ਚਿੱਤਰਾਂ ਨਾਲ ਸੰਵਾਦ ਰਚਾਉਂਦੀ ਅੰਮ੍ਰਿਤਾ

ਸਤਨਾਮ ਸਾਦਿਕ

ਅੰਮ੍ਰਿਤਾ।

ਅੰਮ੍ਰਿਤਾ ਅਜਿਹੀ ਚਿੱਤਰਕਾਰ ਹੈ ਜੋ ਆਪਣੀ ਕਲਾ ਦੀ ਬਦੌਲਤ ਦਿਨ-ਬ-ਦਿਨ ਵਧੇਰੇ ਸੁਹਿਰਦ ਚਿੱਤਰ ਉਕੇਰ ਕੇ ਪੰਜਾਬ ਦਾ ਨਾਮ ਰੌਸ਼ਨ ਕਰ ਰਹੀ ਹੈ। ਮਾਝੇ ਦੀ ਜੰਮਪਲ ਇਹ ਧੀ ਸੰਪੂਰਨ ਵਿਸ਼ਵ ਨੂੰ ਆਪਣੀ ਕਲਾ ਦੀ ਬਦੌਲਤ ਕਲਾਵੇ ਵਿਚ ਲੈਣਾ ਚਾਹੁੰਦੀ ਹੈ। ਉਹ ਆਪਣੀ ਕਲਾਕਾਰੀ ਵਿਚ ਅਜਿਹੇ ਸੁਨੇਹੇ ਭਰ ਦਿੰਦੀ ਹੈ ਕਿ ਦੇਖਣ ਵਾਲੀਆਂ ਨਜ਼ਰਾਂ ਆਪਣਾ-ਆਪ ਮਹਿਸੂਸ ਕਰਦੀਆਂ ਹੋਈਆਂ ਸਹਿਜੇ ਹੀ ਉਸ ਵਿਚ ਗੁਆਚ ਜਾਂਦੀਆਂ ਹਨ। ਉਸਨੇ ਖ਼ਾਸ ਤੌਰ ’ਤੇ ਕੁਦਰਤ, ਰਹੱਸਵਾਦ, ਸੱਭਿਆਚਾਰਕ ਅਤੇ ਔਰਤ ਪੱਖੀ ਕਲਾਕ੍ਰਿਤਾਂ ਵਧੇਰੇ ਉਕੇਰੀਆਂ ਹਨ। ਅੰਮ੍ਰਿਤਾ ਦਾ ਪੂਰਾ ਨਾਮ ਗੁਰਅਮਰਪ੍ਰੀਤ ਕੌਰ ਹੈ। ਉਸਦਾ ਜਨਮ ਮੱਧਵਰਗੀ ਪਰਿਵਾਰ ਵਿਚ ਪਿਤਾ ਮਾਸਟਰ ਲਖਵਿੰਦਰ ਸਿੰਘ ਤੇ ਮਾਤਾ ਗੁਰਜੀਤ ਕੌਰ ਦੇ ਘਰ ਪਿੰਡ ਭੁੰਬਲੀ, ਜ਼ਿਲ੍ਹਾ ਗੁਰਦਾਸਪੁਰ ਵਿਖੇ ਹੋਇਆ। ਉਸਨੇ ਮੁੱਢਲੀ ਸਿੱਖਿਆ ਪਿੰਡ ਦੇ ਹੀ ਸਰਕਾਰੀ ਸਕੂਲ ਤੋਂ ਪ੍ਰਾਪਤ ਕੀਤੀ। ਦਸਵੀਂ ਪਾਸ ਕਰਕੇ ਉਸਨੇ ਨਾਨ-ਮੈਡੀਕਲ ਦੀ ਪੜ੍ਹਾਈ ਤੋਂ ਬਾਅਦ ਬੀ. ਸੀ.ਏ. ਤੇ ਐੱਮ. ਸੀ. ਏ. ਦੀ ਪੜ੍ਹਾਈ ਪੂਰੀ ਕੀਤੀ। ਨਿੱਕੇ ਹੁੰਦਿਆਂ ਉਸਨੇ ਪੁਲਾੜ ਯਾਤਰੀ ਬਣਨ ਦਾ ਸੁਪਨਾ ਵੀ ਦੇਖਿਆ ਜੋ ਨੇਪਰੇ ਨਾ ਚੜ੍ਹ ਸਕਿਆ। ਬਚਪਨ ਤੋਂ ਹੀ ਉਸਨੂੰ ਚਿੱਤਰਕਾਰੀ ਕਰਨਾ, ਘਰ ਦੀਆਂ ਕੰਧਾਂ ’ਤੇ ਮੋਰ-ਤੋਤੇ ਬਣਾਉਂਦੇ ਰਹਿਣਾ ਜਾਂ ਫਿਰ ਬਰਤਨਾਂ ’ਤੇ ਫੁੱਲ-ਬੂਟੀਆਂ ਬਣਾਉਣਾ ਬੜਾ ਚੰਗਾ ਲੱਗਦਾ ਸੀ, ਪਰ ਇਸ ਲਈ ਮਾਪਿਆਂ ਦੀ ਨਾਰਾਜ਼ਗੀ ਦਾ ਸਾਹਮਣਾ ਵੀ ਕਰਨਾ ਪੈਂਦਾ ਸੀ। ਇਸ ਗੱਲੋਂ ਹੀ ਫਿਰ ਉਸਨੇ ਡਾਇਰੀ ਲਗਾ ਲਈ ਜੋ ਦਿਨਾਂ ’ਚ ਹੀ ਭਰ ਗਈ। ਕੰਪਿਊਟਰ ਦੀ ਪੜ੍ਹਾਈ ਕਰਦਿਆਂ ਉਹ ਆਪਣੇ ਆਪ ਨੂੰ ਮਸ਼ੀਨਾਂ ’ਚ ਘਿਰਿਆ ਪਾਉਂਦੀ ਤੇ ਉਸ ਦਾ ਦਿਲ ਕਿਧਰੇ ਉੱਡ-ਪੁੱਡ ਜਾਣਾ ਚਾਹੁੰਦਾ। ਆਪਣੇ ਮਨ ਦੀ ਇਸ ਉਥਲ-ਪੁਥਲ ਨੂੰ ਉਹ ਡਾਇਰੀ ਜਾਂ ਕੈਨਵਸ ’ਤੇ ਉਤਾਰਦੀ ਰਹੀ। ਇੰਜ ਚਿੱਤਰ ਉਕੇਰਦਿਆਂ ਉਸਨੇ ਪਹਿਲੀ ਪ੍ਰਦਰਸ਼ਨੀ ਐੱਮ.ਸੀ.ਏ. ’ਚ ਪੜ੍ਹਦਿਆਂ ਲਗਾਈ। ਇਸ ਨਾਲ ਇਕ ਅਜਿਹੇ ਸਫ਼ਰ ਦੀ ਸ਼ੁਰੂਆਤ ਹੋਈ ਜਿਸਨੇ ਉਸਨੂੰ ਨਵਾਂ ਮੁਕਾਮ ਦਿੱਤਾ। ਉਸਦਾ ਕਹਿਣਾ ਹੈ,‘ਜ਼ਿੰਦਗੀ ਵਿਚਲੇ ਉਤਰਾਵਾਂ ਚੜ੍ਹਾਵਾਂ ’ਚ ਕਲਾ ਦੇ ਆਸਰੇ ਨੇ ਉਸਨੂੰ ਡੋਲਣ ਨਹੀਂ ਦਿੱਤਾ।’

ਅੰਮ੍ਰਿਤਾ ਦੀਆਂ ਬਣਾਈਆਂ ਕਲਾਂਕ੍ਰਿਤਾਂ

