ ਤੋਂ ਪਹਿਲਾਂ ਰਾਜੀਵ ਗਾਂਧੀ ਨੂੰ ਚੋਣ ਮੁੱਦਾ ਬਣਾਉਂਦਿਆਂ ਉਨ੍ਹਾਂ ਨੂੰ ਭ੍ਰਿਸ਼ਟਾਚਾਰੀ ਨੰਬਰ-1 ਆਖਿਆ। ਛੇਵੇਂ ਗੇੜ ਤੋਂ ਪਹਿਲਾਂ ਮੋਦੀ ਨੇ ਮਰਹੂਮ ਪ੍ਰਧਾਨ ਮੰਤਰੀ ਦੀ ਲਕਸ਼ਦੀਪ ਫੇਰੀ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਉਨ੍ਹਾਂ ਸਮੁੰਦਰੀ ਫ਼ੌਜ ਦੇ ਆਈਐਨਐਸ ਵਿਰਾਟ ਦਾ ਇਸਤੇਮਾਲ ਪ੍ਰਾਈਵੇਟ ਟੈਕਸੀ ਵਾਂਗ ਕੀਤਾ ਸੀ। ਭਾਜਪਾ ਦੀ ਇਸ ਬਦਲੀ ਰਣਨੀਤੀ ਦੇ ਦੋ ਕਾਰਨ ਜਾਪਦੇ ਹਨ। ਪੰਜਵੇਂ ਤੇ ਛੇਵੇਂ ਗੇੜ ’ਚ ਜਿਨ੍ਹਾਂ ਸੂਬਿਆਂ ਵਿਚ ਵੋਟਾਂ ਪਈਆਂ, ਉਨ੍ਹਾਂ ’ਚੋਂ ਕਈਆਂ ’ਚ ਕਾਂਗਰਸ ਤੇ ਭਾਜਪਾ ’ਚ ਸਿੱਧਾ ਮੁਕਾਬਲਾ ਹੈ। ਰਾਜਸਥਾਨ, ਮੱਧ ਪ੍ਰਦੇਸ਼ ਤੋਂ ਇਲਾਵਾ ਦਿੱਲੀ ਤੇ ਹਰਿਆਣਾ ਅਜਿਹੇ ਸੂਬੇ ਹਨ ਜਿਥੇ ਦੋਵੇਂ ਮੁੱਖ ਪਾਰਟੀਆਂ ਦੀ ਸਿੱਧੀ ਟੱਕਰ ਹੈ। ਪਹਿਲੇ ਚਾਰ ਗੇੜਾਂ ’ਚ ਮਹਾਰਾਸ਼ਟਰ ਵਿਚ ਭਾਜਪਾ-ਸ਼ਿਵ ਸੈਨਾ ਗੱਠਜੋੜ ਨੇ ਰਾਸ਼ਟਰਵਾਦ ਨੂੰ ਮੁੱਦਾ ਬਣਾਇਆ। ਕਾਂਗਰਸ-ਐਨਸੀਪੀ ਗੱਠਜੋੜ ਨੇ ਮਹਾਰਾਸ਼ਟਰ ਦੇ ਕਿਸਾਨ ਸੰਕਟ, ਸੋਕੇ ਤੇ ਕਈ ਇਲਾਕਿਆਂ ਵਿਚ ਪੀਣ ਵਾਲੇ ਪਾਣੀ ਦੀ ਕਮੀ ਦੇ ਮੁੱਦੇ ਉਭਾਰੇ ਜੋ ਭਾਜਪਾ ਦੇ ਰਾਸ਼ਟਰਵਾਦ ’ਤੇ ਹਾਵੀ ਰਹੇ। ਯੂਪੀ ’ਚ ਪਹਿਲੇ ਚਾਰ ਗੇੜ ਭਾਜਪਾ ਨੇ ਰਾਸ਼ਟਰਵਾਦ ਦੇ ਮੁੱਦੇ ’ਤੇ ਲੜੇ ਪਰ ਇਸ ਦਾ ਪਾਰਟੀ ਨੂੰ ਕੋਈ ਲਾਭ ਹੁੰਦਾ ਨਹੀਂ ਦਿਖਾਈ ਦਿੱਤਾ। ਇਸ ਕਾਰਨ ਪੰਜਵੇਂ ਗੇੜ ਵਿਚ ਮੋਦੀ ਨੇ ਰਾਜੀਵ ਗਾਂਧੀ ਨੂੰ ਮੁੱਦਾ ਬਣਾ ਧਰਿਆ। ਭਾਜਪਾ ਦੀ ਕੋਸ਼ਿਸ਼ ਹੈ ਕਿ ਕਾਂਗਰਸ ਦੀਆਂ ਸੀਟਾਂ 100 ਤੋਂ ਘੱਟ ਰਹਿ ਜਾਣ ਅਤੇ ਹੰਗ ਪਾਰਲੀਮੈਂਟ ਦੀ ਸੂਰਤ ਵਿਚ ਉਹ ਵਿਰੋਧੀ ਧਿਰ ਦੀ ਅਗਵਾਈ ਨਾ ਕਰ ਸਕੇ। ਫਿਰ ਭਾਜਪਾ ਨੂੰ ਜਾਪਿਆ ਕਿ ਜੇ ਯੂਪੀ ਤੇ ਮਹਾਰਾਸ਼ਟਰ ਵਿਚ ਰਾਸ਼ਟਰਵਾਦ ਦਾ ਤੀਰ ਨਹੀਂ ਚੱਲਿਆ ਤਾਂ ਬਾਕੀ ਗੇੜਾਂ ’ਚ ਕਾਂਗਰਸ ਨੂੰ ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਘੇਰਿਆ ਜਾਵੇ। ਰਾਜਸਥਾਨ ਵਿਚ ਬਾਲਾਕੋਟ ਤੇ ਰਾਸ਼ਟਵਾਦ ਦਾ ਮੁੱਦਾ ਅਸਰਦਾਰ ਰਿਹਾ, ਜਿਥੇ ਭਾਜਪਾ ਨੂੰ ਲੀਡ ਹਾਸਲ ਹੈ, ਪਰ ਕਾਂਗਰਸ ਉਸ ਤੋਂ ਕੁਝ ਸੀਟਾਂ ਜ਼ਰੂਰ ਖੋਹ ਲਵੇਗੀ। ਮੱਧ ਪ੍ਰਦੇਸ਼ ਵਿਚ ਭਾਜਪਾ ਨੇ ਰਾਸ਼ਟਰਵਾਦ ਦੇ ਨਾਲ ਕੱਟੜ ਹਿੰਦੂਤਵ ਦਾ ਵੀ ਸਹਾਰਾ ਲਿਆ। ਭੋਪਾਲ ਤੋਂ ਮਾਲੇਗਾਉਂ ਧਮਾਕਿਆਂ ਦੀ ਮੁਲਜ਼ਮ ਪ੍ਰੱਗਿਆ ਠਾਕੁਰ ਨੂੰ ਇਸੇ ਕਾਰਨ ਉਮੀਦਵਾਰ ਬਣਾਇਆ। ਮੱਧ ਪ੍ਰਦੇਸ਼ ਦੇ ਵਿੰਧਿਆ, ਚੰਬਲ ਤੇ ਮਹਾਕੌਸ਼ਲ ਇਲਾਕਿਆਂ ਵਿਚ ਹਿੰਦੂ ਵੋਟਾਂ ਦੀ ਜਾਤੀ ਆਧਾਰਿਤ ਵੰਡ ਤੋਂ ਭਾਜਪਾ ਪ੍ਰੇਸ਼ਾਨ ਸੀ। ਭਾਜਪਾ ਲਈ ਚਿੰਤਾ ਯੂਪੀ ਤੇ ਬਿਹਾਰ ਹੈ। ਇਨ੍ਹਾਂ ਦੋਵੇਂ ਸੂਬਿਆਂ ’ਚ ਵਿਰੋਧੀ ਮਜ਼ਬੂਤ ਹਨ। ਛੇ ਗੇੜਾਂ ਦੌਰਾਨ ਬਿਹਾਰ ਵਿਚ ਆਰਜੇਡੀ ਦੀ ਅਗਵਾਈ ਵਾਲੇ ਮਹਾਂਗੱਠਜੋੜ ਨੇ ਐਨਡੀਏ ਨੂੰ ਬਰਾਬਰ ਟੱਕਰ ਦਿੱਤੀ। ਯੂਪੀ ਵਿਚ ਤਾਂ ਭਾਜਪਾ ਕਾਫ਼ੀ ਪਛੜਦੀ ਨਜ਼ਰ ਆ ਰਹੀ ਹੈ। ਬਿਹਾਰ ਵਿਚ ਨਿਤੀਸ਼ ਕੁਮਾਰ ਕਾਰਨ ਭਾਜਪਾ ਅਗੜਾ-ਪਿਛੜਾ ਸਮੀਕਰਨ ਬਣਾਉਂਦੀ ਦਿੱਸ ਰਹੀ ਹੈ ਪਰ ਅਗੜਿਆਂ ਦੀ ਢਿੱਲ-ਮੱਠ ਨੇ ਭਾਜਪਾ ਨੂੰ ਹੌਲ ਪਾਏ ਹੋਏ ਹਨ। ਉੱਤਰ ਪ੍ਰਦੇਸ਼ ’ਚ 2014 ਵਿਚ ਭਾਜਪਾ ਗੱਠਜੋੜ ਨੂੰ 80 ’ਚੋਂ 73 ਸੀਟਾਂ ਮਿਲੀਆਂ ਸਨ। ਭਾਜਪਾ ਨੂੰ ਉਮੀਦ ਸੀ ਕਿ ਬਸਪਾ ਤੇ ਸਪਾ ਦੀਆਂ ਵੋਟਾਂ ਇਕ-ਦੂਜੇ ਨੂੰ ਤਬਦੀਲ ਨਹੀਂ ਹੋਣਗੀਆਂ, ਕਿਉਂਕਿ ਵੀਹ ਸਾਲਾਂ ਤੋਂ ਮਾਇਆਵਤੀ ਤੇ ਮੁਲਾਇਮ ਸਿੰਘ ਯਾਦਵ ਦੇ ਦਲਿਤ ਤੇ ਯਾਦਵ ਕੇਡਰਾਂ ਦਰਮਿਆਨ ਕਾਫ਼ੀ ਤਣਾਅ ਰਿਹਾ ਹੈ। ਪਰ ਭਾਜਪਾ ਦਾ ਇਹ ਅੰਦਾਜ਼ਾ ਜ਼ਮੀਨੀ ਪੱਧਰ ’ਤੇ ਗ਼ਲਤ ਸਾਬਤ ਹੋਇਆ। ਪਹਿਲੇ ਛੇ ਦੇ ਛੇ ਗੇੜਾਂ ਦੌਰਾਨ ਦਲਿਤਾਂ ਤੇ ਯਾਦਵਾਂ ਨੇ ਵਧੀਆ ਤਾਲਮੇਲ ਦਿਖਾਇਆ ਤੇ ਬਸਪਾ-ਸਪਾ ਉਮੀਦਵਾਰਾਂ ਨੂੰ ਡਟ ਕੇ ਵੋਟਾਂ ਪਾਈਆਂ, ਜਿਨ੍ਹਾਂ ਦਾ ਮੁਸਲਿਮ ਵੋਟਰਾਂ ਨੇ ਵੀ ਸਾਥ ਦਿੱਤਾ। ਕਾਂਗਰਸ ਨੇ ਯੂਪੀ ’ਚ ਵੱਡੀ ਗਿਣਤੀ ਸਵਰਨ ਉਮੀਦਵਾਰ ਖੜ੍ਹੇ ਕਰ ਕੇ ਭਾਜਪਾ ਨੂੰ ਹੋਰ ਪ੍ਰੇਸ਼ਾਨ ਕੀਤਾ, ਕਿਉਂਕਿ ਕਾਂਗਰਸ ਦੇ ਅਗੜੇ ਉਮੀਦਵਾਰਾਂ ਨੇ ਭਾਜਪਾ ਦੇ ਵੋਟ ਬੈਂਕ ਵਿਚ ਸੰਨ੍ਹ ਲਾਉਣ ਦੀ ਕੋਸ਼ਿਸ਼ ਕੀਤੀ। ਦੱਸਿਆ ਜਾਂਦਾ ਹੈ ਕਿ ਕਾਂਗਰਸ ਦੇ ਇਸ ਪੈਂਤੜੇ ਤੋਂ ਹੀ ਖ਼ਫ਼ਾ ਹੋ ਕੇ ਮੋਦੀ ਨੇ ਪੰਜਵੇਂ ਗੇੜ ਤੋਂ ਐਨ ਪਹਿਲਾਂ ਰਾਜੀਵ ਗਾਂਧੀ ਨੂੰ ਭ੍ਰਿਸ਼ਟਾਚਾਰੀ ਨੰਬਰ-1 ਕਰਾਰ ਦਿੱਤਾ। ਭਾਜਪਾ ਦੇ ਦੋ ਵੱਡੇ ਆਗੂਆਂ ਨੇ ਪਾਰਟੀ ਦੀ ਪ੍ਰੇਸ਼ਾਨੀ ਵਧਾਈ ਹੈ। ਆਰਐਸਐਸ ਦੇ ਕਰੀਬੀ ਰਾਮ ਮਾਧਵ ਅਤੇ ਸੁਬਰਾਮਨੀਅਮ ਸਵਾਮੀ ਨੇ ਹੰਗ ਪਾਰਲੀਮੈਂਟ ਦਾ ਖ਼ਦਸ਼ਾ ਜ਼ਾਹਰ ਕੀਤਾ। ਦੋਵੇਂ ਨੇ ਸੰਕੇਤ ਦਿੱਤੇ ਕਿ ਭਾਜਪਾ ਨੂੰ ਸ਼ਾਇਦ ਬਹੁਮਤ ਨਾ ਮਿਲੇ। ਇਨ੍ਹਾਂ ਦੋਵਾਂ ਦੇ ਬਿਆਨਾਂ ਤੋਂ ਪੰਜਵੇਂ ਤੇ ਛੇਵੇਂ ਗੇੜ ਦੀਆਂ ਚੋਣਾਂ ਦਿਲਚਸਪ ਹੋ ਗਈਆਂ। ਸਵਾਮੀ ਨੇ ਕਿਹਾ ਕਿ 220 ਤੋਂ 230 ਸੀਟਾਂ ਮਿਲਣ ਦੀ ਸੂਰਤ ਵਿਚ ਮੋਦੀ ਪ੍ਰਧਾਨ ਮੰਤਰੀ ਨਹੀਂ ਬਣ ਸਕਣਗੇ। ਰਾਮ ਮਾਧਵ ਨੇ ਮੰਨਿਆ ਕਿ ਭਾਜਪਾ ਨੂੰ ਪੂਰਨ ਬਹੁਮਤ ਮਿਲਣ ਦੇ ਆਸਾਰ ਘੱਟ ਹਨ ਤੇ ਸਰਕਾਰ ਬਣਾਉਣ ਲਈ ਸਹਿਯੋਗੀ ਦਲਾਂ ਦੀ ਲੋੜ ਪਵੇਗੀ। ਪੰਜਵੇਂ ਤੇ ਛੇਵੇਂ ਗੇੜ ਤੋਂ ਬਾਅਦ ਭਾਜਪਾ ਦੇ ਕਈ ਦੂਜੇ ਆਗੂ ਵੀ ਹੰਗ ਪਾਰਲੀਮੈਂਟ ਦੀ ਗੱਲ ਕਰਨ ਲੱਗੇ। ਇਕ ਇੰਟਰਵਿਊ ਵਿਚ ਨਰਿੰਦਰ ਮੋਦੀ ਵੱਲੋਂ ਮਮਤਾ ਬੈਨਰਜੀ ਪ੍ਰਤੀ ਨਰਮ ਭਾਸ਼ਾ ਦਾ ਇਸਤੇਮਾਲ ਕੀਤੇ ਜਾਣ ਤੋਂ ਹੀ ਹੰਗ ਪਾਰਲੀਮੈਂਟ ਦੀ ਸੰਭਾਵਨਾ ਮਜ਼ਬੂਤ ਹੋਈ ਹੈ। ਚੌਥੇ ਗੇੜ ਤੋਂ ਪਹਿਲਾਂ ਫਿਲਮ ਸਟਾਰ ਅਕਸ਼ੇ ਕੁਮਾਰ ਨੂੰ ਦਿੱਤੀ ਇੰਟਰਵਿਊ ਵਿਚ ਮੋਦੀ ਨੇ ਮਮਤਾ ਦੀ ਤਾਰੀਫ਼ ਕਰਦਿਆਂ ਕਿਹਾ ਕਿ ਮਮਤਾ ਉਨ੍ਹਾਂ ਨੂੰ ਕੁੜਤਾ ਤੇ ਮਠਿਆਈ ਭੇਜਦੀ ਹੈ। ਇਸ ਤੋਂ ਅਗਲੇ ਗੇੜਾਂ ਵਿਚ ਵਿਰੋਧੀ ਦਲ ਹੋਰ ਮਜ਼ਬੂਤੀ ਨਾਲ ਲੜੇ, ਕਿਉਂਕਿ ਚਰਚਾ ਸ਼ੁਰੂ ਹੋ ਚੁੱਕੀ ਸੀ ਕਿ ਮੋਦੀ ਬਹੁਮਤ ਤੋਂ ਦੂਰ ਹੋਣ ਕਾਰਨ ਹੀ ਮਮਤਾ ਨਾਲ ਕਰੀਬੀ ਵਧਾ ਰਿਹਾ ਹੈ। ਮਮਤਾ ਕਿਉਂਕਿ ਅਟਲ ਬਿਹਾਰੀ ਵਾਜਪਾਈ ਸਰਕਾਰ ਵਿਚ ਸ਼ਾਮਲ ਸੀ ਤੇ ਭਾਜਪਾ ਨੂੰ ਉਸ ਤੋਂ ਹੁਣ ਵੀ ਉਮੀਦਾਂ ਹਨ। ਭਾਜਪਾ ਨੇ ਬੀਤੇ ਸਾਲ ਜਿਨ੍ਹਾਂ ਤਿੰਨ ਸੂਬਿਆਂ ਛੱਤੀਸਗੜ੍ਹ, ਰਾਜਸਥਾਨ ਤੇ ਮੱਧ ਪ੍ਰਦੇਸ਼ ਵਿਚ ਸੱਤਾ ਗਵਾਈ, ਉਥੇ ਲੋਕ ਸਭਾ ਚੋਣ ਪੂਰੀ ਤਰ੍ਹਾਂ ਰਾਸ਼ਟਰਵਾਦ, ਹਿੰਦੂਵਾਦ ਤੇ ਬਾਲਾਕੋਟ ਹਵਾਈ ਹਮਲੇ ਦੇ ਮੁੱਦੇ ’ਤੇ ਲੜੀ। ਛੱਤੀਸਗੜ੍ਹ ਵਿਚ ਕਾਂਗਰਸ ਨੇ ਇਸ ਸਬੰਧੀ ਭਾਜਪਾ ਦੀ ਚੱਲਣ ਨਹੀਂ ਦਿੱਤੀ, ਪਰ ਰਾਜਸਥਾਨ ਤੇ ਮੱਧ ਪ੍ਰਦੇਸ਼ ਵਿਚ ਇਹ ਪੱਤਾ ਚੱਲ ਗਿਆ। ਇਨ੍ਹਾਂ ਦੋਵਾਂ ਸੂਬਿਆਂ ਵਿਚ ਕਾਂਗਰਸੀ ਸਰਕਾਰਾਂ ਹੋਣ ਦੇ ਬਾਵਜੂਦ ਭਾਜਪਾ ਅੱਗੇ ਹੈ, ਪਰ ਛੱਤੀਸਗੜ੍ਹ ਵਿਚ ਕਾਂਗਰਸ ਦੀ ਲੀਡ ਦਿਖਾਈ ਦੇ ਰਹੀ ਹੈ। ਦਿੱਲੀ ਤੋਂ ਵੀ ਭਾਜਪਾ ਨੂੰ ਉਮੀਦਾਂ ਹਨ ਕਿ ਕਾਂਗਰਸ ਤੇ ‘ਆਪ’ ਦਰਮਿਆਨ ਵੋਟਾਂ ਵੰਡੇ ਜਾਣ ਦਾ ਉਸ ਨੂੰ ਫ਼ਾਇਦਾ ਹੋਵੇਗਾ। ਹਰਿਆਣਾ ਵਿਚ ਕਾਂਗਰਸ ਤੇ ਭਾਜਪਾ ਦੀ ਚੰਗੀ ਟੱਕਰ ਹੋਈ ਹੈ। ਪਹਿਲੇ ਛੇ ਗੇੜਾਂ ਦੌਰਾਨ ਮੀਡੀਆ ਦੀ ਭੂਮਿਕਾ ਪੱਖਪਾਤੀ ਰਹੀ। ਟੀਵੀ ਚੈਨਲਾਂ ’ਤੇ ਮੋਦੀ-ਮੋਦੀ ਹੀ ਹੋ ਰਹੀ ਹੈ। ਮੋਦੀ ਨੇ ਵਾਰਾਣਸੀ ਵਿਚ ਆਪਣੇ ਕਾਗਜ਼ ਭਰਨ ਤੋਂ ਪਹਿਲਾਂ ਰੋਡ ਸ਼ੋਅ ਕੱਢਿਆ ਜਿਸ ਨੂੰ ਟੀਵੀ ਚੈਨਲਾਂ ਨੇ ਸਾਢੇ ਤਿੰਨ ਘੰਟੇ ਸਿੱਧਾ ਨਸ਼ਰ ਕੀਤਾ। ਵਿਰੋਧੀ ਪਾਰਟੀਆਂ ਨੂੰ ਮੀਡੀਆ ਨੇ ਬਣਦੀ ਥਾਂ ਨਹੀਂ ਦਿੱਤੀ। ਬ੍ਰਾਡਕਾਸਟ ਆਡੀਐਂਸ ਰਿਸਰਚ ਕੌਂਸਲ ਮੁਤਾਬਕ ਪਹਿਲੀ ਤੋਂ 28 ਅਪਰੈਲ ਤੱਕ ਕਰੀਬ ਇਕ ਮਹੀਨੇ ਦੌਰਾਨ ਵੱਖ ਵੱਖ ਟੀਵੀ ਚੈਨਲਾਂ ਨੇ ਮੋਦੀ ਨੂੰ 722 ਘੰਟੇ ਦਿਖਾਇਆ। ਇਸ ਦੌਰਾਨ ਰਾਹੁਲ ਗਾਂਧੀ ਨੂੰ 251 