ਚਿਨਮਯਾਨੰਦ ਕੇਸ: ਫਿਰੌਤੀ ਮੰਗਣ ਦੇ ਦੋ ਮੁਲਜ਼ਮਾਂ ਦੀਆਂ ਜ਼ਮਾਨਤ ਅਰਜ਼ੀਆਂ ਰੱਦ

ਸ਼ਾਹਜਹਾਂਪੁਰ/ਹਰਿਦੁਆਰ, 10 ਅਕਤੂਬਰ ਸਾਬਕਾ ਕੇਂਦਰੀ ਮੰਤਰੀ ਚਿਨਮਯਾਨੰਦ ਤੋਂ ਫਿਰੌਤੀ ਮੰਗਣ ਦੇ ਦੋਸ਼ ਵਿੱਚ ਜੇਲ੍ਹ ਵਿੱਚ ਬੰਦ ਦੋ ਮੁਲਜ਼ਮਾਂ ਦੀ ਅਦਾਲਤ ਨੇ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ। ਇਸ ਦੌਰਾਨ ਹੀ ਅਖਾੜਾ ਪਰਿਸ਼ਦ ਚਿਨਮਯਾਨੰਦ ਦੇ ਹੱਕ ਵਿੱਚ ਨਿੱਤਰ ਆਈ ਹੈ। ਤਿੰਨ ਮੁਲਜ਼ਮਾਂ ਸੰਜੇ, ਵਿਕਰਮ ਅਤੇ ਸਚਿਨ ਦੇ ਵਕੀਲ ਪਰਮੋਦ ਤਿਵਾੜੀ ਨੇ ਜ਼ਿਲ੍ਹਾ ਜੱਜ ਰਾਮ ਬਾਬੂ ਦੀ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਸੀ ਤੇ ਅਦਾਲਤ ਨੇ ਦੋ ਮੁਲਜ਼ਮਾਂ ਵਿਕਰਮ ਅਤੇ ਸਚਿਨ ਦੀ ਜ਼ਮਾਨਤ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ। ਵਕੀਲ ਵੱਲੋਂ ਸੰਜੇ ਦੀ ਅਰਜ਼ੀ ਉੱਤੇ ਸੁਣਵਾਈ ਲਈ ਤਰੀਕ ਮੰਗਣ ਬਾਅਦ ਅਦਾਲਤ ਨੇ 15 ਅਕਤੂਬਰ ਨੂੰ ਸੁਣਵਾਈ ਨਿਰਧਾਰਤ ਕੀਤੀ ਹੈ। ਚਿਨਮਯਾਨੰਦ ਦੇ ਵਕੀਲ ਓਮ ਸਿੰਘ ਨੇ ਇਨ੍ਹਾਂ ਤਿੰਨਾਂ ਮੁਲਜ਼ਮਾਂ ਵਿਰੁੱਧ ਵੱਟਸਐਪ ਰਾਹੀਂ 5 ਕਰੋੜ ਦੀ ਰੰਗਦਾਰੀ ਮੰਗਣ ਨੂੰ ਲੈ ਕੇ ਕੇਸ ਦਾਇਰ ਕੀਤਾ ਹੈ। ਉੱਤਰੀ ਭਾਰਤ ਦੀ ਮੋਹਰੀ ਧਾਰਮਿਕ ਸੰਸਥਾ ਅਖਿਲ ਭਾਰਤੀਆ ਅਖਾੜਾ ਪਰਿਸ਼ਦ ਸਾਬਕਾ ਕੇਂਦਰੀ ਮੰਤਰੀ ਸਵਾਮੀ ਚਿਨਮਯਾਨੰਦ ਦੇ ਹੱਕ ਵਿੱਚ ਨਿੱਤਰ ਆਈ ਹੈ। ਕਾਨੂੰਨ ਦੀ ਵਿਦਿਆਰਥਣ ਨਾਲ ਬਲਾਤਕਾਰ ਦੇ ਦੋਸ਼ ਵਿੱਚ ਘਿਰੇ ਸਾਬਕਾ ਕੇਂਦਰੀ ਮੰਤਰੀ ਚਿਨਮਯਾਨੰਦ ਨੂੰ ਅਖਾੜਾ ਪਰਿਸ਼ਦ ਨੇ ਬੇਕਸੂਰ ਕਰਾਰ ਦਿੰਦਿਆਂ ਕਿਹਾ ਹੈ ਕਿ ਉਸ ਨੂੰ ਇੱਕ ਸਾਜਿਸ਼ ਤਹਿਤ ਫਸਾਇਆ ਗਿਆ ਹੈ। ਵੀਰਵਾਰ ਨੂੰ ਅਖਾੜਾ ਪਰਿਸ਼ਦ ਦੀ ਮੀਟਿੰਗ ਵਿੱਚ ਕਾਰਜਕਾਰਨੀ ਦੀ ਚੋਣ ਹੋਈ ਅਤੇ ਚੋਣ ਤੋਂ ਬਾਅਦ ਸੰਸਥਾ ਦੇ ਪ੍ਰਧਾਨ ਨੇ ਕਿਹਾ ਕਿ ਪਰਿਸ਼ਦ ਚਿਨਮਯਾਨੰਦ ਦੀ ਹਮਾਇਤ ਕਰਦੀ ਹੈ। ਉਸਦੇ ਵਿਰੁੱਧ ਦੇਸ਼ ਝੂਠੇ ਹਨ ਅਤੇ ਇਹ ਸਾਜਿਸ਼ ਹੈ ਅਤੇ ਪਰਿਸ਼ਦ ਚਿਨਮਯਾਨੰਦ ਦੀ ਹਮਾਇਤ ਕਰਦੀ ਹੈ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All