ਚਸ਼ਮੇ ਵਾਲਾ ਲੰਗੂਰ

ਗੁਰਮੀਤ ਸਿੰਘ*

ਦੁਨੀਆਂ ਵਿਚ ਅਜਿਹੇ ਕਈ ਅਨੋਖੇ ਜੰਗਲੀ ਜਾਨਵਰ ਹਨ ਜੋ ਆਪਣੀ ਅਜੀਬ ਦਿੱਖ ਕਾਰਨ ਬਹੁਤ ਪ੍ਰਸਿੱਧ ਹਨ। ਇਨ੍ਹਾਂ ਵਿਚ ਚਸ਼ਮੇ ਦੀ ਦਿੱਖ ਵਾਲਾ ਲੰਗੂਰ ਵੀ ਸ਼ਾਮਲ ਹੈ, ਜਿਸ ਨੂੰ ਫਾਇਰੇ ਦਾ ਲੰਗੂਰ (Phayre’s leaf monkey) ਜਾਂ Phayre’s langur ਕਿਹਾ ਜਾਂਦਾ ਹੈ। ਕਈ ਲੋਕ ਇਸ ਨੂੰ spectacled Monkey ਜਾਂ ‘ਚਸ਼ਮੇ ਵਾਲਾ ਬਾਂਦਰ’ ਵੀ ਕਹਿੰਦੇ ਹਨ। ਇਹ ਲੰਗੂਰ ਭਾਰਤ, ਬੰਗਲਾ ਦੇਸ਼, ਮਿਆਂਮਾਰ, ਚੀਨ, ਥਾਈਲੈਂਡ ਅਤੇ ਵੀਅਤਨਾਮ ਤਕ ਸੀਮਤ ਹੈ। ਭਾਰਤ ਵਿਚ ਇਹ ਅਸਾਮ, ਮਿਜ਼ੋਰਮ ਅਤੇ ਤ੍ਰਿਪੁਰਾ ਵਿਚ ਮਿਲਦਾ ਹੈ। ਇਸਨੂੰ ਤ੍ਰਿਪੁਰਾ ਸਰਕਾਰ ਨੇ ਆਪਣਾ ਰਾਜ ਜੰਗਲੀ ਜਾਨਵਰ ਐਲਾਨਿਆ ਹੋਇਆ ਹੈ। ਚਸ਼ਮੇ ਵਾਲੇ ਬਾਂਦਰ ਨੂੰ ਆਪਣੀ ਸੁੰਦਰ ਦਿੱਖ ਲਈ ਜਾਣਿਆ ਜਾਂਦਾ ਹੈ। ਇਹ ਲੰਗੂਰ ਵਣ ਖੇਤਰਾਂ ਅਤੇ ਚਾਹ ਦੇ ਬਗੀਚਿਆਂ ਦੇ ਨੇੜੇ ਰਹਿਣਾ ਪਸੰਦ ਕਰਦਾ ਹੈ। ਇਹ ਕਿਸਮ ਖ਼ਤਰੇ ਵਾਲੀਆਂ ਪ੍ਰਜਾਤੀਆਂ ਵਿਚ ਸੂਚੀਬੱਧ ਹੈ ਕਿਉਂਕਿ ਪਿਛਲੇ 35 ਸਾਲਾਂ ਵਿਚ ਇਸ ਦੀ ਆਬਾਦੀ 50% ਤੋਂ ਘਟ ਗਈ ਹੈ। ਇਸ ਦਾ ਮੁੱਖ ਕਾਰਨ ਇਨ੍ਹਾਂ ਲਈ ਜੰਗਲਾਂ ਦਾ ਘੱਟ ਹੋਣਾ ਹੈ। ਤ੍ਰਿਪੁਰਾ ਨੂੰ ਭਾਰਤ ਵਿਚ ਚਸ਼ਮੇ ਵਾਲੇ ਬਾਂਦਰਾਂ ਦਾ ਗੜ੍ਹ ਮੰਨਿਆ ਜਾਂਦਾ ਹੈ, ਜਿੱਥੇ ਇਹ ਮੁੱਖ ਰੂਪ ਵਿਚ ਤਿੰਨ ਸੁਰੱਖਿਅਤ ਖੇਤਰਾਂ, ਸਿਪਾਹੀਜਾਲਾ, ਤ੍ਰਿਸ਼ਨਾ ਅਤੇ ਗੁਮਤੀ ਜੰਗਲੀ ਜੀਵ ਰੱਖਾਂ ਵਿਚ ਮਿਲਦਾ ਹੈ। ਇਹ ਲੰਗੂਰ ਕਈ ਤਰ੍ਹਾਂ ਦੇ ਪੱਤੇ, ਫ਼ਲਾਂ, ਫਲੀਆਂ, ਨਰਮ ਕਰੂੰਬਲਾਂ ਵਾਲੇ ਬੀਜ, ਰੁੱਖਾਂ ਨੂੰ ਲੱਗਿਆ ਗੂੰਦ ਅਤੇ ਫੁੱਲਾਂ ਆਦਿ ਨੂੰ ਖਾਣਾ ਪਸੰਦ ਕਰਦੇ ਹਨ। ਇਹ ਰਾਤ ਪੈਂਦੇ ਹੀ ਰੁੱਖਾਂ ਦੇ ਮੋਟੇ ਟਹਿਣੇ ’ਤੇ ਸੌਂ ਜਾਂਦੇ ਹਨ। ਨਰ ਚਸ਼ਮੇ ਵਾਲੇ ਲੰਗੂਰ ਦਾ ਭਾਰ 6.5 ਤੋਂ 7.5 ਕਿਲੋਗ੍ਰਾਮ ਹੁੰਦਾ ਹੈ ਅਤੇ ਮਾਦਾ ਦਾ ਭਾਰ 5.5 ਤੋਂ 6.5 ਕਿਲੋਗ੍ਰਾਮ ਹੁੰਦਾ ਹੈ। ਇਨ੍ਹਾਂ ਦੇ ਜਿਸਮ ਦਾ ਉੱਪਰਲਾ ਹਿੱਸਾ ਘਸਮੈਲਾ, ਕਾਲਾ, ਨੀਲਾ ਤੇ ਭੂਰਾ ਹੁੰਦਾ ਹੈ। ਇਨ੍ਹਾਂ ਦੇ ਮੂੰਹ ਤੇ ਅੱਖਾਂ ’ਤੇ ਚਿੱਟੇ ਰੰਗ ਦਾ ਨਿਸ਼ਾਨ ਹੁੰਦਾ ਹੈ। ਅੱਖਾਂ ਦੇ ਆਲੇ-ਦੁਆਲੇ ਦਾ ਚਿੱਟਾ ਨਿਸ਼ਾਨ ਚਸ਼ਮੇ ਦੀ ਤਰ੍ਹਾਂ ਲੱਗਦਾ ਹੈ ਜਿਸ ਕਾਰਨ ਇਸਨੂੰ ਚਸ਼ਮੇ ਵਾਲਾ ਬਾਂਦਰ ਕਿਹਾ ਜਾਂਦਾ ਹੈ। ਇਸਦਾ ਚਿਹਰਾ ਕਾਲਾ ਦਿਖਦਾ ਹੈ। ਇਸ ਦੀ ਪੂਛ, ਲੱਤਾਂ ਅਤੇ ਸਿਰ ਦਾ ਪਿਛਲਾ ਹਿੱਸਾ ਬਾਕੀ ਦੇ ਸਰੀਰ ਨਾਲੋਂ ਗੂੜ੍ਹੇ ਰੰਗ ਵਿਚ ਹੁੰਦਾ ਹੈ। ਅੱਖਾਂ ਦਾ ਰੰਗ ਗੂੜ੍ਹਾ ਭੂਰਾ ਜਾਂ ਕਾਲਾ ਹੁੰਦਾ ਹੈ। ਨੱਕ ਚਪਟਾ ਹੁੰਦਾ ਹੈ।

