ਗੁਰਬਾਣੀ ਤੇ ਸੂਫ਼ੀਆਨਾ ਕਲਾਮ ਗਾਉਂਦਿਆਂ

ਸ਼ਰਮਿਸ਼ਠਾ ਚੈਟਰਜੀ

ਸ਼ਰਮਿਸ਼ਠਾ ਚੈਟਰਜੀ ਵੱਖ-ਵੱਖ ਵੰਨਗੀਆਂ ਦੇ ਗਾਇਨ ਵਿਚ ਮਾਹਿਰ ਹੈ। ਹਿੰਦੋਸਤਾਨੀ ਸ਼ਾਸਤਰੀ ਸੰਗੀਤ ਵਿਚ ਸਿਖਲਾਈਯਾਫ਼ਤਾ ਸ਼ਰਮਿਸ਼ਠਾ ਭਾਰਤੀ ਫ਼ਿਲਮਾਂ, ਟੈਲੀਵਿਜ਼ਨ ਅਤੇ ਵਿਗਿਆਪਨ ਜਗਤ ਵਿਚ ਪਿੱਠਵਰਤੀ ਗਾਇਕਾ ਵਜੋਂ ਸਰਗਰਮ ਹੈ। ਬੌਲੀਵੁੱਡ ਵਿਚ ਪਿੱਠਵਰਤੀ ਗਾਇਕਾ ਦੇ ਤੌਰ ’ਤੇ ਉਸ ਦਾ ਪਹਿਲਾ ਗੀਤ 2007 ਵਿਚ ਆਇਆ। ਸਵਿਟਜ਼ਰਲੈਂਡ ਵਿਖੇ ‘ਜੈਜ਼ਾਅ ਫੈਸਟੀਵਲ’ ਵਿਚ ਪੇਸ਼ਕਾਰੀ ਲਈ ਮਿਲੇ ਸੱਦੇ ਨੇ ਉਸ ਦੇ ਪੇਸ਼ੇਵਰ ਜੀਵਨ ਵਿਚ ਨਵਾਂ ਮੋੜ ਲਿਆਂਦਾ। ਇਸ ਤਜਰਬੇ ਨੇ ਉਸ ਨੂੰ ਇੰਨਾ ਪ੍ਰਭਾਵਿਤ ਕੀਤਾ ਕਿ ਮੁੰਬਈ ਪਰਤ ਕੇ ਉਸ ਨੇ ਜੈਜ਼ ਸੰਗੀਤ ਬੈਂਡਾਂ ਨਾਲ ਸੰਪਰਕ ਕੀਤਾ। ਲੂਈ ਬੈਂਕ ਦੇ ਬੈਂਡ ‘ਗੰਗਾ ਸ਼ਕਤੀ’ ਅਤੇ ਰਣਜੀਤ ਬਰੋਟ ਦੇ ਬੈਂਡ ਨਾਲ ਜੁੜਨਾ ਉਸ ਦੀਆਂ ਅਹਿਮ ਪ੍ਰਾਪਤੀਆਂ ਹੋ ਨਿੱਬੜੀਆਂ। ਵੱਖੋ-ਵੱਖਰੀਆਂ ਗਾਇਨ ਸ਼ੈਲੀਆਂ ਉੱਤੇ ਆਪਣੀ ਪਕੜ ਸਦਕਾ ਉਸ ਨੇ ਜੈਜ਼ ਅਤੇ ਫਿਊਜ਼ਨ ਸੰਗੀਤ ਦੇ ਖੇਤਰ ਦੀਆਂ ਬਿਹਤਰੀਨ ਹਸਤੀਆਂ ਨਾਲ ਕੰਮ ਕੀਤਾ ਹੈ। ਪਾਕਿਸਤਾਨ ਦਾ ‘ਮੀਕਾਲ ਹਸਨ ਬੈਂਡ’ ਇਨ੍ਹਾਂ ਵਿਚੋਂ ਇਕ ਹੈ ਜਿਸ ਵਿਚ ਪ੍ਰਮੁੱਖ ਗਾਇਕਾ ਵਜੋਂ ਸ਼ਾਮਿਲ ਹੋਈ ਉਹ ਪਹਿਲੀ ਅਤੇ ਇਕੋ-ਇਕ ਭਾਰਤੀ ਗਾਇਕਾ ਹੈ। ਉਹ ਕੋਕ ਸਟੂਡੀਓ ਪਾਕਿਸਤਾਨ ਲਈ ਗਾਉਣ ਵਾਲੀ ਉਹ ਪਹਿਲੀ ਭਾਰਤੀ ਗਾਇਕ ਹੈ। ਭਾਰਤੀ-ਪਾਕਿਸਤਾਨੀ ਸੰਗੀਤ ਬੈਂਡ ਦੇ ਹੋਰ ਮੈਂਬਰਾਂ ਵਾਂਗ ਸ਼ਰਮਿਸ਼ਠਾ ਚੈਟਰਜੀ ਵੀ ਹੱਦਾਂ, ਸਰਹੱਦਾਂ ਅਤੇ ਖੇਤਰਾਂ ਦੀਆਂ ਵਲਗਣਾਂ ਤੋਂ ਉੱਪਰ ਉੱਠ ਕੇ ਸੰਗੀਤ ਰਾਹੀਂ ਮਨੁੱਖਤਾ ਪ੍ਰਤੀ ਪਿਆਰ ਦਾ ਸੁਨੇਹਾ ਦੇ ਰਹੀ ਹੈ। ਪੰਜਾਬੀ ਵਿਚ ਗਾਉਣ ਵਾਲੀ ਬੰਗਾਲੀ ਗਾਇਕਾ ਦਾ ਇਹ ਲੇਖ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ।

‘ਘੁੰਗਟ ਓਹਲੇ ਨ ਲੁਕ ਸੱਜਣਾ’ ਪਹਿਲਾ ਪੰਜਾਬੀ ਗੀਤ ਸੀ, ਜੋ ਮੈਂ ਰੀਕਾਰਡ ਕੀਤਾ। ਮੌਕਾ ਸੀ - ਲਹੌਰ ਦੇ ਪੰਜਾਬੀ ਸੂਫ਼ੀ ਰੌਕ ਬੈਂਡ ਮੀਕਾਲ ਹਸਨ ਨਾਲ਼ ਗਾਵਣ ਦਾ। ਥਾਂ ਸੀ, ਮੁੰਬਈ ਦੇ ਬਾਂਦਰਾ ਇਲਾਕੇ ਦਾ ਪਰਪਲ ਹੇਜ਼ ਸਟੂਡੀਓ। ਇਨ੍ਹਾਂ ਦੀ ਬਣਾਈ ਸੰਗੀਤ ਪਟਾਰੀ (ਐਲਬਮ) ਅੰਦੋਲਨ ਵਿਚ ਮੈਂ ਹੋਰ ਸੱਤ ਗੀਤ ਗੰਵੇਂ। ਇਨ੍ਹਾਂ ਵਿਚ ਬਾਬਾ ਬੁੱਲ੍ਹੇ ਸ਼ਾਹ ਦੀ ਕਾਫ਼ੀ ਵੀ ਸੀ, ਜਿਹਦਾ ਮੁੱਖੜਾ ਹੈ - ਆਵੋ ਸਈਓ ਰਲ਼ ਦਿਓ ਨੀ ਵਧਾਈ। ਮੀਕਾਲ ਹਸਨ ਬੈਂਡ ਨਾਲ਼ ਪਹਿਲਾਂ ਤੇ ਮੈਂ ਗਾਉਣ ਲਈ ਹੀ ਰਲ਼ੀ ਸੀ, ਪਰ ਓਦੋਂ ਸੋਚਿਆ ਵੀ ਨਾ ਸੀ ਕਿ ਪੰਜਾਬੀ ਕਵਿਤਾ ਤੇ ਸਾਹਿਤ ਨਾਲ਼ ਮੇਰਾ ਲਗਾਓ ਏਨਾ ਡੂੰਘਾ ਹੋ ਜਾਏਗਾ। ਸਾਡੀ ਐਲਬਮ ਦੀ ਰਿਕਾਰਡਿੰਗ ਤੋਂ ਝਟ ਪਿੱਛੋਂ ਉਨ੍ਹਾਂ ਮੈਨੂੰ ਕੋਈ ਵੀਹ ਪੰਜਾਬੀ ਗੀਤਾਂ ਦੀ ਤਿਆਰੀ ਕਰਨ ਨੂੰ ਆਖਿਆ। ਇਨ੍ਹਾਂ ਵਿਚ ਬੁੱਲ੍ਹੇ ਸ਼ਾਹ ਤੇ ਸ਼ਾਹ ਹੁਸੈਨ ਦਾ ਕਲਾਮ ਵੀ ਸੀ। ਪੰਜਾਬੀ ਮੇਰੀ ਬੋਲੀ ਤਾਂ ਨਹੀਂ, ਪਰ ਮੈਂ ਬੜਾ ਚਿਤ ਲਾ ਕੇ ਕਵਿਤਾ ਸਮਝਦੀ ਹਾਂ ਤੇ ਫੇਰ ਠੇਠ ਬੇਨੁਕਸ ਉਚਾਰਣ ਦਾ ਵੀ ਰਿਆਜ਼ ਕਰਦੀ ਹਾਂ। ਸਾਡੇ ਬੈਂਡ ਦਾ ਬੰਸਰੀਵਾਦਕ ਮੁਹੰਮਦ ਅਹਿਸਨ ਪੱਪੂ ਮੈਨੂੰ ਗਾਈ ਜਾਣ ਵਾਲ਼ੀ ਸ਼ਾਇਰੀ ਸਮਝਾਉਂਦਾ ਹੈ। ਸ਼ਾਹ ਹੁਸੈਨ ਦੇ ਕਲਾਮ ਵਿਚ ਹੀਰ ਰਾਂਝੇ ਦੇ ਕਿੱਸੇ ਦੇ ਕਈ ਹਵਾਲੇ ਆਉਂਦੇ ਹਨ - ‘ਰਾਂਝਾ ਰਾਂਝਾ ਕਰਦੀ ਨੀ ਮੈਂ’, ‘ਝੋਕ ਰਾਂਝਣ ਦੀ ਜਾਣਾ’, ‘ਸੱਜਣ ਦੇ ਹੱਥ ਬਾਂਹ ਅਸਾਡੀ’। ਅੰਮ੍ਰਿਤਾ ਪ੍ਰੀਤਮ ਦੀ ਸੰਨ ਸੰਤਾਲ਼ੀ ਦੀ ਵਾਰਿਸ ਸ਼ਾਹ ਵਾਲ਼ੀ ਕਵਿਤਾ ਗਾ ਕੇ ਮੇਰਾ ਸਾਰਾ ਵਜੂਦ ਝੂਣਿਆ ਗਿਆ। ਇਨਸਾਨੀ ਤਾਰੀਖ਼ ਦਾ ਏਨਾ ਘਿਣਾਉਣਾ ਹਾਦਸਾ ਸਾਡੇ ਦੇਸ ਬੰਗਾਲ ਤੇ ਪੰਜਾਬ ਨੇ ਅਪਣੇ ਪਿੰਡੇ ’ਤੇ ਝੱਲਿਆ ਹੈ। ਇਹ ਸਭ ਕੁਝ ਅੰਮ੍ਰਿਤਾ ਪ੍ਰੀਤਮ ਨੇ ਸ਼ਬਦਾਂ ਵਿਚ ਜਿਸ ਤਰ੍ਹਾਂ ਸਾਕਾਰ ਕੀਤਾ ਹੈ, ਉਹਦੀ ਮਿਸਾਲ ਘੱਟ ਹੀ ਮਿਲ਼ਦੀ ਹੈ। ਮੈਂ ਬੰਗਾਲਣ ਹਾਂ। ਬੁੱਲ੍ਹਾ, ਸ਼ਾਹ ਹੁਸੈਨ ਗਾਉਂਦਿਆਂ ਟੈਗੋਰ ਦੇ ਬਾਂਗਲਾ ਗੀਤ ਗਾਵਣ ਵਰਗਾ ਹੀ ਅਨੁਭਵ ਹੁੰਦਾ ਹੈ। ਇਨ੍ਹਾਂ ਦੀ ਰਚਨਾ ਵਿਚ ਗੱਲ ਭਾਵੇਂ ਜਿਸਮਾਨੀ ਪਿਆਰ ਦੀ ਹੁੰਦੀ ਹੋਵੇ; ਰਤਾ ਗਹਿਰਾਈ ਵਿਚ ਜਾਈਏ ਤਾਂ ਰੂਹਾਨੀ ਬੁਲੰਦੀਆਂ ਛੂੰਹਦੀਆਂ ਦਿਸਦੀਆਂ ਹਨ। ਬਾਂਗਲਾ ਤੇ ਪੰਜਾਬੀ ਵੱਖਰੀਆਂ ਬੋਲੀਆਂ ਹਨ, ਪਰ ਇਨ੍ਹਾਂ ਦੀ ਕਣੀ ਇੱਕੋ ਹੈ। ਇਸ ਤੋਂ ਸਾਬਿਤ ਹੁੰਦਾ ਹੈ ਕਿ ਸਭ ਇਨਸਾਨ ਇੱਕੋ ਤਰ੍ਹਾਂ ਮਹਿਸੂਸ ਕਰਦੇ ਹਨ; ਹੋਣ ਭਾਵੇਂ ਕਿਤੋਂ ਦੇ ਵੀ। ਇਕ ਦਿਨ ਮੈਂ ਨਜ਼ਾਕਤ ਤੇ ਸਲਾਮਤ ਅਲੀ ਖ਼ਾਨ ਸਾਹਿਬ ਦੀ ਇਕੱਠਿਆਂ ਦੀ ਗਾਈ ਬੰਦਿਸ਼ ਸੁਣੀ ਤੇ ਫੇਰ ਸਲਾਮਤ ਅਲੀ ਦੀ ਬੰਦਿਸ਼ ‘ਸਾਂਵਲ ਮੋੜ ਮੁਹਾਰਾਂ’। ਐਸਾ ਗਾਵਣ ਮੈਂ ਪਹਿਲੀ ਵੇਰ ਸੁਣ ਰਹੀ ਸਾਂ। ਕੈਸੀ ਰੂਹਦਾਰੀ ਤੇ ਕੈਸੀ ਗਾਇਕੀ। ਮੈਂ ਕੀਲੀ ਗਈ। ਇੰਜ ਹੀ ਇਨ੍ਹਾਂ ਗ਼ੁਲਾਮ ਫ਼ਰੀਦ ਦੀ ਕਾਫ਼ੀ ਵੀ ਗਾਈ ਹੈ। ਖੋਜ ਕੀਤੀ ਤੇ ਪਤਾ ਚੱਲਿਆ ਕਿ ਆਪ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਾਮ ਚੁਰਾਸੀ ਘਰਾਣੇ ਨਾਲ਼ ਤਾ’ਲੁਕ ਰਖਦੇ ਸਨ। ਇਹ ਉਸਤਾਦ ਲੋਕ ਸੰਤਾਲ਼ੀ ’ਚ ਅਪਣਾ ਜੱਦੀ ਪਿੰਡ ਛੱਡ ਕੇ ਸਰਹੱਦ ਪਾਰ ਚਲੇ ਗਏ, ਪਰ ਉਨ੍ਹਾਂ ਅਪਣੀ ਜੰਮਣ ਭੋਇੰ ਦਾ ਨਾਮ ਕਿਤਨਾ ਰੋਸ਼ਨ ਕੀਤਾ। ਇਸ ਕਿਸਮ ਦੀ ਗਾਇਕੀ ਦੀ ਮੇਰੀ ਤਾਲੀਮ ਨਹੀਂ ਹੈ। ਮੈਨੂੰ ਭਰਪੂਰ ਪ੍ਰੇਰਣਾ ਮਿਲ਼ੀ ਤੇ ਮੈਂ ਪੰਜਾਬੀ ਸੂਫ਼ੀਬਾਣੀ ਸਿੱਖਣ ਤੇ ਗਾਉਣ ਲੱਗੀ। ਮੈਂ ਬੰਗਾਲੀ ਟੱਪਾ ਸੁਣਦਿਆਂ ਵੱਡੀ ਹੋਈ ਹਾਂ। ਇਹ ਸ਼ੈਲੀ ਕਈ ਬੰਗਾਲੀ ਗੀਤਾਂ ਵਿਚ ਵਰਤੀ ਹੁੰਦੀ ਹੈ। ਅਸਲ ਵਿਚ ਸ਼ਾਸਤਰੀ ਸੰਗੀਤ ਵਿਚ ਇਹਦੀ ਤਾਲੀਮ ਵੀ ਦਿੱਤੀ ਜਾਂਦੀ ਹੈ। ‘ਤੋਬੂ ਮੋਨੇ ਰੇਖੋ’, ‘ਦੂਰੇ ਕੌਥਾਏ’ ਜਿਹੇ ਟੈਗੋਰ ਦੇ ਗੀਤਾਂ ਵਿਚ ਟੱਪਾ ਅੰਗ ਖ਼ਾਸ ਹੈ, ਜਿਹਨੂੰ ਨਿਭਾਉਣ ਲਈ ਸ਼ਾਸਤਰੀ ਸੰਗੀਤ ਵਿਚ ਮੁਹਾਰਤ ਹੋਣੀ ਚਾਹੀਦੀ ਹੈ। ਪੰਜਾਬੀ ਲੋਕ ਸੰਗੀਤ ਵਿਚ ਵੀ ਮੈਂ ਵੇਖਿਆ ਕਿ ਟੱਪਾ ਅੰਗ ਭਾਰੂ ਹੈ, ਜਿਵੇਂ ਹੀਰ ਗਾਇਨ ਸ਼ੈਲੀ ਵਿਚ। ਇਹ ਗਾਉਣਾ ਸੌਖਾ ਨਹੀਂ, ਪਰ ਪੰਜਾਬੀ ਗਾਇਕ ਹੀਰ ਕਿੰਨੀ ਸਹਿਜਤਾ ਨਾਲ਼ ਗਾਉਂਦੇ ਹਨ।

ਗਗਨ ਮੈ ਥਾਲੁ ਗੁਰੂ ਬਾਬਾ ਨਾਨਕ ਜੀ ਦੇ 550ਵੇਂ ਪ੍ਰਕਾਸ਼ ਪੁਰਬ ਵੇਲੇ ਵਿਦਵਾਨ ਗਾਇਕ ਸੰਗੀਤਕਾਰ ਮਦਨ ਗੋਪਾਲ ਸਿੰਘ ਨੇ ਦੇਸ-ਵਿਦੇਸ ਦੇ ਗਾਇਕਾਂ ਕੋਲ਼ੋਂ ਬਾਬਾ ਜੀ ਦੀ ਆਰਤੀ ਗਵਾਉਣ ਦਾ ਉੱਦਮ ਛੋਹਿਆ ਹੈ। ਇਹ ਕਿਹਾ ਜਾਂਦਾ ਏ ਕਿ ਗੁਰੂਦੇਵ ਟੈਗੋਰ ਨੇ ਇਸ ਆਰਤੀ ਨੂੰ ‘ਵਿਸ਼ਵ ਗਾਨ’ (ਯੂਨੀਵਰਸਲ ਐਂਥਮ) ਆਖਿਆ ਸੀ। ਮਦਨ ਜੀ ਨੇ ਕਰਾਚੀ ਵਾਲ਼ੇ ਕੋਕ ਸਟੂਡੀਓ ’ਤੇ ਮੇਰੇ ਗਾਏ ਗੀਤ ਸੁਣੇ ਤੇ ਮੈਨੂੰ ਆਰਤੀ ਗਾਉਣ ਲਈ ਆਖਿਆ। ਇਹ ਕੰਮ ਇਤਨਾ ਸੌਖਾ ਨਹੀਂ ਸੀ, ਕਿਉਂਕਿ ਇਹ ਆਮ ਗੀਤਾਂ ਵਰਗਾ ਗੀਤ ਤੇ ਨਹੀਂ ਹੈ। ਪਰ ਇਕ ਦਿਨ ਰਾਗ ਕਿਰਵਾਨੀ ਵਿਚ ਇਹਦੀ ਬੰਦਿਸ਼ ਦੀ ਮੈਨੂੰ ਆਮਦ ਹੋਈ। (ਗੁਰੂ ਜੀ ਦਾ ਹੁਕਮ ਵੈਸੇ ਰਾਗ ਧਨਾਸਰੀ ਵਿਚ ਗਾਵਣ ਦਾ ਹੈ।) ਸੰਗਤ ਅਨੁਗ੍ਰਹ ਪਾਂਡਯ ਦੇ ਸਿਰਫ਼ ਇੱਕੋ ਸਾਜ਼ ‘ਬੇਸ’ ਗਿਟਾਰ ਨਾਲ਼ ਕੀਤੀ। ਇਹਦਾ ਵਾਦਨ ਐਨ ਓਸੇ ਤਰ੍ਹਾਂ ਦਾ ਸੀ, ਜਿਵੇਂ ਮੈਂ ਚਾਹੁੰਦੀ ਸਾਂ। ਮੈਂ ਇਹ ਨਹੀਂ ਸੋਚਿਆ ਕਿ ਸਰੋਤਿਆਂ ਨੂੰ ਮੇਰੀ ਬੰਦਿਸ਼ ਕਿੰਨੀ-ਕੁ ਚੰਗੀ ਲੱਗੇਗੀ। ਮੈਂ ਤਾਂ ਅਪਣਾ ਕਰਤਵ ਨਿਭਾ ਰਹੀ ਸਾਂ। ਕਰਾਚੀ ਵਾਲ਼ੇ ਕੋਕ ਸਟੂਡੀਓ ਵਿਚ ਗਾਉਣਾ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਧ ਲੁਭਾਵਣਾ ਤਜਰਬਾ ਰਹਿਣਾ ਹੈ। ਮੀਕਾਲ ਹਸਨ ਬੈਂਡ ਨਾਲ਼ ਸੀਜ਼ਨ 8 ਵਿਚ ‘ਕਿਨਾਰੇ ਕਿਨਾਰੇ’ ਤੇ ‘ਸਈਓ’ ਗਾਉਣ ਮੈਂ ਪਹਿਲਾਂ ਲਹੌਰ ਤੇ ਫੇਰ ਕਰਾਚੀ ਅੱਪੜੀ। ਇਨ੍ਹਾਂ ਦੋਵਾਂ ਬੰਦਿਸ਼ਾਂ ਦੀ ਲੱਖਾਂ ਸਰੋਤਿਆਂ ਨੇ ਇਤਨੀ ਜ਼ਿਆਦਾ ਦਾਦ ਦਿੱਤੀ ਹੈ, ਜੋ ਮੰਨਣ ਵਿਚ ਨਹੀਂ ਆਉਂਦੀ। ‘ਬੌਲੀਵੁਡ’ ਫ਼ਿਲਮਾਂ ਵਿਚ ਪੰਜਾਬੀ ਸੰਗੀਤ ਬਹੁਤ ਵਰਤਿਆ ਜਾਂਦਾ ਹੈ ਤੇ ਪਸੰਦ ਵੀ ਬੜਾ ਕੀਤਾ ਜਾਂਦਾ ਹੈ। ਪਰ ਅਸਲ ਪੰਜਾਬੀ ਸੰਗੀਤ ਦਾ ਮੈਨੂੰ ਲਹੌਰ ਜਾ ਕੇ ਮੀਕਾਲ ਹਸਨ ਬੈਂਡ ਨਾਲ਼ ਕੰਮ ਕਰਕੇ ਹੀ ਪਤਾ ਲੱਗਾ। ਉਨ੍ਹਾਂ ਕੋਲ਼ ਮੈਂ ਤੁਫ਼ੈਲ ਨਿਆਜ਼ੀ ਸੁਣਿਆ। ਉਹਦੀ ਗਾਇਕੀ ਨੇ ਮੈਨੂੰ ਮੋਹ ਲਿਆ। ਹੁਣ ਦੇ ਗਾਇਕਾਂ ’ਚੋਂ ਮੈਨੂੰ ਦੁਬਈ ਰਹਿੰਦਾ ਸੱਜਾਦ ਅਲੀ ਬਹੁਤ ਪਸੰਦ ਹੈ। ਇਹ ਅਪਣੇ ਗਾਏ ਗੀਤ ਆਪ ਲਿਖਦਾ ਹੈ। ਮੇਰੇ ਚਾਹਣ ਵਾਲ਼ੇ ਮੈਨੂੰ ਰੇਸ਼ਮਾ ਦੀਆਂ ਤੇ ਹੋਰਨਾਂ ਦੀਆਂ ਰਿਕਾਰਡਿੰਗਾਂ ਘੱਲਦੇ ਕਹਿੰਦੇ ਹਨ ਕਿ ਉਨ੍ਹਾਂ ਦੇ ਗਾਏ ਗੀਤ ਮੈਂ ਵੀ ਗਾਵਾਂ। ਪੰਜਾਬੀ ਸਰੋਤਿਆਂ ਦਾ ਮੇਰੇ ਨਾਲ਼ ਏਨਾ ਪਿਆਰ ਜਾਣ ਕੇ ਮੈਂ ਚਾਹਨੀ ਹਾਂ ਕਿ ਢੇਰ ਸਾਰੇ ਪੰਜਾਬੀ ਗੀਤ ਗਾਵਾਂ। ਹਾਲੇ ਤਾਂ ਮੈਂ ਪਹਿਲੀ ਪੂਣੀ ਹੀ ਛੋਹੀ ਹੈ।

ਸ਼ਰਮਿਸ਼ਠਾ ਚੈਟਰਜੀ ਜਦ ਗਾਉਂਦੀ ਹੈ ਅਮਰਜੀਤ ਚੰਦਨ ਤੂੰ ਆਕਾਸ਼ ਤੋਂ ਉਤਰੀ ਪਰੀ ਸੁਕੇਸ਼ੀ * ਗਾਵੇਂ ਸ਼ਬਦ ਬਾਬੇ ਦਾ

ਆਵਾਜ਼ ਤਿਰੀ ਨੌਕਾ ਹੈ ਸੁਰਾਂ ਦੀਆਂ ਲਹਿਰਾਂ ’ਤੇ ਤਰਦੀ ਜੋ ਤੂ ਆਖੇਂ ਬਹਰ-ਏ-ਉਲਫ਼ਤ

ਤਰਦੀ ਜਾਵੇਂ ਮੰਝਧਾਰ ਵਿਚ ਤੀਸਰੇ ਕੰਢੇ ਕੰਢੇ ਕੰਢੇ ਏਸੇ ਕੰਢੇ ਜੀਵਨ ਲੀਲਾ ਲੰਮੀ ਲੰਮੀ ਨਦੀ ਵਹੇ ਹੈ **

ਸਾਹਵਾਂ ਦੇ ਸੁਰ ਦਿਲ ਦੀ ਧੜਕਣ ਮੁਸਕਾਂਦੀ ਤਾਲ ਸੁਤਾਲੀ ਸੁਰਗਪੁਰੀ ਦੇ ਦਰ ਖੋਲ੍ਹਦੀ ***

ਆਵਾਜ਼ ਤਿਰੀ ਨੌਕਾ ਹੈ ਠਿਲ੍ਹਦੀ ਜਾਂਦੀ ਚਿੰਤਾ ਦੀ ਮੌਜ ਦੇ ਉੱਤੇ

ਇਹ ਨੌਕਾ ਡੁੱਬਦੀ ਨਾ ਹੀ ਨਾ ਹੀ ਡੁੱਬਣ ਦਿੰਦੀ - * ਸੁਕੇਸ਼ਿਨੀ: ਸੁਹਣੇ ਵਾਲ਼ਾਂ ਵਾਲ਼ੀ, ** ਬਾਬਾ ਫ਼ਰੀਦ, *** ਤਾਲਮੁਦ: ਸਵਰਗ ਦੇ ਦਰ ਸੰਗੀਤ ਨਾਲ਼ ਖੁੱਲ੍ਹਦੇ ਨੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All