ਚਾਹਲ ਗੋਤੀਆਂ ਦਾ ਪਿੰਡ ਖਿਆਲੀ

ਸੰਦੀਪ ਸਿੰਘ ਸਰਾਂ

ਪਿੰਡ ਖਿਆਲੀ ਦਾ ਗੁਰਦੁਆਰਾ। ਪਿੰਡ ਖਿਆਲੀ ਦਾ ਗੁਰਦੁਆਰਾ।

ਪਿੰਡ ਖਿਆਲੀ ਜ਼ਿਲ੍ਹਾ ਬਰਨਾਲਾ ਦਾ ਇੱਕ ਛੋਟਾ ਜਿਹਾ ਪਰ ਪੁਰਾਣਾ ਪਿੰਡ ਹੈ। ਇਹ ਪਿੰਡ ਬਰਨਾਲਾ-ਲੁਧਿਆਣਾ ਕੌਮੀ ਸ਼ਾਹ ਰਾਹ ਉੱਪਰ ਕਸਬਾ ਮਹਿਲ ਕਲਾਂ ਤੋਂ 4 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਇਹ ਮੂਲ ਰੂਪ ਵਿੱਚ ਚਾਹਲ ਗੋਤ ਦੇ ਬਾਸ਼ਿਦਿਆਂ ਦਾ ਪਿੰਡ ਹੈ। ਇਸ ਤੋਂ ਇਲਾਵਾ ਪੰਤੂ, ਦਿਉਲ, ਗਿੱਲ, ਗਰੇਵਾਲ ਅਤੇ ਧਾਲੀਵਾਲ ਗੋਤੀਆਂ ਦੇ ਵੀ ਕੁਝ ਪਰਿਵਾਰ ਹਨ। ਪਿੰਡ ਦੇ ਪੁਰਾਣੇ ਬਜ਼ੁਰਗਾਂ ਦੇ ਦੱਸਣ ਅਨੁਸਾਰ ਇਸ ਪਿੰਡ ਦੇ ਲੋਕ ਮੂਲ ਰੂਪ ਵਿੱਚ ਘਨੌਰੀ ਕਲਾਂ (ਜ਼ਿਲ੍ਹਾ ਸੰਗਰੂਰ) ਦੇ ਵਾਸੀ ਸਨ। ਪਿੰਡ ਖਿਆਲੀ ਦੀ ਦੀ ਮੋੜੀ ਗੱਡਣ ਲਈ  ਪਿੰਡ ਕਲਾਲਾ ਅਤੇ ਘਨੌਰੀ ਕਲਾਂ ਦੇ ਲੋਕਾਂ ਵਿਚਕਾਰ ਕਾਫ਼ੀ ਜੱਦੋਜਹਿਦ ਚੱਲੀ ਪਰ ਘਨੌਰੀ ਕਲਾਂ ਦਾ ਥਾਣੇਦਾਰ ਚੂਹੜ ਸਿੰਘ ਪਿੰਡ ਦੀ ਮੋੜੀ ਗੱਡਣ ਵਿੱਚ ਸਫ਼ਲ ਹੋ ਗਿਆ। ਇਸ ਪਿੰਡ ਦੀ ਹੋਂਦ ਤਕਰੀਬਨ 350 ਸਾਲ ਪੁਰਾਣੀ ਹੈ। ਪਿੰਡ ਦੇ ਦੋ ਵਿਅਕਤੀ ਸਾਂਡ ਸਿੰਘ ਅਤੇ ਯੱਕੋ ਸਿੰਘ ਛੋਟੇ ਘੱਲੂ-ਘਾਰੇ ਦੌਰਾਨ ਸ਼ਹੀਦੀ ਦਾ ਜਾਮ ਪੀ ਚੁੱਕੇ ਹਨ। ਪਿੰਡ ਦੀ ਆਬਾਦੀ ਲਗਪਗ 3500 ਅਤੇ ਵੋਟ 1200 ਦੇ ਕਰੀਬ ਹੈ। ਇਹ ਪਿੰਡ ਰਾਜਨੀਤਕ ਪੱਖੋਂ ਵਿਧਾਨ ਸਭਾ ਹਲਕਾ ਮਹਿਲ ਕਲਾਂ ਅਤੇ ਲੋਕ ਸਭਾ ਹਲਕੇ ਸੰਗਰੂਰ ਦਾ ਹਿੱਸਾ ਹੈ। ਸਹੂਲਤਾਂ ਅਤੇ ਸਫ਼ਾਈ ਪੱਖੋਂ ਪਿੰਡ ਦੀ ਹਾਲਤ ਠੀਕ ਹੈ। ਪਿੰਡ ਦੀਆਂ ਵਧੇਰੇ ਗਲੀਆਂ-ਨਾਲੀਆਂ ਪੱਕੀਆਂ ਹਨ। ਕਾਰੋਬਾਰ ਪੱਖੋਂ ਪਿੰਡ ਦਾ ਬਹੁਤਾ ਸੰਪਰਕ ਮਹਿਲ ਕਲਾਂ ਨਾਲ ਜੁੜਿਆ ਹੋਇਆ ਹੈ। ਆਮ ਤੌਰ ’ਤੇ ਜ਼ਿਆਦਾ ਖ਼ਰੀਦੋ-ਫ਼ਰੋਖਤ ਲਈ ਲੋਕ ਬਰਨਾਲੇ ਹੀ ਜਾਂਦੇ ਹਨ। ਇਸ ਪਿੰਡ ਵਿੱਚ ਇਲਾਕੇ ਦਾ ਸਭ ਤੋਂ ਪੁਰਾਣਾ ਸਕੂਲ ਹੈ ਜੋ ਅਜੇ ਤਕ ਐਲੀਮੈਂਟਰੀ ਹੀ ਹੈ। ਪਿੰਡ ਦੇ ਵੱਡੀ ਗਿਣਤੀ ਵਿੱਚ ਲੋਕ ਭਾਵੇਂ ਖੇਤੀ ਦੇ ਧੰਦੇ ਨਾਲ ਜੁੜੇ ਹੋਏ ਹਨ ਪਰ ਪੜ੍ਹਾਈ-ਲਿਖਾਈ ਪੱਖੋਂ ਪਿੰਡ ਵਿੱਚ ਦੀ ਹਾਲਤ ਬਹੁਤ ਵਧੀਆ ਹੈ। ਪਿੰਡ ਖਿਆਲੀ ਦੀਆਂ ਪੜ੍ਹੀਆਂ ਲਿਖੀਆਂ ਅਹਿਮ ਸ਼ਖ਼ਸੀਅਤਾਂ ਵਿੱਚ ਸਭ ਤੋਂ ਪਹਿਲਾ ਨਾਮ ਉਜਾਗਰ ਸਿੰਘ ਦਾ ਆਉਂਦਾ ਹੈ। ਉਹ ਇਸ ਵਕਤ ਬਤੌਰ ਆਈ.ਏ.ਐੱਸ. ਅਧਿਕਾਰੀ ਤਾਮਿਲ ਨਾਡੂ ਵਿੱਚ ਸੇਵਾਵਾਂ ਨਿਭਾ ਰਹੇ ਹਨ। ਅਮਰ ਸਿੰਘ ਇਸ ਇਲਾਕੇ ਦੇ ਇਕਲੌਤੇ ਅਜਿਹੇ ਅਧਿਕਾਰੀ ਸਨ ਜਿਨ੍ਹਾਂ ਨੂੰ ਭਾਰਤੀ ਫ਼ੌਜ ਦੀ ਸਿੱਖ ਰੈਜੀਮੈਂਟ ਦੁਆਰਾ ਦੋਹਰੀ ਜ਼ਿੰਦਗੀ (ਜਿਸ ਵਿੱਚ ਪਿਤਾ ਦੇ ਨਾਲ ਨਾਲ ਮੌਤ ਤੋਂ ਬਾਅਦ ਪੁੱਤਰ ਨੂੰ ਵੀ ਪੈਨਸ਼ਨ ਅਤੇ ਹੋਰ ਸਹੂਲਤਾਂ ਦਿੱਤੀਆ ਜਾਂਦੀਆਂ ਹਨ) ਦੇ ਖ਼ਿਤਾਬ ਨਾਲ ਨਿਵਾਜ਼ਿਆ ਗਿਆ ਸੀ। ਪਿੰਡ ਦੀਆਂ ਹੋਰ ਅਹਿਮ ਸ਼ਖਸ਼ੀਅਤਾਂ ਵਿੱਚ ਜਰਨੈਲ ਸਿੰਘ (ਸਹਾਇਕ ਜ਼ਿਲ੍ਹਾ ਕਮਾਂਡਰ ਹੋਮ ਗਾਰਡ), ਸੁਰਜੀਤ ਸਿੰਘ ਚਾਹਲ (ਤਹਿਸੀਲਦਾਰ), ਬਾਬੂ ਸਿੰਘ ਮੋਮੀ (ਸਿਵਿਲ ਡਿਫੈਂਸ), ਡਾ. ਹਰਦਿਲਪ੍ਰੀਤ ਸਿੰਘ ਐਮ.ਡੀ (ਕਾਲਕਾ), ਅਵਤਾਰ ਸਿੰਘ ਚਾਹਲ (ਇੰਸਪੈਕਟਰ ਸਹਿਕਾਰੀ ਬੈਂਕ) ਅਤੇ ਕਮਲਪ੍ਰੀਤ ਸ਼ਰਮਾ (ਪੰਜਾਬ ਪੁਲੀਸ) ਆਦਿ ਸ਼ਾਮਿਲ ਹਨ। ਇਸ ਤੋਂ ਇਲਾਵਾ ਪਿੰਡ ਦੇ ਨੌਜਵਾਨ ਖੇਡਾਂ ਵਿੱਚ ਵੀ ਰੁਚੀ ਰਖਦੇ ਹਨ ਜਿਨ੍ਹਾਂ ਵਿੱਚੋਂ ਅਸ਼ੋਕ ਕੁਮਾਰ ਕਬੱਡੀ ਵਿੱਚ ਅਤੇ ਪਹਿਲਵਾਨ ਸਰਦਾਰਾ ਸਿੰਘ ਨੇ ਕੁਸ਼ਤੀ ਦੇ ਖੇਤਰ ਵਿੱਚ ਚੰਗਾ ਪ੍ਰਦਰਸ਼ਨ ਕਰਕੇ ਪਿੰਡ ਦਾ ਨਾਂ ਉੱਚਾ ਕੀਤਾ ਹੈ। ਸਵੈ-ਰੁਜ਼ਗਾਰ ਦੇ ਪੱਖ ਤੋਂ ਪਿੰਡ ਵਿੱਚ ਅੱਧੀ ਦਰਜਨ ਦੇ ਕਰੀਬ ਡੇਅਰੀ ਫਾਰਮ ਹਨ ਅਤੇ ਚਾਰ ਦੁੱਧ ਕੁਲੈਕਸ਼ਨ ਕੇਂਦਰ ਹਨ। ਪਰ ਖਿਆਲੀ ਦੀ ਤਰਾਸਦੀ ਇਹ ਹੈ ਕਿ ਪਿੰਡ ਦੇ ਲੋਕਾਂ ਨੂੰ ਪਸ਼ੂਆਂ ਦੀ ਸਿਹਤ ਸੰਭਾਲ ਲਈ ਨਾਲ ਲਗਦੇ ਪਿੰਡਾਂ ਕੁਰੜ ਜਾਂ ਮਹਿਲ ਕਲਾਂ ਜਾਣਾ ਪੈਂਦਾ ਹੈ। ਪਸ਼ੂ ਡਿਸਪੈਂਸਰੀ ਵਰ੍ਹਿਆਂ ਤੋਂ ਬਣ ਕੇ ਤਿਆਰ ਖੜ੍ਹੀ ਹੈ ਪਰ ਸਰਕਾਰ ਨੇ ਅਜੇ ਤਕ ਇੱਥੇ ਕੋਈ ਵੈਟਰਨਰੀ ਇੰਸਪੈਕਟਰ ਜਾਂ ਹੋਰ ਸਟਾਫ ਨਿਯੁਕਤ ਕਰਨ ਦੀ ਖੇਚਲ ਨਹੀਂ ਕੀਤੀ। ਵੱਡੀ ਗਿਣਤੀ ਵਿੱਚ ਪਸ਼ੂ ਪਾਲਣ ਵਾਲੇ ਪਿੰਡ ਲਈ ਪਸ਼ੂਆਂ ਦੇ ਮਾਹਿਰ ਡਾਕਟਰ ਦੇ ਨਾਲ ਨਾਲ ਹੋਰ ਅਹਿਮ ਜਾਣਕਾਰੀ ਦੀ ਉਪਲਬਧਤਾ ਯਕੀਨੀ ਬਣਾਈ ਜਾਣੀ ਚਾਹੀਦੀ ਹੈ ਤਾਂ ਕਿ ਲੋਕਾਂ ਰਵਾਇਤੀ ਖੇਤੀ ਦੀ ਥਾਂ ਡੇਅਰੀ ਧੰਦੇ ਵੱਲ ਆ ਸਕਣ। ਪਿੰਡ ਦੀ ਆਪਣੀ ਅਨਾਜ ਮੰਡੀ ਹੈ। ਸਹਿਕਾਰੀ ਸਭਾ ਕੁਰੜ ਪਿੰਡ ਨਾਲ ਸਾਂਝੀ ਹੈ।  ਪਿੰਡ ਵਿੱਚ ਇੱਕ ਗੁਰਦੁਆਰਾ, ਇੱਕ ਮੰਦਿਰ ਅਤੇ ਇੱਕ ਮਸੀਤ ਹੈ। ਪਿੰਡ ਤੋਂ ਬਾਹਰ ਸਥਿਤ ਡੇਰਾ ਬਾਬਾ ਰਾਮ ਜੋਗੀ ਪੀਰ ਚਾਹਲਾਂ ਦੀ ਜਗਾ ਪ੍ਰਤੀ ਪਿੰਡ ਵਾਸੀਆਂ ਦੀ ਅਥਾਹ ਸ਼ਰਧਾ ਹੈ। ਇਸ ਥਾਂ ਉੱਤੇ ਹਰ ਸਾਲ ਅਖੰਡ ਪਾਠ ਦੇ ਭੋਗ ਪਾਏ ਜਾਂਦੇ ਹਨ ਅਤੇ ਤਿੰਨ ਦਿਨਾ ਮੇਲਾ ਲੱਗਦਾ ਹੈ। ਪਰ ਇਨ੍ਹਾਂ ਧਾਰਮਿਕ ਸਥਾਨਾਂ ਨੂੰ ਜਾਂਦੇ ਰਸਤੇ ਕੱਚੇ ਹੋਣ ਕਰਕੇ ਮੀਂਹਾਂ ਦੀ ਰੁੱਤ ਵਿੱਚ ਸ਼ਰਧਾਲੂਆਂ ਲਈ ਸਮੱਸਿਆ ਬਣ ਜਾਂਦੇ ਹਨ। ਪਿੰਡ ਵਿੱਚ ਸੱਭਿਆਚਾਰਕ ਅਤੇ ਖੇਡ ਗਤੀਵਿਧੀਆਂ ਲਈ ਦੋ ਕਲੱਬ ‘ਬਾਬਾ ਰਾਮ ਯੋਗੀ ਪੀਰ ਸਪੋਰਟਸ ਤੇ ਵੈਲਫੇਅਰ ਕਲੱਬ’ ਅਤੇ ‘ਸ਼ਹੀਦ ਭਗਤ ਸਿੰਘ ਸਪੋਰਟਸ ਤੇ ਵੈਲਫੇਅਰ ਕਲੱਬ’ ਹਨ। ਇਨ੍ਹਾਂ ਵੱਲੋਂ ਹਰ ਸਾਲ ਦਸੰਬਰ ਮਹੀਨੇ ਵਿੱਚ ਖੇਡ ਮੇਲਾ ਕਰਵਾਇਆ ਜਾਂਦਾ ਹੈ। ਪਿੰਡ ਨਾਲ ਸਬੰਧਿਤ ਕਈ ਨੌਜਵਾਨ ਆਸਟਰੇਲੀਆ, ਕੈਨੇਡਾ ਅਤੇ ਮਨੀਲਾ ਆਦਿ ਮੁਲਕਾਂ ਵਿੱਚ ਗਏ ਹੋਏ ਹਨ। ਵਿਦੇਸ਼ਾਂ ਵਿੱਚ ਵਸਦੇ ਇਹ ਨੌਜਵਾਨ ਪਿੰਡ ਦੇ ਸਾਂਝੇ ਕੰਮਾਂ ਵਿੱਚ ਸ਼ਲਾਘਾਯੋਗ ਯੋਗਦਾਨ ਪਾ ਰਹੇ ਹਨ। ਪਿੰਡ ਦੀ ਸਮੱਸਿਆਵਾਂ ਵਿੱਚ ਸਭ ਤੋਂ ਅਹਿਮ ਇਹ ਹੈ ਕਿ ਪਿੰਡ ਵਿੱਚ ਮੁੱਢਲਾ ਸਿਹਤ ਕੇਂਦਰ ਨਹੀਂ ਹੈ। ਪਿੰਡ ਵਾਸੀਆਂ ਨੂੰ ਸਿਹਤ ਸਹੂਲਤਾਂ ਲਈ ਮਹਿਲ ਕਲਾਂ ਜਾਂ ਬਰਨਾਲੇ ਜਾਣਾ ਪੈਂਦਾ ਹੈ। ਇਸ ਤੋਂ ਇਲਾਵਾ ਪਿੰਡ ਵਾਸੀ ਸਕੂਲ ਦਾ ਦਰਜਾ ਵਧਾਉਣ ਲਈ ਅਨੇਕਾਂ ਵਾਰ ਮੰਗ ਕਰ ਚੁੱਕੇ ਹਨ ਪਰ ਹਰ ਵਾਰ ਅਧਿਕਾਰੀਆਂ ਦੇ ਲਾਰੇ ਹੀ ਹੱਥ ਲਗਦੇ ਹਨ। ਪਿੰਡ ਵਾਸੀ ਆਪਸੀ ਲੜਾਈ ਝਗੜਿਆਂ ਤੋਂ ਦੂਰ ਹਨ।

ਸੰਪਰਕ: 85588-76251

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All