ਸਮੇਂ ਦੀ ਰਫ਼ਤਾਰ ਬੜੀ ਬਲਵਾਨ ਹੈ। ਤੁਰੇ ਜਾਂਦੇ ਸਮੇਂ ਨਾਲ ਦਿਨ, ਮਹੀਨੇ ਜਾਂ ਸਾਲ ਹੀ ਨਹੀਂ ਲੰਘਦੇ, ਬਦਲਦੀਆਂ ਰੁੱਤਾਂ ਵਾਂਗ ਸਾਡੀਆਂ ਰਹੁ-ਰੀਤਾਂ, ਸੋਚ,ਕੰਮ ਕਰਨ ਦੇ ਢੰਗ, ਖਾਣ-ਪੀਣ ਅਤੇ ਰਹਿਣ-ਸਹਿਣ ਦਾ ਤਰੀਕਾ ਵੀ ਬਦਲ ਜਾਂਦਾ ਹੈ। ਸਾਡੇ ਰਸਮ ਰਿਵਾਜ ਜੋ ਕਦੇ ਸਮਾਜ ਵਿੱਚ ਆਪਣੀ ਅਹਿਮ ਥਾਂ ਰੱਖਦੇ ਸਨ, ਸਮਾਂ ਬੀਤ ਜਾਣ ’ਤੇ ਉਨ੍ਹਾਂ ਦੀ ਕੋਈ ਮਹੱਤਤਾ ਹੀ ਨਹੀਂ ਰਹਿ ਜਾਂਦੀ। ਕੁੜੀ ਦੇ ਵਿਆਹ ਸਮੇਂ ਦਾਜ ਦੇਣ ਵਾਲੀਆਂ ਵਸਤਾਂ ਜੋ ਖਾਸ ਖਿੱਚ ਦਾ ਕੇਂਦਰ ਹੁੰਦੀਆਂ ਸਨ,ਅੱਜ ਸਾਨੂੰ ਉਨ੍ਹਾਂ ਬਾਰੇ ਰਚੇ ਲੋਕ-ਗੀਤ ਪੜ੍ਹ, ਸੁਣ ਕੇ ਹੀ ਉਨ੍ਹਾਂ ਦੀ ਹੋਂਦ ਦਾ ਪਤਾ ਲੱਗਦਾ ਹੈ। ਸੱਤ, ਅੱਠ ਦਹਾਕੇ ਪਹਿਲਾਂ ਧੀ ਦੇ ਵਿਆਹ ਵਿੱਚ ਸੰਦੂਕ ਦੇਣਾ ਓਨਾ ਹੀ ਅਹਿਮ ਹੁੰਦਾ ਸੀ ਜਿਨ੍ਹਾਂ ਵਿਆਹ ਵਿੱਚ ਲੱਡੂ ਬਣਾਉਣੇ ਜ਼ਰੂਰੀ ਹੁੰਦੇ ਸਨ। ਉਸ ਸਮੇਂ ਧੀ ਦਾ ਦਾਜ ਉਸ ਵੱਲੋਂ ਘਰੇ ਖੱਦਰ ਰੰਗ ਕੇ ਪੱਟ ਨਾਲ ਕਢਾਈ ਕਰਕੇ ਤਿਆਰ ਕੀਤੀਆਂ ਬਾਗ ਫੁਲਕਾਰੀਆਂ ਹੁੰਦੀਆਂ ਸਨ। ਮਾਵਾਂ ਦਾਦੀਆਂ ਵੱਲੋਂ ਹੱਥੀਂ ਸੂਤ ਕੱਤ ਕੇ ਜੁਲਾਹੇ ਤੋਂ ਬਣਵਾਏ ਖੇਸ ਚਤੁਹੀਆਂ ਆਦਿ ਹੁੰਦੇ ਸਨ। ਏਨਾ ਕੁ ਸਾਮਾਨ ਪਾਉਣ ਲਈ ਸੰਦੂਕ ਵੀ ਚਾਰ ਕੁ ਫੁੱਟ ਉੱਚਾ ਵਰਗਾਕਾਰ ਡੱਬਾ ਹੁੰਦਾ ਸੀ, ਜਿਸ ਨੂੰ ਖੋਲ੍ਹਣ ਲਈ ਦਰਵਾਜ਼ਿਆਂ ਵਾਂਗ ਲੱਕੜ ਦੇ ਨਿੱਕੇ ਤਖ਼ਤਿਆਂ ਵਾਲਾ ਦਰਵਾਜ਼ਾ ਹੁੰਦਾ ਹੈ। ਆਮ ਤੌਰ ’ਤੇ ਸੰਦੂਕ ਕਾਰੀਗਰ ਨੂੰ ਘਰ ਬਿਠਾ ਕੇ ਨਿੰਮ, ਟਾਹਲੀ ਜਾਂ ਕਿੱਕਰ ਦੀ ਲੱਕੜ ਤੋਂ ਬਣਾਏ ਜਾਂਦੇ ਸਨ ਜਿਸ ਦਾ ਪਿਛਲਾ ਪਾਸਾ ਸਾਫ਼ ਹੁੰਦਾ ਸੀ ਅਤੇ ਸਾਹਮਣੇ ਵਾਲੇ ਪਾਸੇ ’ਤੇ ਲੱਕੜ ਦੀ ਫੱਟੀ ਲਾ ਕੇ ਵਰਗਾਕਾਰ ਡੱਬੇ ਬਣਾਏ ਜਾਂਦੇ ਸਨ।
ਹੌਲੀ-ਹੌਲੀ ਦਾਜ ਵਿੱਚ ਕੁੜੀਆਂ ਵੱਲੋਂ ਬਣਾਈਆਂ ਕੱਤਣੀਆਂ, ਛਿੱਕੂ, ਮੁਹਾਰਾਂ, ਝੋਲੇ, ਪੱਖੀਆਂ ਆਦਿ ਸਾਮਾਨ ਵਧਦਾ ਗਿਆ। ਘੱਗਰੇ ਫੁਲਕਾਰੀਆਂ ਦੇ ਨਾਲ-ਨਾਲ ਖੱਦਰ ਤੇ ਛਾਪੇ ਨਾਲ ਪਵਾਈਆਂ ਘੁੱਗੀਆਂ ਵਾਲੀਆਂ ਰਜਾਈਆਂ, ਤਲਾਈਆਂ, ਚਾਦਰਾਂ ਅਤੇ ਪਰਾਤ, ਗਾਗਰ, ਵਲਟੋਹੀ, ਗੜਵਾ ਅਤੇ ਹੋਰ ਬਰਤਨ ਦਿੱਤੇ ਜਾਣ ਲੱਗ ਪਏ। ਸਾਮਾਨ ਵਧਣ ਨਾਲ ਸੰਦੂਕਾਂ ਦੀ ਉਚਾਈ ਵੀ ਵਧ ਗਈ। ਸੱਤ-ਸੱਤ ਫੁੱਟ ਉੱਚੇ ਛੇਜਿਆਂ ਵਾਲੇ ਸੰਦੂਕ ਬਣਨ ਲੱਗ ਪਏ ਜਿਨ੍ਹਾਂ ਦੇ ਇੱਕ ਪਾਸੇ ਜਾਂ ਦੋਵੇਂ ਪਾਸੇ ਫੱਟੀਆਂ ਲਾ ਕੇ ਸੈਲਫਾਂ ਪਾਈਆਂ ਹੁੰਦੀਆਂ ਜਿਸ ਉੱਪਰ ਨੱਢੀਆਂ ਆਪਣਾ ਹਾਰ ਸ਼ਿੰਗਾਰ ਦਾ ਸਾਮਾਨ ਅਤੇ ਪੱਖੀਆਂ, ਕੱਤਣੀਆਂ ਵਰਗਾ ਸਾਮਾਨ ਰੱਖ ਲੈਂਦੀਆਂ। ਫਿਰ ਦੋ ਛੱਤੇ ਸੰਦੂਕ ਬਣਨ ਲੱਗ ਪਏ, ਜਿਸ ਦਾ ਹੇਠਲਾ ਭਾਗ ਬਿਸਤਰੇ ਰੱਖਣ ਲਈ ਵਰਤਿਆ ਜਾਂਦਾ। ਹੁਣ ਸੰਦੂਕ ਸਾਦੇ ਬਣਾਉਣ ਦੀ ਥਾਂ, ਕਾਰੀਗਰ ਆਪਣੀ ਕਲਾ ਦਾ ਪੂਰਾ ਜੌਹਰ ਦਿਖਾਉਂਦੇ ਹੋਏ ਆਪਣੇ ਹੱਥਾਂ ਦੀ ਕਿਰਤ ਨਾਲ ਰੀਝਾਂ ਦਾ ਮੇਲ ਕਰਕੇ, ਪਿੱਤਲ ਦੀਆਂ ਫੁੱਲੀਆਂ, ਮੇਖਾਂ, ਵੇਲ ਬੂਟਿਆਂ ਉੱਤੇ ਰੰਗ ਰੋਗਨ ਦੀ ਵਰਤੋਂ ਕਰਕੇ ਸ਼ੀਸ਼ਿਆਂ ਦੇ ਟੁਕੜਿਆਂ ਨੂੰ ਜੜ ਕੇ ਅਜਿਹੀ ਕਲਾਤਮਕ ਦਿੱਖ ਦਿੰਦੇ ਹਨ,ਵੇਖਣ ਵਾਲਾ ਦਾਦ ਦਿੱਤੇ ਬਿਨਾਂ ਨਹੀਂ ਰਹਿ ਸਕਦਾ।
ਧੀ ਦੇ ਜਨਮ ਲੈਂਦਿਆਂ ਹੀ ਮਾਂ ਕਦੇ ਸੂਈ ਨਾਲ, ਕਦੇ ਕਰੋਸ਼ੀਏ ਨਾਲ ਕੁਝ ਨਾ ਕੁਝ ਬਣਾਉਂਦੀ ਰਹਿੰਦੀ। ਕਦੇ ਸੂਤ ਕੱਤਣ ਵੱਲ ਅਹੁਲਦੀ। ਇਸ ਤਰ੍ਹਾਂ ਧੀ ਦੇ ਮੁਟਿਆਰ ਹੋਣ ਤਕ ਹੌਲੀ-ਹੌਲੀ ਸਾਰਾ ਦਾਜ ਤਿਆਰ ਕਰ ਲੈਂਦੀ। ਉਹ ਸਿਰਫ਼ ਵਸਤਾਂ ਹੀ ਨਾ ਹੁੰਦੀਆਂ ਸਗੋਂ ਮਾਂ ਦੀ ਮਮਤਾ ਅਤੇ ਪਿਆਰ ਦੀ ਮਿਠਾਸ ਨਾਲ ਭਰੇ ਅਮੁੱਲ ਖ਼ਜ਼ਾਨੇ ਬਣ ਜਾਂਦੇ। ਬਾਬਲ ਵੀ ਵਧਦੀ ਧੀ ਵੱਲ ਵੇਖ ਕੇ ਖੇਤ ਵਿੱਚ ਖੜ੍ਹੀ ਕਿਸੇ ਨਿੰਮ, ਟਾਹਲੀ ’ਤੇ ਸੰਦੂਕ ਬਣਾਉਣ ਲਈ ਅੱਖ ਰੱਖ ਲੈਂਦਾ। ਮਾਂ-ਬਾਪ ਵੱਲੋਂ ਕੀਤੀਆਂ ਜਾ ਰਹੀਆਂ ਇਨ੍ਹਾਂ ਤਿਆਰੀਆਂ ਨੂੰ ਦੇਖ ਕੇ ਹੀ ਕਿਸੇ ਧੀ ਦੇ ਬੁੱਲ੍ਹਾਂ ਵਿੱਚੋਂ ਇਹ ਸਤਰਾਂ ਨਿਕਲੀਆਂ ਹੋਣਗੀਆਂ:-
ਬਾਬਲ ਜਿਸ ਦਿਹਾੜੇ ਵੇ ਮੈਂ ਜਨਮੀ
ਤੇ ਮਾਤਾ ਮੇਰੀ ਸੂਈ ਫੜੀ।
ਬਾਬਲ ਦਾਜ ’ਚ ਦੇਵੀਂ ਵੇ ਸੰਦੂਕ
ਤੇ ਧੀਆਂ ਦੇ ਤੂੰ ਦਾਨ ਕਰੀਂ।
ਉਨ੍ਹਾਂ ਸਮਿਆਂ ਵਿੱਚ ਪੇਕੇ ਘਰ ਧੀਆਂ ਨੂੰ ਕਿਸੇ ਤਰ੍ਹਾਂ ਦਾ ਫੈਸ਼ਨ ਜਾਂ ਮੇਕਅੱਪ ਕਰਨ ਤੋਂ ਵਰਜਿਆ ਜਾਂਦਾ ਸੀ। ਮਾਵਾਂ ਵੱਲੋਂ ਇਹੋ ਮੱਤ ਦਿੱਤੀ ਜਾਂਦੀ ਸੀ ਕਿ ਹਾਰ ਸ਼ਿੰਗਾਰ ਸਹੁਰੇ ਘਰ ਜਾ ਕੇ ਹੀ ਕਰਨਾ ਹੈ। ਇਸੇ ਤਰ੍ਹਾਂ ਧੀ ਦੀ ਮਾਂ-ਬਾਪ ਅੱਗੇ ਅਰਜ਼ੋਈ ਹੁੰਦੀ ਸੀ ਕਿ ਉਸ ਦੇ ਲਈ ਸਰਦਾ-ਪੁੱਜਦਾ ਘਰ ਟੋਲਿਆ ਜਾਵੇ ਤਾਂ ਜੋ ਉਹ ਉੱਥੇ ਜਾ ਕੇ ਆਪਣੇ ਪਹਿਨਣ ਦੇ ਸ਼ੌਕ ਪੂਰੇ ਕਰ ਸਕੇ:
ਦੇਈਂ ਵੇ ਬਾਬਲਾ ਉਸ ਘਰੇ,
ਜਿੱਥੇ ਦਰਜੀ ਸੀਵੇ ਪੱਟ।
ਇੱਕ ਪਾਵਾਂ ਇੱਕ ਟੰਗਣੇ ਵੇ,
ਮੇਰਾ ਵਿੱਚ ਸੰਦੂਕਾਂ ਦੇ ਹੱਥ।
ਬਾਬਲ ਤੇਰਾ ਪੁੰਨ ਹੋਵੇ...।
ਆਖਰ ਉਹ ਦਿਨ ਵੀ ਆ ਜਾਂਦਾ ਜਦੋਂ ਧੀ ਨੇ ਬਾਬਲ ਦਾ ਦੇਸ ਛੱਡ ਕੇ ਬਿਗਾਨੜੇ ਦੇਸ ਜਾਣਾ ਹੁੰਦਾ ਹੈ। ਮਾਪਿਆਂ ਦੇ ਉਸ ਘਰ ਨੂੰ ਅਲਵਿਦਾ ਕਹਿਣ ਸਮੇਂ ਜਿਸ ਵਿੱਚ ਉਸ ਨੇ ਗੁੱਡੀਆਂ-ਪਟੋਲੇ ਖੇਡੇ ਸਨ, ਲੁਕਣ-ਮੀਟੀ ਖੇਡੀ ਸੀ, ਗੀਟੇ ਖੇਡੇ ਸਨ, ਮਾਂ ਦੀਆਂ ਲੋਰੀਆਂ ਅਤੇ ਦਾਦੀ ਦੀਆਂ ਬਾਤਾਂ ਸੁਣੀਆਂ ਸਨ, ਮੋਹ ਭਿੱਜੀਆਂ ਗੱਲਾਂ ਕੀਤੀਆਂ ਸਨ, ਨਿੱਕੇ -ਨੱਕੇ ਸੁਪਨੇ ਉਣੇ ਸਨ, ਉਸ ਦੇ ਢਿੱਡ ਵਿੱਚ ਹੌਲ ਪੈਂਦੇ, ਅੱਥਰੂ ਕਿਰ-ਕਿਰ ਸਾਲੂ ਨੂੰ ਭਿਆਉਂਦੇ। ਬਾਬਲ ਦੇ ਮਹਿਲਾਂ ਨੂੰ ਛੱਡਣਾ ਬੜਾ ਔਖਾ ਲੱਗਦਾ। ਘਰ ਭਾਵੇਂ ਢਾਰਿਆਂ ਵਰਗਾ ਸੀ ਜਾਂ ਪੱਕਾ ਸੀ ਪਰ ਉਸ ਨੂੰ ਤਾਂ ਉਹੀ ਮਹਿਲ ਜਾਪਦਾ ਸੀ। ਸੰਗਮਰਮਰ ਨਾਲ ਤਾਂ ਮਕਾਨ ਬਣਦੇ ਨੇ, ਘਰ ਤਾਂ ਉਸ ’ਚ ਵਸਣ ਵਾਲਿਆਂ ਦੀਆਂ ਮੋਹ ਮੁਹੱਬਤਾਂ ਨਾਲ ਬਣਦੇ ਨੇ। ਜਾਣ ਸਮੇਂ ਉਸ ਨੂੰ ਸੰਦੂਕ ਦੇ ਸਾਬਤ ਸ਼ੀਸ਼ੇ ’ਚ ਵੀਰ ਵੱਗ ਚਾਰਦਾ ਨਜ਼ਰ ਆਉਂਦਾ ਹੈ। ਉਸ ਦੇ ਮਨ ਦੇ ਵੇਗਾਂ ਨੂੰ ਨੰਦ ਲਾਲ ਨੂਰਪੁਰੀ ਨੇ ਇੱਕ ਗੀਤ ਵਿੱਚ ਬੜੀ ਮਾਸੂਮ ਭਾਵਨਾ ਨਾਲ ਪੇਸ਼ ਕੀਤਾ ਹੈ:
ਗੱਡੇ ਉੱਤੇ ਆ ਗਿਆ ਸੰਦੂਕ ਮੁਟਿਆਰ ਦਾ
ਸ਼ੀਸ਼ਿਆਂ ’ਚ ਕਹਿੰਦੇ ਉਹਦਾ ਵੀਰ ਵੱਗ ਚਾਰਦਾ।
ਵੀਰ ਵੱਲੋਂ ਧਿਆਨ ਹਟਾਉਂਦੀ ਹੈ ਤਾਂ ਅਗਲੇ ਸ਼ੀਸ਼ੇ ’ਚ ਬਾਬਲ ਦਾ ਘਰ ਦਿਸਦਾ ਹੈ। ਉਸ ਘਰ ’ਚ ਜਿੱਥੇ ਬਾਬਲ ਦੀ ਸਰਦਾਰੀ ਸੀ, ਅੰਮੜੀ ਦਾ ਰਾਜ ਸੀ। ਸਹੇਲੀਆਂ ਸੰਗ ਖੇਡਣ ਦੀ ਖੁੱਲ੍ਹ ਸੀ। ਘਿਓ ਦੇ ਘੜੇ ਰੁੜ੍ਹ ਜਾਣ ’ਤੇ ਵੀ ਕੋਈ ਫਿਟਕਾਰਦਾ ਨਹੀਂ ਸੀ। ਅੰਮੜੀ ਤਾਂ ਆਇਆ ਮੁੜ੍ਹਕਾ ਵੀ ਨਹੀਂ ਸਹਾਰਦੀ ਸੀ।
ਟੁੱਟੇ ਹੋਏ ਸ਼ੀਸ਼ੇ ਤਾਈਂ ਵੇਖਿਆ ਜੇ ਤਾੜ ਕੇ
ਡੋਲੀ ਵਿੱਚ ਆਣ ਬੈਠੀ ਦੋਵੇਂ ਪੱਲੇ ਝਾੜ ਕੇ
ਦਿਲ ਵਿੱਚ ਖ਼ਿਆਲ ਡਾਹਢਾ ਡਾਹਢਿਆਂ ਦੀ ਮਾਰ ਦਾ
ਗੱਡੇ ਉੱਤੇ ਆ ਗਿਆ ਸੰਦੂਕ ਮੁਟਿਆਰ ਦਾ।