ਘੰਟੇ, ਅਮਿਤ ਸ਼ਾਹ ਨੂੰ 123 ਘੰਟੇ ਤੇ ਮਾਇਆਵਤੀ ਨੂੰ 84 ਘੰਟੇ ਦਿਖਾਇਆ ਗਿਆ। ਇਸ ਅਰਸੇ ਦੌਰਾਨ ਮੋਦੀ ਨੇ ਦੇਸ਼ ਭਰ ’ਚ 64 ਤੇ ਰਾਹੁਲ ਨੇ 65 ਰੈਲੀਆਂ ਕੀਤੀਆਂ। ਚੋਣਾਂ ਦੌਰਾਨ ਵੀ ਮੀਡੀਆ ’ਤੇ ਹਾਕਮ ਧਿਰ ਦਾ ਦਬਾਅ ਸਾਫ਼ ਦਿਖਾਈ ਦੇ ਰਿਹਾ ਹੈ। ਹਾਂ, ਚੌਥੇ, ਪੰਜਵੇਂ ਤੇ ਛੇਵੇਂ ਗੇੜ ਦੌਰਾਨ ਮੀਡੀਆ ਦਾ ਰੁਖ਼ ਰਤਾ ਕੁ ਬਦਲਿਆ। ਭਾਜਪਾ ਨੂੰ ਦੇਸ਼ ਭਰ ਵਿਚ ਸਖ਼ਤ ਮੁਕਾਬਲਾ ਮਿਲਣ ਦੀਆਂ ਰਿਪੋਰਟਾਂ ਤੋਂ ਬਾਅਦ ਕਈ ਟੀਵੀ ਚੈਨਲਾਂ ਨੇ ਰਾਹੁਲ ਦੇ ਇੰਟਰਵਿਊ ਦਿਖਾਏ। ਇਸ ਦੌਰਾਨ ਚੋਣ ਕਮਿਸ਼ਨ ਦੀ ਭੂਮਿਕਾ ਵੀ ਸਵਾਲਾਂ ਵਿਚ ਰਹੀ। ਵਿਰੋਧੀ ਧਿਰ ਇਸ ਮੁੱਦੇ ਉਤੇ ਸੁਪਰੀਮ ਕੋਰਟ ਤੱਕ ਗਈ। ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ਾਂ ਤੋਂ ਮੋਦੀ ਨੂੰ ਕਲੀਨ ਚਿੱਟ ਦੇਣ ’ਤੇ ਚੋਣ ਕਮਿਸ਼ਨ ਵਿਰੋਧੀ ਧਿਰ ਦੇ ਨਿਸ਼ਾਨੇ ’ਤੇ ਆ ਗਿਆ। ਪੱਛਮੀ ਬੰਗਾਲ ਵਿਚ ਤਾਂ ਚੋਣ ਕਮਿਸ਼ਨ ਬਿਲਕੁਲ ਨਾਕਾਮ ਰਿਹਾ ਹੈ, ਜਿਥੇ ਕਮਿਸ਼ਨ ਚੋਣਾਂ ਦੌਰਾਨ ਹਿੰਸਾ ਨਹੀਂ ਰੋਕ ਸਕਿਆ। ਹਰੇਕ ਗੇੜ ਪਿੱਛੋਂ ਵਿਰੋਧੀ ਧਿਰ ਨੇ ਦੋਸ਼ ਲਾਏ ਕਿ ਈਵੀਐਮ ਨਾਲ ਛੇੜਖ਼ਾਨੀ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਇਸ ਮੁੱਦੇ ’ਤੇ ਵੀ ਕਮਿਸ਼ਨ ਦੇ ਕੰਮ-ਢੰਗ ਉਤੇ ਲਗਾਤਾਰ ਸਵਾਲ ਉਠ ਰਹੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਗਲਵਾਨ ਵਾਦੀ ’ਚੋਂ ਚੀਨੀ ਫ਼ੌਜ ਪਿੱਛੇ ਹਟੀ

