ਗੁੰਮਨਾਮ ਸ਼ਾਇਰ ਪਿਸ਼ੌਰਾ ਸਿੰਘ ਪੇਸ਼ੀ

ਪੰਜਾਬੀ ਗੀਤਕਾਰੀ ਦੇ ਖੇਤਰ ਵਿੱਚ ਬਹੁਤ ਸਾਰੇ ਅਜਿਹੇ ਕਲਮਕਾਰ ਹਨ ਜੋ ਮਿਆਰੀ ਤੇ ਉਸਾਰੂ ਲਿਖਣ ਦੇ ਬਾਵਜੂਦ ਉੱਭਰ ਕੇ ਸਾਹਮਣੇ ਨਹੀਂ ਆ ਸਕੇ। ਅਜਿਹੇ ਹੀ ਗੀਤਕਾਰਾਂ ਵਿੱਚੋਂ ਇੱਕ ਹੈ ਬਰਨਾਲਾ ਸ਼ਹਿਰ ਦਾ ਵਸਨੀਕ ਪਿਸ਼ੌਰਾ ਸਿੰਘ ਉਰਫ਼ 'ਪੇਸ਼ੀ ਬਰਨਾਲੇ ਵਾਲਾ'। ਪੇਸ਼ੀ, ਪੰਜਾਬੀ ਗੀਤਕਾਰ ਮਰਹੂਮ ਦੀਦਾਰ ਸੰਧੂ ਦਾ ਸ਼ਾਗਿਰਦ ਹੈ, ਜਿਸ ਨੇ ਹੁਣ ਤਕ ਦਸ ਹਜ਼ਾਰ ਦੇ ਕਰੀਬ ਗੀਤ ਲਿਖੇ ਹਨ ਪਰ ਰਿਕਾਰਡ ਮਸਾਂ 28 ਗੀਤ ਹੋਏ ਹਨ। ਪਿਸ਼ੌਰਾ ਸਿੰਘ ਦਾ ਜਨਮ ਪਹਿਲੀ ਜਨਵਰੀ 1958 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਕਾਲਸਾਂ (ਨੇੜੇ ਰਾਏਕੋਟ) ਵਿਖੇ ਪਿਤਾ ਸ੍ਰੀ ਗੁਰਦਿਆਲ ਸਿੰਘ ਤੇ ਮਾਤਾ ਭਗਵਾਨ ਕੌਰ ਦੇ ਘਰ ਹੋਇਆ। ਪੇਸ਼ੀ ਦੇ ਪਿਤਾ ਜੀ ਉਨ੍ਹਾਂ ਸਮਿਆਂ ਵਿੱਚ ਸਪੀਕਰ ਵਜਾਉਣ ਦਾ ਕੰਮ ਕਰਦੇ ਸਨ ਜਿਸ ਤੋਂ ਪ੍ਰਭਾਵਿਤ ਹੋ ਕੇ ਪੇਸ਼ੀ ਨੁੂੰ ਗਾਉਣ ਦਾ ਸ਼ੌਕ ਜਾਗਿਆ। ਸਕੂਲ ਦੀ ਬਾਲ ਸਭਾ ਦਾ ਉਹ ਚਹੇਤਾ ਗਾਇਕ ਬਣਿਆ। ਥੋੜ੍ਹੀ ਹੋਰ ਸੁਰਤ ਸੰਭਲੀ ਤਾਂ ਉਹ ਗੀਤਾਂ ਦੀ ਤੁਕਬੰਦੀ ਕਰਨੀ ਵੀ ਸਿੱਖ ਗਿਆ। ਪੇਸ਼ੀ ਸਪੀਕਰ ਦੇ ਗੀਤਾਂ ਨੂੰ ਬਹੁਤ ਧਿਆਨ ਨਾਲ ਸੁਣਦਾ ਅਤੇ ਉਨ੍ਹਾਂ ਦੀ ਤਰ੍ਹਾਂ ਲਿਖਣ ਦੀ ਕੋਸ਼ਿਸ਼ ਕਰਦਾ। ਉਹ ਦੀਦਾਰ ਸੰਧੂ ਦੀ ਕਲਮ ਤੋਂ ਬਹੁਤ ਪ੍ਰਭਾਵਿਤ ਹੋਇਆ। ਇਸੇ ਪ੍ਰਭਾਵ ਸਦਕਾ ਉਹ ਦੀਦਾਰ ਦੇ ਚਰਨੀ ਜਾ ਲੱਗਿਆ। ਪੇਸ਼ੀ ਦੇ ਗੀਤਾਂ ਦੀ ਪਹਿਲੀ ਰਿਕਾਰਡਿੰਗ ਪੋਲੀਡੋਰ ਕੰਪਨੀ ਵਿੱਚ ਗਾਮਾ ਰਾਮ ਸੁਨਾਮੀ ਦੀ ਆਵਾਜ਼ 'ਚ ਈਪੀ ਰਿਕਾਰਡ 'ਤੇ ਹੋਈ। ਇਹ ਰਾਜਾ ਭਾਨ ਚੰਦ ਤੇ ਮਹਿੰਦਰ ਕੁਮਾਰੀ ਦੀ ਲੋਕ ਗਾਥਾ ਸੀ। ਇਸ ਤੋਂ ਬਾਅਦ ਉਸ ਦਾ ਇੱਕ ਧਾਰਮਿਕ ਗੀਤ 'ਇੱਕ ਦਿਨ ਕਲਗੀ ਵਾਲੇ ਸਤਿਗੁਰ ਦੀਨ ਦੁਨੀ ਦੇ ਬਾਲੀ...' ਗੁਰਨਾਮ ਸਿੰਘ ਰਸੀਲਾ ਦੀ ਆਵਾਜ਼ ਵਿੱਚ ਐੱਚ ਐਮ ਵੀ. ਕੰਪਨੀ 'ਚ ਰਿਕਾਰਡ ਹੋਇਆ। ਇਸ ਤੋਂ ਬਾਅਦ ਪੇਸ਼ੀ ਦਾ ਹੌਸਲਾ ਵਧ ਗਿਆ ਅਤੇ ਉਹ ਲਗਾਤਾਰ ਲਿਖਣ ਲੱਗਿਆ। ਉਸ ਵੇਲੇ ਦੇ ਗਾਇਕ ਕਰਨੈਲ ਹੀਰਾ, ਅਨੀਤਾ ਸਮਾਣਾ, ਪ੍ਰੀਤਮ ਸ਼ੌਂਕੀ-ਸੁਖਬੀਰ ਰਾਣੋ, ਬੂਟਾ ਖ਼ਾਨ, ਅਮਨਦੀਪ ਕੌਰ, ਰਾਜਿੰਦਰ ਯਮਲਾ, ਬੀਬਾ ਮਨਜੀਤ ਕੌਰ, ਮਹਿਕ ਧਾਲੀਵਾਲ, ਬਲਵਿੰਦਰ ਬਿੰਦੀ ਅਤੇ ਮੁਸਤਾਕ ਸ਼ੌਕੀ ਆਦਿ ਕਲਾਕਾਰਾਂ ਦੀ ਆਵਾਜ਼ ਵਿੱਚ ਪੇਸ਼ੀ ਦੇ ਲਿਖੇ ਗੀਤ ਰਿਕਾਰਡ ਹੋਏ। ਪੇਸ਼ੀ, ਕਈ ਸਾਲ ਦੀਦਾਰ ਸੰਧੂ, ਅਜੈਬ ਰਾਏ, ਸੁਰਿੰਦਰ ਛਿੰਦਾ, ਗੁਰਨਾਮ ਰਸੀਲਾ(ਕਨੈਡਾ), ਬੂਟਾ ਖ਼ਾਨ ਨਾਲ ਸਟੇਜ ਸੈਕਟਰੀ ਵੀ ਕਰਦਾ ਰਿਹਾ। ਇਸ ਤਰ੍ਹਾਂ ਉਹ ਆਪਣਾ ਗਾਇਕੀ ਵਾਲਾ ਸ਼ੌਕ ਵੀ ਪੂਰਾ ਕਰ ਲੈਂਦਾ ਸੀ। ਪੇਸ਼ੀ ਜ਼ਿਆਦਾਤਰ ਲੋਕ ਗਥਾਵਾਂ ਲਿਖਦਾ ਰਿਹਾ ਹੈ। ਉਸ ਨੇ ਪੁਰਾਣੇ ਕਿੱਸਿਆਂ ਨੂੰ ਬਹੁਤ ਧਿਆਨ ਨਾਲ ਪੜ੍ਹਿਆ ਸੀ, ਜਿੰਨਾਂ ਤੋਂ ਪ੍ਰਭਾਵਿਤ ਹੋ ਕੇ ਉਸ ਨੇ 'ਮਿਰਜ਼ਾ ਸਾਹਿਬਾਂ ਦਾ ਓਪੇਰਾ', 'ਅਪਸਰਾ ਪਰੀ-ਮਰੀਚਿਕ ਰਾਜਾ' ਤੇ 'ਦਾਰਾ ਸਕੋਹ-ਰਾਣਾ ਦਿਲ' ਆਦਿ ਕਿੱਸਿਆਂ ਨੂੰ ਗਾਇਕੀ ਦੇ ਰੰਗ ਵਿੱਚ ਢਾਲਿਆ। ਪੇਸ਼ੀ ਦੱਸਦਾ ਹੈ ਕਿ ਸਾਹਿਬਾਂ ਦੇ ਦੋ ਕੁੱਤੇ ਸੀ 'ਡੌਰੂ ਤੇ ਭੌਰੂ', ਜਿੰਨ੍ਹਾਂ ਬਾਰੇ ਅੱਜ ਤਕ ਕਿਸੇ ਨੇ ਨਹੀਂ ਲਿਖਿਆ ਪਰ ਪੇਸ਼ੀ ਇਹ ਸਭ ਲਿਖ ਚੁੱਕਿਆ ਹੈ। ਉਸ ਵੇਲੇ ਇਹ ਸਾਰੇ ਕਿੱਸਿਆਂ ਨੂੰ ਇੱਕ ਨਾਮੀ ਗਾਇਕ ਉਸ ਤੋਂ ਮੁੱਲ ਖ਼ਰੀਦ ਰਿਹਾ ਸੀ ਪਰ ਪੇਸ਼ੀ ਨੇ ਆਪਣੇ ਨਾਂ 'ਤੇ ਰਿਕਾਰਡ ਕਰਵਾਉਣ ਦੀ ਸ਼ਰਤ ਰੱਖੀ ਤਾਂ ਉਹ ਮੁੱਕਰ ਗਿਆ। ਪੇਸ਼ੀ ਦੇ ਲਿਖੇ ਕੁਝ ਗੀਤ ਹਨ- * ਜੀਜਾ ਪਹਿਲੀ ਵਾਰੀ ਆਇਆ..     (ਰੇਸ਼ਮ ਸਿੰਘ-ਮਨਜੀਤ ਕੌਰ) * ...ਡਰਾਇਵਰੀ ਤੋਂ ਰੋਕ ਪੁੱਤ ਨੂੰ (ਪਰਮਜੀਤ ਪੰਮੀ-ਚਰਨਜੀਤ ਚੰਨੀ) * ਇੱਕ ਦਿਨ ਕਲਗੀ ਵਾਲੇ ਸਤਿਗੁਰ (ਗੁਰਨਾਮ ਰਸੀਲਾ) ਗੀਤਕਾਰ ਦੇ ਨਾਲ-ਨਾਲ ਪੇਸ਼ੀ ਇੱਕ ਵਧੀਆ ਸਾਹਿਤਕਾਰ ਵੀ ਹੈ। ਉਹ ਕਵਿਤਾ ਤੇ ਗ਼ਜ਼ਲ ਵੀ ਵਧੀਆ ਲਿਖਦਾ ਹੈ। ਅਨੇਕਾਂ ਕਹਾਣੀਆਂ ਤੋਂ ਇਲਾਵਾ ਉਹ ਚਾਰ ਨਾਵਲ 'ਪਰਾਈ ਤਾਸ਼ ਦੇ ਪੱਤੇ', 'ਰੁੱਖੇ ਦਿਨ ਉਦਾਸ ਰਾਤਾਂ', 'ਟੁੱਟੇ ਖਿਡੌਣੇ' ਤੇ 'ਵਿਰਲਾਪ' ਵੀ ਲਿਖ ਚੁੱਕਾ ਹੈ। ਕਲਾ ਦੇ ਧਨੀ 'ਪੇਸ਼ੀ' ਨੇ ਸਾਰੀ ਉਮਰ ਮਿਹਨਤ ਮਜ਼ਦੂਰੀ ਕਰਕੇ ਹੀ ਵਕਤ ਗੁਜ਼ਾਰਿਆ ਹੈ। ਉਸ ਨੇ ਆਪ ਵੀ ਗਾਇਕੀ ਦਾ ਰਾਹ ਅਪਣਾਇਆ ਪਰ ਰਾਸ ਨਾ ਆਇਆ। ਉਸ ਦੀ ਜੀਵਨ ਸਾਥਣ ਨੂੰ ਵੀ ਗਾਇਕੀ ਦਾ ਸ਼ੌਕ ਰਿਹਾ ਹੈ। ਪੇਸ਼ੀ ਦੀਆਂ ਤਿੰਨ ਧੀਆਂ ਵਿੱਚੋਂ ਵੱਡੀ ਨੂੰ ਪੇਸ਼ੀ ਵਾਂਗ ਹੀ ਗਾਉਣ ਤੇ ਲਿਖਣ ਦਾ ਸ਼ੌਕ ਹੈ। ਜਵਾਨ ਧੀਆਂ ਦਾ ਫ਼ਿਕਰ ਉਸ ਨੂੰ ਵੱਢ-ਵੱਢ ਖਾ ਰਿਹਾ ਹੈ। ਉਸ ਦਾ ਗਿਲਾ ਹੈ ਕਿ ਕਿਸੇ ਵੀ ਕਲਾਕਾਰ ਨੇ ਉਸ ਦੀ ਕਲਮ ਦਾ ਕੌਡੀ ਮੁੱਲ ਨਹੀਂ ਪਾਇਆ। ਕਈ ਗਾਇਕ ਤਾਂ ਉਸ ਦੇ ਲਿਖੇ ਗੀਤਾਂ ਨੂੰ ਚੋਰੀ ਕਰਕੇ ਆਪਣੇ ਨਾਂ 'ਤੇ ਰਿਕਾਰਡ ਕਰਵਾ ਗਏ। ਗਾਇਕ ਆਪ ਤਾਂ ਉਸ ਦੇ ਗੀਤ ਗਾ ਕੇ ਲੱਖਾਂ ਕਮਾ ਗਏ ਪਰ ਉਸ ਦਾ ਪੱਲੇ ਸਿਰਫ਼ ਬੱਲੇ-ਬੱਲੇ ਹੀ ਪਈ ਹੈ। ਇੱਕ ਘਰ ਦੀ ਗ਼ਰੀਬੀ, ਦੂਜਾ ਪੁੱਤ ਦੀ ਮੌਤ ਨੇ ਪੇਸ਼ੀ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਸਭ ਕਰੀਬੀ ਮਿੱਤਰ ਵੀ ਮਾੜੇ ਵਕਤ ਵਿੱਚ ਉਸ ਦਾ ਸਾਥ ਛੱਡ ਗਏ ਹਨ। ਉਸ ਨੇ ਪਰਮਾਤਮਾ ਦੇ ਇਸ ਰੰਗ ਨੂੰ ਭਾਣਾ ਮੰਨ ਕੇ ਪ੍ਰਵਾਨ ਕੀਤਾ। ਪਰਿਵਾਰ ਦੇ ਗੁਜ਼ਾਰੇ ਲਈ ਪੇਸ਼ੀ ਅੱਜ ਵੀ ਮਿਹਨਤ ਮਜ਼ਦੂਰੀ ਕਰਦਾ ਹੈ। ਅਜੋਕੇ ਸਮੇਂ ਵੱਡੇ-ਵੱਡੇ ਸੱਭਿਆਚਾਰਕ ਮੇਲੇ ਅਤੇ ਐਵਾਰਡ ਸਮਾਗਮ ਕਰਵਾਏ ਜਾਂਦੇ ਹਨ ਪਰ ਲੋੜ ਹੈ ਗੁਰਬਤ ਭਰੀ ਜ਼ਿੰਦਗੀ ਜਿਊਂ ਰਹੇ 'ਪੇਸ਼ੀ' ਵਰਗੇ ਕਲਾਕਾਰਾਂ ਦੀ ਦਿਲੋਂ ਮਦਦ ਕਰਕੇ ਕਲਾ ਦੇ ਅਸਲੀ ਕਦਰ-ਦਾਨ ਬਣਨ ਦੀ।

- ਸੁਰਜੀਤ ਜੱਸਲ ਸੰਪਰਕ: 98146-07737

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਪਿਛਲੇ ਸਾਲ, ਇਨ੍ਹੀਂ ਦਿਨੀਂ

ਪਿਛਲੇ ਸਾਲ, ਇਨ੍ਹੀਂ ਦਿਨੀਂ

ਸ਼ਹਿਰ

View All