ਕੋਈ ਸਮਾਂ ਸੀ ਦੁੱਧ ਤੇ ਪੁੱਤ ਵੇਚਣਾ ਗੁਨਾਹ ਵਰਗੀ ਗੱਲ ਸਮਝੀ ਜਾਂਦੀ ਸੀ। ਮਾਪਿਆਂ ਵੱਲੋਂ ਸਰਦਾ ਪੁੱਜਦਾ ਮਾੜਾ ਮੋਟਾ ਸਾਮਾਨ ਸੰਦੂਕ ਵਿੱਚ ਰੱਖ ਕੇ ਦੇ ਦਿੱਤਾ ਜਾਂਦਾ। ਜੇ ਕਿਸੇ ਖਾਸ ਕਾਰਨ ਕਰਕੇ ਵਿਆਹ ਜਲਦੀ ਕਰਨਾ ਪੈ ਜਾਂਦਾ ਤੇ ਪੁੱਤ ਵਾਲੇ ਕਹਿ ਦਿੰਦੇ, ਕੋਈ ਨਾ ਭਾਈ ਜੇ ਏਨੇ ਸਮੇਂ ’ਚ ਸੰਦੂਕ ਨਹੀਂ ਬਣਦਾ ਤਾਂ ਤੁਸੀਂ ਧੀ ਨੂੰ ਲੀੜਾ ਕੱਪੜਾ ਬਾਅਦ ’ਚ ਦੇ ਦਿਓ ਪਰ ਦੂਜਿਆਂ ਦੀਆਂ ਖ਼ੁਸ਼ੀਆਂ ਤੋਂ ਸਾੜਾ ਰੱਖਣ ਵਾਲਾ ਕੋਈ ਲੰਘਦਾ ਟੱਪਦਾ ਨਵੀਂ ਬਹੂ ਨੂੰ ਸੁਣਾ ਹੀ ਜਾਂਦਾ:
ਗੱਡਾ ਆ ਗਿਆ ਸੰਦੂਕੋਂ ਖਾਲੀ
ਬਹੁਤਿਆਂ ਭਰਾਵਾਂ ਵਾਲੀਏ।
ਨਵੇਂ ਘਰ ਵਿੱਚ ਪਹੁੰਚੀ ਵਿਆਂਹਦੜ ਨੂੰ ਸਭ ਕੁਝ ਓਪਰਾ-ਓਪਰਾ, ਬੇਗਾਨਾ-ਬੇਗਾਨਾ ਲੱਗਦਾ। ਜੇ ਉਸ ਨੂੰ ਕੋਈ ਆਪਣਾ ਲੱਗਦਾ ਤਾਂ ਉਹ ਸੰਦੂਕ ਹੀ ਹੁੰਦਾ। ਉਹ ਉੱਠ ਕੇ ਸੰਦੂਕ ਖੋਲ੍ਹ ਲੈਂਦੀ। ਕੱਪੜਿਆਂ ਨੂੰ ਛੋਹ-ਛੋਹ ਕੇ ਵੇਖਦਿਆਂ ਉਨ੍ਹਾਂ ਵਿੱਚੋਂ ਉਸ ਨੂੰ ਮਾਂ ਦੀ ਮਮਤਾ ਦਾ ਅਹਿਸਾਸ ਹੁੰਦਾ। ਫੁਲਕਾਰੀਆਂ ਦੀਆਂ ਤਹਿਆਂ ਖੋਲ੍ਹਦੀ, ਉਨ੍ਹਾਂ ਸਹੇਲੀਆਂ ਦੀ ਯਾਦ ਵਿੱਚ ਡੁੱਬ ਜਾਂਦੀ ਜਿਨ੍ਹਾਂ ਨਾਲ ਬੈਠ ਕੇ ਤ੍ਰਿੰਞਣ ਕੱਤਿਆ ਸੀ, ਕਸੀਦਾ ਕੱਢਿਆ ਸੀ। ਸਹੇਲੀਆਂ ਨੂੰ ਮਿਲਣ ਦੀ ਤਾਂਘ ਉਸ ’ਤੇ ਹਾਵੀ ਹੋ ਜਾਂਦੀ:
ਜਿਉਂ ਜਿਉਂ ਸੰਦੂਕ ਫਰੋਲਦੀ,
ਅੱਖਾਂ ਹੋ ਜਾਂਦੀਆਂ ਸਿੱਲ੍ਹੀਆਂ ਨੀਂ ਮਾਂ।
ਪੇਕੇ ਪਿੰਡ ਦੀਆਂ ਵਿਛੜੀਆਂ ਸਹੇਲੀਆਂ,
ਮੁੜ ਕਦੋਂ ਮਿਲੀਆਂ ਨੀਂ ਮਾਂ।
ਨੂੰਹ-ਸੱਸ ਦਾ ਰਿਸ਼ਤਾ ਬਹੁਤ ਘੱਟ ਸੁਖਾਵਾਂ ਵੇਖਿਆ ਗਿਆ ਹੈ। ਬਦਲਦੇ ਸਮੇਂ ਨਾਲ ਇਸ ਰਿਸ਼ਤੇ ਵਿੱਚ ਵੀ ਨਜ਼ਦੀਕੀਆਂ ਵਧ ਰਹੀਆਂ ਹਨ ਪਰ ਪਹਿਲਾਂ ਸੱਸਾਂ ਵੱਲੋਂ ਉਨ੍ਹਾਂ ਨਾਲ ਕੀਤਾ ਗਿਆ, ਉਨ੍ਹਾਂ ਦੀਆਂ ਸੱਸਾਂ ਵੱਲੋਂ ਮਾੜੇ ਵਰਤਾਓ ਦਾ ਗੁੱਸਾ, ਆਪਣੀਆਂ ਨੂੰਹਾਂ ’ਤੇ ਹੀ ਕੱਢਦੀਆਂ ਸਨ। ਸੱਸਾਂ ਕਿੰਨੇ ਵੀ ਮਿਹਣੇ ਤਾਹਨੇ ਦਿੰਦੀਆਂ ਪਰ ਨੂੰਹ ਆਪਣੀ ਮਾਂ ਵੱਲੋਂ ਚੁੱਪ ਰਹਿਣ ਦੀ ਦਿੱਤੀ ਨਸੀਹਤ ਨੂੰ ਯਾਦ ਕਰਕੇ ਕੁਝ ਨਾ ਬੋਲਦੀ ਪਰ ਜਦੋਂ ਉਹ ਉਸ ਦੇ ਵੀਰ ਨੂੰ ਮੰਦਾ ਬੋਲਣੋਂ ਨਾ ਹਟਦੀ ਤਾਂ ਪਤਾ ਹੀ ਨਾ ਲੱਗਦਾ, ਕਦੋਂ ਖੜਕਵਾਂ ਜਵਾਬ ਦਿੱਤਾ ਜਾਂਦਾ:
ਸੁਣ ਨੀਂ ਸੱਸੇ ਐਤਵਾਰੀਏ,
ਵਾਰ ਵਾਰ ਸਮਝਾਵਾਂ,
ਜਿਹੜਾ ਤੇਰਾ ਲੀਰ ਪਰਾਂਦਾ,
ਸਣੇ ਸੰਦੂਕ ਅੱਗ ਲਾਵਾਂ।
ਜਿਹੜੀ ਤੇਰੀ ਸੇਰ ਪੰਜੀਰੀ,
ਵਿਹੜੇ ਵਿੱਚ ਖਿੰਡਾਵਾਂ।
ਗਾਲ੍ਹ ਭਰਾਵਾਂ ਦੀ,
ਮੁੜ ਕੇ ਕਦੇ ਨਾ ਖਾਵਾਂ।
ਸੱਸ ਪ੍ਰਤੀ ਗੁਭਾਟ ਕੱਢਣ ਦਾ ਸਭ ਤੋਂ ਢੁਕਵਾਂ ਸਮਾਂ ਹੁੰਦਾ ਹੈ, ਤੀਆਂ ਦਾ। ਤੀਆਂ ਨੂੰ ਸਹੁਰਿਆਂ ਤੋਂ ਪੇਕੇ ਘਰ ਕੁੜੀਆਂ ਨੂੰ ਲੈ ਕੇ ਆਉਣ ਦਾ ਰਿਵਾਜ ਬਹੁਤ ਪੁਰਾਣਾ ਹੈ। ਕਿਸੇ ਖੂਹ ਜਾਂ ਟੋਭੇ ’ਤੇ ਖੜ੍ਹੇ ਸੰਘਣੇ ਦਰੱਖਤ ਹੇਠਾਂ ਜਦੋਂ ਮਸਤ ਤੇ ਅੱਲ੍ਹੜ ਜਵਾਨੀਆਂ ਸਭ ਫ਼ਿਕਰ, ਸੰਸੇ ਛੱਡ ਕੇ ਇੱਕ ਥਾਂ ਇਕੱਠੀਆਂ ਹੁੰਦੀਆਂ ਤਾਂ ਜਿੱਥੇ ਉਨ੍ਹਾਂ ਲਈ ਇਹ ਇੱਕ ਰੋਮਾਂਚਕ ਮੇਲਾ ਹੁੰਦਾ, ਉੱਥੇ ਅੰਦਰ ਦੱਬ ਕੇ ਰੱਖੀਆਂ ਭਾਵਨਾਵਾਂ, ਰੀਝਾਂ ਅਤੇ ਦਰਦ ਬਾਹਰ ਕੱਢਣ ਦਾ ਮੌਕਾ ਵੀ ਹੁੰਦਾ। ਸੱਸ ਪ੍ਰਤੀ ਗੁੱਸਾ ਕੱਢਣ ਲਈ ਇਸ ਤਰ੍ਹਾਂ ਦੀਆਂ ਬੋਲੀਆਂ ਪਾਈਆਂ ਜਾਂਦੀਆਂ:
ਸੱਸ ਕੁੱਟਣੀ ਸੰਦੂਕਾਂ ਓਹਲੇ,
ਨਿੰਮ ਦਾ ਘੜਾ ਦੇ ਘੋਟਣਾ।
‘ਪੱਤਝੜੇ ਪੁਰਾਣੇ ਵੇ, ਰੁੱਤ ਨਵਿਆਂ ਦੀ ਆਈਆ’ ਮੁਤਾਬਕ ਪੁਰਾਣੇ ਦੀ ਥਾਂ ਨਵੇਂ ਨੇ ਲੈਣੀ ਹੀ ਹੁੰਦੀ ਹੈ ਪਰ ਪੁਰਾਣਾ ਜੋ ਵੀ ਚੰਗਾ ਸੀ ਜਿਵੇਂ ਭਾਈਚਾਰਾ, ਮੋਹ ਮੁਹੱਬਤਾਂ, ਸਾਂਝੇ ਪਰਿਵਾਰ, ਮਿਲ ਬੈਠਣਾ, ਰਿਸ਼ਤੇਦਾਰਾਂ ਦਾ ਦੁੱਖ ਸੁੱਖ ਵੰਡਾਉਣ ਵਰਗੇ ਪੱਖ ਜੇ ਅਸੀਂ ਬਚਾ ਸਕੀਏ ਤਾਂ ਅਸੀਂ ਦਿਨੋ ਦਿਨ ਵਧ ਰਹੇ ਤਣਾਅ ਵਰਗੀਆਂ ਬੀਮਾਰੀਆਂ ਤੋਂ ਬਚ ਸਕਦੇ ਹਾਂ। ਪੁਰਾਣੇ ਘਰਾਂ ਦੇ ਦਰਵਾਜ਼ੇ ਤੇ ਸੰਦੂਕਾਂ ਆਦਿ ’ਤੇ ਕੀਤੀ ਕਲਾਕਾਰੀ ਜਿੱਥੇ ਸਾਂਭਣਯੋਗ ਹੈ, ਉੱਥੇ ਇਸ ਦੇ ਨਾਲ ਹੀ ਸਾਂਭਣਯੋਗ ਹਨ ਸਾਡੇ ਲੋਕ ਗੀਤ।
ਸ਼ਵਿੰਦਰ ਕੌਰ ਸੰਪਰਕ: 99888-62326
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