ਚੇਤਿਆਂ ਵਿੱਚ ਵਸਦਾ ਤਲਵਿੰਦਰ

ਸੁਮੀਤ ਸਿੰਘ

ਪੰਜਾਬੀ ਸਾਹਿਤ ਜਗਤ ਦੇ ਉੱਘੇ ਕਹਾਣੀਕਾਰ ਅਤੇ ਜਥੇਬੰਦਕ ਆਗੂ ਤਲਵਿੰਦਰ ਸਿੰਘ ਅਤੇ ਉਸ ਦੀ ਪਤਨੀ 11-12 ਨਵੰਬਰ 2013 ਨੂੰ ਇਕ ਸੜਕ ਹਾਦਸੇ ਵਿਚ ਸਾਨੂੰ ਸਦੀਵੀ ਵਿਛੋੜਾ ਦੇ ਗਏ ਸਨ। 14 ਫਰਵਰੀ 1955 ਨੂੰ ਦੇਹਰਾਦੂਨ ਵਿੱਚ ਜਨਮੇ ਤਲਵਿੰਦਰ ਦਾ ਬਚਪਨ ਬਟਾਲੇ ਵਿਖੇ ਗੁਜ਼ਰਿਆ। ਉਸ ਨੇ ਐਮ.ਏ. (ਅਰਥ ਸ਼ਾਸਤਰ) ਅਤੇ ਐਮ.ਏ.(ਪੰਜਾਬੀ) ਦੀ ਪੜ੍ਹਾਈ ਅੰਮ੍ਰਿਤਸਰ ਵਿਖੇ ਕੀਤੀ। ਕਾਲਜ ਪੜ੍ਹਦੇ ਸਮੇਂ ਉਸ ਉਤੇ ਉਦੋਂ ਜ਼ੋਰਾਂ ’ਤੇ ਚੱਲ ਰਹੀ ਪ੍ਰਗਤੀਵਾਦੀ ਲਹਿਰ ਦਾ ਡੂੰਘਾ ਅਸਰ ਹੋਇਆ ਅਤੇ ਉਹ ਕਈ ਸਾਲ ਖੱਬੇਪੱਖੀ ਲਹਿਰ ਨਾਲ ਜੁੜਿਆ ਰਿਹਾ। ਅੱਠਵੀਂ ਜਮਾਤ ਵਿੱਚ ਪੜ੍ਹਦਿਆਂ ਹੀ ਉਸ ਨੂੰ ਵੱਖ-ਵੱਖ ਲੇਖਕਾਂ ਦੀਆਂ ਕਿਤਾਬਾਂ ਪੜ੍ਹਨ ਦੀ ਚੇਟਕ ਲੱਗ ਗਈ ਸੀ। ਦਸਵੀਂ ਜਮਾਤ ਵਿੱਚ ਪੈਰ ਰੱਖਦਿਆਂ ਉਸ ਨੇ ਕਹਾਣੀ ਦੇ ਰੂਪ ਵਿੱਚ ਆਪਣੀ ਸਭ ਤੋਂ ਪਹਿਲੀ ਰਚਨਾ ਲਿਖੀ ਅਤੇ ਬੀ.ਏ. ਦੇ ਪਹਿਲੇ ਸਾਲ ਵਿੱਚ ਕਾਲਜ ਮੈਗਜ਼ੀਨ ‘ਦੀਪ ਸ਼ਿਖਾ’ ਵਿੱਚ ਉਸ ਦੀ ਇਕ ਕਵਿਤਾ ਵੀ ਛਪੀ ਸੀ। ਅਗਲੇ ਸਾਲ ਉਹ ਇਸ ਮੈਗਜ਼ੀਨ ਦਾ ਵਿਦਿਆਰਥੀ ਸੰਪਾਦਕ ਬਣਾ ਦਿੱਤਾ ਗਿਆ। ਉਸ ਨੇ ਉੱਘੇ ਬੁੱਧੀਜੀਵੀ ਲੇਖਕਾਂ ਨਾਨਕ ਸਿੰਘ, ਸੰਤੋਖ ਸਿੰਘ ਧੀਰ, ਪ੍ਰਿੰ. ਸੁਜਾਨ ਸਿੰਘ, ਰਾਜਿੰਦਰ ਸਿੰਘ ਬੇਦੀ, ਸੰਤ ਸਿੰਘ ਸੇਖੋਂ, ਜਸਵੰਤ ਸਿੰਘ ਕੰਵਲ, ਸੋਹਣ ਸਿੰਘ ਸੀਤਲ, ਅੰਮ੍ਰਿਤਾ ਪ੍ਰੀਤਮ, ਪ੍ਰੇਮ ਪ੍ਰਕਾਸ਼, ਰਘਬੀਰ ਢੰਡ ਅਤੇ ਵਰਿਆਮ ਸੰਧੂ ਆਦਿ ਨੂੰ ਬੜੀ ਬਾਰੀਕੀ ਨਾਲ ਪੜ੍ਹਿਆ ਅਤੇ  ਉਨ੍ਹਾਂ ਦੀਆਂ ਲਿਖਤਾਂ ਅਤੇ ਲਿਖਣ ਸ਼ੈਲੀ ਨੇ ਉਸ ਨੂੰ ਬਹੁਤ ਪ੍ਰਭਾਵਿਤ ਕੀਤਾ। ਅਜਿਹੇ ਉਚਕੋਟੀ ਦੇ ਨਾਵਲਕਾਰਾਂ ਅਤੇ ਕਹਾਣੀਕਾਰਾਂ ਨੂੰ ਪੜ੍ਹਨ ਤੋਂ ਬਾਅਦ ਉਸ ਨੇ ਮਹਿਸੂਸ ਕੀਤਾ ਕਿ ਉਸ ਦੇ ਮਨ ਮਸਤਕ ਅੰਦਰ ਵੀ ਕੋਈ ਲੇਖਕ ਉਸਲਵੱਟੇ ਲੈ ਰਿਹਾ ਸੀ ਅਤੇ ਉਸ ਨੇ ਆਪਣੇ ਅੰਦਰਲੇ ਲੇਖਕ ਨੂੰ ਕਲਮ ਅਤੇ ਸ਼ਬਦਾਂ ਦੇ ਰੂਬਰੂ ਕਰਨ ਦੀ ਠਾਣ ਲਈ। ਥੋੜ੍ਹੇ ਹੀ ਸਮੇਂ ਬਾਅਦ ਉਸ ਦੀਆਂ ਕਹਾਣੀਆਂ ਵੱਖ-ਵੱਖ ਸਾਹਿਤਕ ਰਸਾਲਿਆਂ ਵਿੱਚ ਛਪਣ ਲੱਗ ਪਈਆਂ ਅਤੇ ਸਥਾਪਤ ਕਹਾਣੀਕਾਰਾਂ ਵੱਲੋਂ ਉਸ ਦਾ ਨੋਟਿਸ ਲਿਆ ਜਾਣ ਲੱਗ ਪਿਆ। ਭਾਅ ਜੀ ਗੁਰਸ਼ਰਨ ਸਿੰਘ ਅਤੇ ਸਰਦਾਰ ਪੰਛੀ ਵੱਲੋਂ ਤਾਂ ਉਸ ਦੀ ਕਹਾਣੀ ‘ਵਾਰਿਸ’ ਉੱਤੇ ਫਿਲਮ ਬਣਾਉਣ ਦੀ ਪੇਸ਼ਕਸ਼ ਵੀ ਕੀਤੀ ਗਈ ਸੀ। ਤਲਵਿੰਦਰ ਸਿੰਘ ਲਈ ਇਹ ਸਭ ਤੋਂ ਵੱਧ ਸੰਤੁਸ਼ਟੀ ਦੇ ਪਲ ਸਨ ਪਰ ਸਾਹਿਤਕ ਸਫ਼ਰ ਵਿੱਚ ਇਹ ਉਸ ਦੀ ਅਜੇ ਸ਼ੁਰੂਆਤ ਸੀ। ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਤਲਵਿੰਦਰ ਸਿੰਘ ਨੇ ਲਗਾਤਾਰ ਕਈ ਸਾਲ ਸਾਹਿਤਕ ਘਾਲਣਾ ਕਰਕੇ ਪੰਜਾਬੀ ਸਾਹਿਤ ਜਗਤ ਵਿੱਚ ਪੰਜ ਕਹਾਣੀ ਸੰਗ੍ਰਹਿ ‘ਇਸ ਵਾਰ’, ‘ਰਾਤ ਚਾਨਣੀ’, ‘ਵਿਚਲੀ ਔਰਤ’, ‘ਕਾਲ ਚੱਕਰ’ ਅਤੇ ‘ਨਾਇਕ ਦੀ ਮੌਤ’ ਤੋਂ ਇਲਾਵਾ ਦੋ ਨਾਵਲਾਂ ‘ਲੋਅ ਹੋਣ ਤੱਕ’ ਅਤੇ ‘ਯੋਧੇ’ ਦਾ ਯੋਗਦਾਨ ਪਾਇਆ। ਉਸ ਨੇ ਆਪਣੀਆਂ ਸਾਹਿਤਕ ਲਿਖਤਾਂ ਵਿੱਚ ਸਮਾਜ ਅਤੇ ਮਨੁੱਖ ਦੇ ਸਮਾਜਿਕ ਤੇ ਆਰਥਿਕ ਸਰੋਕਾਰਾਂ ਅਤੇ ਤਲਖ਼ ਹਕੀਕਤਾਂ ਨੂੰ ਪੂਰੀ ਸੱਚਾਈ ਅਤੇ ਸਪੱਸ਼ਟਤਾ ਨਾਲ ਪੇਸ਼ ਕੀਤਾ ਅਤੇ ਖਾਸ ਕਰਕੇ ਔਰਤ ਮਰਦ ਦੇ ਬਦਲਦੇ ਸਬੰਧਾਂ ਤੇ ਰਿਸ਼ਤਿਆਂ ਵਿਚਲੇ ਬਾਰੀਕ ਅਹਿਸਾਸਾਂ ਨੂੰ ਬਾਖ਼ੂਬੀ ਉਜਾਗਰ ਕੀਤਾ। ਉਸ ਨੇ ਸਾਹਿਤ ਦੇ ਜ਼ਰੀਏ ਸਮਾਜ ਦੀ ਨਬਜ਼ ਉੱਤੇ ਹੱਥ ਰੱਖਿਆ ਅਤੇ ਪਾਠਕਾਂ ਨੂੰ ਸੰਵੇਦਨਸ਼ੀਲ ਤੇ ਸੰਘਰਸ਼ਸ਼ੀਲ ਹੋਣ ਲਈ ਪ੍ਰੇਰਿਤ ਕੀਤਾ। ਉਸ ਦਾ ਸਪੱਸ਼ਟ ਵਿਚਾਰ ਸੀ ਕਿ ਸਾਹਿਤ ਉਪਦੇਸ਼ ਨਹੀਂ ਦਿੰਦਾ ਬਲਕਿ ਇਹ ਸਮਾਜ ਅਤੇ ਮਨ ਨਾਲ ਇਕਜੁੱਟ ਹੋ ਕੇ ਲੋਕ-ਪੱਖੀ ਅਤੇ ਇਨਕਲਾਬੀ ਸਮਾਜਿਕ ਤਬਦੀਲੀ ਲਈ ਮਨੁੱਖ ਦੀ ਸੋਚ ਨੂੰ ਝੰਜੋੜਦਾ ਹੈ। ਤਲਵਿੰਦਰ ਨਕਸਲਵਾਦੀ ਲਹਿਰ ਤੋਂ ਕਾਫੀ ਪ੍ਰਭਾਵਿਤ ਸੀ। ਇਹੀ ਵਜ੍ਹਾ ਸੀ ਕਿ ਉਸ ਦੀਆਂ ਕਈ ਕਹਾਣੀਆਂ ਵਿੱਚ ਪ੍ਰਗਤੀਵਾਦੀ ਸੋਚ ਭਾਰੂ ਰਹੀ ਹੈ। ਭਾਰਤ-ਪਾਕਿ ਦੇ ਦੋਵਾਂ ਪੰਜਾਬਾਂ ਵਿੱਚ ਸਾਹਿਤਕ ਤੇ ਸਭਿਆਚਾਰਕ ਸਾਂਝ ਵਧਾਉਣ ਲਈ ਉਸ ਨੇ ਆਪਣੇ ਸ਼ਾਇਰ ਮਿੱਤਰ ਪਾਲ ਸਿੰਘ ਵੱਲ੍ਹਾ ਦੇ ਸਹਿਯੋਗ ਨਾਲ ਸ਼ਾਹਮੁਖੀ ਤੋਂ ਗੁਰਮੁਖੀ ਅਤੇ ਗੁਰਮੁਖੀ ਤੋਂ ਸ਼ਾਹਮੁਖੀ ਸਿੱਖਣ ਲਈ ਕਿਤਾਬਚੇ ਤਿਆਰ ਕੀਤੇ ਅਤੇ ਦੋਵਾਂ ਪੰਜਾਬਾਂ ਦੇ ਲੇਖਕਾਂ ਦੀਆਂ ਅਦਬੀ ਰਚਨਾਵਾਂ ਲਿਪੀਅੰਤਰ ਕਰਕੇ ਦੋਵੇਂ ਪਾਸੇ ਪ੍ਰਕਾਸ਼ਿਤ ਕਰਨ ਦਾ ਵੱਡਮੁੱਲਾ ਕਾਰਜ ਕੀਤਾ। ਇਸ ਤੋਂ ਇਲਾਵਾ ਉਸ ਨੇ ਦੋਵਾਂ ਪੰਜਾਬਾਂ ਦੇ ਲੇਖਕਾਂ ਦੇ ਆਪਸੀ ਸਾਹਿਤਕ ਮੇਲ-ਮਿਲਾਪ ਅਤੇ ਨਿੱਘੇ ਸਬੰਧ ਸਥਾਪਤ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਈ। ਤਲਵਿੰਦਰ ਸਿੰਘ ਇਕ ਨਾਮਵਰ ਤੇ ਸਮਰੱਥ ਕਹਾਣੀਕਾਰ ਹੋਣ ਦੇ ਨਾਲ-ਨਾਲ ਸਮਰਪਿਤ ਅਤੇ ਸੁਹਿਰਦ ਜਥੇਬੰਦਕ ਆਗੂ ਵੀ ਸੀ। ਉਸ ਨੇ ਕੇਂਦਰੀ ਪੰਜਾਬੀ ਲੇਖਕ ਸਭਾ ਵਿੱਚ ਪਿਛਲੇ ਦੋ ਦਹਾਕਿਆਂ ਤੋਂ ਵੱਖ-ਵੱਖ ਅਹੁਦਿਆਂ ’ਤੇ ਰਹਿ ਕੇ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਈ। ਮੌਤ ਤੋਂ ਕੁਝ ਹਫਤੇ ਪਹਿਲਾਂ ਉਹ ਆਪਣੀਆਂ ਹੁਣ ਤਕ ਦੀਆਂ ਲਿਖੀਆਂ ਕਹਾਣੀਆਂ ਨੂੰ ‘ਏਨੀ ਮੇਰੀ ਬਾਤ’ ਦੇ ਸਿਰਲੇਖ ਹੇਠ ਇਕੱਠਾ ਕਰਕੇ ਇਕ ਜਿਲਦ ਹੇਠ ਮੁੜ ਪ੍ਰਕਾਸ਼ਿਤ ਕਰਨ ਦੀ ਸੋਚ ਰਿਹਾ ਸੀ ਪਰ ਇਕ ਗੰਭੀਰ ਸੜਕ ਹਾਦਸੇ ਨੇ ਉਸ ਨੂੰ ਹਮੇਸ਼ਾ ਲਈ ਮੌਤ ਦੀ ਨੀਂਦ ਸੁਲਾ ਦਿੱਤਾ।

ਮੋਬਾਈਲ: 97792-30173

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਛੇਤੀ ਜਾਰੀ ਹੋਵੇਗਾ ਇਸ਼ਤਿਹਾਰ ਤੇ ਮੰਗੀਆਂ ਜਾਣਗੀਆਂ ਆਨਲਾਈਨ ਅਰਜ਼ੀਆਂ

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਲੁਧਿਆਣਾ ਤੋਂ ਆਏ ਸਪਲਾਇਰ ਕਾਰ ਸਣੇ ਸਿਟੀ ਪੁਲੀਸ ਵੱਲੋਂ ਕਾਬੂ

ਸ਼ਹਿਰ

View All