ਚਿੱਤਰਕਾਰੀ ਦੀ ਚੇਟਕ ਉਸਨੂੰ ਬਚਪਨ ਵਿਚ ਹੀ ਆਪਣੇ ਤਾਇਆ ਜੀ ਤੋਂ ਲੱਗੀ ਤੇ ਉਹ ਹੀ ਉਸ ਲਈ ਪਹਿਲੇ ਪ੍ਰੇਰਣਾ ਸਰੋਤ ਬਣੇ। ਜਦੋਂ ਉਨ੍ਹਾਂ ਨੇ ਕੁਝ ਬਣਾਉਣਾ ਤਾਂ ਅੰਮ੍ਰਿਤਾ ਨੇ ਬੜੇ ਗਹੁ ਨਾਲ ਉਨ੍ਹਾਂ ਵੱਲ ਦੇਖੀ ਜਾਣਾ, ਘਰ ਆ ਕੇ ਫਿਰ ਉਸ ਤਰ੍ਹਾਂ ਦਾ ਉਕੇਰਨ ਦੀ ਕੋਸ਼ਿਸ਼ ਕਰਨੀ। ਇਸ ਤੋਂ ਇਲਾਵਾ ਸਕੂਲ ਵਿਚ ਪੜ੍ਹਦਿਆਂ ਕੁਝ ਨਾ ਕੁਝ ਬਣਾਉਂਦੇ ਰਹਿਣਾ, ਜਿਸਦੀ ਸ਼ਲਾਘਾ ਜਦੋਂ ਅਧਿਆਪਕ ਸਾਹਿਬਾਨ ਨੇ ਕਰਨੀ ਤਾਂ ਉਸ ਅੰਦਰ ਨਵਾਂ ਉਤਸ਼ਾਹ ਭਰ ਜਾਣਾ। ਉਹ ਅੱਗੇ ਦੱਸਦੀ ਹੈ ਕਿ ਸਮੇਂ-ਸਮੇਂ ’ਤੇ ਕੁਝ ਨਾ ਕੁਝ ਉਸ ਲਈ ਹਮੇਸ਼ਾਂ ਪ੍ਰੇਰਨਾ ਸਰੋਤ ਰਿਹਾ ਹੈ। ਅਜਿਹਾ ਹੀ ਇਕ ਵਾਰ ਉਦੋਂ ਹੋਇਆ ਜਦੋਂ ਉਸਨੇ ਦਿੱਲੀ ਵਿਖੇ ਇਕ ਪ੍ਰਦਰਸ਼ਨੀ ਵਿਚ ਹਿੱਸਾ ਲਿਆ। ਉਸ ਸਮੇਂ ਇਕ ਬਜ਼ੁਰਗ ਔਰਤ ਉੱਥੇ ਆਈ ਅਤੇ ਉਹ ਕਾਫ਼ੀ ਦੇਰ ਤਕ ਉਸਦੀ ਬਣਾਈ ਪੇਂਟਿੰਗ ਵੱਲ ਦੇਖਦੀ ਰਹੀ ਤੇ ਫਿਰ ਉਸ ਔਰਤ ਨੇ ਉਸਨੂੰ ਗਲਵੱਕੜੀ ਵਿਚ ਲੈ ਲਿਆ। ਇਸ ਨਾਲ ਅੰਮ੍ਰਿਤਾ ਨੂੰ ਜਾਪਿਆ ਕਿ ਉਸਦਾ ਪੇਂਟਿੰਗ ਬਣਾਉਣ ਦਾ ਕਾਰਜ ਸਫਲ ਹੋ ਗਿਆ। ਇਸਨੇ ਉਸਨੂੰ ਕਲਾ ਦੇ ਖੇਤਰ ਵਿਚ ਹੋਰ ਵੀ ਵਧੇਰੇ ਦਿਲ ਨਾਲ ਕੰਮ ਕਰਨ ਲਈ ਉਤਸ਼ਾਹਿਤ ਕੀਤਾ। ਉਸਨੂੰ ਅਜਿਹੇ ਚਿੱਤਰ ਬਣਾਉਣੇ ਚੰਗੇ ਲੱਗਦੇ ਹਨ ਜੋ ਕੈਮਰੇ ਦੀ ਅੱਖ ਵਿਚ ਨਹੀਂ ਆ ਸਕਦੇ, ਨਾਲ ਹੀ ਉਸਦੀ ਕੋਸ਼ਿਸ਼ ਰਹਿੰਦੀ ਹੈ ਕਿ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਵਸਤਾਂ ਨੂੰ ਕੈਨਵਸ ਉੱਪਰ ਜ਼ਰੂਰ ਲਿਆਂਦਾ ਜਾਵੇ। ਉਹ ਕਹਿੰਦੀ ਹੈ ਕਿ ਕਲਾ ਦੇ ਬਹੁਤ ਸਾਰੇ ਰੂਪ ਹਨ, ਹਰ ਰੂਪ ਦੀ ਸਮਾਜ ਨੂੰ ਵਿਲੱਖਣ ਦੇਣ ਹੈ, ਪਰ ਇਨ੍ਹਾਂ ਰੂਪਾਂ ਵਿਚ ਜੋ ਸਾਂਝੀਵਾਲਤਾ ਹੈ, ਉਸ ਨਜ਼ਰੀਏ ਤੋਂ ਦੇਖੀਏ ਤਾਂ ਇਹ ਸਮਾਜ ਨੂੰ ਭੇਦ-ਭਾਵ ਤੋਂ ਦੂਰ ਕਰਦੀ ਹੋਈ ਸੁਹਿਰਦ ਤੇ ਇਕ ਪਿੰਡ ਬਣਾਉਣ ਵਿਚ ਜੁਟੀ ਹੋਈ ਹੈ, ਇਸਦਾ ਸ਼ੁਰੂ ਤੋਂ ਹੀ ਇਹ ਮੰਤਵ ਰਿਹਾ ਹੈ ਕਿ ਸਮਾਜ ਨੂੰ ਇਕ ਧਾਗੇ ਵਿਚ ਪਰੋ ਕੇ ਇਸਦਾ ਦੁਖ-ਸੁਖ ਵੰਡਾਇਆ ਜਾਵੇ। ਅੰਮ੍ਰਿਤਾ ਨੇ ਆਪਣੇ ਚਿੱਤਰਾਂ ਰਾਹੀਂ ਰਾਸ਼ਟਰੀ ਅਤੇ ਰਾਜ ਪੱਧਰ ਦੀਆਂ ਕਈ ਕਲਾ ਪ੍ਰਦਰਸ਼ਨੀਆਂ ਵਿਚ ਹਿੱਸਾ ਲਿਆ ਹੈ। ਜਿਨ੍ਹਾਂ ਵਿਚ ਆਰਟ ਕਲਚਰ ਫੈਸਟੀਵਲ (ਦਿੱੱਲੀ), ਡਰੀਮਜ਼ ਆਰਟ ਗੈਲਰੀ (ਚੰਡੀਗੜ੍ਹ), ਪਰਿੰਦੇ ਪ੍ਰਦਰਸ਼ਨੀ ਸਰਕਾਰੀ ਅਜਾਇਬ ਘਰ (ਚੰਡੀਗੜ੍ਹ) ਅਤੇ ਡਰੀਮਜ਼ ਆਰਟ ਗੈਲਰੀ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਆਦਿ ਮੁੱਖ ਹਨ। ਇਸ ਤਰ੍ਹਾਂ ਪੰਜਾਬ ਦੀ ਇਹ ਧੀ ਕਲਾ ਦੇ ਖੇਤਰ ਵਿਚ ਦਿਨ-ਬ-ਦਿਨ ਲੰਮੀਆਂ ਪੁਲਾਂਘਾ ਪੁੱਟ ਰਹੀ ਹੈ। ਸੰਪਰਕ: 98550-51941

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All