ਗੋਰੀ ਦੀਆਂ ਝਾਂਜਰਾਂ ਵਾਲਾ ਨੰਦ ਲਾਲ ਨੂਰਪੁਰੀ

ਨੰਦ ਲਾਲ ਨੂਰਪੁਰੀ ਜਲਸਿਆਂ-ਗੁਰਪੁਰਬਾਂ, ਰਾਜਨੀਤਕ ਰੈਲੀਆਂ ’ਚ ਗੀਤ ਗਾਉਣ ਲੱਗਾ। ਫੇਰ ਤਾਂ ਚੱਲ ਸੋ ਚੱਲ ਰਹੀ। ਉਹ ਆਪਣੇ ਕਿਰਾਏ ਦੇ ਮਕਾਨ ਬੀ-ਬਲਾਕ 56 ਤੋਂ ਸੌ ਕੁ ਫੁੱਟ ਦੂਰ, ਸੜਕ ’ਤੇ ਜਿੱਥੇ ਅੱਜਕੱਲ੍ਹ ਪੁਰਾਣੀ ਪਕੌੜਿਆਂ ਦੀ ਦੁਕਾਨ ਹੈ, ਰੁੱਖ ਹੇਠ ਮੰਜੀ ਡਾਹ ਕੇ ਬੈਠਾ ਰਹਿੰਦਾ। ਆਉਂਦੇ-ਜਾਂਦੇ ਲੋਕਾਂ ਨੂੰ ਦੇਖਦਾ ਤੇ ਗੀਤ, ਕਵਿਤਾਵਾਂ ਲਿਖਦਾ। ਬੜਾ ਦਬੰਗ ਬੰਦਾ ਸੀ। ਕਿਸੇ ਦੀ ਵੀ ਪ੍ਰਵਾਹ ਨਾ ਕਰਦਾ। ਜਦੋਂ ਤੁਰਦਾ ਤਾਂ ਉਸ ਦੀ ਤੋਰ ’ਚ ਸ਼ਹਿਨਸ਼ਾਹੀ ਅੰਦਾਜ਼ ਹੁੰਦਾ। ਐਦਾਂ ਜਿੱਦਾਂ ‘ਦੋ ਪੈਰ ਘੱਟ ਤੁਰਨਾ, ਪਰ ਤੁਰਨਾ ਮੜਕ ਦੇ ਨਾਲ। ਪੜ੍ਹਦਾ ਬਹੁਤ ਸੀ, ਲਿਖਦਾ ਘੱਟ ਸੀ। ਉਹ ਨਾ ਥੱਕਦਾ, ਨਾ ਅੱਕਦਾ।

ਜਿੰਦਰ

ਮੈਂ ਜਲੰਧਰ 1983 ’ਚ ਆਉਣਾ ਸ਼ੁਰੂ ਕੀਤਾ ਸੀ। ਅਸੀਂ 1988 ’ਚ ਅੱਧੇ ਕੁ ਤੇ 1992 ’ਚ ਇੱਥੇ ਪੂਰੇ ਵਸ ਗਏ। ਕਦੇ-ਕਦਾਈਂ ਮੈਥੋਂ ਕੋਈ ਨੰਦ ਲਾਲ ਨੂਰਪੂਰੀ ਬਾਰੇ ਪੁੱਛ ਲੈਂਦਾ। ਖ਼ਾਸ ਕਰਕੇ ਉਸ ਖੂਹ ਬਾਰੇ ਜਿਸ ’ਚ ਉਸ ਨੇ ਛਾਲ ਮਾਰ ਕੇ ਆਤਮ-ਹੱਤਿਆ ਕੀਤੀ ਸੀ। ਮੈਂ ਇਕ-ਦੋਹਾਂ ਕੋਲੋਂ ਪੁੱਛਿਆ ਤਾਂ ਮੈਨੂੰ ਇਹੀ ਦੱਸਿਆ ਗਿਆ ਕਿ ਸਿੰਘ ਸਭਾ, ਗੁਰਦੁਆਰੇ ਨੇੜੇ ਪੈਂਦੇ ਪਾਰਕ ’ਚ ਉਹ ਖੂਹ ਹੈ। ਹੁਣ ਪੂਰ ਦਿੱਤਾ ਹੈ। ਮੇਰਾ ਸਹਿਕਰਮੀ ਰਾਮ ਪ੍ਰਕਾਸ਼ ਅਖ਼ਬਾਰਾਂ ਦਾ ਕੰਮ ਕਰਦਾ ਸੀ। ਉਸ ਵੀ ਇਸੇ ਥਾਂ ਦਾ ਦੱਸਿਆ ਸੀ। ਮੈਂ ਉਸ ਬਾਰੇ ਬਹੁਤਾ ਤਾਂ ਨਹੀਂ, ਇੰਨਾ ਕੁ ਜਾਣਦਾ ਸੀ ਕਿ ਉਸ ਬਹੁਤ ਹੀ ਮਸ਼ਹੂਰ ਗੀਤ ਲਿਖੇ ਹਨ। ਬਚਪਨ ’ਚ ਮੈਂ ਇਹ ਗੀਤ ਕਈ ਗਾਇਕਾਂ ਦੀ ਆਵਾਜ਼ ’ਚ ਸੁਣੇ ਸਨ। ਲੋਕ ਬੜੀ ਰੀਝ ਨਾਲ ਸੁਣਦੇ ਸਨ। ਕਈ ਗੀਤ ਤਾਂ ਲੋਕਗੀਤ ਬਣ ਗਏ ਹਨ। ਜਦੋਂ ਮੈਥੋਂ ਨੰਦ ਲਾਲ ਨੂਰਪੁਰੀ ਬਾਰੇ ਕੁਝ ਵੀ ਨਾ ਦੱਸ ਹੁੰਦਾ ਤਾਂ ਮੈਨੂੰ ਬੜੀ ਨਮੋਸ਼ੀ ਹੁੰਦੀ। ਕੋਈ ਮਿਹਣਾ ਮਾਰਦਾ, ‘‘ਕਮਾਲ ਦਾ ਬੰਦਾ ਤੂੰ ਵੀ। ਐਡਾ ਵੱਡਾ ਸ਼ਾਇਰ ਉਹਨੂੰ ਸਾਰੀ ਦੁਨੀਆਂ ਜਾਣਦੀ, ਤੂੰ ਉਸ ਦੇ ਘਰਦਿਆਂ ਬਾਰੇ ਜਾਣਕਾਰੀ ਨ੍ਹੀਂ ਰੱਖਦਾ।’’ ਮੈਂ ਭਾਸ਼ਾ ਵਿਭਾਗ ਪੰਜਾਬ ਦੀ ‘ਪੰਜਾਬੀ ਲੇਖਕ ਡਾਇਰੈਕਟਰੀ’ (2006) ਤੇ ਪੰਜਾਬੀ ਲੇਖਕ ਕੋਸ਼, ਸੰਪਾਦਕ ਪ੍ਰੀਤਮ ਸਿੰਘ (2006) ਦੇ ਪੰਨੇ ਫਰੋਲੇ। ਮੈਨੂੰ ਉਸ ਬਾਰੇ ਕੋਈ ਐਂਟਰੀ ਨਾ ਮਿਲੀ। ਪੰਜਾਬੀ ਦੇ ਲੇਖਕਾਂ ਦਾ ਕੋਸ਼ ਛਪੇ ਤੇ ਨੰਦ ਲਾਲ ਨੂਰਪੁਰੀ ਦਾ ਨਾਂ ਹੀ ਸ਼ਾਮਲ ਨਾ ਕੀਤਾ ਜਾਵੇ। ਮੈਨੂੰ ਇਸ ਗੱਲ ਨੇ ਹੈਰਾਨ ਤੇ ਪ੍ਰੇਸ਼ਾਨ ਕੀਤਾ। ਐਡੇ ਵੱਡੇ ਲੇਖਕ ਨਾਲ ਇਹ ਕਿਹੋ ਜਿਹਾ ਵਿਹਾਰ ਸੀ। ਕੀ ਪ੍ਰੀਤਮ ਸਿੰਘ ਵੀ ਉਸ ਦੀ ਹੋਂਦ ਤੋਂ ਅਣਜਾਣ ਸੀ? ਜਾਂ ਜਾਣਬੁੱਝ ਕੇ ਅਜਿਹਾ ਕੀਤਾ ਗਿਆ ਹੈ? ਨੰਦ ਲਾਲ ਨੂਰਪੁਰੀ ਦੀ ਪੰਜਾਬੀ ਸਾਹਿਤ ’ਚ ਦੇਣ ਨੂੰ ਕਿੱਦਾਂ ਭੁਲਾਇਆ ਜਾ ਸਕਦਾ। ਫੇਰ ਇਕ ਘਟਨਾ ਵਾਪਰ ਗਈ। ਮੇਰੇ ਦੋਸਤ ਨਾਲੋਂ ਵੱਧ ਭਰਾ ਨਰਿੰਦਰ ਪਾਲ ਸਿੰਘ ਕੰਗ ਦੀ ਮਾਤਾ ਜੀ ਦੀ ਮੌਤ ਵੇਲੇ, ਮੈਂ ਉਨ੍ਹਾਂ ਦੇ ਘਰ ਸੱਥਰ ’ਤੇ ਬੈਠਣ ਜਾਂਦਾ ਸੀ। ਬਾਪੂ ਜੀ ਕਸ਼ਮੀਰ ਸਿੰਘ ਕੰਗ ਹੋਰਾਂ ਨੇ ਵੀ ਮੈਨੂੰ ਨੰਦ ਲਾਲ ਨੂਰਪੁਰੀ ਦੀਆਂ ਕੁਝ ਗੱਲਾਂ ਦੱਸੀਆਂ। ਮੈਨੂੰ ਲੱਗਿਆ ਕਿ ਹੁਣ ਕੰਮ ਸੁਖਾਲਾ ਹੋ ਗਿਆ। ਮਾਤਾ ਜੀ ਦੇ ਭੋਗ ਤੋਂ ਬਾਅਦ ਮੈਂ ਇਕ ਦਿਨ ਬਾਪੂ ਜੀ ਕੋਲ ਜਾ ਬੈਠਾ। ਉਨ੍ਹਾਂ ਦੱਸਿਆ ਕਿ ਨੰਦ ਲਾਲ ਨੂਰਪੁਰੀ 1947 ’ਚ ਪਾਕਿਸਤਾਨੋਂ ਉੱਜੜ ਕੇ ਆਇਆ ਸੀ। ਉਹ ਬੀ-ਬਲਾਕ ਦੇ ਮਕਾਨ ਨੰ. 56 ’ਚ ਕਈ ਸਾਲ ਕਿਰਾਏਦਾਰ ਰਿਹਾ। ਫੇਰ ਮਕਾਨ-ਮਾਲਕਾਂ ਨਾਲ ਉਸ ਦਾ ਝਗੜਾ ਹੋ ਗਿਆ। ਕੇਸ ਚੱਲਿਆ। ਉਹ ਹਾਰ ਗਿਆ। ਉਹ ਆਪਣੀ ਬੇਟੀ ਕੋਲ ਮਕਾਨ ਨੰ 16, ਏ ਬਲਾਕ ’ਚ ਚਲਾ ਗਿਆ। ਉਹ ਬਾਪੂ ਜੀ ਕੋਲੋਂ ਕਈ ਵਾਰ ਘਰ ਲਈ ਆਟਾ ਵੀ ਉਧਾਰ ਲੈ ਕੇ ਗਿਆ। ਉਹ ਸ਼ਰਾਬ ਪੀ ਕੇ ਬਹੁਤ ਰੌਲਾ ਪਾਉਂਦਾ ਤੇ ਬਾਪੂ ਜੀ ਨੂੰ ਕਈ ਵਾਰ ਉਹਨੂੰ ਰੋਕਣਾ ਪੈਂਦਾ। ਉਹ ਪੈਸੇ ਸਿਰਫ਼ ਆਪਣੇ ਜਾਣਕਾਰਾਂ ਜਾਂ ਨੇੜੇ ਦੇ ਘੇਰੇ ’ਚੋਂ ਹੀ ਮੰਗਦਾ ਸੀ। ਕਿਸੇ ਅਫ਼ਸਰ ਜਾਂ ਮੰਤਰੀ ਅੱਗੇ ਉਸ ਕਦੇ ਹੱਥ ਨਹੀਂ ਅੱਡਿਆ।

ਜਿੰਦਰ

ਨੰਦ ਲਾਲ ਨੇ ਆਪਣਾ ਤਖੱਲਸ ਆਪਣੇ ਜੱਦੀ ਪਿੰਡ ਨੂਰਪੁਰ ਦੇ ਨਾਂ ’ਤੇ ਰੱਖਿਆ। ਉਸ ਦਾ ਜਨਮ ਪਾਕਿਸਤਾਨ ਦੇ ਜ਼ਿਲ੍ਹਾ ਲਾਇਲਪੁਰ, ਹੁਣ ਜਿਸ ਦਾ ਨਾਂ ਫੈਸਲਾਬਾਦ ਹੈ, ’ਚ ਜੂਨ 1906 ’ਚ ਬਿਸ਼ਨ ਸਿੰਘ ਦੇ ਘਰ ਹੋਇਆ। ਖਾਲਸਾ ਹਾਈ ਸਕਲ ਲਾਇਲਪੁਰ ਤੋਂ ਮੈਟ੍ਰਿਕ ਕੀਤੀ। ਡਾ. ਗੁਰਮੁਖ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਸਕੂਲ ਮਾਸਟਰ ਲੱਗ ਕੇ ਆਪਣੇ ਘਰ ਦਾ ਖਰਚ ਤੋਰਨਾ ਸ਼ੁਰੂ ਕੀਤਾ, ਪਰ ਉਸ ਦਾ ਮਨ ਇਸ ਕਿੱਤੇ ’ਚ ਨਾ ਲੱਗਿਆ। ਛੇਤੀ ਹੀ ਉਸ ਸਕੂਲ ਮਾਸਟਰੀ ਛੱਡ ਦਿੱਤੀ। ਉਹ ਲਗਪਗ ਛੇ ਫੁੱਟ ਲੰਬਾ ਤੇ ਤਕੜੇ ਜਿਸਮ ਦਾ ਮਾਲਕ ਸੀ। ਉਸ ਦੀ ਡੀਲ-ਡੌਲ ਨੇ ਪੁਲੀਸ ਅਫ਼ਸਰਾਂ ਨੂੰ ਪ੍ਰਭਾਵਿਤ ਕੀਤਾ। ਉਸ ਨੂੰ ਏ.ਐੱਸ.ਆਈ. ਭਰਤੀ ਕਰ ਲਿਆ। ਉਹ ਬੜਾ ਕਾਮਯਾਬ ਥਾਣੇਦਾਰ ਬਣਿਆ। ਚੋਰ ਉਚੱਕੇ ਉਸ ਤੋਂ ਭੈਅ ਖਾਂਦੇ। ਬੀਕਾਨੇਰ ’ਚ ਉਹ ਛੋਟਾ ਥਾਣੇਦਾਰ ਸੀ। ਉੱਥੇ ਕਿਸੇ ਮੁਖਬਰ ਨੇ ਦੱਸਿਆ ਕਿ ਕੁਝ ਲੋਕ ਸ਼ਰਾਬ ਦੀ ਭੱਠੀ ਲਾਈ ਨਾਜਾਇਜ਼ ਸ਼ਰਾਬ ਕੱਢ ਰਹੇ ਹਨ। ਪੁਲੀਸ ਅਫ਼ਸਰ ਨੇ ਉਸ ਨੂੰ ਇਸ ਭੱਠੀ ’ਤੇ ਛਾਪਾ ਮਾਰਨ ਤੇ ਮੁਲਜ਼ਮਾਂ ਨੂੰ ਫੜਨ ਲਈ ਭੇਜਿਆ। ਵਿਗੜੇ-ਤਿਗੜੇ ਜ਼ਿਮੀਂਦਾਰਾਂ ਨੇ ਪੁਲੀਸ ਪਾਰਟੀ ’ਤੇ ਹਮਲਾ ਕੀਤਾ। ਮੁਕਾਬਲਾ ਸ਼ੁਰੂ ਹੋ ਗਿਆ। ਪੁਲੀਸ ਦੀਆਂ ਗੋਲੀਆਂ ਨਾਲ ਤਿੰਨ ਜ਼ਿਮੀਂਦਾਰ ਮਾਰੇ ਗਏ। ਬਾਕੀ ਦਿਆਂ ਨੂੰ ਪੁਲੀਸ ਨੇ ਫੜ ਲਿਆ। ਇਸ ਬਹਾਦਰੀ ਭਰੇ ਕਾਰਨਾਮੇ ਦੀ ਅੰਗਰੇਜ਼ ਅਫ਼ਸਰਾਂ ਨੇ ਬੜੀ ਸਿਫ਼ਤ ਕੀਤੀ। ਉਸ ਨੂੰ ਇਸ ਬਹਾਦਰੀ ਲਈ ਤਗਮੇ ਨਾਲ ਸਨਮਾਨਿਆ ਗਿਆ। ਇੱਥੋਂ ਹੀ ਉਸ ਦਾ ਕਵੀ ਮਨ ਉਦਾਸ ਹੋ ਗਿਆ। ਆਪਣੇ ਭਰਾਵਾਂ ਨੂੰ ਮਾਰ ਕੇ ਇਨਾਮ ਲੈਣਾ ਉਸ ਲਈ ਦੁਖਦਾਈ ਘਟਨਾ ਸੀ। ਉਸ ਨੇ ਪੁਲੀਸ ਦੀ ਨੌਕਰੀ ਨੂੰ ਲੱਤ ਮਾਰ ਦਿੱਤੀ ਤੇ ਘਰ ਆ ਗਿਆ। ਦੀਵਾਨ ਚੰਦ ਉਰਫ਼ ਸੰਤ ਜੀ (ਉਮਰ 80 ਸਾਲ) ਨੇ ਮੈਨੂੰ ਇਸ ਤੋਂ ਉਲਟ ਕਹਾਣੀ ਦੱਸੀ। ਜਦੋਂ ਨੰਦ ਲਾਲ ਨੂਰਪੁਰੀ ਥਾਣੇਦਾਰ ਲੱਗਾ ਸੀ ਤਾਂ ਉਸ ਕੋਲ ਇਕ ਕੇਸ ਆਇਆ। ਇਕ ਬਹੁਤ ਹੀ ਸੋਹਣੀ ਕੁੜੀ ਦੋ-ਤਿੰਨ ਵਾਰ ਥਾਣੇ ਆਈ। ਨੂਰਪੁਰੀ ਨੂੰ ਉਸ ਨਾਲ ਮੁਹੱਬਤ ਹੋ ਗਈ। ਉਹ ਇਕ-ਦੂਜੇ ਨੂੰ ਖ਼ਤ ਲਿਖਣ ਲੱਗੇ। ਪਹਿਲਾਂ ਉਹ ਕਿਸੇ ਹੋਰ ਦੇ ਸ਼ੇਅਰ ਲਿਖ ਕੇ ਭੇਜਦਾ ਰਿਹਾ। ਫੇਰ ਉਹ ਆਪਣੇ ਕੋਲੋਂ ਤੁਕਬੰਦੀ ਕਰਕੇ ਲਿਖਣ ਲੱਗਾ। ਇਹ ਸਿਲਸਿਲਾ ਕਾਫ਼ੀ ਚਿਰ ਚਲਿਆ। ਉਸ ਦਾ ਪਹਿਲਾਂ ਹੀ ਸੁਮਿਤਰਾ ਦੇਵੀ ਨਾਲ ਵਿਆਹ ਹੋਇਆ ਸੀ। ਕੁੜੀ ਕਿਤੇ ਹੋਰ ਵਿਆਹੀ ਗਈ। ਉਸ ਨੂੰ ਗ਼ਮ ਦਾ ਫੱਟ ਦੇ ਗਈ। ਮੁਹੱਬਤ ਦੇ ਅੱਲੇ ਜ਼ਖ਼ਮ ਤੰਗ ਕਰਨ ਲੱਗੇ। ਉਹ ਸ਼ਾਇਰੋ-ਸ਼ਾਇਰੀ ਕਰਨ ਲੱਗਾ। ਜਲਸਿਆਂ-ਗੁਰਪੁਰਬਾਂ, ਰਾਜਨੀਤਕ ਰੈਲੀਆਂ ’ਚ ਗੀਤ ਗਾਉਣ ਲੱਗਾ। ਫੇਰ ਤਾਂ ਚੱਲ ਸੋ ਚੱਲ ਰਹੀ। ਉਹ ਆਪਣੇ ਕਿਰਾਏ ਦੇ ਮਕਾਨ ਬੀ-ਬਲਾਕ 56 ਤੋਂ ਸੌ ਕੁ ਫੁੱਟ ਦੂਰ, ਸੜਕ ’ਤੇ ਜਿੱਥੇ ਅੱਜਕੱਲ੍ਹ ਪੁਰਾਣੀ ਪਕੌੜਿਆਂ ਦੀ ਦੁਕਾਨ ਹੈ, ਰੁੱਖ ਹੇਠ ਮੰਜੀ ਡਾਹ ਕੇ ਬੈਠਾ ਰਹਿੰਦਾ। ਆਉਂਦੇ-ਜਾਂਦੇ ਲੋਕਾਂ ਨੂੰ ਦੇਖਦਾ ਤੇ ਗੀਤ, ਕਵਿਤਾਵਾਂ ਲਿਖਦਾ। ਬੜਾ ਦਬੰਗ ਬੰਦਾ ਸੀ। ਕਿਸੇ ਦੀ ਵੀ ਪ੍ਰਵਾਹ ਨਾ ਕਰਦਾ। ਜਦੋਂ ਤੁਰਦਾ ਤਾਂ ਉਸ ਦੀ ਤੋਰ ’ਚ ਸ਼ਹਿਨਸ਼ਾਹੀ ਅੰਦਾਜ਼ ਹੁੰਦਾ। ਐਦਾਂ ਜਿੱਦਾਂ ‘ਦੋ ਪੈਰ ਘੱਟ ਤੁਰਨਾ, ਪਰ ਤੁਰਨਾ ਮੜਕ ਦੇ ਨਾਲ। ਪੜ੍ਹਦਾ ਬਹੁਤ ਸੀ, ਲਿਖਦਾ ਘੱਟ ਸੀ। ਉਹ ਨਾ ਥੱਕਦਾ, ਨਾ ਅੱਕਦਾ। ਉਸ ਕਿਹੜਾ ਕੋਈ ਕੰਮ ਕਰਨਾ ਸੀ। ਘਰ ਨੂੰ ਘਰਵਾਲੀ ਚਲਾਉਂਦੀ ਸੀ। ਉਹ ਤਾਂ ਆਪਣੀ ਹੀ ਦੁਨੀਆ ’ਚ ਵਿਚਰਦਾ ਰਹਿੰਦਾ। ਆਪਣੇ ਆਪ ਨਾਲ ਗੱਲਾਂ ਕਰਦਾ। ਫੇਰ ਉਹ ਵਿਅਕਤੀਗਤ ਤੋਂ ਸਮੂਹਿਕ ਬਣ ਜਾਂਦਾ। ਸਟੇਜ ’ਤੇ ਛਾ ਜਾਂਦਾ। ਆਪਣੇ ਸਰੋਤਿਆਂ ਦੀ ਵਾਹ-ਵਾਹ ਨਾਲ ਸਰੂਰਿਆ ਜਾਂਦਾ। ਉਹਨੂੰ ਲੱਗਦਾ ਕਿ ਉਸ ਦੀ ਸਾਧਨਾ ਦਾ ਮੁੱਲ ਪੈ ਗਿਆ ਹੈ। ਕੁਝ ਪਲਾਂ ਬਾਅਦ ਉਸ ਦੀ ਭਟਕਣ ਫੇਰ ਜਾਗ ਪੈਂਦੀ। ਉਹ ਅਦਿੱਖ ਰਸਤਿਆਂ ’ਤੇ ਤੁਰ ਪੈਂਦਾ। ਉਹੀ ਰੁੱਖ, ਉਹੀ ਮੰਜੀ। ਉਹ ਇਕੱਲਤਾ। ਉਹੀ ਗੜਕਾ। ਕਿਸੇ ਨਵੇਂ ਗੀਤ ਦਾ ਰਚਨਹਾਰਾ। ਨੂਰਪੁਰੀ ਦੀਆਂ ਛੇ ਧੀਆਂ ਤੇ ਦੋ ਮੁੰਡੇ ਸਨ। ਵੱਡਾ ਪਰਿਵਾਰ ਅਕਸਰ ਤੰਗੀਆਂ ਕੱਟਦਾ। ਜੇ ਕਿਸੇ ਪ੍ਰੋਗਰਾਮ ਤੋਂ ਵਾਹਵਾ ਪੈਸੇ ਬਣ ਜਾਂਦੇ ਤਾਂ ਦਿਨ ਤੀਆਂ ਵਰਗੇ ਲੰਘਦੇ। ਅੱਗੋਂ-ਪਿੱਛੋਂ ਫਾਕੇ ਕੱਟਣ ਵਾਲੇ ਹੀ ਦਿਨ ਹੁੰਦੇ। ਉਨ੍ਹੀਂ ਦਿਨੀਂ ਉਸ ਦੇ ਗੀਤਾਂ ਦੀ ਤੂਤੀ ਬੋਲਦੀ ਸੀ। ਉਸ ਹਰੇਕ ਵਿਸ਼ੇ ’ਤੇ ਲਿਖਿਆ। 1962 ਦੀ ਚੀਨ ਦੀ ਲੜਾਈ ਮਗਰੋਂ ਉਸ ਕਈ ਗੀਤ ਲਿਖੇ। ਜਿਵੇਂ: ਓ ਦੁਨੀਆ ਦੇ ਬੰਦਿਓ ਪੂਜੋ ਉਨ੍ਹਾਂ ਨੇਕ ਇਨਸਾਨਾਂ ਨੂੰ ਦੇਸ਼ ਦੀ ਖਾਤਰ ਵਾਰ ਗਏ ਜੋ, ਪਿਆਰੀਆਂ-ਪਿਆਰੀਆਂ ਜਾਨਾਂ ਨੂੰ। ਨੰਦ ਲਾਲ ਨੂਰਪੁਰੀ ਦੇ ਸਮੇਂ ’ਚ ਸਟੇਜੀ ਕਵੀਆਂ ਦੀ ਤੂਤੀ ਬੋਲਦੀ ਸੀ। ਈਸ਼ਰ ਸਿੰਘ ਭਾਈਆ, ਕਰਤਾਰ ਸਿੰਘ ਬਲੱਗਣ, ਫੀਰੋਜ਼ਦੀਨ ਸ਼ਰਫ, ਵਿਧਾਤਾ ਸਿੰਘ ਤੀਰ, ਗੁਰਦੇਵ ਸਿੰਘ ਮਾਨ, ਗਰਦਿੱਤ ਸਿੰਘ ਕੁੰਦਨ ਕਵੀ ਦਰਬਾਰਾਂ ਦੀ ਸ਼ਾਨ ਹੁੰਦੇ ਸਨ। ਨੰਦ ਲਾਲ ਨੂਰਪੁਰੀ ਤਾਂ ਸਟੇਜ ’ਤੇ ਛਾ ਜਾਂਦਾ ਸੀ। ਛੇ ਫੁੱਟ ਲੰਬਾ ਸਰੀਰ, ਗੋਰਾ ਰੰਗ, ਭਰਵਾਂ ਮੂੰਹ ਤੇ ਸਿਰ ’ਤੇ ਲੜ ਛੱਡ ਕੇ ਬੰਨ੍ਹੀ ਪੱਗ। ਜਦੋਂ ਬੋਲ ਚੁੱਕਦਾ ਤਾਂ ਲੋਕ ਉਸ ਦੇ ਮੂੰਹ ਵੱਲ ਦੇਖਦੇ। ਚੁੱਪਚਾਪ। ਨੋਟ ਵਾਰੇ ਜਾਂਦੇ ਤੇ ਹੇਠੋਂ ਆਵਾਜ਼ਾਂ ਆਉਂਦੀਆਂ, ‘‘ਬਸ, ਇਕ ਹੋਰ ਗੀਤ ਸੁਣਾਓ।’’ ਉਨਾ ਚਿਰ ਰੌਲਾ ਪੈਂਦਾ ਰਹਿੰਦਾ ਜਿੰਨਾ ਚਿਰ ਉਹ ਉੱਠ ਕੇ ਖੜ੍ਹਾ ਨਾ ਹੋ ਜਾਂਦਾ। ਉਸ ਦੀ ਸਟੇਜ ਨੋਟਾਂ ਨਾਲ ਭਰ ਜਾਂਦੀ। ਉਸ ਨੇ ਪੰਜਾਬੀ ਬੋਲੀ ਨੂੰ ਨੂਰ ਪਰੀਆਂ ਵੰਗਾਂ, ਜੀਊਂਦਾ ਪੰਜਾਬ, ਨੂਰਪੁਰੀ ਦੇ ਗੀਤ, ਸੁਗਾਤ, ਆਖ਼ਰੀ ਸੁਗਾਤ, ਚੰਗਿਆੜੇ ਤੇ ਪੰਜਾਬ ਬੋਲਿਆ ਆਦਿ ਕਾਵਿ-ਸੰਗ੍ਰਹਿ ਦਿੱਤੇ। ਉਹ ਲੋਕਾਂ ਦਾ ਸ਼ਇਰ ਹੈ- ਇਸੇ ਲਈ ਉਸ ਦੇ ਅਨੇਕਾਂ ਗੀਤ ਲੋਕ ਗੀਤ ਬਣ ਗਏ। ਕਈ ਗੀਤਾਂ ਦੀਆਂ ਸਤਰਾਂ ਲੋਕਾਂ ਨੂੰ ਅਜੇ ਵੀ ਯਾਦ ਹਨ, ਪਰ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਨਹੀਂ ਕਿ ਇਹ ਗੀਤ ਕਿਸ ਨੇ ਲਿਖਿਆ ਹੈ। ਸਾਡੇ ਮੁਹੱਲੇ ’ਚ ਰਹਿੰਦੇ ਬਜ਼ੁਰਗ ਰਾਮ ਚੰਦ ਤਨੇਜਾ ਨੇ ਦੱਸਿਆ, ‘‘ਜੋਤੀ ਚੌਕ ਕੋਲ, ਜਿੱਥੇ ਅੱਜਕੱਲ੍ਹ ਫਰੂਟਾਂ ਦੀਆਂ ਰੇੜ੍ਹੀਆਂ ਖੜ੍ਹੀਆਂ ਹੁੰਦੀਆਂ ਤੇ ਸਬਜ਼ੀ ਮੰਡੀ ਲੱਗਦੀ ਆ, ਇੱਥੇ 1934 ’ਚ ਤਹਿਸੀਲ ਦਾ ਦਫ਼ਤਰ ਬਣਿਆ ਸੀ। ਇੱਥੇ ਮੁਸ਼ਾਇਰੇ ਹੁੰਦੇ। ਨੂਰਪੁਰੀ ਆਪਣੀਆਂ ਕਵਿਤਾਵਾਂ ਸੁਣਾਉਂਦਾ। ਵਾਹਵਾ ਤਾੜੀਆਂ ਵਜਦੀਆਂ। ਕਈ ਵਾਰ ਉਹਨੂੰ ਕਈ ਆਪਣੇ ਘਰੇ ਵੀ ਲੈ ਜਾਂਦੇ ਕਵਿਤਾਵਾਂ ਸੁਣਾਉਣ ਲਈ... ਆਹ ਜਿੱਥੇ ਅੱਜਕੱਲ੍ਹ ਦੁਸਹਿਰਾ ਗਰਾਊਂਡ ਬਣੀ ਆ ਨਾ ਇੱਥੇ ਪਹਿਲਾਂ ਚਾਰਦੀਵਾਰੀ ਨ੍ਹੀਂ ਹੁੰਦੀ ਸੀ। ਮੈਦਾਨ ਹੁੰਦਾ ਸੀ। ਇੱਥੇ ਨੂਰਪੁਰੀ ਹਰੇਕ ਸਾਲ ਮੁਸ਼ਾਇਰਾ ਕਰਾਉਂਦਾ। ਮੈਂ ਆਪ ਸੁਣਨ ਜਾਂਦਾ... ਸ਼ਰਾਬ ਬਹੁਤ ਪੀਂਦਾ.. ਕਿਸੇ ਪਾਰਟੀ ਨਾਲ ਨ੍ਹੀਂ.. ਕਲਮ ਕੱਲਾ... ਜਿੱਦਾਂ ਅੱਜਕੱਲ੍ਹ ਸਰਕਾਰੀ ਦਫ਼ਤਰਾਂ ’ਚ ਬਿਨਾਂ ਰਿਸ਼ਵਤ ਦਿੱਤਿਆਂ ਕੋਈ ਬਾਬੂ ਅੱਖ ਨ੍ਹੀਂ ਮਿਲਾਉਂਦਾ ਓਦਾਂ ਹੀ ਨੂਰਪੁਰੀ ਬਿਨਾਂ ਪੀਤਿਆਂ ਕਿਸੇ ਪ੍ਰੋਗਰਾਮ ’ਚ ਨ੍ਹੀਂ ਜਾਂਦਾ ਸੀ... ਉਹ ਖੁੱਦਾਰ ਸ਼ਖ਼ਸ ਸੀ। ਐਵੇਂ ਪੈਸਿਆਂ ਲਈ ਮਰੂੰ-ਮਰੂੰ ਨ੍ਹੀਂ ਕਰਦਾ ਸੀ। ਉਦੋਂ ਆਰੀਆ ਸਮਾਜ ਮੰਦਰ ਦੇ ਪਿਛਵਾੜੇ ਕੁੜੀਆਂ ਦਾ ਨਵਾਂ ਨਵਾਂ ਸਕੂਲ ਖੁੱਲ੍ਹਿਆ ਸੀ। ਉਹ ਅਕਸਰ ਉੱਥੇ ਜਾ ਬੈਠਦਾ। ਬੱਚਿਆਂ ਨੂੰ ਬਹੁਤ ਪਿਆਰ ਕਰਦਾ... ਉਹਨੇ ਕੁੜਤਾ ਪਾਇਆ ਹੁੰਦਾ... ਤੇੜ ਪਜਾਮਾ ਜਾਂ ਧੋਤੀ ਲਾਈ ਹੁੰਦੀ... ਉਸ ਦੇ ਪੱਗ ਦਾ ਸਟਾਇਲ ਸੁਆਮੀ ਦਇਆ ਨੰਦ ਵਰਗਾ ਸੀ... ਉਹ ਐਨਾ ਵੀ ਸ਼ਰਾਬੀ ਨਾ ਹੁੰਦਾ ਕਿ ਕਿਸੇ ਨਾਲੀ ਜਾਂ ਸੜਕ ’ਤੇ ਡਿੱਗਾ ਪਿਆ ਮਿਲਦਾ। ਉਹ ਤਾਂ ਕਿਸੇ ਨਾਢੂ ਖਾਂ ਦੀ ਪ੍ਰਵਾਹ ਨ੍ਹੀਂ ਕਰਦਾ ਸੀ... ਇਹੀ ਉਸ ਦਾ ਸੁਭਾਅ ਸੀ... ਬੜਾ ਗੜਕਾ ਸੀ ਉਸ ਦੀ ਆਵਾਜ਼ ’ਚ।’’ ਜਲੰਧਰ ’ਚ ਉਸ ਦਾ ਨੇੜਤਾ ਦੋਸਤ ਦੀਪਕ ਪਬਲਿਸ਼ਰਜ਼ ਵਾਲਾ ਚਰਨਜੀਤ ਪੁੰਜ ਉਸ ਬਾਰੇ ਲਿਖਦਾ ਹੈ ਕਿ ਮਨੁੱਖੀ ਜੀਵਨ ਦੇ ਮਨੋਰਥ ਨੂੰ ਨੂਰਪੁਰੀ ਨੇ ਕਦੇ ਵੀ ਆਪਣੀ ਜ਼ਿੰਦਗੀ ਦਾ ਉਦੇਸ਼ ਨਹੀਂ ਬਣਾਇਆ। ਉਹ ਤਾਂ ਵਾ-ਵਰੋਲੇ ਵਾਂਗ ਉੱਡਦਾ ਨੀਲੇ ਆਕਾਸ਼ਾਂ ’ਚੋਂ ਇਸ ਧਰਤੀ ’ਤੇ ਇਕ ਕਵੀ ਦੇ ਰੂਪ ’ਚ ਆਇਆ। ਆਪਣਾ ਆਪ ਦਿਖਾਇਆ। ਫੇਰ ਲੰਬੇ ਪੈਂਡੇ ’ਤੇ ਚਲਾ ਗਿਆ। ਉਹ ਦੁਨੀਆ ’ਚ ਰਹਿ ਕੇ ਵੀ ਦੁਨੀਆਦਾਰ ਨਹੀਂ ਸੀ ਬਣ ਸਕਦਾ ਕਿਉਂਜੁ ਉਹ ਤਾਂ ਇਕ ਕਵੀ ਸੀ- ਮਹਾਨ ਕਵੀ। ਉਸ ਦੇ ਸੁਭਾਅ ’ਚ ਮਲੰਗੀ ਸੀ। ਨੂਰਪੁਰੀ ਨੂੰ ਲੋਕ ਸੰਪਰਕ ਵਿਭਾਗ ਤੇ ਰੇਡੀਓ ਸਟੇਸ਼ਨ ਵਾਲਿਆਂ ਰੈਗੂਲਰ ਪ੍ਰੋਗਰਾਮ ਦਿੱਤੇ। ਇਕ ਵਾਰ ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਨੇ ਉਸ ਨੂੰ ਸੇਲ ਡਿਪੂ ਦਾ ਇੰਚਾਰਜ ਲਾਇਆ। ਉਹ ਸਾਰਾ ਦਿਨ ਇਸ ਅਦਾਰੇ ਦੀਆਂ ਕਿਤਾਬਾਂ ਵੇਚਦਾ। ਸ਼ਾਮ ਨੂੰ ਇਨ੍ਹਾਂ ਪੈਸਿਆਂ ਨਾਲ ਦਾਰੂ ਪੀ ਛੱਡਦਾ। ਜਦੋਂ ਮਹੀਨੇ ਬਾਅਦ ਵਿਕਰੀ ਦਾ ਹਿਸਾਬ-ਕਿਤਾਬ ਕੀਤਾ ਜਾਂਦਾ ਤਾਂ ਉਸ ਦੀ ਤਨਖ਼ਾਹ ਨਾਲੋਂ ਜ਼ਿਆਦਾ ਉਸ ਪਹਿਲਾਂ ਹੀ ਖਰਚੇ ਹੁੰਦੇ। ਸਰਕਾਰੀ ਦਫ਼ਤਰਾਂ ਦੇ ਆਪਣੇ ਕਾਇਦੇ ਕਾਨੂੰਨ ਹੁੰਦੇ ਹਨ। ਕਈ ਵਾਰ ਨਾਲਦਿਆਂ ਨੇ ਸਮਝਾਇਆ, ਪਰ ਉਸ ਨੇ ਇਕ ਕੰਨੋਂ ਸੁਣਿਆ ਤੇ ਦੂਜੇ ਕੰਨੋਂ ਕੱਢ ਸੁੱਟਿਆ ਵਾਲੀ ਨੀਤੀ ਨਾ ਛੱਡੀ। ਆਖ਼ਰ ਨੌਕਰੀਓਂ ਕੱਢ ਦਿੱਤਾ ਗਿਆ। ਕੁਝ ਚਿਰ ਫਿਲਮਾਂ ਵਾਲਿਆਂ ਨੇ ਉਸ ਕੋਲੋਂ ਗੀਤ ਲਿਖਵਾਏ। ਮੰਗਤੀ, ਵਲਾਇਤ ਪਾਸ, ਖੇਡਣ ਦੇ ਦਿਨ ਚਾਰ ਆਦਿ ਫਿਲਮਾਂ ਦੇ ਗੀਤ ਕਾਫ਼ੀ ਚਰਚਿਤ ਹੋਏ। ਜਗਤ ਸਿੰਘ ਜੱਗੇ ਨਾਲ ਉਸ ਦੀ ਵਾਹਵਾ ਬਣਦੀ ਸੀ। ਜੱਗੇ ਨੇ ਉਸ ਦੇ ਲਿਖੇ ਅਨੇਕਾਂ ਗੀਤ ਗਾਏ। ਖ਼ੂਬ ਪੈਸੇ ਕਮਾਏ। ਮੁਹੰਮਦ ਰਫ਼ੀ, ਸੁਰਿੰਦਰ ਕੌਰ, ਨਰਿੰਦਰ ਬੀਬਾ, ਆਸਾ ਸਿੰਘ ਮਸਤਾਨਾ, ਪ੍ਰਕਾਸ਼ ਕੌਰ, ਹਰਚਰਨ ਗਰੇਵਾਲ ਨੇ ਵੀ ਉਸ ਦੇ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ। ਘਰ ਦੀਆਂ ਤੰਗੀ-ਤੁਰਸ਼ੀਆਂ, ਵਧਦੀ ਉਮਰ ਤੇ ਨਿਰਾਸ਼ਾ ’ਚ ਗੋਡੇ ਗੋਡੇ ਖੁੱਭੇ ਨੇ 13 ਮਈ 1966 ਨੂੰ ਖੂਹ ’ਚ ਛਾਲ ਮਾਰ ਦਿੱਤੀ। ਉਸ ਦੇ ਘਰ ਨੇੜੇ ਰਹਿੰਦੇ ਇੰਦਰਜੀਤ ਸਿੰਘ ਬਾਸੀ ਨੇ ਮੈਨੂੰ ਦੱਸਿਆ, ‘‘ਉਸ ਦਿਨ ਬੜੀ ਗਰਮੀ ਸੀ। ਅਸੀਂ ਇੱਥੇ ਮੰਜੇ ਡਾਹੇ ਹੋਏ ਸੀ। ਉਦੋਂ ਲੋਕ ਬਾਹਰ ਹੀ ਪੈਂਦੇ ਸਨ। ਮੇਰੀ ਉਮਰ ਉਦੋਂ ਸੋਲ੍ਹਾਂ ਕੁ ਸਾਲਾਂ ਦੀ ਸੀ। ਸਾਨੂੰ ਤਾਂ ਉਦੋਂ ਹੀ ਪਤਾ ਲੱਗਾ ਜਦੋਂ ਧੜਮ ਦੀ ਆਵਾਜ਼ ਆਈ... ਉਸ ਦੇ ਗਲੇ ’ਚ ਬੜਾ ਰਸ਼ ਸੀ। ਸਿੰਘ ਸਭਾ ਗੁਰਦੁਆਰੇ, ਆਹ ਆਪਣੇ ਹੀ ਗੁਰਦੁਆਰੇ ’ਚ ਉਹ ਗੁਰਪੁਰਬ ਵਾਲੇ ਦਿਨ ਆਪਣੇ ਗੀਤ ਸੁਣਾਉਂਦਾ ਹੁੰਦਾ ਸੀ। ਲੋਕ ਸੁਣਦੇ ਸੀ। ਚੁੱਪਚਾਪ। ਕਈ ਵਾਰ ਤਾਂ ਜਨਾਨੀਆਂ ਰੋ ਪੈਂਦੀਆਂ ਸਨ। ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ ਵੇਹੜੇ ਦੀਆਂ ਰੌਣਕਾਂ ਤੇ ਮਹਲਾਂ ਦੀ ਬਹਾਰ ਨੂੰ ਜਿਨ੍ਹਾਂ ਦੀਆਂ ਚਾਈਂ ਚਾਈਂ ਘੋੜੀਆਂ ਸੀ ਗਾਉਣੀਆਂ ਸਿਹਰਿਆਂ ਦੇ ਨਾਲ ਜੋ ਸੀ ਸੋਹਣੀਆਂ ਸਜਾਉਣੀਆਂ। ਸਿਹਰਿਆਂ ਦੇ ਵਿਚ ਹੈ ਸੀ ਗੁੰਦਣਾ ਪਿਆਰ ਨੂੰ ਕਿੱਥੇ ਮਾਤਾ ਤੋਰਿਆ... ਚੁੰਮ-ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ, ਫੁੱਲਾਂ ਨਾਲ ਗੁੰਦੋ ਲੜੀ ਹੀਰਿਆਂ ਦੇ ਹਾਰ ਦੀ। ਉਸ ਦੀ ਮੌਤ ਮਗਰੋਂ ਮੰਤਰੀ ਕੇਵਲ ਕ੍ਰਿਸ਼ਨ ਉਨ੍ਹਾਂ ਦੇ ਘਰੇ ਆਇਆ। ਮੰਤਰੀ ਨੇ ਘਰ ਅਲਾਟ ਕਰਵਾਇਆ। ਵੱਡੇ ਮੁੰਡੇ ਨੂੰ ਰੋਡਵੇਜ਼ ’ਚ ਮਕੈਨਿਕ ਦੀ ਨੌਕਰੀ ਦਿੱਤੀ...।’’ ਖੂਹ ਦੇ ਕੋਲ ਹੀ ਰਹਿੰਦੀ ਰਿਟਾਇਰਡ ਅਧਿਆਪਕਾ ਗੁਰਬਚਨ ਕੌਰ ਦੁਆ ਨੇ ਦੱਸਿਆ, ‘‘ਇਹੋ ਕੋਈ ਸਾਢੇ ਦਸ ਗਿਆਰਾਂ ਵਜੇ ਦਾ ਟਾਈਮ ਹੋਣਾ। ਮੈਂ ਬੈਠੀ ਪੜ੍ਹਦੀ ਸੀ ਜਦੋਂ ਮੈਨੂੰ ਆਵਾਜ਼ ਸੁਣੀ। ਐਦਾਂ ਲੱਗਾ ਜਿੱਦਾਂ ਕਿਸੇ ਨੇ ਖੂਹ ’ਚ ਕੋਈ ਪੱਥਰ ਸੁੱਟਿਆ ਹੋਵੇ। ਜਦੋਂ ਰੌਲਾ ਪਿਆ ਤਾਂ ਪਤਾ ਲੱਗਾ। ਸਵੇਰੇ ਸਕੂਲ ਜਾਂਦਿਆਂ ਮੈਂ ਪਾਣੀ ’ਚ ਪੁੱਠੀ ਪਈ ਲਾਸ਼ ਦੇਖੀ। ਨੂਰਪੁਰੀ ਜੀ ਨੇ ਚਿੱਠੀ ਕਮੀਜ਼ ਪਾਈ ਹੋਈ ਸੀ... ਉਨ੍ਹਾਂ ਦਾ ਬੜਾ ਰੋਹਬ ਸੀ। ਹੱਥ ’ਚ ਫੜੀ ਖੂੰਡੀ ਦੀ ਠੱਕ-ਠੱਕ ਨਾਲ ਜਦੋਂ ਉਹ ਖੰਘੂਰਾ ਮਾਰਦੇ ਤਾਂ ਕੋਈ ਕੁਸਕਦਾ ਨ੍ਹੀਂ ਸੀ। ਬੜੇ ਦਰਸ਼ਨੀ ਬਜ਼ੁਰਗ ਰਹੇ। ... ਮੈਂ ਆਪ ਦੇਖਿਆ ਖੂਹ ਕੋਲ ਉਨ੍ਹਾਂ ਦੀ ਜੁੱਤੀ ਤੇ ਖੂੰਡਾ ਪਿਆ ਸੀ। ਉਦੋਂ ਖੂਹ ਨੇੜੇ ਵੱਡੀ ਟਾਹਲੀ ਹੁੰਦੀ ਸੀ। ਮੈਨੂੰ ਉਨ੍ਹਾਂ ਦੇ ਗੀਤ ਦੇ ਬੋਲ ਅਜੇ ਵੀ ਯਾਦ ਆ...। ਜਾਦੂਗਰ ਨੇ ਖੇਲ੍ਹ ਰਚਾਇਆ, ਮਿੱਟੀ ਦਾ ਇਕ ਬੁੱਤ ਬਣਾਇਆ। ਫੁੱਲਾਂ ਵਾਂਗ ਹਸਾ ਕੇ ਉਸ ਨੂੰ ਦੁਨੀਆ ਦੇ ਵਿਚ ਨਾਚ ਨਚਾਇਆ। ਉਨ੍ਹਾਂ ਦਾ ਇਕ ਹੋਰ ਗੀਤ ਬੜਾ ਮਸ਼ਹੂਰ ਸੀ। ਵਸਦੇ ਅਨੰਦਪੁਰ ਨੂੰ ਛੱਡ ਚਲਿਆ ਕਲਗੀਆਂ ਵਾਲਾ ਹਿੰਦ ਉੱਤੋਂ ਹੀਰੇ ਵਾਰ ਕੇ ਉਹ ਜੇ ਜਾਂਦਾ ਹਿੰਦ ਦਾ ਰਖਵਾਲਾ।’’ ਗੱਲਾਂ ਕਰਦਿਆਂ ਉਸ ਦਾ ਗਲਾ ਭਰ ਆਇਆ। ਉਸ ਦੱਸਿਆ ਨੂਰਪੂਰੀ ਦੇ ਦੋਵੇਂ ਮੁੰਡੇ ਇੱਥੇ ਨੇੜੇ ਹੀ ਰਹਿੰਦੇ ਹਨ। ਨੂਰਪੁਰੀ ਦੀ ਮੌਤ ਤੋਂ ਬਾਅਦ ਜਗਤ ਸਿੰਘ ਜੱਗੇ ਨੇ ਬਥੇਰੀਆਂ ਕੋਸ਼ਿਸ਼ਾਂ ਕੀਤੀਆਂ ਕਿ ਨੂਰਪੁਰੀ ਦੀ ਕੋਈ ਯਾਦਗਾਰ ਬਣਾਈ ਜਾਵੇ, ਪਰ ਨਾ ਤਾਂ ਸਰਕਾਰ ਤੇ ਨਾ ਹੀ ਕਿਸੇ ਸੰਸਥਾ ਨੇ ਉਸ ਦਾ ਹੱਥ ਫੜਿਆ। 2006 ’ਚ ਚੌਧਰੀ ਜਗਜੀਤ ਸਿੰਘ ਨੇ ਖੂਹ ਵਾਲੀ ਥਾਂ (ਹੁਣ ਖੂਹ ਪੂਰਿਆ ਹੋਇਆ ਹੈ) ਇਕ ਯਾਦਗਾਰ ਦਾ ਉਦਘਾਟਨ ਕੀਤਾ ਜਿੱਥੇ ਉਕਰਿਆ ਹੋਇਆ ਹੈ: ਗੋਰੀ ਦੀਆਂ ਝਾਂਜਰਾਂ ਬੁਲਾਉਂਦੀਆਂ ਗਈਆਂ... ਨੰਦ ਲਾਲ ਨੂਰਪੁਰੀ ਸਮਾਰਕ ਦਾ ਨੀਂਹ ਪੱਥਰ ਚੌਧਰੀ ਜਗਜੀਤ ਸਿੰਘ ਮਾਣਯੋਗ ਕੈਬਨਿਟ ਮੰਤਰੀ ਸਥਾਨਕ ਸਰਕਾਰਾਂ, ਕਿਰਤ ਤੇ ਰੁਜ਼ਗਾਰ, ਚੋਣਾਂ ਅਤੇ ਸੰਸਦੀ ਮਾਮਲੇ, ਪੰਜਾਬ ਨੇ ਮਿਤੀ 31-07-2006 ਨੂੰ ਆਪਣੇ ਕਰ ਕਮਲਾਂ ਨਾਲ ਰੱਖਿਆ। ਕਿੰਨੇ ਸਾਲ ਮੈਨੂੰ ਉਸ ਖੂਹ ਵਾਲੀ ਥਾਂ ਨਹੀਂ ਲੱਭੀ ਸੀ। ਹੁਣ ਜਦੋਂ ਲੱਭੀ ਤਾਂ ਮੈਂ ਆਪਣੇ ਆਪ ਨੂੰ ਬਹੁਤ ਵਾਰ ਕੋਸਿਆ। ਕਸਤੂਰੀ ਹਲਵਾਈ ਦੀ ਦੁਕਾਨ ਕੋਲ ਸਾਲਾਨਾ ਜਗਰਾਤਾ ਹੁੰਦਾ ਜਾਂ ਕੋਈ ਵੱਡਾ ਪ੍ਰੋਗਰਾਮ ਤਾਂ ਮੇਨ ਸੜਕ ਬੰਦ ਕਰ ਦਿੱਤੀ ਜਾਂਦੀ। ਪਿਛਾਂਹ ਦੀ ਵਲ ਪਾ ਕੇ ਘਈ ਬੇਕਰੀ ਕੋਲ ਦੀ ਮੇਨ ਸੜਕ ’ਤੇ ਜਾਇਆ ਜਾਂਦਾ। ਪਤਾ ਨਹੀਂ ਮੈਂ ਕਿੰਨੀ ਵਾਰ ਉਧਰ ਦੀ ਲੰਘਿਆ ਸੀ। ਮੇਰਾ ਤਾਂ ਇਸ ਪੱਥਰ ਵੱਲ ਕਦੇ ਧਿਆਨ ਹੀ ਨਹੀਂ ਗਿਆ ਸੀ। ਹੁਣ ਮੈਂ ਸਵੇਰ ਨੂੰ ਸੈਰ ਨੂੰ ਜਾਂਦਾ ਹੋਇਆ, ਵਾਪਸੀ ’ਤੇ ਮਹੀਨੇ ’ਚ ਦੋ-ਚਾਰ ਵਾਰ ਉਧਰ ਦੀ ਅਵੱਸ਼ ਹੀ ਲੰਘਦਾ ਹਾਂ। ਐਦਾਂ ਸੋਚ ਕੇ ਜਿੱਦਾਂ ਮੇਰਾ ਕੋਈ ਵੱਡਾ ਵਡੇਰਾ ਇੱਥੇ ਦਬਿਆ ਹੋਇਆ ਹੈ। ਇਕ ਦਿਨ ਮੈਂ ਉਧਰ ਦੀ ਲੰਘਿਆ ਤਾਂ ਕੰਧ ਉਪਰ ਸ਼ਰਾਬ ਦੀ ਖਾਲੀ ਬੋਤਲ ਪਈ ਸੀ। ਮੈਨੂੰ ਲੱਗਿਆ ਜਿੱਦਾਂ ਨੂਰਪੁਰੀ ਨੇ ਇਹ ਬੋਤਲ ਖਾਲੀ ਕਰਕੇ ਰੱਖੀ ਹੋਵੇ ਤੇ ਉਹ ਗੁਣਗੁਣਾ ਰਿਹਾ ਹੋਵੇ: ਏਥੋਂ ਉੱਡ ਜਾ ਭੋਲਿਆ ਪੰਛੀਆ, ਵੇ ਤੂੰ ਆਪਣੀ ਜਾਨ ਬਚਾ। ਏਥੇ ਘਰ ਘਰ ਫਾਹੀਆਂ ਗੱਡੀਆਂ, ਵੇ ਤੂੰ ਛੁਰੀਆਂ ਹੇਠ ਨਾ ਆ।

ਸੰਪਰਕ: 98148-03254

ਨੰਦ ਲਾਲ ਨੂਰਪੁਰੀ ਦੇ ਕੁਝ ਪ੍ਰਸਿੱਧ ਗੀਤ: ਚੰਨ ਵੇ ਕਿ ਸ਼ੌਂਕਣ ਮੇਲੇ ਦੀ ਪੈਰ ਧੋ ਕੇ ਝਾਂਜਰਾਂ ਪਾਉਂਦੀ ਮੇਲ੍ਹਦੀ ਆਉਂਦੀ ਕਿ ਸ਼ੌਂਕਣ ਮੇਲੇ ਦੀ ਗੋਰੀ ਦੀਆਂ ਝਾਂਜਰਾਂ ਬੁਲੌਂਦੀਆਂ ਗਈਆਂ। ਗਲੀਆਂ ਦੇ ਵਿਚ ਡੰਡ ਪੌਂਦੀਆਂ ਗਈਆਂ। ਮੈਨੂੰ ਦਿਓਰ ਦੇ ਵਿਆਹ ਵਿਚ ਨੱਚ ਲੈਣ ਦੇ। ਜਿਹਨੂੰ ਝੂਠ-ਝੂਠ ਕਹਿੰਦੇ ਨੇ ਹੋ ਸੱਚ ਲੈਣ ਦੇ। ਕਾਹਨੂੰ ਵੇ ਪਿੱਪਲਾ ਖੜ-ਖੜ ਲਾਈਆ ਵੇਖ ਛਰਾਟੇ ਸੌਣ ਦੇ ਅਜੇ ਜਵਾਨੀ ਉਦਰੀ ਉਦਰੀ ਸੱਜਣਾਂ ਨੂੰ ਘਰ ਆਉਣ ਦੇ। ਘੁੰਡ ਕੱਢ ਲੈ ਪਤਲੀਏ ਨਾਰੇ, ਸਹੁਰਿਆਂ ਦਾ ਪਿੰਡ ਆ ਗਿਆ। ਤੇਰੇ ਰੂਪ ਦੇ ਪੈਣ ਲਿਸ਼ਕਾਰੇ, ਕਿ ਸਹੁਰਿਆਂ ਦਾ ਪਿੰਡ ਆ ਗਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All