ਗਲਵਾਨ ਵਾਦੀ ’ਚੋਂ ਚੀਨੀ ਫ਼ੌਜ ਪਿੱਛੇ ਹਟੀ

* ਆਪਸੀ ਸਮਝ ਦੇ ਆਧਾਰ ’ਤੇ ਭਾਰਤ ਵੀ ਫੌਜੀ ਨਫ਼ਰੀ ਕਰੇਗਾ ਘੱਟ * ਚੀਨੀ...

ਮੁਅੱਤਲ ਡੀਐੱਸਪੀ ਤੇ ਪੰਜ ਹੋਰਨਾਂ ਖ਼ਿਲਾਫ਼ ਦੋਸ਼ਪੱਤਰ ਦਾਖ਼ਲ

ਮੁਅੱਤਲ ਡੀਐੱਸਪੀ ਤੇ ਪੰਜ ਹੋਰਨਾਂ ਖ਼ਿਲਾਫ਼ ਦੋਸ਼ਪੱਤਰ ਦਾਖ਼ਲ

* ਚਾਰਜਸ਼ੀਟ ਵਿਚ ਪਾਕਿਸਤਾਨ ਹਾਈ ਕਮਿਸ਼ਨ ਦਾ ਵੀ ਜ਼ਿਕਰ

ਫ਼ੀਸ ਮਾਮਲਾ: ਪ੍ਰਾਈਵੇਟ ਸਕੂਲਾਂ ਖ਼ਿਲਾਫ਼ ਹਾਈ ਕੋਰਟ ਪੁੱਜੇ ਮਾਪੇ

ਫ਼ੀਸ ਮਾਮਲਾ: ਪ੍ਰਾਈਵੇਟ ਸਕੂਲਾਂ ਖ਼ਿਲਾਫ਼ ਹਾਈ ਕੋਰਟ ਪੁੱਜੇ ਮਾਪੇ

* ਸਿੰਗਲ ਬੈਂਚ ਦੇ ਫ਼ੈਸਲੇ ਤੋਂ ਸਨ ਅਸੰਤੁਸ਼ਟ * ਅਦਾਲਤ ਨੇ ਸੁਣਵਾਈ 13 ...

ਪੰਜਾਬ ’ਚ ਅੱਜ ਤੋਂ ਈ-ਰਜਿਸਟ੍ਰੇਸ਼ਨ ਬਿਨਾਂ ‘ਨੋ ਐਂਟਰੀ’

ਪੰਜਾਬ ’ਚ ਅੱਜ ਤੋਂ ਈ-ਰਜਿਸਟ੍ਰੇਸ਼ਨ ਬਿਨਾਂ ‘ਨੋ ਐਂਟਰੀ’

* ਅੱਧੀ ਰਾਤ ਤੋਂ ਅਮਲ ਵਿੱਚ ਆਏ ਹੁਕਮ

ਸ਼ਹਿਰ

View All