ਗੁਰਮੀਤ ਸਿੰਘ

ਇਹ ਲੰਗੂਰ ਸੁਭਾਅ ਵਿਚ ਬਹੁਤ ਸ਼ਰਮੀਲੇ ਹੁੰਦੇ ਹਨ ਅਤੇ ਆਮ ਤੌਰ ’ਤੇ ਇਕ ਧਮਕੀ ਨਾਲ ਹੀ ਭੱਜ ਜਾਂਦੇ ਹਨ। ਇਹ ਸਮਾਜਿਕ ਜਾਨਵਰ ਹਨ ਅਤੇ ਆਮ ਤੌਰ ’ਤੇ 7 ਤੋਂ 22 ਮੈਂਬਰਾਂ ਦੇ ਸਮੂਹਾਂ ਵਿਚ ਮਿਲਦੇ ਹਨ ਜੋ ਕਦੇ-ਕਦੇ ਇਸਤੋਂ ਵੱਡੇ ਸਮੂਹਾਂ ਵਿਚ ਵੀ ਦੇਖੇ ਜਾ ਸਕਦੇ ਹਨ। ਚਸ਼ਮੇ ਵਾਲੇ ਲੰਗੂਰ ਦੀ ਜਿਣਸੀ ਪਰਿਪੱਕਤਾ ਦੀ ਉਮਰ 3 ਤੋਂ 4 ਸਾਲ ਵਿਚਕਾਰ ਹੈ। ਇਨ੍ਹਾਂ ਦਾ ਪ੍ਰਜਣਨ ਦਾ ਸਮਾਂ ਆਮਤੌਰ ’ਤੇ ਸਾਰਾ ਸਾਲ ਰਹਿੰਦਾ ਹੈ, ਪਰ ਇਹ ਅਗਸਤ ਤੋਂ ਅਕਤੂਬਰ ਤਕ ਸਿਖਰ ’ਤੇ ਹੁੰਦਾ ਹੈ। ਇਕ ਪ੍ਰਮੁੱਖ ਨਰ ਕਈ ਕਈ ਮਾਦਾ ਨਾਲ ਸਬੰਧ ਬਣਾਉਂਦਾ ਹੈ। ਪ੍ਰਮੱਖ ਨਰ ਆਪਣੇ ਇਲਾਕੇ ’ਤੇ ਪੂਰਾ ਕੰਟਰੋਲ ਰੱਖਦਾ ਹੈ। ਮਾਦਾ 200 ਤੋਂ 208 ਦਿਨਾਂ ਦੇ ਗਰਭਕਾਲ ਤੋਂ ਬਾਅਦ ਇਕ ਬੱਚੇ ਨੂੰ ਜਨਮ ਦਿੰਦੀ ਹੈ ਜੋ ਲਗਪਗ ਇਕ ਸਾਲ ਤਕ ਆਪਣੀ ਮਾਂ ਨਾਲ ਹੀ ਰਹਿੰਦਾ ਹੈ। ਇਹ ਲਗਪਗ 20 ਸਾਲ ਤਕ ਉਮਰ ਭੋਗਦਾ ਹੈ। ਚਸ਼ਮੇ ਵਾਲੇ ਲੰਗੂਰ ਨੂੰ ਭਾਰਤ ਸਰਕਾਰ ਨੇ ਜੰਗਲੀ ਜੀਵ (ਸੁਰੱਖਿਆ) ਐਕਟ, 1972 ਦੇ ਸ਼ਡਿਊਲ ਇਕ ਵਿਚ ਦਰਜ ਕੀਤਾ ਹੈ। ਇਹ ਦੁਰਲੱਭ ਪ੍ਰਜਾਤੀ ਹੋਣ ਕਾਰਨ ਇਸਨੂੰ ਫੜਨ ਤੇ ਮਾਰਨ ਵਾਲੇ ਨੂੰ ਘੱਟ ਤੋਂ ਘੱਟ ਤਿੰਨ ਸਾਲ ਦੀ ਸਜ਼ਾ ਹੋ ਸਕਦੀ ਹੈ ਜੋ ਵੱਧ ਤੋਂ ਵੱਧ ਸੱਤ ਸਾਲ ਤਕ ਹੋ ਸਕਦੀ ਹੈ। ਇਸਦੇ ਨਾਲ ਹੀ ਘੱਟ ਤੋਂ ਘੱਟ 25 ਹਜ਼ਾਰ ਰੁਪਏ ਜੁਰਮਾਨਾ ਵੀ ਹੋ ਸਕਦਾ ਹੈ। ਇੰਟਰਨੈਸ਼ਨਲ ਯੂਨੀਅਨ ਫਾਰ ਨੇਚਰ ਕੰਜ਼ਰਵੇਸ਼ਨ (ਆਈ.ਯੂ.ਸੀ.ਐੱਨ.) ਨੇ ਤਾਂ ਇਸ ਲੰਗੂਰ ਨੂੰ ਘੱਟ ਮਿਲਣ ਵਾਲੀ ਜਿਣਸ ਐਲਾਨ ਦਿੱਤਾ ਹੈ। *ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ। ਸੰਪਰਕ: 98884-56910

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All