ਚਿਮਟਾ ਵਜਾਉਣਾ ਵੀ ਕਲਾ ਹੈ

ਚਿਮਟਾ ਪੰਜਾਬ ਦਾ ਮਹੱਤਵਪੂਰਨ ਵਿਰਾਸਤੀ ਲੋਕ ਸਾਜ਼ ਹੈ ਜਿਸ ਨੂੰ ਆਲਮ ਲੁਹਾਰ ਵਰਗੇ ਲੋਕ ਗਾਇਕਾਂ ਤੇ ਸਿੱਖ ਧਰਮ ਵਿੱਚ ਸੰਤ ਮਹਾਂਪੁਰਖਾਂ ਨੇ ਆਪਣੀ ਵਿਲੱਖਣ ਕੀਰਤਨ ਸ਼ੈਲੀ ਲਈ ਵਜਾਇਆ। ਇਨ੍ਹਾਂ ਚਿਮਟੇ ਵਾਲਿਆਂ ਮਹਾਂਪੁਰਖਾਂ ਦਾ ਆਮ ਸਿੱਖ ਸੰਗਤਾਂ ਵਿੱਚ ਪ੍ਰਭਾਵ ਰਿਹਾ ਹੈ ਅਤੇ ਇਨ੍ਹਾਂ ਸਾਜ਼ਾਂ ਨਾਲ ਉਨ੍ਹਾਂ ਸਿੱਖੀ ਦਾ ਪ੍ਰਚਾਰ ਵੀ ਕੀਤਾ। ਅਜਿਹੇ ਕਈ ਮਹਾਂਪੁਰਖਾਂ ਦੇ ਨਾਂ ਲਏ ਜਾ ਸਕਦੇ ਹਨ ਜਿਨ੍ਹਾਂ ਦੇ ਵੱਡੇ-ਵੱਡੇ ਸਥਾਨ ਅਤੇ ਗੱਦੀ ਦਰ ਗੱਦੀ ਪਰੰਪਰਾ ਵੀ ਚੱਲੀ ਆ ਰਹੀ ਹੈ। ਚਿਮਟੇ ਦੀ ਗੱਲ ਕਰੀਏ ਤਾਂ ਪੰਜਾਬੀ ਲੋਕ ਸੰਗੀਤ ਵਿਰਾਸਤ ਦੀ ਸੁਰੱਖਿਆ ਸੰਭਾਲ ਲਈ ਅਸੀਂ ਜਦੋਂ ਪੰਜਾਬੀ ਯੂਨੀਵਰਸਿਟੀ ਮੇਲੇ ਲਾਏ ਅਤੇ ਇਸ ਸਬੰਧੀ ਸਮਗਰੀ ਨੂੰ ਪੰਜਾਬੀ ਲੋਕ ਸੰਗੀਤ ਵਿਰਾਸਤ (ਦੋ ਭਾਗ) ਵਿੱਚ ਇਕੱਤਰ ਕੀਤਾ ਤਾਂ ਲੋਕ ਸਾਜ਼ਾਂ ਬਾਰੇ ਖੋਜ ਕਰਦਿਆਂ ਹਮੇਸ਼ਾਂ ਲੱਗਦਾ ਸੀ ਜੇ ਢੱਡ, ਢੋਲ ਤੇ ਤਬਲਾ ਵਜਾਉਣ ਦੀ ਕਲਾ ਅਤੇ ਇਨ੍ਹਾਂ ਦੇ ਬੋਲ ਅਲੱਗ-ਅਲੱਗ ਹਨ ਤਾਂ ਬਾਕੀ ਤਾਲ ਸਾਜ਼ਾਂ ਨੂੰ ਵਜਾਉਣ ਦੀ ਕਲਾ ਵੱਲ ਵੀ ਸਾਨੂੰ ਧਿਆਨ ਦੇਣਾ ਹੋਵੇਗਾ ਜਿਨ੍ਹਾਂ ਵਿੱਚੋਂ ਚਿਮਟਾ ਇੱਕ ਹੈ। ਅੱਜ-ਕੱਲ੍ਹ ਪੱਛਮੀ ਸਾਜ਼ਾਂ ਦੀ ਤਰਜ਼ ਉੱਤੇ ਇਲੈਕਟ੍ਰਾਨਿਕ ਪੈਡ ਤੋਂ ਅਸੀਂ ਪੱਛਮੀ ਸੰਗੀਤ ਤਾਲ ਸਾਜ਼ ਤੋਂ ਅਜਿਹੀਆਂ ਤਾਲ ਧੁਨੀਆਂ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਪਰ ਉਹ ਕਦੇ ਵੀ ਸਾਡੀਆਂ ਮੂਲ ਤੇ ਮੌਲਿਕ ਤਾਲ ਸਾਜ਼ਾਂ ਦੀਆਂ ਧੁਨੀਆਂ ਦੀ ਬਰਾਬਰੀ ਨਹੀਂ ਕਰ ਸਕਦੀਆਂ। ਸਾਡੇ ਲੋਕ ਸਾਜ਼ ਕੁਦਰਤੀ ਹਨ। ਸੰਸਕਾਰੀ ਰੂਪ ਵਿੱਚ ਸਾਡੇ ਮਨ ਮਸਤਕ ਵਿੱਚ ਰਚੇ ਤੇ ਵਸੇ ਹਨ। ਲੋਕ ਤਾਲ ਸਾਜ਼ ਚਿਮਟੇ ਦੀ ਵਾਦਨ ਵਿਧੀ ਤੇ ਕਲਾ ਵਿਸ਼ੇਸ਼ ਜੋ ਸਿੱਖਣ ਬਿਨਾਂ ਨਹੀਂ ਆਉਂਦੀ, ਮਾੜਾ ਸਿਖਿਆਰਥੀ ਹੱਥ ਛਿਲਾ ਕੇ ਬਹਿ ਜਾਂਦਾ ਹੈ। ਲੁਧਿਆਣੇ ਵਿਖੇ ਪੰਜਾਹ ਸਾਲ ਪਹਿਲਾਂ ਇੱਕ ਸੰਗੀਤਕਾਰ (ਜਸਵੰਤ ਭੰਵਰਾ ਸਾਹਿਬ ਨਹੀਂ) ਦੀ ਅਕੈਡਮੀ ਸੀ, ਉਸ ਬਾਰੇ ਹਾਸੇ ਠੱਠੇ ਵਿੱਚ ਕਿਹਾ ਜਾਂਦਾ ਸੀ ਕਿ ਉਹ ਬੜਾ ਟਿਊਸ਼ਨਬਾਜ ਹੈ ਕਿਸੇ ਵੀ ਆਏ ਸੰਗੀਤ ਪ੍ਰੇਮੀ ਵਿਦਿਆਰਥੀ ਨੂੰ ਭੱਜਣ ਨਹੀਂ ਦਿੰਦਾ। ਇੱਕ ਦਿਨ ਇੱਕ ਵਿਦਿਆਰਥੀ ਸ਼ਰਾਰਤ ਜਾਂ ਭੋਲੇ ਭਾਅ ਆ ਕੇ ਕਹਿਣ ਲੱਗਾ, ‘‘ਮੈਂ ਚਿਮਟਾ ਸਿੱਖਣਾ ਹੈ ਜੀ।’’ ਉਸਤਾਦ ਜੀ ਨੇ ਕਿਹਾ, ਜ਼ਰੂਰ ਸਿਖਾਵਾਂਗੇ ਪਰ ਪੰਜ ਸੌ ਰੁਪਏ ਮਹੀਨਾ ਫੀਸ ਲੱਗੇਗੀ। ਉਦੋਂ ਸਾਨੂੰ ਵੀ ਹਾਸੀ ਆਈ ਸੀ ਪਰ ਲੋਕ ਸੰਗੀਤ ਸਾਜ਼ ਸਬੰਧੀ ਉਕਤ ਖੋਜ ਕਾਰਜ ਕਰਦਿਆਂ ਮੈਂ ਆਪਣੇ-ਆਪ ਦੀ ਨਾਸਮਝੀ ’ਤੇ ਹੱਸਿਆ। ਕੁਝ ਦਿਨ ਪਹਿਲਾਂ ਇੱਕ ਸਮਾਗਮ ਵਿੱਚ ਜਾਣ ਦਾ ਮੌਕਾ ਮਿਲਿਆ। ਬਾਬਾ ਜੀ ਬੜੇ ਪਿਆਰ ਨਾਲ ਕੀਰਤਨ ਕਰ ਰਹੇ ਸਨ ਤੇ ਨਿੱਕੇ ਨਿੱਕੇ ਬੱਚੇ ਲੰਮੇ-ਲੰਮੇ ਚੋਲੇ, ਗੋਲ ਦਸਤਾਰਾਂ ਸਜਾਈ ਹੱਸਣ ਖੇਡਣ ਤੇ ਸ਼ਰਾਰਤਾਂ ਕਰਨ ਦੀ ਉਮਰੇ ਗਹਿਰ ਗੰਭੀਰ ਮੁਦਰਾ ਵਿੱਚ ਢੋਲਕ ਤੇ ਚਿਮਟੇ ਵਜਾ ਰਹੇ ਸਨ। ਮੈਂ ਸਹਿਜ ਸੁਭਾਅ ਪਿਆਰ ਨਾਲ ਉਨ੍ਹਾਂ ਦੀਆਂ ਤਸਵੀਰਾਂ ਖਿੱਚ ਲਈਆਂ। ਮਨ ਵਿੱਚ ਸੀ ਕਿ ਇਨ੍ਹਾਂ ਬੱਚਿਆਂ ਦਾ ਭਵਿੱਖ ਕੀ ਸੁਰੱਖਿਅਤ ਹੈ? ਕੀ ਇਹ ਬਾਲ ਮਜ਼ਦੂਰੀ ਤਾਂ ਨਹੀਂ? ਕੀ ਇਹ ਭਗਤੀ ਦੇ ਰਾਹ ਤੁਰੇ ਧਰੂ ਤਾਂ ਨਹੀਂ? ਵਗੈਰਾ ਵਗੈਰਾ ਪਰ ਇਕ ਗੱਲ ਜ਼ਰੂਰ ਸੀ ਉਹ ਚਿਮਟੇ ਬਹੁਤ ਪਿਆਰ ਨਾਲ ਵਜਾ ਰਹੇ ਸੀ, ਇੱਕ ਦੂਜੇ ਤੋਂ ਉੱਚੀ-ਉੱਚੀ। ਚਿਮਟੇ ਉੱਚੀ-ਉੱਚੀ ਹਵਾ ਵਿੱਚ ਸ਼ੂਕ ਤੇ ਖਣਕ ਰਹੇ ਸਨ। ਮਨ ਨੂੰ ਧਰਵਾਸ ਸੀ ਕਿ ਚਿਮਟਾ ਵਜਾਉਣ ਦੀ ਅਦਭੁਤ ਕਲਾ ਖ਼ਤਮ ਨਹੀਂ ਹੋ ਸਕਦੀ ਜਦੋਂ ਤਕ ਇਸ ਨੂੰ ਵਜਾਉਣ ਵਾਲੇ ਇਹ ਨੰਨ੍ਹੇ-ਮੁੰਨੇ ਹੱਥ ਸੁਰੱਖਿਅਤ ਨੇ। ਆਪਣੀ ਵਿਰਾਸਤ ਪ੍ਰਤੀ ਗਾਫ਼ਲ ਪੰਜਾਬੀ ਪਿਆਰਿਓ ਆਓ, ਆਪਣੀਆਂ ਸਮੂਹ ਵਿਰਾਸਤੀ ਕਲਾਵਾਂ ਦੀ ਸੰਭਾਲ ਕਰੀਏ। ਕੋਈ ਕੰਮ ਛੋਟਾ ਵੱਡਾ ਨਹੀਂ, ਹੱਥੀ ਕੀਤਾ ਜਾਣ ਵਾਲਾ ਕੰਮ ਕਸਬ ‘ਕਿੱਤਾ’ ਵੀ ਹੈ ਅਤੇ ਕਲਾ ਦਾ ਜਾਦੂ ਬਣ ਇਹ ਸਿਰ ਚੜ੍ਹ ਬੋਲਦਾ ਵੀ ਹੈ। ਪੰਜਾਬੀ ਲੋਕ ਸੰਗੀਤ ਦੇ ਅਧਿਐਨਕਾਰਾਂ ਲਈ ਵੀ ਸੋਚ ਦਾ ਵਿਸ਼ਾ ਹੈ ਕਿ ਪੰਜਾਬੀ ਲੋਕ ਸਾਜ਼ਾਂ ਦੀ ਸਿਖਲਾਈ ਦਾ ਇੰਤਜ਼ਾਮ ਹੋਵੇ। ਪੰਜਾਬੀ ਯੂਨੀਵਰਸਿਟੀ ਵੱਲੋਂ ਇਸੇ ਕਰਕੇ ਪੰਜਾਬੀ ਲੋਕ ਸੰਗੀਤ ਦਾ ਡਿਪਲੋਮਾ ਆਰੰਭ ਕੀਤਾ ਗਿਆ ਹੈ। ਇਸ ਸ਼ੈਲੀ ਦੇ ਕੀਰਤਨ ਨੂੰ ਬਕਾਇਦਾ ਸੰਸਥਾਗਤ ਰੂਪ ਵਿੱਚ ਪ੍ਰਚਾਰਿਆ ਜਾਣ ਦੀ ਲੋੜ ਹੈ। ਕਈ ਸੰਤ ਮਹਾਂਪੁਰਖ ਗੁਰਮਤਿ ਸੰਗੀਤ ਦੀਆਂ ਅਕੈਡਮੀਆਂ ਬਣਾ ਕੇ ਤੰਤੀ ਸਾਜ਼ ਸਿਖਾ ਰਹੇ ਹਨ, ਉਨ੍ਹਾਂ ਨੂੰ ਬੇਨਤੀ ਹੈ ਕਿ ਉਹ ਇਸ ਵਿਰਾਸਤੀ ਕੀਰਤਨ ਕਲਾ ਤੇ ਇਨ੍ਹਾਂ ਸਾਜ਼ਾਂ ਦੀ ਸਹੀ ਸਿਖਲਾਈ ਦਾ ਪ੍ਰਬੰਧ ਕਰਨ ਤਾਂ ਕਿ ਅਸੀਂ ਇਸ ਵਿਸ਼ੇਸ਼ ਵਿਰਾਸਤੀ ਕਲਾ ਉੱਤੇ ਮਾਣ ਕਰਦਿਆਂ ਸਹੀ ਦਿਸ਼ਾ ਵਿੱਚ ਸਦਉਪਯੋਗ ਕਰ ਸਕੀਏ।

- ਗੁਰਨਾਮ ਸਿੰਘ (ਡਾ.) ਸੰਪਰਕ: 81465-65012

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All