ਘੱਟਗਿਣਤੀ ਨੂੰ ਹੀ ਰੋਵੋਗੇ ਕਿ ਬਹੁਗਿਣਤੀ ਦੀ ਵੀ ਗੱਲ ਕਰਸੋ ?

ਐੱਸ ਪੀ ਸਿੰਘ*

ਅਜਿਹਾ ਨਹੀਂ ਹੈ ਕਿ ਦਹਾਕਿਆਂ ਤੋਂ ਭਾਰਤ ਘੱਟਗਿਣਤੀਆਂ ਲਈ ਬੜਾ ਸੁਰੱਖਿਅਤ ਖਿੱਤਾ ਸੀ ਅਤੇ ਹੁਣੇ ਜਿਹੇ ਉਨ੍ਹਾਂ ਉੱਤੇ ਕੋਈ ਪਹਿਲੀ ਵਾਰ ਮੁਸੀਬਤਾਂ ਦਾ ਪਹਾੜ ਟੁੱਟਿਆ ਹੈ। ਹਾਕਮ ਧਿਰ ਦੇ ਨੁਮਾਇੰਦੇ ਬੜੇ ਚਿਰ ਤੋਂ ਇਹ ਦੁਹਾਈ ਦੇ ਰਹੇ ਹਨ ਕਿ ਘੱਟਗਿਣਤੀਆਂ ਨਾਲ ਵਿਤਕਰਿਆਂ ਦੀ ਦਾਸਤਾਨ ਲੰਮੇਰੀ ਹੈ ਅਤੇ ਇਸ ਨੂੰ ਸਿਰਫ਼ ਵੱਡੀ ਬਹੁਗਿਣਤੀ ਨਾਲ ਸੱਤਾ ਵਿੱਚ ਆਇਆਂ ਖ਼ਿਲਾਫ਼ ਪੈਂਤੜੇਬਾਜ਼ੀ ਦੇ ਤੌਰ ’ਤੇ ਦੇਖਿਆ ਅਤੇ ਵੇਚਿਆ ਜਾ ਰਿਹਾ ਹੈ। ਅਖਲਾਕ ਅਤੇ ਪਹਿਲੂ ਖਾਨ ਤੋਂ ਲੈ ਕੇ ਤਬਰੇਜ਼ ਅਨਸਾਰੀ ਅਤੇ ਅਨੇਕਾਂ ਹੋਰਾਂ ਦੇ ਸਰੇ-ਰਾਹ ਅਤੇ ਸਰੇ-ਸ਼ਹਿ ਕੀਤੇ ਕਤਲਾਂ ਅਤੇ ਫਿਰ ਇਨ੍ਹਾਂ ਕਤਲਾਂ ਦੀਆਂ ਫ਼ਿਲਮਾਂ ਬਣਾ ਕੇ ਵਾਇਰਲ ਕਰਨ ਦੇ ਵਰਤਾਰੇ ਨੂੰ ਲੈ ਕੇ ਵਾਰ-ਵਾਰ ਇਹ ਵਾਵੇਲਾ ਖੜ੍ਹਾ ਕੀਤਾ ਜਾ ਰਿਹਾ ਹੈ ਕਿ ਘੱਟਗਿਣਤੀਆਂ ਉੱਤੇ ਜ਼ੁਲਮ ਹੋ ਰਹੇ ਹਨ। ਹਾਕਮ ਧਿਰ ਲਗਾਤਾਰ ਇਹ ਦਾਅਵਾ ਕਰ ਰਹੀ ਹੈ ਕਿ ਮੁਲਕ ਵਿੱਚ ਇੱਕ ਲੰਬਾ ਸਮਾਂ ਬਹੁਗਿਣਤੀ ਦੇ ਸਰੋਕਾਰਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਸੀ ਅਤੇ ਘੱਟਗਿਣਤੀਆਂ ਬਾਰੇ ਖਦਸ਼ਿਆਂ ਨੂੰ ਲੈ ਕੇ ਵੋਟਾਂ ਦੀ ਸਿਆਸਤ ਕੀਤੀ ਜਾ ਰਹੀ ਸੀ, ਇਸੇ ਕਰਕੇ ਹੀ ਖ਼ਲਕਤ ਨੇ ਉਮੜ ਕੇ ਉਨ੍ਹਾਂ ਨਾਲ ਹਾਮੀ ਭਰੀ ਹੈ ਜਿਹੜੇ ਇੱਕ ਦੇਸ਼, ਇੱਕ ਸੋਚ, ਇੱਕ ਨਜ਼ਰੀਆ, ਇੱਕ ਨੇਤਾ, ਇੱਕ ਧਰਮ ਦੀ ਸਰਦਾਰੀ ਨੂੰ ਪ੍ਰਣਾਏ ਹੋਏ ਹਨ। ਜਿਨ੍ਹਾਂ ਦੇ ਦਿਲ ਘੱਟਗਿਣਤੀਆਂ ਲਈ ਏਨੇ ਧੜਕਦੇ ਹਨ, ਉਹ ਬਹੁਗਿਣਤੀ ਦੇ ਵਲਵਲਿਆਂ ਬਾਰੇ ਕਿਉਂ ਨਹੀਂ ਓਨੇ ਹੀ ਜੋਸ਼ ਨਾਲ ਬੋਲਦੇ? ਇਹ ਸਵਾਲ ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰਾਂ ਦੇ ਮੂੰਹ ’ਤੇ ਹਰ ਟੀਵੀ ਡਿਬੇਟ ਵਿੱਚ ਵਗਾਹ ਕੇ ਮਾਰਿਆ ਜਾਂਦਾ ਹੈ। ‘‘ਕਸ਼ਮੀਰ ਲਈ ਕੂਕ ਰਹੇ ਹੋ, ਕਸ਼ਮੀਰੀ ਪੰਡਿਤ ਲਈ ਕਿਉਂ ਨਹੀਂ ਬੋਲ ਰਹੇ?’’ ਐਂਕਰ ਪੁੱਛਦਾ ਹੈ। ਉਸ ਦਾ ਫਰਜ਼ ਜੋ ਹੋਇਆ। ਭਾਈ, ਰਾਤ ਨੂੰ ਨੌਂ ਵਜੇ ਦੇਸ਼ ਜਵਾਬ ਜੁ ਮੰਗਦਾ ਹੈ। ਇਸ ਸਵਾਲ ਵਿੱਚ ਕੁਝ ਵੀ ਨਾਜਾਇਜ਼ ਨਹੀਂ ਹੈ। ਹਾਂ, ਹਾਕਮ ਧਿਰ ਬਹੁਗਿਣਤੀ ਦੇ ਸਰੋਕਾਰਾਂ ਬਾਰੇ ਕਿਉਂ ਚੁੱਪ ਹੈ? ਕਸ਼ਮੀਰ ਨੂੰ ਸੰਗੀਨ ਦੀ ਨੋਕ ’ਤੇ ਅਨਿੱਖੜਵਾਂ ਅੰਗ ਬਣਾਉਣ ਵਾਲਾ ਵੀ ਕਸ਼ਮੀਰੀ ਪੰਡਿਤ ਲਈ ਅਸਲੀ ਚਿੰਤਾ ਨਹੀਂ ਕਰ ਰਿਹਾ। ਸਾਨੂੰ ਬਹੁਗਿਣਤੀ ਬਾਰੇ ਵੱਡੀ ਚਿੰਤਾ ਕਰਨ ਦੀ ਲੋੜ ਹੈ। ਬਹੁਗਿਣਤੀ ਨੂੰ ਵੀ ਬਹੁਗਿਣਤੀ ਬਾਰੇ ਫ਼ਿਕਰ ਕਰਨ ਦੀ ਲੋੜ ਹੈ। ਬੇਇੰਤਹਾ ਨੁਕਸਾਨ ਪਹਿਲਾਂ ਹੀ ਹੋ ਚੁੱਕਾ ਹੈ ਅਤੇ ਹਰ ਵੱਡੀ ਘਟਨਾ, ਟੀਵੀ ’ਤੇ ਹੁੰਦੀ ਹਰ ਬਹਿਸ ਅਤੇ ਫਿਜ਼ਾ ਵਿਚ ਪਣਪ ਰਹੇ ਨਿੱਤ ਦੇ ਨਫ਼ਰਤੀ ਬਿਆਨੀਏ ਨਾਲ ਬਹੁਗਿਣਤੀ ਦਾ ਕਦੇ ਨਾ ਪੂਰਿਆ ਜਾਣ ਵਾਲਾ ਨੁਕਸਾਨ ਹੋ ਰਿਹਾ ਹੈ ਜਿਸ ਦੀ ਭਰਪਾਈ ਲਗਭਗ ਅਸੰਭਵ ਹੈ। ਹਰ ਉਸ ਵਾਇਰਲ ਵੀਡੀਓ ਨੂੰ ਤੱਕ, ਜਿਸ ਵਿੱਚ ਭੀੜ ਕਿਸੇ ਮਜ਼ਲੂਮ ਨੂੰ ਵਹਿਸ਼ੀ ਤਰੀਕੇ ਨਾਲ ਕੁੱਟ ਰਹੀ ਹੈ ਅਤੇ ਉਹ ਆਪਣੀ ਜਾਨ ਬਖਸ਼ੀ ਲਈ ਤਰਲੇ ਕੱਢ ਰਿਹਾ ਹੈ; ਫਿਰ ਟੀਵੀ ਅਤੇ ਅਖ਼ਬਾਰੀ ਸੁਰਖ਼ੀਆਂ ਵਿੱਚ ਉਸ ਬਿਆਨੀਏ ਨੂੰ ਪੜ੍ਹ ਜਿਸ ਵਿੱਚ ਅਜਿਹੇ ਵਰਤਾਰੇ ਨੂੰ ਢਿੱਲੇ ਮੂੰਹ ਨਾਲ ਮਾੜਾ ਕਹਿ ਕੇ ਬਹੁਤਾ ਜ਼ੋਰ ਇਸ ’ਤੇ ਦਿੱਤਾ ਜਾ ਰਿਹਾ ਹੋਵੇ ਕਿ ਮੁਲਕ ਨੂੰ ਸੋਚਣਾ ਚਾਹੀਦਾ ਹੈ ਕਿ ਭੀੜ ਗੁੱਸੇ ਵਿੱਚ ਕਿਉਂ ਸੀ, ਬਹੁਗਿਣਤੀ ਮਨਾਂ ਉੱਤੇ ਕੀ ਅਸਰ ਪੈਂਦਾ ਹੈ? ਜੇ ਗੁੱਸਾ ਜਾਇਜ਼ ਹੋਵੇ, ਪੰਜਾਹ ਸਾਲਾਂ ਦਾ ਪਹਿਲੂ ਖ਼ਾਨ ਸੱਚਮੁੱਚ ਮਾੜੇ ਇਰਾਦੇ ਨਾਲ ਗਾਈਆਂ, ਮੱਝੀਆਂ ਇਧਰ ਉਧਰ ਲਿਜਾ ਰਿਹਾ ਹੋਵੇ ਤਾਂ ਉਹਨੂੰ ਸਰੇ-ਰਾਹ ਕਤਲ ਕਰ ਦੇਣਾ ਚਾਹੀਦਾ ਹੈ? ਜੇ ਕੋਈ ਇਹ ਕਤਲ ਕਰੇਗਾ ਤਾਂ ਉਹਦੇ ਲਈ ਇੱਕ ਵੱਡੀ ਤਾਕਤਵਰ ਧਿਰ ਮੈਦਾਨ ਵਿਚ ਨਿੱਤਰੇਗੀ ਅਤੇ ਉਹਦਾ ਬਚਾਅ ਕਰੇਗੀ? ਜੇ ਤੁਹਾਡਾ ਗੁੱਸਾ ਜਾਇਜ਼ ਹੋਵੇ, ਜਜ਼ਬਾ ਧਾਰਮਿਕ ਹੋਵੇ ਜਾਂ ਤੁਹਾਡਾ ਮਨ ਦੇਸ਼ਭਗਤੀ ਨਾਲ ਓਤ-ਪ੍ਰੋਤ ਹੋਵੇ ਤਾਂ ਫਿਰ ਤੁਸੀਂ ਕਿਸੇ ਵਿਅਕਤੀ ਬਾਰੇ ਬੜੀ ਦਿਆਨਤਦਾਰੀ ਨਾਲ ਇਹ ਫ਼ੈਸਲਾ ਲੈ ਸਕਦੇ ਹੋ ਕਿ ਇਸ ਨੂੰ ਕੁੱਟ ਕੁੱਟ ਕੇ ਮਾਰ ਦੇਣਾ ਚਾਹੀਦਾ ਹੈ ਅਤੇ ਇਹਦੀ ਫਿਲਮ ਬਣਾ ਕੇ ਵਾਇਰਲ ਕਰਨੀ ਚਾਹੀਦੀ ਹੈ? ਅੰਗਰੇਜ਼ੀ ਵਿੱਚ ਸਿਆਸਤ ਦੀ ਇਕ ਵੰਨਗੀ ਨੂੰ dog-whistle politics ਕਹਿੰਦੇ ਹਨ। ਕੁੱਤੇ ਲਈ ਵਜਾਈ ਸੀਟੀ ਵਾਲੀ ਰਾਜਨੀਤੀ। ਕੁੱਤਿਆਂ ਲਈ ਮਾਹਿਰ ਇੱਕ ਐਸੀ ਸੀਟੀ ਵਰਤਦੇ ਹਨ ਜਿਸ ਦੀਆਂ ਅਲਟ੍ਰਾਸੋਨਿਕ ਤਰੰਗਾਂ ਕੁੱਤੇ ਨੂੰ ਤਾਂ ਸੁਣਦੀਆਂ ਹਨ, ਪਰ ਮਨੁੱਖੀ ਕੰਨ ਉੱਤੇ ਕੋਈ ਅਸਰ ਨਹੀਂ ਕਰਦੀਆਂ। ਸਾਡਾ ਨੇਤਾ ਹੁਣ ਅਜਿਹੀ ਹੀ ਰਾਜਨੀਤੀ ਕਰ ਰਿਹਾ ਹੈ। ਕਿਸੇ ਨੂੰ ਵੀ ਇਸ ’ਤੇ ਕੀ ਇਤਰਾਜ਼ ਹੋ ਸਕਦਾ ਹੈ ਕਿ ਦੇਸ਼-ਧ੍ਰੋਹੀਆਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ, ਪਰ ਭੀੜ ਨੂੰ ਕੋਈ ਹੋਰ ਸੁਨੇਹਾ ਸਪੱਸ਼ਟ ਸੁਣਾਈ ਦੇ ਰਿਹਾ ਹੈ। ਸਰਕਾਰ ਜਾਂ ਹਰਮਨ ਪਿਆਰੇ ਨੇਤਾ ਦਾ ਵਿਰੋਧ ਕਰਨ ਵਾਲੇ ਦੇਸ਼ਧ੍ਰੋਹੀ ਹੁੰਦੇ ਹਨ ਅਤੇ ਜੇ ਉਨ੍ਹਾਂ ਖ਼ਿਲਾਫ਼ ਕਾਰਵਾਈ ਭੀੜ ਹੀ ਕਰ ਦੇਵੇ ਤਾਂ ਸੱਤਾ ਐਸੀ ਦੇਸ਼ਭਗਤੀ ਦੀ ਭਾਵਨਾ ਦੀ ਕਦਰ ਕਰੇਗੀ। Dog whistle ਹੀ ਕਾਫ਼ੀ ਹੈ, ਸਿੱਧੇ ਕਹਿਣ ਦੀ ਲੋੜ ਹੀ ਕੀ ਹੈ? ਭਰੋਸਾ ਰੱਖੋ, ਕੀ ਕਾਤਲਾਂ ਦਾ ਸਨਮਾਨ ਕਰਨ ਮਾਨਯੋਗ ਮੰਤਰੀ ਹਾਰ ਲੈ ਕੇ ਨਹੀਂ ਪਹੁੰਚੇ ਸਨ? ਭੀੜ ਨੂੰ ਹੌਸਲਾ ਮਿਲਦਾ ਹੈ, ਉਹ ਆਪਣੇ ਮੁਹੱਲੇ ਵਿੱਚੋਂ ਪਹਿਲੂ ਖ਼ਾਨ ਲੱਭਣਾ ਸ਼ੁਰੂ ਕਰ ਦੇਂਦੀ ਹੈ। ਪਰ ਅੱਜ ਤਾਂ ਮੈਂ ਸਿਰਫ਼ ਬਹੁਗਿਣਤੀ ਦੇ ਸਰੋਕਾਰਾਂ ਦੀ ਗੱਲ ਕਰਨੀ ਹੈ, ਘੱਟਗਿਣਤੀਆਂ ਬਾਰੇ ਤਾਂ ਹੋਰ ਬੜੇ ਬੋਲ ਰਹੇ ਹਨ। ਜਿਹੜਾ ਨੌਜਵਾਨ ਅੱਜ ਤਬਰੇਜ਼ ਅੰਸਾਰੀ ਨੂੰ ਕੁੱਟ ਕੁੱਟ ਕੇ ਮਾਰ ਰਿਹਾ ਹੈ, ਜੇ ਕੱਲ੍ਹ ਨੂੰ ਕਿਸੇ ਨੇ ਉਹਦੇ ਪਰਿਵਾਰ ਦੇ ਕਿਸੇ ਜੀਅ ਨਾਲ ਝਗੜਾ ਕੀਤਾ ਤਾਂ ਉਹ ਕੀ ਕਰੇਗਾ? ਕੀ ਉਹ ਇਹ ਸੋਚ ਕੇ ਥਾਣੇ ਜਾਂ ਅਦਾਲਤ ਜਾਵੇਗਾ ਕਿ ਜੀ, ਇਹ ਤਾਂ ਜ਼ਾਤੀ ਮਾਮਲਾ ਹੈ। ਨਾਲੇ ਜਿਸ ਨਾਲ ਝਗੜਾ ਹੋਇਆ ਹੈ, ਉਹ ਵੀ ਮੇਰੇ ਰੱਬ ਦਾ ਹੀ ਨਾਮ ਲੈਂਦਾ ਹੈ? ਕਹੇਗਾ ਕਿ ਇਸੇ ਲਈ ਮੈਂ ਕਾਨੂੰਨ ਕੋਲ ਆਇਆ ਹਾਂ, ਮੈਂ ਆਪ ਕਾਨੂੰਨ ਨਹੀਂ ਬਣ ਰਿਹਾ? ਜੇ ਅੱਜ ਕਸ਼ਮੀਰੀਆਂ ਨੂੰ ਘਰਾਂ ਅੰਦਰ ਡੱਕ, ਬਾਹਰ ਫ਼ੌਜ ਦੀਆਂ ਗਸ਼ਤਾਂ ਲਵਾ, ਦੇਖਦੇ ਗੋਲੀ ਮਾਰ ਦੇਣ ਦੇ ਕਾਨੂੰਨ ਚਲਾ, ਬੜਾ ਚੰਗਾ ਲੱਗ ਰਿਹਾ ਹੈ, ਮਿਠਾਈ ਵੰਡੀ ਜਾ ਰਹੀ ਹੈ, ਉਨ੍ਹਾਂ ਦੀਆਂ ਜ਼ਮੀਨਾਂ ’ਤੇ ਪਲਾਟ ਕੱਟਣ ਦੀਆਂ ਤਿਆਰੀਆਂ ਹੋ ਰਹੀਆਂ ਹਨ, ਉਨ੍ਹਾਂ ਦੀਆਂ ਲੜਕੀਆਂ ਨਾਲ ਕੀ ਕਰਨਾ ਲੋਚਦੇ ਹੋ, ਇਸ ਬਾਰੇ ਜਨਤਕ ਗੱਲਬਾਤ ਅਤੇ ਹਾਸਾ-ਠੱਠਾ ਹੋ ਰਿਹਾ ਹੈ ਤਾਂ ਕੱਲ੍ਹ ਨੂੰ ਕੀ ਹੋਵੇਗਾ ਜਦੋਂ ਤੁਹਾਡੇ ਬੇਟੇ ਨਾਲ ਉਹ ਕੁੜੀ ਗੱਲ ਕਰਨ ਨੂੰ ਤਿਆਰ ਨਹੀਂ ਹੋਵੇਗੀ ਜਿਹੜੀ ਉਹਨੂੰ ਬੜੀ ਚੰਗੀ ਲੱਗਦੀ ਹੈ? ਆਪਣੇ ਇਸ ਮਸਲੇ ਨਾਲ ਬੇਟਾ ਕਿਵੇਂ ਨਜਿੱਠੇਗਾ? ਕੀ ਤੁਸੀਂ ਮਿਠਾਈਆਂ ਵੰਡ ਉਸ ਨੂੰ ਸਿਖਾ ਨਹੀਂ ਰਹੇ ਕਿ ਕੀ ਕਰਨਾ ਹੈ? ਤੁਹਾਡੇ ਨੌਜਵਾਨ ਬੱਚੇ ਕੰਪਿਊਟਰ ਪ੍ਰੋਗਰਾਮ ਨਾਲ ਨਹੀਂ ਚੱਲਦੇ। ਅੱਜ ਕਸ਼ਮੀਰੀ ਕੁੜੀ ਨਾਲ ਜੋ ਕਰਨਾ ਲੋਚਦੇ ਨੇ, ਕੱਲ੍ਹ ਕਿਸੇ ਵੀ ਕੁੜੀ ਨਾਲ ਇਹੋ ਕਰਨਾ ਲੋਚਣਗੇ। ਅੱਜ ਗਊ ਲਿਜਾਂਦੇ ਨੂੰ ਕਤਲ ਕਰ ਰਹੇ ਹਨ ਤਾਂ ਕੱਲ੍ਹ ਜਾਇਦਾਦ ਬਾਰੇ ਚੱਲ ਰਹੇ ਝਗੜੇ ਨੂੰ ਲੈ ਕੇ ਭਰਾ, ਭਤੀਜੇ, ਚਾਚੇ ਜਾਂ ਗੁਆਂਢੀ ਦਾ ਕਤਲ ਵੀ ਕਰ ਸਕਦੇ ਹਨ। ਜੇ ਅੱਜ ਗਊ-ਚੋਰ ਨੂੰ ਮਾਰ ਸਕਦੇ ਹਨ ਤਾਂ ਕੱਲ੍ਹ ਮੋਟਰਸਾਈਕਲ ਚੋਰ ਨੂੰ ਵੀ ਮਾਰ ਦੇਣਗੇ। ਘੱਟ ਗਿਣਤੀ, ਘੱਟ ਗਿਣਤੀ ਕੂਕ ਰਹੇ ਹੋ, ਵੇ ਲੋਕੋ, ਬਹੁਗਿਣਤੀ ਬਾਰੇ ਸੋਚੋ। ਨੇਤਾ ਸਭ ਨੂੰ ਕਾਤਲ ਬਣਾਉਣ ’ਤੇ ਤੁਲਿਆ ਹੋਇਆ ਹੈ, ਤੁਸੀਂ ਆਪਣੀ ਰੱਖਿਆ ਆਪ ਕਰਨੀ ਹੈ। ਸਾਨੂੰ ਸਭਨਾਂ ਨੂੰ ਇੱਕ ਆਵਾਜ਼ੇ ਕਸ਼ਮੀਰੀ ਪੰਡਿਤਾਂ ਲਈ ਡਟ ਜਾਣਾ ਚਾਹੀਦਾ ਹੈ, ਠੀਕ ਉਵੇਂ ਹੀ ਜਿਵੇਂ ਕਸ਼ਮੀਰੀ ਪੰਡਿਤਾਂ ਨੂੰ ਇਹ ਕਹਿ ਆਪਣੇ ਲਈ ਡਟ ਜਾਣਾ ਚਾਹੀਦਾ ਹੈ ਕਿ ਭਾਈ, ਕਸ਼ਮੀਰੀ ਕੁੜੀਆਂ ਬਾਰੇ ਅਜਿਹੀ ਬਕਵਾਸ ਅਸੀਂ ਨਹੀਂ ਸਹਾਂਗੇ ਕਿਉਂਕਿ ਜੇ ਸਾਡੇ ਨੌਜਵਾਨ ਬੱਚੇ ਤੁਹਾਨੂੰ-ਸਾਨੂੰ ਇਸ ਹੋਛੇਪਣ ਨੂੰ ਹੁੰਗਾਰਾ ਦਿੰਦਿਆਂ ਵੇਖਣਗੇ ਤਾਂ ਸਾਡੀ ਜਲਾਵਤਨੀ ਦੀ ਪੀੜ ਨੂੰ ਕਿਵੇਂ ਸਮਝਣਗੇ? ਜੇ ਨਫ਼ਰਤਾਂ ਵਿੱਚ ਪਲੇ ਤਾਂ ਅੱਗੋਂ ਨਫ਼ਰਤਾਂ ਹੀ ਪਾਲਾਂਗੇ। ਅਸੀਂ ਨਫ਼ਰਤਾਂ ਦੇ ਯੁੱਗ ਵਿੱਚ ਹੀ ਰਹਿੰਦੇ ਆ ਰਹੇ ਹਾਂ। ਦਹਾਕਿਆਂ ਤੋਂ ਫ਼ਿਲਮਾਂ ਵਿੱਚ ਵਿਖਾਏ ਗੁਆਂਢੀ ਮੁਲਕ ’ਚੋਂ ਦੁਸ਼ਮਣ ਭਾਲ ਰਹੇ ਹਾਂ। ਨਫ਼ਰਤ ਹੀ ਸਾਡਾ ਮਨੋਰੰਜਨ ਹੋ ਚੁੱਕੀ ਹੈ। ਵੈਸੇ ਇਹ ਜ਼ਰੂਰੀ ਨਹੀਂ ਕਿ ਸਾਨੂੰ ਹਮੇਸ਼ਾਂ ਪਤਾ ਲੱਗ ਹੀ ਜਾਵੇ ਕਿ ਅਸੀਂ ਕਦੋਂ ਨਫ਼ਰਤ ਕਰ ਰਹੇ ਹਾਂ। ਪਾਕਿਸਤਾਨ ਨਾਲ ਨਫ਼ਰਤ ਥੋੜ੍ਹਾ ਹੀ ਹੈ ਭੀੜ ਨੂੰ? ਉਹ ਤਾਂ ਹਿੰਦੁਸਤਾਨ ਨਾਲ ਅਥਾਹ ਪਿਆਰ ਹੈ। ਗਊ ਮਾਤਾ ਨਾਲ ਪਿਆਰ ਸੀ, ਇਸੇ ਵਿੱਚ ਕਤਲ ਹੋ ਜਾਂਦਾ ਹੈ। ਜਦੋਂ ਮਾਨਤਾ-ਪ੍ਰਾਪਤ ਮਿਹਨਤਾਂ ਨਾਲ ਤਾਮੀਰ ਕੀਤੀ ਕਾਨੂੰਨੀ ਤਰੀਕਾਸਾਜ਼ੀ ਤਿਆਗ ਕੇ ਭੀੜ ਭਲਾ ਕਰਨ ਨਿਕਲਦੀ ਹੈ ਤਾਂ ਬਹੁਗਿਣਤੀ ਨੂੰ ਵਹਿਸ਼ੀ ਬਣਾ ਦਿੰਦੀ ਹੈ। ਜਦੋਂ ਖਮੈਰ ਰੋਸ਼ ਦਾ ਕੰਬੋਡੀਆ ’ਤੇ ਸੰਪੂਰਨ ਕਬਜ਼ਾ ਹੋ ਗਿਆ ਤਾਂ ਉਹਦੇ ਸਰਦਾਰ ਪੋਲ ਪੌਟ ਨੇ ਕਿਹਾ ਕਿ ਅੱਜ ਤੱਕ ਸਭ ਗ਼ਲਤ ਹੀ ਹੁੰਦਾ ਆਇਆ ਹੈ। ਇਸ ਲਈ ਸਾਰੇ ਰੀਤੀ ਰਿਵਾਜ, ਸੱਭਿਅਤਾਵਾਂ, ਮਾਨਤਾਵਾਂ ਖ਼ਤਮ। ਪੈਸਾ ਖ਼ਤਮ। ਧਰਮ ਖ਼ਤਮ। ਮਾਂ ਪਿਓ ਵੀ ਫਜ਼ੂਲ ਹੁੰਦੇ ਹਨ, ਇਨਕਲਾਬ ਆ ਗਿਆ ਹੈ, ਇਹੀ ਬੱਚਿਆਂ ਨੂੰ ਪਾਲ ਦੇਵੇਗਾ। ਸ਼ਹਿਰ ਬੁਰਾ ਹੁੰਦਾ ਹੈ, ਸਭਨਾਂ ਨੂੰ ਪਿੰਡਾਂ ਵਿੱਚ ਕੰਮ ਕਰਨ ਭੇਜ ਦਿੱਤਾ। ਉਸ ਬੀਤਿਆ ਸਮਾਂ ਵੀ ਖ਼ਤਮ ਕਰ ਦਿੱਤਾ। ਅਖੇ ਹੁਣ ਸਮਾਂ ਸਿਫ਼ਰ ਤੋਂ ਸ਼ੁਰੂ ਹੋਵੇਗਾ। ਇਸ ਲਈ 1975 ਨੂੰ ਜ਼ੀਰੋ ਯੀਅਰ (Zero Year) ਕਰਾਰ ਦਿੱਤਾ। ਪੜ੍ਹਿਆਂ ਲਿਖਿਆਂ ਨੇ ਅਜਿਹੀ ‘ਇੱਕ ਮੁਲਕ-ਇੱਕ ਵਿਚਾਰਧਾਰਾ’ ਵਾਲੀ ਪ੍ਰਣਾਲੀ ਦਾ ਵਿਰੋਧ ਕੀਤਾ ਤਾਂ ਹਕੂਮਤ ਨੂੰ ਸਮਝ ਆ ਗਈ ਕਿ ਇਹ ਪੜ੍ਹੇ ਲਿਖੇ ਹੀ ਮੁਸੀਬਤ ਖੜ੍ਹੀ ਕਰਦੇ ਹਨ। ਸੋ ਮਾਰ ਸੁੱਟੇ। ਕਿਸੇ ਦੱਸਿਆ ਕਿ ਜਿਨ੍ਹਾਂ ਨੂੰ ਨਜ਼ਰ ਦੀਆਂ ਐਨਕਾਂ ਲੱਗੀਆਂ ਹੁੰਦੀਆਂ ਹਨ, ਸਮਝੋ ਪੜ੍ਹੇ ਲਿਖੇ ਹਨ। ਸੋ ਐਨਕਾਂ ਵਾਲੇ ਲੋਕ ਮਾਰੇ ਗਏ। ਨਫ਼ਰਤ ਥੋੜ੍ਹਾ ਹੀ ਕੋਈ ਕਰ ਰਿਹਾ ਸੀ, ਉਹ ਤਾਂ ਮੁਲਕ ਮਹਾਨ ਬਣਾਇਆ ਜਾ ਰਿਹਾ ਸੀ। ਇਸ ਵਰਤਾਰੇ ਤੋਂ ਬਚਣ ਦਾ ਇੱਕੋ ਹੀ ਰਸਤਾ ਹੈ - ਮੁਹੱਬਤ। ਅੱਧੀ ਸਦੀ ਪਹਿਲਾਂ ਆਈ ਕਿਤਾਬ ‘ਦਿ ਆਰਟ ਔਫ ਲਵਿੰਗ’ ਵਿੱਚ ਐਰਿਕ ਫਰੌਮ ਪਿਆਰ ਦੀਆਂ ਪਰਤਾਂ ਖੋਲ੍ਹਦਾ ਕਹਿੰਦਾ ਹੈ ਕਿ ਲੋਕਾਈ ਨੂੰ ਪਿਆਰ ਕਰਨਾ ਕੋਈ ਵਲਵਲਾ ਨਹੀਂ, ਇੱਕ ਸੋਚਿਆ ਸਮਝਿਆ ਫ਼ੈਸਲਾ ਹੈ। ਜਿਸ ਦਿਨ ਫ਼ੈਸਲਾ ਕਰ ਲਵੋਗੇ, ਬਹੁਗਿਣਤੀ ਦੇ ਬੱਚਿਆਂ ਦਾ ਨਫ਼ਰਤੀ ਜਾਂ ਕਾਤਲ ਬਣਨੋਂ ਬਚਾਅ ਹੋ ਜਾਵੇਗਾ। ਇਸ ਲਈ ਕਸ਼ਮੀਰ ਦੀਆਂ ਵਾਦੀਆਂ ਵਿੱਚ ਪਲਾਟ ਦਾ ਸੁਪਨਾ ਛੱਡ ਅੱਜ ਫ਼ੈਸਲਾ ਲਓ ਕਿ ਪਾਕਿਸਤਾਨ ਵਿੱਚ ਰਹਿੰਦੇ ਮਿਹਨਤਕਸ਼ ਮਜ਼ਦੂਰਾਂ, ਕਿਸਾਨਾਂ, ਗ਼ਰੀਬਾਂ, ਮਜ਼ਲੂਮਾਂ ਦਾ ਵੀ ਤਾਂ ਆਜ਼ਾਦੀ ਦਿਹਾੜਾ ਲੰਘ ਕੇ ਗਿਆ ਹੈ। ਦੇਰ ਨਾਲ ਹੀ ਸਹੀ, ਵਧਾਈ ਤਾਂ ਭੇਜੋ। ਦੁਆ ਤਾਂ ਕਰੋ ਕਿ ਉਹ ਵੀ ਹਕੂਮਤੀ ਜ਼ੁਲਮਾਂ ਤੋਂ ਬਚੇ ਰਹਿਣ। ਇਹ ਦਿਨ ਤਾਂ ਮਸਾਂ ਇਕੱਠੇ ਚੜ੍ਹਾਇਆ ਸੀ। ਅੰਗਰੇਜ਼ ਭਜਾਏ ਸਨ। ਓਧਰ ਸਲਮਾ ਸਿਤਾਰਾ, ਏਧਰ ਤਿਰੰਗੇ ਲਹਿਰਾਏ ਸਨ। ਬਾਰਡਰ ’ਤੇ ਮੋਮਬੱਤੀ ਬਾਲਣ ਨਹੀਂ ਜਾ ਸਕਿਆ, ਇਹ ਨਾ ਹੋਵੇ ਕਿ ਕਿਸੇ ਨਫ਼ਰਤੀ ਦੀ ਸੂਚੀ ਵਿੱਚੋਂ ਬਚ ਰਹਾਂ। ਭੀੜ ਦੇ ਦੇਸ਼ਧ੍ਰੋਹ ਜਿੰਨੇ ਸ਼ਬਦ ਤਾਂ ਹੋ ਹੀ ਗਏ ਹੋਣਗੇ। ਦਿਲ ਬਹੁਗਿਣਤੀ ਲਈ ਰੋ ਰਿਹਾ ਸੀ, ਇਸ ਲਈ ਇਹ ਧ੍ਰੋਹ ਕਮਾਉਣਾ ਵੀ ਜ਼ਰੂਰੀ ਸੀ। ਤੁਹਾਨੂੰ ਆਜ਼ਾਦੀ ਮੁਬਾਰਕ, ਕਸ਼ਮੀਰ ਨੂੰ ਵਾਦੀ ਮੁਬਾਰਕ।

* ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਵਾਦੀ ਨੂੰ ਧਰਤੀ ਉੱਤੇ ਨਰਕ ਬਣਾ ਦੇਣ ਵਾਲਿਆਂ ਦੀ ਸਫ਼ਲਤਾ ਬਾਰੇ ‘ਹਮੀਂ ਅਸਤ, ਓ ਹਮੀਂ ਅਸਤ, ਓ ਹਮੀਂ ਅਸਤ’ ਵਾਲੇ ਕਿਸੇ ਮਿਸਰੇ ਦੀ ਇੰਤਜ਼ਾਰ ਕਰ ਰਿਹਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪੰਜਾਬ ’ਚ ਕਰੋਨਾ ਨੇ ਫਣ ਚੁੱਕਿਆ; ਰਿਕਾਰਡ 39 ਮੌਤਾਂ

ਪੰਜਾਬ ’ਚ ਕਰੋਨਾ ਨੇ ਫਣ ਚੁੱਕਿਆ; ਰਿਕਾਰਡ 39 ਮੌਤਾਂ

ਲੁਧਿਆਣਾ ਵਿੱਚ ਪਿਛਲੇ ਤਿੰਨ ਹਫ਼ਤਿਆਂ ’ਚ ਸਭ ਤੋਂ ਵੱਧ ਮੌਤਾਂ

ਬੰਗਲੂਰੂ: ਵੱਡੇ ਪੱਧਰ ’ਤੇ ਸਾੜਫੂਕ; ਪੁਲੀਸ ਫਾਇਰਿੰਗ ’ਚ 3 ਮੌਤਾਂ

ਬੰਗਲੂਰੂ: ਵੱਡੇ ਪੱਧਰ ’ਤੇ ਸਾੜਫੂਕ; ਪੁਲੀਸ ਫਾਇਰਿੰਗ ’ਚ 3 ਮੌਤਾਂ

* ਇਤਰਾਜ਼ਯੋਗ ਪੋਸਟ ਤੋਂ ਭੜਕੀ ਹਿੰਸਾ; * 50 ਪੁਲੀਸ ਕਰਮੀਆਂ ਸਮੇਤ ਕਈ ਜ...

ਪਾਵਰਕੌਮ ’ਚ 40 ਹਜ਼ਾਰ ਅਸਾਮੀਆਂ ਖ਼ਤਮ ਕਰਨ ਦੀ ਤਿਆਰੀ

ਪਾਵਰਕੌਮ ’ਚ 40 ਹਜ਼ਾਰ ਅਸਾਮੀਆਂ ਖ਼ਤਮ ਕਰਨ ਦੀ ਤਿਆਰੀ

* ਬਿਜਲੀ ਵਿਭਾਗ ਨੇ ਜੁਲਾਈ ਮਹੀਨੇ ਦੋ ਮੀਟਿੰਗਾਂ ’ਚ ਲਏ ਅਹਿਮ ਫੈਸਲੇ; *...

ਸ਼ਹਿਰ

View All