ਗੁਰੂ ਨਾਨਕ ਬਾਣੀ ਦਾ ਸੱਤਾ ਪ੍ਰਸੰਗ

ਗੁਰੂ ਨਾਨਕ ਦੇਵ ਜੀ ਦੀ ਬਾਣੀ ਨੇ ਰਾਜੇ, ਬ੍ਰਾਹਮਣ ਅਤੇ ਦੇਵੀ-ਦੇਵਤਿਆਂ ਦੀ ਸੱਤਾ ਨੂੰ ਚੁਣੌਤੀ ਦਿੱਤੀ ਅਤੇ ਇਕ ਪਰਮਾਤਮਾ ਦੀ ਸੱਤਾ ਸਥਾਪਤ ਕੀਤੀ। ਇਸ ਤੋਂ ਪਹਿਲਾਂ ਲੋਕਾਂ ਦਾ ਵਿਸ਼ਵਾਸ ਸੀ ਕਿ ਰਾਜੇ ਨੂੰ ਰੱਬ ਜਾਂ ਦੇਵਤਿਆਂ ਵੱਲੋਂ ਲੋਕਾਂ ’ਤੇ ਰਾਜ ਕਰਨ ਦਾ ਅਧਿਕਾਰ ਪ੍ਰਾਪਤ ਹੈ ਜਿਸ ਵਿਚ ਜ਼ੁਲਮ ਕਰਨ ਦਾ ਅਧਿਕਾਰ ਵੀ ਸ਼ਾਮਲ ਹੈ। ਬ੍ਰਾਹਮਣ ਨੂੰ ਉਸ ਦੀ ਜਾਤ ਕਾਰਨ ਸਮਾਜਿਕ ਚੌਧਰ ਦਾ ਅਧਿਕਾਰ ਹੈ ਅਤੇ ਲੋਕਾਂ ਦੇ ਦੁੱਖ-ਸੁੱਖ, ਅਮੀਰੀ-ਗ਼ਰੀਬੀ, ਖ਼ੁਸ਼ੀ-ਗ਼ਮੀ, ਬਿਮਾਰੀ-ਤੰਦਰੁਸਤੀ, ਤਰੱਕੀ-ਬਰਬਾਦੀ, ਔੜ-ਬਾਰਸ਼ ਆਦਿ ਸਭ ਵੱਖ-ਵੱਖ ਦੇਵੀ ਦੇਵਤਿਆਂ ਦੇ ਹੱਥ ਵੱਸ ਹਨ। ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੇਖਾਂ ਦੀ ਲੜੀ ਵਿਚ ਹਥਲਾ ਲੇਖ ਪ੍ਰਕਾਸ਼ਿਤ ਕਰ ਰਹੇ ਹਾਂ।

ਜਸਵੰਤ ਸਿੰਘ ਜ਼ਫ਼ਰ

ਚਿੱਤਰ: ਸਿਧਾਰਥ

ਜੋ ਲੋਕ ਸਮਾਜ ਦੇ ਚਲਨ-ਵਿਚਰਨ, ਆਚਾਰ-ਵਿਹਾਰ, ਮੁੱਲ-ਪ੍ਰਬੰਧ ਨੂੰ ਵੱਡੇ ਪੱਧਰ ’ਤੇ ਰੂਪਾਂਤਰ ਕਰਕੇ ਪੂਰਾ ਪੈਰਾਡਾਈਮ ਤਬਦੀਲ ਕਰਨਾ ਚਾਹੁੰਦੇ ਹੋਣ ਭਾਵ ਸਮਾਜ ਦੀ ਤਾਸੀਰ ਬਦਲਣਾ ਲੋੜਦੇ ਹੋਣ, ਉਨ੍ਹਾਂ ਲਈ ਲੋਕਾਈ ਦੀਆਂ ਸਮੂਹਿਕ ਮਨੌਤਾਂ, ਰਵਾਇਤਾਂ, ਧਾਰਨਾਵਾਂ ਆਦਿ ਨੂੰ ਵਿਸਥਾਪਤ ਕਰਨਾ ਲਾਜ਼ਮੀ ਹੁੰਦਾ ਹੈ। ਮੱਧਕਾਲ ਵਿਚ ਲੋਕਾਈ ਨੇ ਰਾਜੇ, ਬ੍ਰਾਹਮਣ ਅਤੇ ਦੇਵੀ-ਦੇਵਤਿਆਂ ਦੀ ਸੱਤਾ ਨੂੰ ਅਟੱਲ ਸਚਾਈ ਵਾਂਗ ਮੰਨਿਆ ਹੋਇਆ ਸੀ। ਲੋਕਾਂ ਦਾ ਵਿਸ਼ਵਾਸ ਸੀ ਕਿ ਰਾਜੇ ਨੂੰ ਰੱਬ ਜਾਂ ਦੇਵਤਿਆਂ ਵੱਲੋਂ ਲੋਕਾਂ ’ਤੇ ਰਾਜ ਕਰਨ ਦਾ ਅਧਿਕਾਰ ਪ੍ਰਾਪਤ ਹੈ ਜਿਸ ਵਿਚ ਜ਼ੁਲਮ ਕਰਨ ਦਾ ਅਧਿਕਾਰ ਵੀ ਸ਼ਾਮਲ ਹੈ। ਬ੍ਰਾਹਮਣ ਨੂੰ ਉਸ ਦੀ ਜਾਤ ਕਾਰਨ ਸਮਾਜਿਕ ਚੌਧਰ ਦਾ ਅਧਿਕਾਰ ਹੈ ਅਤੇ ਲੋਕਾਂ ਦੇ ਦੁੱਖ-ਸੁੱਖ, ਅਮੀਰੀ-ਗ਼ਰੀਬੀ, ਖ਼ੁਸ਼ੀ-ਗ਼ਮੀ, ਬਿਮਾਰੀ-ਤੰਦਰੁਸਤੀ, ਤਰੱਕੀ-ਬਰਬਾਦੀ, ਔੜ-ਬਾਰਸ਼ ਆਦਿ ਸਭ ਵੱਖ-ਵੱਖ ਦੇਵੀ ਦੇਵਤਿਆਂ ਦੇ ਹੱਥ ਵੱਸ ਹਨ। ਗੁਰਮਤਿ ਨੇ ਇਨ੍ਹਾਂ ਤਿੰਨਾਂ ਭਾਵ ਰਾਜੇ, ਬ੍ਰਾਹਮਣ ਅਤੇ ਦੇਵੀ-ਦੇਵਤਿਆਂ ਦੀ ਸੱਤਾ ਨੂੰ ਸਾਂਝੀਵਾਲਤਾ ਦੀ ਦੁਸ਼ਮਣ ਤਸਲੀਮ ਕੀਤਾ। ਇਕ ਨਿਰੰਕਾਰ ਦੀ ਸੱਤਾ ਸਥਾਪਤ ਕਰਕੇ ਇਨ੍ਹਾਂ ਤਿੰਨਾਂ ਦੀ ਸੱਤਾ ਨੂੰ ਮਲੀਆਮੇਟ ਕਰਨ ਦਾ ਕਾਰਜ ਆਰੰਭ ਕੀਤਾ। ਨ ਦੇਵ ਦਾਨਵਾ ਨਰਾ॥ ਨ ਸਿਧ ਸਾਧਿਕਾ ਧਰਾ॥ ਅਸਤਿ ਏਕ ਦਿਗਰਿ ਕੁਈ॥ ਏਕ ਤੁਈ ਏਕ ਤੁਈ॥ (144, ਮ. 1) ਸਬਦੁ ਵੀਚਾਰੇ ਏਕ ਲਿਵ ਤਾਰਾ॥ ਨਾਨਕ ਧੰਨੁ ਸਵਾਰਣਹਾਰਾ॥ (412, ਮ. 1) ਸਭੁ ਕਿਹੁ ਤੇਰੈ ਵਸਿ ਹੈ ਤੂ ਸਚਾ ਸਾਹੁ॥ ਭਗਤ ਰਤੇ ਰੰਗਿ ਏਕ ਕੈ ਪੂਰਾ ਵੇਸਾਹੁ॥ (556, ਮ. 1) ਕਹਤਉ ਪੜਤਉ ਸੁਣਤਉ ਏਕ॥ ਧੀਰਜ ਧਰਮੁ ਧਰਣੀਧਰ ਟੇਕ॥ (686, ਮ. 1) ਇਸ ਇੱਕ ਦੇ ਆਵਾਜ਼ੇ ਨਾਲ ਸਭ ਦੇਵੀ ਦੇਵਤਿਆਂ ਦੀ ਸੱਤਾ ਨੂੰ ਇਸ ਪਰਮ-ਸੱਤਾ ਵਿਚ ਵਿਲੀਨ ਕਰ ਦਿੱਤਾ। ਪਰਮ ਸੱਤਾ ਦੇ ਮੰਨੇ ਜਾਂਦੇ ਤਿੰਨ ਅੰਗਾਂ ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਦੀ ਅਲਹਿਦਾ ਅਲਹਿਦਾ ਹਸਤੀ ਅਤੇ ਹੋਂਦ ਨੂੰ ਨਹੀਂ ਸਵੀਕਾਰਿਆ: ਬ੍ਰਹਮਾ ਬਿਸਨੁ ਮਹੇਸੁ ਨ ਕੋਈ॥ ਅਵਰੁ ਨ ਦੀਸੈ ਏਕੋ ਸੋਈ॥ (1035, ਮ. 1) ਗੁਰੂ ਨਾਨਕ ਜਾਂ ਗੁਰੂ ਗਰੰਥ ਸਾਹਿਬ ਦੀ ਬਾਣੀ ਦਾ ਆਰੰਭ ਓਅੰਕਾਰ ਦੇ ਅੱਗੇ ਏਕਾ ਲਗਾ ਕੇ ਪੂਰੀ ਸ੍ਰਿਸ਼ਟੀ ਅੰਦਰ ਪ੍ਰਭੂ ਦੀ ਇਕਲੌਤੀ ਸੱਤਾ ਦੇ ਐਲਾਨ ਨਾਲ ਹੁੰਦਾ ਹੈ। ਇਹ ਇਕ ਓਅੰਕਾਰ ਨਿਰੰਕਾਰ ਹੈ, ਪਰਾ-ਭੌਤਿਕ ਹੈ, ਬੇਅੰਤ ਹੈ, ਸਭ ਦਾ ਮਾਲਕ ਵੀ ਹੈ, ਸਭ ਵਿਚ ਬਰਾਬਰ ਦਾ ਰਸਿਆ ਵਸਿਆ ਵੀ ਹੈ। ਇਸ ਕੇਂਦਰੀ ਸੱਤਾ ਨਾਲ ਸਭ ਦਾ ਬਰਾਬਰੀ ਵਾਲਾ ਸਬੰਧ ਹੈ। ਸਭ ਉਸ ਦੀ ਕਿਰਪਾ ਅਤੇ ਪਿਆਰ ਦੇ ਬਰਾਬਰ ਦੇ ਪਾਤਰ ਹਨ। ਉਹ ਆਪ ਨਿਰਭਉ, ਨਿਰਵੈਰ ਅਤੇ ਕਰਤਾ ਹੈ। ਉਸ ਦੇ ਸਾਰੇ ਧੀਆਂ ਪੁੱਤਰ ਵੀ ਨਿਰਭਉ, ਨਿਰਵੈਰ ਅਤੇ ਸਿਰਜਕ ਹੋਣੇ ਚਾਹੀਦੇ ਹਨ। ਕਿਸੇ ਦਾ ਕਿਸੇ ਨਾਲ ਸੱਤਾ ਪ੍ਰਾਪਤੀ ਜਾਂ ਸੱਤਾ ਦੀ ਊਚ-ਨੀਚ ਕਰਕੇ ਵੈਰ-ਵਿਰੋਧ ਨਹੀਂ ਹੋ ਸਕਦਾ ਜਾਂ ਹੋਣਾ ਚਾਹੀਦਾ: ਸਭ ਮਹਿ ਜੋਤਿ ਜੋਤਿ ਹੈ ਸੋਇ॥ ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ॥ (13, ਮ. 1) ਏਕ ਮਹਿ ਸਰਬ ਸਰਬ ਮਹਿ ਏਕਾ ਏਹ ਸਤਿਗੁਰਿ ਦੇਖਿ ਦਿਖਾਈ॥ (907, ਮ. 1) ਸਰਬ ਸਬਦੰ ਤ ਏਕ ਸਬਦੰ ਜੇ ਕੋ ਜਾਨਸਿ ਭੇਉ॥ ਨਾਨਕ ਤਾ ਕੋ ਦਾਸੁ ਹੈ ਸੋਈ ਨਿਰੰਜਨ ਦੇਉ॥ (1353, ਮ. 1) ਓਅੰਕਾਰ ਨੂੰ ਪਰਮ ਸੱਤਾ ਨਹੀਂ ਸਗੋਂ ਇਕਲੌਤੀ ਸੱਤਾ ਮੰਨਿਆ ਗਿਆ ਹੈ ਅਤੇ ਇਹ ਇਕਲੌਤੀ ਸੱਤਾ ਸਭ ਅੰਦਰ ਬਰਾਬਰ ਵਿਦਮਾਨ ਹੈ। ਭਾਵ ਸਭ ਅੰਦਰ ਉਸ ਦੀ ਮੌਜੂਦਗੀ ਕਾਰਨ ਸਭ ਬਰਾਬਰ ਦੇ ਸੱਤਾਵਾਨ ਹਨ। ਇਸ ਤਰ੍ਹਾਂ ਜਿੱਥੇ ਨਿਰੰਜਨ ਜਾਂ ਓਅੰਕਾਰ ਦੀ ਇਕਲੌਤੀ ਹਸਤੀ ਨਾਲ ਸੱਤਾ ਦਾ ਕੇਂਦਰੀਕਰਨ ਕੀਤਾ ਗਿਆ ਉੱਥੇ ਇਸ ਦੇ ਘਟ ਘਟ ਅੰਤਰ ਸਰਬ ਨਿਰੰਤਰ ਹੋਣ ਨਾਲ ਇਸ ਸੱਤਾ ਨੂੰ ਸਭਨਾਂ ਦਰਮਿਆਨ ਬਰਾਬਰ ਵਰਤਾਅ ਕੇ ਸੱਤਾ ਦਾ ਵਿਆਪਕ ਅਤੇ ਇਕਸਾਰ ਵਿਕੇਂਦਰੀਕਰਨ ਕੀਤਾ ਗਿਆ। ਇਸ ਤਰ੍ਹਾਂ ੴ ਦੇ ਅੱਗੇ ਲੱਗਿਆ ਏਕਾ ਨਿਰੰਕਾਰ ਦੀ ਇਕਲੌਤੀ ਸੱਤਾ ਦਾ ਚਿੰਨ੍ਹ ਹੈ ਅਤੇ ਇਸ ਦੇ ਨਾਲ ਹੀ ਇਹ ਮਨੁੱਖੀ ਸਮਾਜ ਅੰਦਰ ਏਕਤਾ, ਇਕਸੁਰਤਾ ਅਤੇ ਸਾਂਝੀਵਾਲਤਾ ਦਾ ਵੀ ਲਖਾਇਕ ਹੈ। ਅਜਿਹੇ ਸਾਂਝੀਵਾਲਤਾ ਵਾਲੇ ਸਮਾਜ ਦੇ ਲੋਕ ਸੰਪੂਰਨ ਸੁਤੰਤਰ ਹਨ, ਬਰਾਬਰ ਦੇ ਸੱਤਾਵਾਨ ਹਨ, ਕਿਸੇ ਦੇ ਅਧੀਨ ਨਹੀਂ ਹਨ। ਗੁਰੂ ਨਾਨਕ ਨੇ ਰਾਜੇ, ਰਾਣਿਆਂ, ਖਾਨਾਂ, ਨਵਾਬਾਂ ਦੀ ਸੱਤਾ ਨੂੰ ਝੂਠੀ ਦੱਸਿਆ। ਉਨ੍ਹਾਂ ਦੇ ਹੁਕਮਾਂ-ਹਦਾਇਤਾਂ ਨੂੰ ਅਬਾ-ਤਬਾ ਕਹਿ ਕੇ ਖਿੱਲੀ ਉਡਾਈ: ਖਾਨੁ ਮਲੂਕੁ ਕਹਾਵਉ ਰਾਜਾ॥ ਅਬੇ ਤਬੇ ਕੂੜੇ ਹੈ ਪਾਜਾ॥ (225, ਮ. 1) ੜਾੜੈ ਰੂੜਾ ਹਰਿ ਜੀਉ ਸੋਈ॥ ਤਿਸੁ ਬਿਨੁ ਰਾਜਾ ਅਵਰੁ ਨ ਕੋਈ॥ (936, ਮ. 1) ਸੱਤਾ ਸਿਰਫ਼ ਰਾਜਿਆਂ ਕੋਲ ਜਾਂ ਰਾਜਧਾਨੀਆਂ ਵਿਚ ਹੀ ਕੇਂਦਰਤ ਨਹੀਂ ਹੁੰਦੀ। ਪਰਿਵਾਰ ਸਮਾਜ ਦੀ ਇਕਾਈ ਹੈ ਅਤੇ ਸਾਡੇ ਪਰਿਵਾਰਾਂ ਵਿਚ ਸੱਤਾ ਆਮ ਕਰਕੇ ਪੁਰਸ਼ਾਂ ਦੇ ਹੱਥ ਹੁੰਦੀ ਹੈ। ਪਰਿਵਾਰ ਨਾਲ ਸਬੰਧਤ ਫ਼ੈਸਲੇ ਮੁੱਖ ਤੌਰ ’ਤੇ ਪੁਰਸ਼ ਕਰਦੇ ਹਨ। ਔਰਤਾਂ ਅਤੇ ਬੱਚੇ ਉਨ੍ਹਾਂ ਦੀ ਪਰਜਾ ਹੁੰਦੇ ਹਨ। ਪਰਿਵਾਰ ਦਾ ਪੁਰਸ਼ ਮੁਖੀ ਕੇਵਲ ਆਪਣੀ ਪਤਨੀ ਜਾਂ ਨੂੰਹਾਂ, ਧੀਆਂ, ਭੈਣਾਂ, ਭਰਜਾਈਆਂ ਦਾ ਹੀ ਹੁਕਮਰਾਨ ਨਹੀਂ ਹੁੰਦਾ ਸਗੋਂ ਉਸ ਦੀ ਮਾਂ ਵੀ ਸਿੱਧੇ ਜਾਂ ਅਸਿੱਧੇ ਰੂਪ ਵਿਚ ਉਸ ਦੀ ਮਰਜ਼ੀ ਦੀ ਗੁਲਾਮ ਹੁੰਦੀ ਹੈ। ਗੁਰਮਤਿ ਨੇ ਕੇਵਲ ਪਰਮਾਤਮਾ ਨੂੰ ਇਕੋ ਇਕ ਸੱਚਾ ਪੁਰਸ਼ ਕਹਿ ਕੇ ਅਤੇ ਸਭ ਜੀਵਾਂ ਨੂੰ ਬਰਾਬਰ ਦੀਆਂ ਇਸਤਰੀਆਂ ਆਖ ਕੇ ਸਮਾਜ ਵਿਚੋਂ ਪੁਰਸ਼ਾਂ ਦੀ ਸੱਤਾ ਨੂੰ ਮਲੀਆਮੇਟ ਕਰਨ ਦਾ ਯਤਨ ਕੀਤਾ। ਇਸ ਇਕੋ ਸੱਚੇ ਪੁਰਸ਼ ਦੀ ਪੁਰਸ਼ਈ ਸੱਤਾ ਵੀ ਸਾਰਿਆਂ ਅੰਦਰ ਬਰਾਬਰ ਵਿਦਮਾਨ ਹੈ। ਭਾਵ ਜੋ ਸੱਤਾ ਪੁਰਸ਼ ਨੂੰ ਪਰਿਵਾਰ ਜਾਂ ਸਮਾਜ ਵਿਚ ਪੁਰਸ਼ ਹੋਣ ਕਾਰਨ ਪ੍ਰਾਪਤ ਹੈ, ਉਸ ਦੀਆਂ ਇਸਤਰੀਆਂ ਵੀ ਬਰਾਬਰ ਦੀਆਂ ਹੱਕਦਾਰ ਹਨ। ਜੋ ਪਰਿਵਾਰਕ ਜਾਂ ਸਮਾਜਿਕ ਜ਼ਿੰਮੇਵਾਰੀਆਂ ਇਸਤਰੀ ਨੂੰ ਇਸਤਰੀ ਹੋਣ ਕਰਕੇ ਨਿਭਾਉਣੀਆਂ ਪੈਂਦੀਆਂ ਹਨ ਉਹ ਮਰਦ ਦੁਆਰਾ ਵੀ ਨਿਭਾਈਆਂ ਜਾਣੀਆਂ ਬਣਦੀਆਂ ਹਨ: ਨਾਰੀ ਪੁਰਖ ਸਬਾਈ ਲੋਇ॥ (223, ਮ. 1) ਪ੍ਰਭੁ ਦੂਰਿ ਨ ਹੋਈ ਘਟਿ ਘਟਿ ਸੋਈ ਤਿਸ ਕੀ ਨਾਰਿ ਸਬਾਈ॥ (765, ਮ. 1) ਠਾਕੁਰੁ ਏਕੁ ਸਬਾਈ ਨਾਰਿ॥ (933, ਮ. 1) ਸਭ ਨੂੰ ਨਾਰੀ ਕਹਿਣ ਦਾ ਭਾਵ ਸਭ ਦੀ ਬਰਾਬਰੀ ਅਤੇ ਪਰਮਾਤਮਾ ਨੂੰ ਪੁਰਸ਼ ਕਹਿਣ ਦਾ ਭਾਵ ਉਸ ਦੀ ਇਕਲੌਤੀ ਸੱਤਾ ਨੂੰ ਮੰਨਣਾ ਹੈ। ਰੱਬ ਨੂੰ ਪੁਰਖ, ਪੁਰਸ਼ ਜਾਂ ਪਤੀ ਕਹਿ ਕੇ ਉਸ ਦਾ ਜੈਂਡਰ ਨਿਰਧਾਰਤ ਨਹੀਂ ਕੀਤਾ ਗਿਆ। ਉਹ ਲਿੰਗਕ ਤੌਰ ’ਤੇ ਪੁਰਸ਼ ਨਹੀਂ ਹੈ: ਸੁੰਨ ਮੰਡਲ ਇਕੁ ਜੋਗੀ ਬੈਸੇ॥ ਨਾਰਿ ਨ ਪੁਰਖੁ ਕਹਹੁ ਕੋਊ ਕੈਸੇ॥ (685, ਮ. 1) ਨਾਰਿ ਨ ਪੁਰਖੁ ਨ ਪੰਖਣੂ ਸਾਚਉ ਚਤੁਰੁ ਸਰੂਪੁ॥ ਜੋ ਤਿਸੁ ਭਾਵੈ ਸੋ ਥੀਐ ਤੂ ਦੀਪਕੁ ਤੂ ਧੂਪੁ॥ (1010, ਮ. 1) ਨਾਰਿ ਪੁਰਖੁ ਨਹੀ ਜਾਤਿ ਨ ਜਨਮਾ ਨਾ ਕੋ ਦੁਖੁ ਸੁਖੁ ਪਾਇਦਾ॥ (1035, ਮ. 1)

ਜਸਵੰਤ ਸਿੰਘ ਜ਼ਫ਼ਰ

ਪੁਰਸ਼ ਦੀ ਸੱਤਾ ਨੂੰ ਸੱਟ ਮਾਰਨ ਦਾ ਇਕ ਦੂਸਰਾ ਕੋਣ ਵੀ ਹੈ। ਪ੍ਰਚੱਲਤ ਸਮਾਜੀ ਪ੍ਰਬੰਧ ਅਨੁਸਾਰ ਪੁਰਸ਼ ਪਿਤਾ ਦੇ ਰੂਪ ਵਿਚ ਵੀ ਸੱਤਾਵਾਨ ਹੈ। ਬੱਚੇ ਉਸ ਦੇ ਅਧੀਨ ਹਨ। ਗੁਰਮਤਿ ਨੇ ਪੁਰਸ਼ਾਂ ਅੰਦਰਲੀ ਪਿਤਾ ਦੇ ਰੂਪ ਵਿਚ ਵਿਦਮਾਨ ਸੱਤਾ ਨੂੰ ਖੋਹ ਕੇ ਉਸ ਦਾ ਵੀ ਪਰਮਾਤਮਾ ਦੇ ਰੂਪ ਵਿਚ ਕੇਂਦਰੀਕਰਨ ਕੀਤਾ। ਪੁਰਾਣੇ ਸਮਾਜੀ ਨਿਯਮ ਮੁਤਾਬਿਕ ਮਾਤਾ-ਪਿਤਾ ਦੇ ਹੁਕਮਾਂ, ਇੱਛਾਵਾਂ ਅਤੇ ਸੁਪਨਿਆਂ ਦਾ ਪਾਲਣ ਕਰਨਾ ਬੱਚਿਆਂ ਦਾ ਫ਼ਰਜ਼ ਹੈ। ਸੰਤਾਨ ਨੇ ਪੁਰਖਿਆਂ ਦੇ ਕੰਮ-ਧੰਦੇ ਨੂੰ ਅਪਨਾਉਣ ਦੇ ਨਾਲ-ਨਾਲ ਪੁਰਖਿਆਂ ਦੁਆਰਾ ਸਥਾਪਤ ਨਿਯਮਾਂ, ਮਰਿਆਦਾਵਾਂ, ਰਿਵਾਜਾਂ ਨੂੰ ਵੀ ਅੱਗੋਂ ਜਾਰੀ ਰੱਖਣ ਦਾ ਕਰਤਵ ਪਾਲਣਾ ਹੁੰਦਾ ਹੈ। ਗੁਰਮਤਿ ਨੇ ਪਰਮਾਤਮਾ ਨੂੰ ਸਭ ਦਾ ਮਾਂ-ਬਾਪ ਕਹਿ ਕੇ ਸਮਾਜੀ ਰਿਵਾਜਾਂ ਅਤੇ ਪ੍ਰੰਪਰਾਵਾਂ ਦੀ ਜੜ੍ਹਤਾ ਨੂੰ ਤੋੜਦਿਆਂ ਸੰਤਾਨ ਨੂੰ ਆਪਣੇ ਕੰਮਾਂ, ਵਿਚਾਰਾਂ, ਵਿਹਾਰਾਂ ਅਤੇ ਵਿਸ਼ਵਾਸਾਂ ਨੂੰ ਨਵਿਆਉਣ ਦੀ ਸੁਤੰਤਰਤਾ ਦਿੰਦੇ ਹੋਏ ਮਾਪਿਆਂ ਦੀ ਸੱਤਾ ਨੂੰ ਖ਼ਤਮ ਕੀਤਾ ਹੈ। ਸਾਨੂੰ ਆਪਣੇ ਬੱਚਿਆਂ ਨੂੰ ਆਪਣੇ ਵਰਗੀ ‘ਸਿਆਣਪ’ ਦੇ ਗੁਲਾਮ ਬਣਾਉਣ ਦੀ ਬਜਾਏ ਖ਼ੁਦ ਉਨ੍ਹਾਂ ਵਰਗੀਆਂ ਆਜ਼ਾਦ ਸੋਚਾਂ ਨਾਲ ਜੀਵਨ ਨੂੰ ਬੇਅੰਤ ਸੰਭਾਵਨਾਵਾਂ ਨਾਲ ਜੋੜਨ ਵਾਲੇ ਬਣਨਾ ਚਾਹੀਦਾ ਹੈ। ਗੁਰੂ ਨਾਨਕ ਨੇ ਆਪਣੇ ਜੀਵਨ ਵਿਚ ਪਿੱਤਰੀ ਜਾਂ ਮਾਪਿਆਂ ਦੀ ਸੱਤਾ ਨੂੰ ਨਾ ਆਪ ਕਬੂਲਿਆ ਅਤੇ ਨਾ ਹੀ ਆਪਣੇ ਪੁੱਤਰਾਂ ’ਤੇ ਥੋਪਿਆ। ਕਤ ਕੀ ਮਾਈ ਬਾਪੁ ਕਤ ਕੇਰਾ ਕਿਦੂ ਥਾਵਹੁ ਹਮ ਆਏ॥ ਅਗਨਿ ਬਿੰਬ ਜਲ ਭੀਤਰਿ ਨਿਪਜੇ ਕਾਹੇ ਕੰਮਿ ਉਪਾਏ॥ (156, ਮ. 1) ਹੋਰ ਤਾਂ ਹੋਰ ਗੁਰੂ ਨਾਨਕ ਵੱਧ ਘੱਟ ਬੁੱਧੀ ਦੇ ਆਧਾਰ ’ਤੇ ਵੀ ਕਿਸੇ ਊਚ ਨੀਚ ਨੂੰ ਸਵੀਕਾਰ ਨਹੀਂ ਕਰਦੇ। ਭਾਵ ਵਰਤਮਾਨ ਸਮੇਂ ਵਿਚ ‘ਸਿਆਣੇ ਲੋਕ’ ਸਿਆਣਪ ਦੀ ਸੱਤਾ ਨੂੰ ਆਦਰਸ਼ ਮੰਨਦੇ ਹਨ, ਗੁਰੂ ਨਾਨਕ ਉਸ ਨੂੰ ਵੀ ਨਹੀਂ ਮੰਨਦੇ: ਮੂਰਖੁ ਸਿਆਣਾ ਏਕੁ ਹੈ ਏਕ ਜੋਤਿ ਦੁਇ ਨਾਉ॥ (1015, ਮ. 1) ਸਟੇਟ ’ਤੇ ਰਾਜੇ ਦੀ, ਪਰਿਵਾਰ ’ਤੇ ਪੁਰਸ਼ ਦੀ, ਬੱਚਿਆਂ ’ਤੇ ਮਾਪਿਆਂ ਦੀ, ਭੋਲਿਆਂ ’ਤੇ ਚਤੁਰਾਂ ਦੀ, ਲੋਕ-ਮਨ ’ਤੇ ਦੇਵਤਿਆਂ ਦੀ ਸੱਤਾ ਜਾਂ ਚੌਧਰ ਵਾਂਗ ਸਮਾਜ ਉੱਤੇ ਸੱਭਿਆਚਾਰਕ ਚੌਧਰ ਅਤੇ ਸਮਾਜਿਕ ਧੌਂਸ ਬ੍ਰਾਹਮਣ ਦੀ ਮੰਨੀ ਜਾਂਦੀ ਸੀ। ਗੁਰਮਤਿ ਨੇ ਬ੍ਰਾਹਮਣ ਦੀ ਸਮਾਜਿਕ ਸੱਤਾ ’ਤੇ ਬਹੁਤ ਜ਼ੋਰਦਾਰ ਹਮਲਾ ਕੀਤਾ। ਇਹ ਹਮਲਾ ਉਸ ਦੀ ਜਾਤ ਕਰਕੇ ਨਹੀਂ ਸਗੋਂ ਉਸ ਕੋਲ ਸਮਾਜੀ ਸੱਤਾ ਹੋਣ ਕਰਕੇ ਕੀਤਾ ਗਿਆ। ਉਸ ਦੇ ਗਿਆਨ ਅਤੇ ਵਿੱਦਿਆ ਕਰਕੇ ਤਾਂ ਉਸ ਦਾ ਆਦਰ ਕੀਤਾ ਗਿਆ ਹੈ। ਜਨਮ ਆਧਾਰਿਤ ਜਾਤੀ ਦੀ ਬਜਾਏ ਸ਼ੁਭ ਗੁਣ, ਸ਼ੁਭ ਕਰਮ ਅਤੇ ਸ਼ੁਭ ਵਿਚਾਰ ਆਧਾਰਿਤ ਜਾਤੀ ਨਿਰਧਾਰਨ ਦੀ ਵਕਾਲਤ ਕਰਦਿਆਂ ਅਸਲ ਬ੍ਰਾਹਮਣ ਨੂੰ ਪੁਨਰ-ਪਰਿਭਾਸ਼ਤ ਕੀਤਾ ਗਿਆ। ਬ੍ਰਾਹਮਣ ਹੋਣ ਦਾ ਮਤਲਬ ਸਮਾਜਿਕ ਚੌਧਰ, ਧੌਂਸ ਜਾਂ ਸੋਸ਼ਣ ਦੀ ਬਜਾਏ ਵਿੱਦਿਆ, ਗਿਆਨ, ਸਰਬ ਕਲਿਆਣਕਾਰੀ ਸਿਆਣਪ ਜਾਂ ਅਧਿਆਪਨ ਨਾਲ ਜੋੜਿਆ: ਬ੍ਰਾਹਮਣੁ ਜੋ ਬ੍ਰਹਮੁ ਬੀਚਾਰੈ॥ ਆਪਿ ਤਰੈ ਸਗਲੇ ਕੁਲ ਤਾਰੈ॥ (662, ਮ.1) ਜਿੱਥੇ ਜਾਤ ਪਾਤ ਪ੍ਰਬੰਧ ਕਾਰਨ ਭੇਦ-ਭਾਵ ਨੂੰ ਖ਼ਤਮ ਕਰਨ ਲਈ ਇਸ ਪ੍ਰਬੰਧ ਦੇ ਸਿਖਰਲੇ ਡੰਡੇ ਉੱਤੇ ਬੈਠੇ ਬ੍ਰਾਹਮਣ ਦੀ ਸੱਤਾ ਨੂੰ ਸਿੱਧੀ ਚੁਣੌਤੀ ਦੇਣਾ ਹੀ ਕਾਫ਼ੀ ਨਹੀਂ ਸਮਝਿਆ ਗਿਆ ਸਗੋਂ ਵੱਖ ਵੱਖ ਜਾਤਾਂ ਨਾਲ ਜੋੜੀ ਹੋਈ ਊਚ-ਨੀਚ ਦੀ ਭਾਵਨਾ ਬਹੁਤ ਵੱਡਾ ਸਮਾਜਿਕ ਵਿਕਾਰ ਜਾਂ ਵਿਗਾੜ ਮੰਨਿਆ ਗਿਆ। ਜਾਤ ਪ੍ਰਬੰਧ ਦੀ ਖੜ੍ਹੇ ਰੁਖ਼ ਪਈ ਪੌੜੀ ਨੂੰ ਲੇਟਵੇਂ ਰੁਖ਼ ਕਰਨ ਲਈ ਕਿਹਾ ਗਿਆ। ਜਾਤ-ਪਾਤ ਨਾਲ ਜੁੜੀ ਉਸ ਸਮਝ ਨੂੰ ਨਕਾਰਿਆ ਗਿਆ ਜੋ ਸਮਾਜ ਅੰਦਰ ਬਰਾਬਰੀ ਅਤੇ ਸਾਂਝੀਵਾਲਤਾ ਦੇ ਭਾਵ ਦੇ ਪ੍ਰਵਾਹ ਵਿਚ ਅੜਿੱਕਾ ਬਣਦੀ ਹੈ। ਕਦੀ ਵਿਦਿਆ ਅਤੇ ਗਿਆਨ ਪ੍ਰਾਪਤੀ ਦਾ ਅਧਿਕਾਰ ਸਿਰਫ਼ ਬ੍ਰਾਹਮਣ ਨੂੰ ਸੀ। ਪਰ ਸਾਂਝੀਵਾਲਤਾ ਅਤੇ ਬਰਾਬਰੀ ਆਧਾਰਿਤ ਸਮਾਜ ਦੀ ਸਿਰਜਨਾ ਲਈ ਸਭ ਵਰਗਾਂ, ਜਾਤਾਂ, ਜਮਾਤਾਂ ਦੇ ਲੋਕਾਂ ਨੂੰ ਵਿੱਦਿਆ ਦਾ ਬਰਾਬਰ ਅਧਿਕਾਰ ਅਤੇ ਅਵਸਰ ਮਿਲਣਾ ਚਾਹੀਦਾ ਹੈ, ਹਰ ਬੰਦੇ ਦਾ ਗਿਆਨਵਾਨ ਹੋਣਾ ਜ਼ਰੂਰੀ ਹੈ। ਮਾਨਵੀ ਜੀਵਨ ਦੀ ਸੱਚੀ ਸਫ਼ਲਤਾ ਅਤੇ ਵਿਕਾਸ ਲਈ ਵਿਦਿਆ ਵਪਾਰ ਦੇ ਤਹਿਤ ਵੇਚਣ ਖਰੀਦਣ ਵਾਲਾ ਧੰਦਾ ਨਹੀਂ ਹੋਣੀ ਚਾਹੀਦੀ: ਪਾਧਾ ਪੜਿਆ ਆਖੀਐ ਬਿਦਿਆ ਬਿਚਰੈ ਸਹਜਿ ਸੁਭਾਇ॥ ਬਿਦਿਆ ਸੋਧੈ ਤਤੁ ਲਹੈ ਰਾਮ ਨਾਮ ਲਿਵ ਲਾਇ॥ ਮਨਮੁਖੁ ਬਿਦਿਆ ਬਿਕ੍ਰਦਾ ਬਿਖੁ ਖਟੇ ਬਿਖੁ ਖਾਇ॥ ਮੂਰਖੁ ਸਬਦੁ ਨ ਚੀਨਈ ਸੂਝ ਬੂਝ ਨਹ ਕਾਇ॥ (938, ਮ. 1) ਗਿਆਨ ਵਿਹੂਣੀ ਖਲਕਤ ਅੰਨ੍ਹਿਆਂ ਦੇ ਹਜੂਮ ਵਾਂਗ ਹੁੰਦੀ ਹੈ। ਅਗਿਆਨਤਾ ਦਾ ਪਸਾਰਾ ਹੋਵੇ ਤਾਂ ਲੋਕਾਈ ਅੰਦਰ ਜੀਵਨ ਤਰੰਗ ਨਹੀਂ ਹੁੰਦੀ। ਲੋਕਾਂ ਲਈ ਗੀਤ, ਸੰਗੀਤ, ਸ਼ਿੰਗਾਰ ਅਤੇ ਹੋਰ ਕਲਾਵਾਂ ਨਿਰਾਰਥਕ ਹੋ ਜਾਂਦੀਆਂ ਹਨ। ਜੀਵਨ ਲਿਸ਼ਕਾਉਣ ਵਾਲੇ ਸੁੰਦਰਤਾ, ਬਹਾਦਰੀ ਅਤੇ ਚੜ੍ਹਦੀ ਕਲਾ ਵਰਗੇ ਮੂਲ ਤੱਤ ਅਲੋਪ ਹੋ ਜਾਂਦੇ ਹਨ। ਥੋੜ੍ਹੇ ਜਿਹੇ ਚਤੁਰ ਲੋਕ ਆਪਣੀਆਂ ਚਲਾਕੀਆਂ ਨਾਲ ਲੋਕਾਂ ਨੂੰ ਬੁੱਧੂ ਬਣਾ ਕੇ ਉਨ੍ਹਾਂ ਦਾ ਸ਼ੋਸ਼ਣ ਕਰਕੇ ਧਨ ਇਕੱਠਾ ਕਰਨ ਦੇ ਆਹਰ ਵਿਚ ਲੱਗ ਜਾਂਦੇ ਹਨ: ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ॥ ਗਿਆਨੀ ਨਚਹਿ ਵਾਜੇ ਵਾਵਹਿ ਰੂਪ ਕਰਹਿ ਸੀਗਾਰੁ॥ ਊਚੇ ਕੂਕਹਿ ਵਾਦਾ ਗਾਵਹਿ ਜੋਧਾ ਕਾ ਵੀਚਾਰੁ॥ ਮੂਰਖ ਪੰਡਿਤ ਹਿਕਮਤਿ ਹੁਜਤਿ ਸੰਜੈ ਕਰਹਿ ਪਿਆਰੁ॥ (469, ਮ. 1) ਵਿਦਿਆ ਅਤੇ ਗਿਆਨ ਦੇ ਪਸਾਰ ਦੀਆਂ ਦੋ ਵਿਧੀਆਂ ਹਨ: ਮੌਖਿਕ ਅਤੇ ਲਿਖਤ। ਵੱਖ ਵੱਖ ਸਵਰਾਂ ਦੇ ਮੇਲ ਨਾਲ ਸ਼ਬਦ ਬਣਦਾ ਹੈ ਅਤੇ ਵੱਖ ਵੱਖ ਸਵਰਾਂ ਦੀ ਗ੍ਰਾਫਿਕ ਪੇਸ਼ਕਾਰੀ ਨੂੰ ਅੱਖਰ ਕਹਿੰਦੇ ਹਾਂ। ਗੁਰੂ ਨਾਨਕ ਨੇ ਜਪੁ ਬਾਣੀ ਵਿਚ ਅੱਖਰਾਂ ਦੀ ਬਹੁਤ ਮਹਿਮਾ ਕੀਤੀ ਹੈ। ਗੁਰਬਾਣੀ ਵਿਚ ਇਕੋ ਉਚਾਰਨ ਵਾਲੇ ਸ਼ਬਦਾਂ ਦੇ ਵੱਖਰੇ ਵੱਖਰੇ ਅੱਖਰ ਜੋੜ ਮਿਲਦੇ ਹਨ, ਜਿਵੇਂ ਸਚ, ਸਚੁ, ਸਚਿ। ਇਨ੍ਹਾਂ ਦਾ ਉਚਾਰਨ ਇਕ ਹੈ, ਅਰਥ ਜਾਂ ਭਾਵ ਵੱਖਰਾ ਵੱਖਰਾ ਹੈ। ਇਨ੍ਹਾਂ ਤਿੰਨਾਂ ਨੂੰ ਪਾਠੀ ਜਾਂ ਗਵੱਈਏ ਮੂੰਹੋਂ ਸੁਣਨ ਨਾਲ ਇਕ ਉਚਾਰਨ ‘ਸੱਚ’ ਹੀ ਸੁਣੇਗਾ, ਸਹੀ ਭਾਵ ਦਾ ਸੰਚਾਰ ਆਪ ਪੜ੍ਹਨ ਨਾਲ ਹੀ ਹੋਵੇਗਾ। ਇਸ ਲਈ ਪਾਠੀ ਮੂੰਹੋਂ ਗੁਰਬਾਣੀ ਸੁਣਨ ਨਾਲ ਨਹੀਂ, ਆਪ ਪੜ੍ਹਨ ਅਤੇ ਵਿਚਾਰਨ ਨਾਲ ਗੱਲ ਬਣਨੀ ਹੈ। ਗੁਰਮਤਿ ਦਰਸ਼ਨ ਦੀ ਸਮਝ ਅਤੇ ਪਾਸਾਰ ਦੇ ਨਜ਼ਰੀਏ ਤੋਂ ਗੁਰੂ ਨਾਨਕ ਦੁਆਰਾ ਲਿਖੇ ਅੱਖਰ ਕਿਰਾਏ ਦੇ ਪਾਠੀ ਅਤੇ ਮੁੱਲ ਦੇ ਪਾਠ ਦੇ ਹਾਮੀ ਨਹੀਂ। ਪਰ ਸਾਡਾ ਲਗਪਗ ਹਰ ਛੋਟਾ ਵੱਡਾ ਪਾਠੀ ਸੰਗਤ ਦਾ ਹਿੱਸਾ ਹੋਣ ਦੀ ਬਜਾਏ ਖ਼ੁਦ ਨੂੰ ਛੋਟਾ ਵੱਡਾ ਸੱਤਾਵਾਨ ਸਮਝਦਾ ਦੇਖਿਆ ਜਾ ਸਕਦਾ ਹੈ। ਪਾਠੀ ਤਰੱਕੀ ਪਾ ਕੇ ਵੱਡੀਆਂ ਧਾਰਮਿਕ ਸੰਸਥਾਵਾਂ ’ਤੇ ਸੱਤਾਵਾਨਾਂ (Clergy) ਵਜੋਂ ਸਥਾਪਤ ਹੁੰਦੇ ਹਨ। ਗੁਰੂ ਨਾਨਕ ਤਾਂ ਆਪਣੀ ਰਚਨਾ ਅਤੇ ਉਸ ਦੇ ਪਾਠਕ (ਗੁਰੂ ਅਤੇ ਸਿੱਖ) ਦੇ ਸਿੱਧੇ ਸਬੰਧ ਦੀ ਬਜਾਏ ਪਾਠੀ ਦੀ ਹੋਂਦ ਲਈ ਹਾਮੀ ਨਹੀਂ ਭਰਦੇ, ਪਾਠੀਆਂ ਤੋਂ ਬਣਨ ਵਾਲੇ ਧਾਰਮਿਕ ਸੱਤਾਵਾਨਾਂ ਨੂੰ ਗੁਰੂ ਨਾਨਕ ਨੇ ਮਾਨਤਾ ਕਿੱਥੋਂ ਦੇਣੀ ਹੋਈ?

ਸੰਪਰਕ: 96461-01116

ਗੁਰੂ ਨਾਨਕ ਜੀ

ਨਾਨਕ ਰੂਪ ਸੁਬ੍ਹਾ ਦੀ ਲਾਲੀ ਰੁਤਬਾ ਆਲੀ ਆਲੀ ਮੁੱਖ ਰਿਸ਼ਮਾਂ ਦਾ ਧੋਤਾ ਹੋਇਆ ਸੂਰਤ ਕਰਮਾਂ ਵਾਲੀ ਤੇਰੀ ਮਹਿਕ ਝੱਲੀ ਜੱਗ ਸਾਰੇ ਗਲ਼ੀਆਂ ਦਵਾਰੇ ਦਵਾਰੇ ਇਕ ਦੁਨੀਆ ’ਤੇ ਚਾਨਣ ਕੀਤਾ ਤੇਰੇ ਮੁੱਖ ਲਸ਼ਕਾਰੇ ਸਾਡੇ ’ਤੇ ਵੀ ਕਰਮ ਕਰੀਂ ਚਾ ਮੁੱਕ ਜਾਵੇ ਬਦਹਾਲੀ ਆ ਵੰਞ ਮਾਹੀ ਅੰਦਰ ਵੱਸ ਚਾ ਲੂੰ ਲੂੰ ਦੇ ਵਿਚ ਰੱਸ ਚਾ ਮਨ ਥੀਵੇ ਚਾ ਹਰਿਆ ਭਰਿਆ ਕਿਧਰੋਂ ਨਿੰਮਾ ਹੱਸ ਚਾ ਪ੍ਰੇਮ ਜੋਤ ਦੀ ਰੰਗਲੀ ਜੋਤ ਜਗਾ ਦੇ ਦੁਨੀਆ ਥੈ ਸੁਖਾਲੀ ਮੈਂ ਔਗੁਣ ਮੇਰਾ ਸੀਨਾ ਭਰ ਚਾ ਅੰਦਰ ਨੂਰੀ ਕਰ ਚਾ ਮੁੱਕ ਜਾਵਣ ਸਭ ਰੌਲ਼ੇ-ਗੌਲ਼ੇ ਰੂਹ ਨੂੰ ਅਮ੍ਰਿਤ ਕਰ ਚਾ ਤੂੰ ਪੰਜਾਬ ਦਾ ਸੁਰਜਨ ਤਾਰਾ ਪੰਜ ਨਦੀਆਂ ਦਾ ਵਾਲੀ

- ਜਾਵੇਦ ਜ਼ਕੀ (1946-2005)

ਨਾਨਕ

ਭਾਰਤਵਰਸ਼ ਦਾ ਤਾਰਾ ਨਾਨਕ, ਸਭ ਥੀਂ ਵੱਧ ਪਿਆਰਾ ਨਾਨਕ। ਲੋਭ ਕਰੋਧ ਨਾ ਆਇਆ ਜਿਸਦੇ ਨੇੜੇ, ਉਹ ਪਿਆਰਾ ਨਾਨਕ। ਹਿੰਦੂਆਂ ਅੰਦਰ ਗੁਰੂ ਕਹਾਇਆ, ਮੋਮਨਾਂ ਅੰਦਰ ਬਾਬਾ ਜੀ। ਦੋਹਾਂ ਧਿਰਾਂ ਵਿਚ ਰੱਬ ਨੇ ਕੀਤਾ, ਪ੍ਰੇਮ ਦਾ ਖ਼ਾਸ ਨਜ਼ਾਰਾ ਨਾਨਕ। ਫੁੱਲ ਗੁਲਾਬ ਦਾ ਮਿੱਤਰਾਂ ਕਾਰਣ ਬੁਰਿਆਂ ਭਾਣੇ ਤੁਰਖੀ ਸੂਲ਼। ਹਲਕਾ ਸੀ ਬੁਰਾਈਆਂ ਵੱਲੋਂ, ਨੇਕੀਆਂ ਨਾਲ਼ ਸੀ ਭਾਰਾ ਨਾਨਕ। ਲੋਕਾਂ ਜਿਸਨੂੰ ਪਰੇ ਹਟਾਇਆ, ਬਾਬੇ ਉਸਨੂੰ ਲੈ ਗਲ਼ ਲਾਇਆ। ਦੁਖੀਏ ਦਾ ਹਮਦਰਦ ਪ੍ਰੇਮੀ, ਮਾੜਿਆਂ ਲਈ ਸਹਾਰਾ ਨਾਨਕ। ਭੁੱਖ ਉਤਰਦੀ ਡਿੱਠਿਆਂ ਜਿਸਦੇ ਬਾਬੇ ਦਾ ਉਹ ਮੁੱਖੜਾ ਸੀ। ਰਾਹੀਂ ਜਿਸ ਥੀਂ ਰਸਤਾ ਪਾਵਣ, ਰੋਸ਼ਨ ਸੀ ਉਹ ਤਾਰਾ ਨਾਨਕ। ਕੀਮਿਆਗਰ ਨਿਗਾਹ ਹੈ ਐਸੀ ਜਿਸ ’ਤੇ ਪਈ ਉਹ ਕੁੰਦਨ ਹੋਇਆ। ਕੁਸ਼ਤਾ ਵੀ ਅਕਸੀਰ ਹੋ ਜਾਏ, ਏਧਰ ਕਰੇ ਇਸ਼ਾਰਾ ਨਾਨਕ॥

- ਮੌਲ਼ਾ ਬਖ਼ਸ਼ ਕੁਸ਼ਤਾ (1876-1955)

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All