ਗ਼ਦਰ ਪਾਰਟੀ ਦੇ ਸੰਸਥਾਪਕ ਬਾਬਾ ਭਕਨਾ

ਗ਼ਦਰ ਪਾਰਟੀ ਦੇ ਸੰਸਥਾਪਕ ਬਾਬਾ ਭਕਨਾ

ਕਰਨਬੀਰ ਸਿੰਘ ਇਤਿਹਾਸ

ਗ਼ਦਰ ਪਾਰਟੀ ਦੇ ਗੋਲਡਨ ਜੁਬਲੀ ਸਮਾਗਮ ਮੌਕੇ ਜਲੰਧਰ ਦੇ ਦੇਸ਼ਭਗਤ ਹਾਲ ਵਿਚ ਬਾਬਾ ਸੋਹਣ ਸਿੰਘ ਭਕਨਾ।

ਸਤਾਈ ਨਵੰਬਰ 1916 ਦੇ ‘ਮੌਰਨਿੰਗ ਔਰੇਗੌਨੀਅਨ’ ਅਖ਼ਬਾਰ ਨੇ ਪਹਿਲੇ ਪੰਨੇ ’ਤੇ 21 ਫਰਵਰੀ 1915 ਨੂੰ ਅਸਫ਼ਲ ਹੋ ਚੁੱਕੇ ਗ਼ਦਰ ਅੰਦੋਲਨ ਦੇ ਘਟਨਾਕ੍ਰਮ ਬਾਰੇ ਵੇਰਵਾ ਇਉਂ ਦਿੱਤਾ - ‘‘ਪੰਜਾਬ ਦਾ ਵਿਦਰੋਹ ਬੁਰੀ ਤਰ੍ਹਾਂ ਕੁਚਲ ਦਿੱਤਾ ਗਿਆ ਹੈ। ਹਰਦਿਆਲ ਜਲਾਵਤਨ ਹੋ ਗਿਆ ਹੈ। ਪੋਰਟਲੈਂਡ ਅਤੇ ਸੇਂਟ ਜੌਨਸ ਦੇ ਨਾਮ ਇਸ ਵਿਦਰੋਹ ਦੀ ਪਿੱਠਭੂਮੀ ਵਿੱਚ ਸ਼ਾਮਿਲ ਹਨ। ਜਰਮਨੀ ’ਤੇ ਕ੍ਰਾਂਤੀਕਾਰੀਆਂ ਦੀ ਸਹਾਇਤਾ ਕਰਨ ਦਾ ਦੋਸ਼ ਲੱਗਿਆ ਹੈ। ਪੰਜਾਬ ਦੇ ਗਵਰਨਰ ਮਾਈਕਲ ਓ’ਡਵਾਇਰ ਦਾ ਕਹਿਣਾ ਹੈ ਕਿ ਅਮਰੀਕਾ ਵਿੱਚ ਬੈਠੇ ਕ੍ਰਾਂਤੀਕਾਰੀ ਅਜੇ ਵੀ ਅੰਗਰੇਜ਼ੀ ਹਕੂਮਤ ਖ਼ਿਲਾਫ਼ ਪ੍ਰਚਾਰ ਕਰ ਰਹੇ ਹਨ ਅਤੇ ਉਨ੍ਹਾਂ ’ਤੇ ਨਜ਼ਰ ਰੱਖੀ ਜਾ ਰਹੀ ਹੈ।’’ ਇਸੇ ਹੀ ਬਿਰਤਾਂਤ ਵਿੱਚ ਇਹ ਦੱਸਿਆ ਗਿਆ ਕਿ ਸੋਹਣ ਸਿੰਘ ਜੋ ਕਿ ਲਿੰਟਨ ਤੋਂ ਸਨ ਨੂੰ ਫਾਂਸੀ ਦੇ ਦਿੱਤੀ ਗਈ ਹੈ। ਅਮਰੀਕਾ ਦੇ ਔਰੇਗਨ ਸਟੇਟ ਤੋਂ ਛਪਣ ਵਾਲਾ ਇਹ ਅਖ਼ਬਾਰ ਲਗਭਗ ਦੋ ਸਾਲ ਬਾਅਦ ਬਾਬਾ ਸੋਹਣ ਸਿੰਘ ਭਕਨਾ ਬਾਰੇ ਲਿਖ ਰਿਹਾ ਸੀ। ਬਾਬਾ ਜੀ ਅਮਰੀਕਾ ਤੋਂ ਵਾਪਸ ਆਉਂਦਿਆਂ 24 ਅਕਤੂਬਰ 1914 ਨੂੰ ਕਲਕੱਤੇ ਦੀ ਬੰਦਰਗਾਹ ’ਤੇ ਗ੍ਰਿਫ਼ਤਾਰ ਕਰ ਲਏ ਗਏ ਸਨ। ਉਨ੍ਹਾਂ ਨੂੰ 1915 ਵਿੱਚ ਕਰਤਾਰ ਸਿੰਘ ਸਰਾਭੇ ਸਮੇਤ ਪਹਿਲੇ ਲਾਹੌਰ ਸਾਜ਼ਿਸ਼ ਕੇਸ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਪਰ ਬਾਅਦ ਵਿੱਚ ਇਹ ਸਜ਼ਾ ਉਮਰ ਕੈਦ ਵਿੱਚ ਤਬਦੀਲ ਹੋ ਗਈ ਸੀ। ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਅਤੀਤ ਦੇ ਦਸਤਾਵੇਜ਼ ਹਨ ਜਿਹੜੇ ਅਜੇ ਤੱਕ ਵਰਤਮਾਨ ਦੀਆਂ ਬਰੂਹਾਂ ਤੱਕ ਨਹੀਂ ਪਹੁੰਚੇ। ਬਚਪਨ ਤੋਂ ਹੀ ਇਹ ਪੜ੍ਹਦੇ ਆਏ ਹਾਂ ਕਿ ਸੋਹਣ ਸਿੰਘ ਭਕਨਾ ਗ਼ਦਰ ਪਾਰਟੀ ਦੇ ਪਹਿਲੇ ਪ੍ਰਧਾਨ ਸਨ। ਪਰ ਹਕੀਕਤ ਇਹ ਹੈ ਕਿ ਸੋਹਣ ਸਿੰਘ ਹੀ ਗ਼ਦਰ ਪਾਰਟੀ ਦੇ ਸੰਸਥਾਪਕ ਅਤੇ ਬਾਨੀ ਪ੍ਰਧਾਨ ਸਨ। 1913 ਵਿੱਚ ਗ਼ਦਰ ਪਾਰਟੀ ਦੀ ਸਥਾਪਨਾ ਹੋਈ। ਇਹ ਕੋਈ ਅਚਾਨਕ ਜਾਂ ਆਪਮੁਹਾਰੇ ਵਾਪਰੀ ਘਟਨਾ ਨਹੀਂ ਸੀ ਸਗੋਂ ਇਸ ਦਾ ਕਾਰਨ ਰਾਜਨੀਤਕ ਤੇ ਆਰਥਿਕ ਘਟਨਾਕ੍ਰਮ ਸਨ ਜਿਹੜੇ ਅਮਰੀਕਾ ਤੇ ਕੈਨੇਡਾ ਦੀ ਧਰਤੀ ’ਤੇ ਹਿੰਦੋਸਤਾਨੀਆਂ, ਖ਼ਾਸਕਰ ਪੰਜਾਬੀਆਂ ਨੇ ਅੱਖੀਂ ਵੇਖੇ ਅਤੇ ਪਿੰਡੇ ਹੰਢਾਏ ਸਨ। ਇਨ੍ਹਾਂ ਸਾਰੇ ਹਾਲਾਤ ਨੂੰ ਬਾਬਾ ਜੀ ਆਪਣੀਆਂ ਰਚਨਾਵਾਂ ‘ਜੀਵਨ ਸੰਗਰਾਮ’ ਅਤੇ ‘ਮੇਰੀ ਰਾਮ ਕਹਾਣੀ’ ਵਿੱਚ ਇਤਿਹਾਸਕ ਹਵਾਲਿਆਂ ਸਮੇਤ ਬਿਆਨ ਕਰਦੇ ਹਨ। ‘ਮੇਰੀ ਰਾਮ ਕਹਾਣੀ’ ਬਾਬਾ ਜੀ ਨੇ 1929-30 ਵਿੱਚ ਜੇਲ੍ਹ ਵਿੱਚ ਲਿਖੀ ਜਿਹੜੀ ਬਾਅਦ ਵਿੱਚ ਅਕਾਲੀ ਤੇ ਪ੍ਰਦੇਸੀ ਅਖ਼ਬਾਰ ਵਿੱਚ ਕਿਸ਼ਤਵਾਰ ਰੂਪ ਵਿੱਚ ਛਪਦੀ ਰਹੀ। ਇਹ ਸਾਰੀ ਰਚਨਾ ਬਾਬਾ ਜੀ ਸਿਰਫ਼ ਆਪਣੀ ਯਾਦਸ਼ਕਤੀ ਸਹਾਰੇ ਜ੍ਹੇਲ ਵਿੱਚ ਬਿਨਾਂ ਕਿਸੇ ਸਰੋਤ ਦੀ ਮਦਦ ਤੋਂ ਗੁਪਤ ਤਰੀਕੇ ਨਾਲ ਲਿਖਦੇ ਰਹੇ। ਹਾਲੇ ਸੋਹਣ ਸਿੰਘ ਮਸਾਂ ਇਕ ਸਾਲ ਦਾ ਹੀ ਹੋਇਆ ਸੀ ਕਿ ਪਿਤਾ ਜੀ ਦੀ ਮੌਤ ਹੋ ਗਈ। ਦੋ ਮਾਵਾਂ ਦੇ ਲਾਡ ਪਿਆਰ ਨੇ ਬਾਲ ਸੋਹਣ ਸਿੰਘ ਨੂੰ ਖੇਡਣ-ਮੱਲਣ, ਕੁਸ਼ਤੀਆਂ ਕਰਨ, ਘੋੜਿਆਂ ਦੇ ਸ਼ੌਕ ਤੋਂ ਹੀ ਬਾਹਰ ਨਾ ਆਉਣ ਦਿੱਤਾ। 15-16 ਸਾਲ ਦੀ ਉਮਰ ਵਿੱਚ ਲਾਹੌਰ ਦੇ ਪਿੰਡ ਜੰਡਿਆਲੇ ਦੇ ਵਸਨੀਕ ਖੁਸ਼ਹਾਲ ਸਿੰਘ ਹੋਰਾਂ ਦੀ ਪੁੱਤਰੀ ਬਿਸ਼ਨ ਕੌਰ ਨਾਲ ਵਿਆਹ ਹੋਇਆ, ਪਰ ਪਰਿਵਾਰਕ ਜ਼ਿੰਮੇਵਾਰੀਆਂ ਤੋਂ ਲਾਪ੍ਰਵਾਹ ਹੀ ਰਹੇ। ਜ਼ਮੀਨ ਜਾਇਦਾਦ ਕਾਰਨ ਪੈਸੇ ਵੱਲੋਂ ਹੱਥ ਖੁੱਲ੍ਹਾ ਰਿਹਾ। ਆਲਮ ਇਹ ਸੀ ਕਿ ਪੁਲੀਸ ਦੀ ਪਕੜ ਤੋਂ ਡਰਨ ਵਾਲੇ ਚੋਰ-ਡਾਕੂ ਵੀ ਸੋਹਣ ਸਿੰਘ ਦੀ ਪਨਾਹ ਮੰਗਦੇ ਸਨ। ਆਲੇ-ਦੁਆਲੇ ਦੇ ਪਿੰਡਾਂ ਵਿੱਚ ਗੱਲਾਂ ਹੁੰਦੀਆਂ ਸਨ ਕਿ ਕਰਮ ਸਿੰਘ ਦੇ ਪੁੱਤ ਨੇ ਸ਼ੇਰਗਿੱਲਾਂ ਦਾ ਨੱਕ ਵਢਾ ਦਿੱਤਾ ਹੈ। ਅਜਿਹੇ ਐਬਾਂ ਨੇ ਸੋਹਣ ਸਿੰਘ ਦੀ ਅੱਧੀ ਜ਼ਮੀਨ ਗਹਿਣੇ ਕਰਵਾ ਦਿੱਤੀ। ਦੋਵੇਂ ਮਾਵਾਂ ਤੇ ਪਤਨੀ ਬੇਬੱਸ ਹੋ ਕੇ ਇਸ ਉਜਾੜੇ ਦਾ ਮੂਕ ਦਰਸ਼ਕ ਬਣ ਕੇ ਤਮਾਸ਼ਾ ਵੇਖਦੀਆਂ ਸਨ। 1897 ਵਿੱਚ ਜੇਠ ਮਹੀਨੇ ਦੀ ਇਕ ਸਵੇਰ ਨੂੰ ਇਕ ਘਟਨਾ ਵਾਪਰੀ ਜਿਸ ਕਾਰਨ ਸੋਹਣ ਸਿੰਘ ਦੇ ਜੀਵਨ ਵਿੱਚ ਇਕ ਸਾਰਥਕ ਮੋੜ ਆਇਆ। ਮੁਹਾਵੇ ਵਾਲੇ ਨਾਮਧਾਰੀ ਬਾਬਾ ਕੇਸਰ ਪਿੰਡ ਵਿੱਚ ਇਕ ਜਗ੍ਹਾ ਕਥਾ ਕਰ ਰਹੇ ਸਨ। ਸੋਹਣ ਸਿੰਘ ਗਲੀ ਵਿੱਚੋਂ ਲੰਘ ਰਿਹਾ ਸੀ। ਆਵਾਜ਼ ਦੀ ਮਧੁਰਤਾ ਸੁਣ ਕੇ ਉਹ ਅੰਦਰ ਜਾ ਕੇ ਸੁਣਨ ਲੱਗਿਆ। ਸਮਾਪਤੀ ਹੋਈ ਤਾਂ ਬਾਬਾ ਕੇਸਰ ਨੂੰ ਆਪਣੇ ਘਰ ਰਾਤ ਦੇ ਖਾਣੇ ਦਾ ਸੱਦਾ ਦੇ ਆਇਆ। ਪਿੰਡ ਵਾਲੇ ਹੈਰਾਨ ਸਨ, ਪਰ ਘਰ ਦੀਆਂ ਔਰਤਾਂ ਨੂੰ ਚਾਅ ਚੜ੍ਹ ਗਿਆ। ਬਾਬਾ ਕੇਸਰ ਨੇ ਰਾਤ ਦਾ ਦੀਵਾਨ ਲਾਇਆ, ਖਾਣਾ ਖਾਧਾ ਤੇ ਸੌਂ ਗਏ। ਘਰ ਦੀਆਂ ਔਰਤਾਂ ਨੇ ਸੋਹਣ ਸਿੰਘ ਦੀਆਂ ਆਦਤਾਂ ਬਾਰੇ ਦੱਸਿਆ ਤਾਂ ਸਵੇਰੇ ਜਾਣ ਲੱਗਿਆਂ ਬਸ ਏਨਾ ਕਹਿ ਗਏ, ‘‘ਪੁੱਤਰਾ ਜੋ ਕਰਨਾ ਕਰੀ ਜਾ, ਪਰ ਕਦੇ-ਕਦੇ ਡੇਰੇ ਫੇਰਾ ਮਾਰਨ ਆ ਜਾਇਆ ਕਰੀਂ।’’

ਕਰਨਬੀਰ ਸਿੰਘ

ਸੋਹਣ ਸਿੰਘ ਨੂੰ ਮੁਰਸ਼ਦ ਮਿਲ ਗਿਆ। ਭਕਨੇ ਤੋਂ ਮੁਹਾਵਾ ਆਉਣਾ ਜਾਣਾ ਤੇ ਕਥਾ ਸੁਣਨਾ ਨੇਮ ਬਣ ਗਿਆ। ਪੁਰਾਣੇ ਸੰਗੀ ਸਾਥੀਆਂ ਤੋਂ ਵੀ ਹੌਲੀ-ਹੌਲੀ ਕਿਨਾਰਾ ਕਰ ਲਿਆ। ਬਾਬਾ ਕੇਸਰ ਨੇ ਸੋਹਣ ਸਿੰਘ ਨੂੰ ਧੁਰ ਅੰਦਰ ਤੱਕ ਬਦਲ ਦਿੱਤਾ। ਉਹ ਆਪਣੇ ਖੇਤਾਂ ਵਿੱਚ ਆਪ ਹਲ ਚਲਾਉਣ ਲੱਗਿਆ। ਨਾਮਧਾਰੀ ਬਾਬਾ ਰਾਮ ਸਿੰਘ ਤੇ ਕੂਕਿਆਂ ਦੀਆਂ ਕੁਰਬਾਨੀਆਂ ਤੋਂ ਪ੍ਰਭਾਵਿਤ ਹੋਇਆ ਸੋਹਣ ਸਿੰਘ ਸਮਕਾਲੀ ਅੰਗਰੇਜ਼ ਪ੍ਰਬੰਧ ਦੇ ਸ਼ੋਸ਼ਣ ਕਰਨ ਵਾਲੇ ਨਿਜ਼ਾਮ ਦੀਆਂ ਰਮਜ਼ਾਂ ਤੋਂ ਚੰਗੀ ਤਰਾਂ ਵਾਕਿਫ਼ ਹੋ ਗਿਆ। ਸਰਦਾਰ ਅਜੀਤ ਸਿੰਘ ਵੱਲੋਂ ਚਲਾਈ ਗਈ 1907 ਦੀ ‘ਪਗੜੀ ਸੰਭਾਲ ਜੱਟਾ’ ਲਹਿਰ ਦੇ ਪਰਚੇ ਵੀ ਸੋਹਣ ਸਿੰਘ ਦੇ ਹੱਥਾਂ ਤੱਕ ਪਹੁੰਚੇ। ਇਨ੍ਹਾਂ ਨੇ ਵੀ ਉਸ ਦੇ ਮਨ ’ਤੇ ਅਸਰ ਕੀਤਾ। ਖੇਤਾਂ ਵਿੱਚ ਮਿਹਨਤ ਕਰਕੇ ਵੀ ਜਦੋਂ ਉਪਜ ਨੇ ਪੂਰਾ ਨਾ ਪਾਇਆ ਤਾਂ 3000 ਰੁਪਏ ਦਾ ਕਰਜ਼ਾ ਉਤਾਰਨ ਲਈ ਵਿਦੇਸ਼ ਦਾ ਰੁਖ਼ ਕੀਤਾ। ਘਰ ਵਿੱਚ ਤਿੰਨ ਔਰਤਾਂ ਨੂੰ ਸੋਗੀ ਮਾਹੌਲ ਵਿੱਚ ਛੱਡ ਕੇ 3 ਫਰਵਰੀ 1909 ਨੂੰ ਸੋਹਣ ਸਿੰਘ ਨੇ ਸਮੁੰਦਰੀ ਜਹਾਜ਼ ਰਾਹੀਂ ਅਮਰੀਕਾ ਵੱਲ ਚਾਲੇ ਪਾਏ। ਜਹਾਜ਼ 4 ਅਪਰੈਲ 1909 ਨੂੰ ਸਿਆਟਲ ਪੁੱਜਿਆ। ਅਮਰੀਕਾ ਦੇ ਔਰੇਗਨ ਸਟੇਟ ਦੇ ਪੋਰਟਲੈਂਡ ਸ਼ਹਿਰ ਦੀ ਇਕ ਲੱਕੜ ਮਿੱਲ ਵਿੱਚ ਕੰਮ ਕਰਦਾ ਕੇਹਰ ਸਿੰਘ ਬੇਗਾਨੀ ਧਰਤੀ ’ਤੇ ਉਸ ਦਾ ਇਕੋ ਇਕ ਜਾਣਕਾਰ ਸੀ। ਉਸ ਨੇ ਆਪਣੇ ਦੋਸਤ ਨੂੰ ਪੋਰਟਲੈਂਡ ਵਿੱਚ ਕੋਲੰਬੀਆ ਨਦੀ ਕੰਢੇ ਸਥਿਤ ਮੋਨਾਰਕ ਮਿਲ ਵਿੱਚ ਕੰਮ ਦਿਵਾ ਦਿੱਤਾ। ਉਸ ਸਮੇਂ ਭਾਰਤ ਦੀ ਕਰੰਸੀ ਦੇ ਹਿਸਾਬ ਨਾਲ ਰੋਜ਼ ਦਾ 15 ਰੁਪਏ ਮਿਹਨਤਾਨਾ ਸੀ। ਸ਼ੁਰੂਆਤੀ ਦਿਨਾਂ ਦੀਆਂ ਕਠਿਨਾਈਆਂ ਤੋਂ ਬਾਅਦ ਸੋਹਣ ਸਿੰਘ ਨੇ ਜਾਨ ਹੂਲ ਕੇ ਕੰਮ ਕੀਤਾ ਤੇ ਅਗਲੇ ਦੋ ਸਾਲਾਂ ਵਿੱਚ ਆਪਣਾ ਸਾਰਾ ਕਰਜ਼ਾ ਉਤਾਰ ਕੇ ਸੁਰਖਰੂ ਹੋ ਗਿਆ। ਅਮਰੀਕਾ ਦੀ ਧਰਤੀ ਨੇ ਉਸ ਦੇ ਦਿਲ ਦਿਮਾਗ਼ ’ਤੇ ਇਕ ਹੋਰ ਬੋਝ ਪਾ ਦਿੱਤਾ। ਇੱਥੇ ਆ ਕੇ ਪਤਾ ਲੱਗਿਆ ਕਿ ਆਜ਼ਾਦੀ ਵੀ ਕਿਸੇ ਸ਼ੈਅ ਦਾ ਨਾਮ ਹੁੰਦਾ ਹੈ। ਉਹ ਅਮਰੀਕਾ ਵਿੱਚ ਅੰਗਰੇਜ਼ ਮਹਾਰਾਣੀ ਦਾ ਬਾਸ਼ਿੰਦਾ ਬਣ ਕੇ ਆਇਆ ਸੀ, ਪਰ ਇੱਥੇ ਆਣ ਕੇ ਉਸ ਨੂੰ ਅਹਿਸਾਸ ਹੋਇਆ ਕਿ ਉਹ ਤਾਂ ਅੰਗਰੇਜ਼ ਦਾ ਗ਼ੁਲਾਮ ਹਿੰਦੋਸਤਾਨੀ ਹੈ। ਇਹ ਸਭ ਇਕੱਲੇ ਸੋਹਣ ਸਿੰਘ ਨੇ ਹੀ ਸਗੋਂ ਇੱਥੇ ਮਜ਼ਦੂਰੀ ਕਰ ਰਹੇ ਸਾਰੇ ਹਿੰਦੋਸਤਾਨੀਆਂ ਨੇ ਵੀ ਬਰਦਾਸ਼ਤ ਕੀਤਾ। ਗ਼ੁਲਾਮੀ ਦੀਆਂ ਤਨਜ਼ਾਂ ਨੇ ਗ਼ੁਲਾਮਾਂ ਅੰਦਰ ਆਜ਼ਾਦੀ ਪ੍ਰਾਪਤੀ ਦੀ ਚਿਣਗ ਭਖਾਉਣੀ ਸ਼ੁਰੂ ਕਰ ਦਿੱਤੀ। ਵੀਹਵੀਂ ਸਦੀ ਦੇ ਪਹਿਲੇ ਦਹਾਕੇ ਦੇ ਅੰਤ ਤੱਕ ਛੇ ਹਜ਼ਾਰ ਤੋਂ ਜ਼ਿਆਦਾ ਹਿੰਦੋਸਤਾਨੀ ਅਮਰੀਕਾ ਪੁੱਜ ਚੁੱਕੇ ਸਨ। ਇਨ੍ਹਾਂ ਵਿੱਚੋਂ ਅੱਧੇ ਤੋਂ ਜ਼ਿਆਦਾ ਔਰੇਗਨ, ਕੈਲੀਫੋਰਨੀਆ ਅਤੇ ਵਾਸ਼ਿੰਗਟਨ ਵਿੱਚ ਸਨ। ਸੋਹਣ ਸਿੰਘ ਤੇ ਪੰਡਿਤ ਕਾਂਸ਼ੀ ਰਾਮ ਦੋਵੇਂ ਔਰੇਗਨ ਸਟੇਟ ਵਿੱਚ ਜਾਣਿਆ ਪਛਾਣਿਆ ਨਾਮ ਬਣ ਚੁੱਕੇ ਸਨ। ਕਾਂਸ਼ੀ ਰਾਮ ਸਫ਼ਲ ਠੇਕੇਦਾਰ ਸਨ। ਦੋਵਾਂ ਨੇ ਮਿਲ ਕੇ ਸੇਂਟ ਜੌਨਸ ਦੇ ਹਿੰਦੀਆਂ ਖ਼ਿਲਾਫ਼ ਹੋਏ ਦੰਗਿਆਂ ਵਿੱਚ ਹਥਿਆਰਬੰਦ ਅਤੇ ਕਾਨੂੰਨੀ ਲੜਾਈ ਲੜੀ ਸੀ। 1912 ਦੇ ਸ਼ੁਰੂਆਤੀ ਦਿਨਾਂ ਵਿੱਚ ਦੋਵਾਂ ਦੀ ਮੁਲਾਕਤ ਵੈਨਕੂਵਰ ਤੋਂ ਆਏ ਗੁਰੂ ਦੱਤ ਕੁਮਾਰ ਅਤੇ ਹਰਨਾਮ ਸਿੰਘ ਕਾਹਰੀ ਸਾਹਰੀ ਨਾਲ ਹੋਈ। ਫ਼ੈਸਲਾ ਹੋਇਆ ਕਿ ਅਮਰੀਕਾ ਤੇ ਕੈਨੇਡਾ ਵਿੱਚ ਰਹਿੰਦੇ ਭਾਰਤੀਆਂ ਦੀ ਇਕ ਰਾਜਨੀਤਕ ਸੰਸਥਾ ‘ਹਿੰਦੀ ਐਸੋਸੀਏਸ਼ਨ’ ਬਣਾਈ ਜਾਏ ਅਤੇ ਅੰਗਰੇਜ਼ੀ ਰਾਜ ਦੇ ਚਿੱਠੇ ਖੋਲ੍ਹਦਾ ਹਿੰਦੋਸਤਾਨ ਨਾਮ ਦਾ ਇਕ ਅਖ਼ਬਾਰ ਕੱਢਿਆ ਜਾਏ। ਪਰ ਗੁਰੂ ਦੱਤ ਕੁਮਾਰ ਦੀ ਬਿਮਾਰੀ ਕਾਰਨ ਅਖ਼ਬਾਰ ਨਾ ਨਿਕਲ ਸਕਿਆ। ਐਸੋਸੀਏਸ਼ਨ ਵੀ ਮੀਟਿੰਗਾਂ ਕਰਨ ਤੋਂ ਇਲਾਵਾ ਕੁਝ ਹੋਰ ਕਾਮਯਾਬੀ ਹਾਸਲ ਨਾ ਕਰ ਸਕੀ। ਸੋਹਣ ਸਿੰਘ ਦੀ ਲਿੰਟਨ ਸ਼ਹਿਰ ਵਾਲੀ ਮੋਨਾਰਕ ਮਿੱਲ ਕ੍ਰਿਸਮਿਸ ਦੀਆਂ ਛੁੱਟੀਆਂ ਕਰਕੇ ਥੋੜ੍ਹੇ ਦਿਨਾਂ ਲਈ ਬੰਦ ਹੋ ਗਈ। ਊਧਮ ਸਿੰਘ ਕਸੇਲ ਨਾਲ ਉਹ ਆਪਣੇ ਦੋਸਤ ਕੇਸਰ ਸਿੰਘ ਠੱਠਗੜ੍ਹ ਕੋਲ ਅਸਟੋਰੀਆ ਆ ਗਏ। ਜਿਸ ਮਿੱਲ ਵਿੱਚ ਕੇਸਰ ਸਿੰਘ ਨੇ ਇਨ੍ਹਾਂ ਨੂੰ ਕੰਮ ਦਿਵਾਇਆ, ਉਸ ਵਿੱਚ ਕੋਈ 200 ਦੇ ਕਰੀਬ ਪੰਜਾਬੀ ਕੰਮ ਕਰਦੇ ਸਨ। ਅੰਗਰੇਜ਼ਾਂ ਦੀ ਗ਼ੁਲਾਮੀ ਦਾ ਜੂਲਾ ਲਾਹੁਣ ਲਈ ਸੋਚ ਵਿਚਾਰਾਂ ਹੋਈਆਂ। ਮੁਲਾਕਾਤਾਂ, ਮੀਟਿੰਗਾਂ ਵਿੱਚ ਬਦਲ ਗਈਆਂ। ਇਕ ਸਭਾ ਕਾਇਮ ਹੋਈ। ਅਸਟੋਰੀਆ ਵਿਖੇ ਕੇਸਰ ਸਿੰਘ, ਕਰੀਮ ਬਖਸ਼, ਮੁਨਸ਼ੀ ਰਾਮ ਤੇ ਸੋਹਣ ਸਿੰਘ ਨੂੰ ਕ੍ਰਮਵਾਰ ਪ੍ਰਧਾਨ, ਮੀਤ ਪ੍ਰਧਾਨ, ਖਜ਼ਾਨਚੀ ਤੇ ਸਕੱਤਰ ਬਣਾਇਆ ਗਿਆ। ਇਸ ਮੀਟਿੰਗ ਵਿੱਚ ਕਰਤਾਰ ਸਿੰਘ ਸਰਾਭਾ ਵੀ ਸ਼ਾਮਿਲ ਸੀ ਜੋ ਉਸ ਸਮੇਂ ਆਪਣੇ ਗਰਾਈਂ ਰੁਲੀਆ ਸਿੰਘ ਕੋਲ ਛੁੱਟੀਆਂ ਕੱਟਣ ਆਇਆ ਸੀ। ਵਾਪਸ ਲਿੰਟਨ ਆ ਕੇ ਸੋਹਣ ਸਿੰਘ ਨੇ ਕਾਂਸ਼ੀ ਰਾਮ ਤੇ ਹੋਰ ਸਾਥੀਆਂ ਨੂੰ ਸਾਰਾ ਬਿਰਤਾਂਤ ਸੁਣਾਇਆ। ਸਾਰਿਆਂ ਨੇ ਖ਼ੁਸ਼ੀ ਜ਼ਾਹਿਰ ਕੀਤੀ। ਸੋਹਣ ਸਿੰਘ ਨੇ ਫਿਰ ਅਖ਼ਬਾਰ ਦੀ ਗੱਲ ਕੀਤੀ ਤਾਂ ਕੈਲੀਫੋਰਨੀਆ ਤੋਂ ਆਏ ਠਾਕੁਰ ਦਾਸ ਨੇ ਲਾਲਾ ਹਰਦਿਆਲ ਬਾਰੇ ਦੱਸਿਆ। ਸੋਹਣ ਸਿੰਘ ਨੇ ਹਰਦਿਆਲ ਬਾਰੇ ਸੁਣਿਆ ਸੀ। ਕਾਂਸ਼ੀ ਰਾਮ ਨੂੰ ਕਿਹਾ ਗਿਆ ਕਿ ਹਰਦਿਆਲ ਹੁਰਾਂ ਨੂੰ ਲਿਖੋ ਕਿ ਵਤਨ ਦੇ ਭਰਾਵਾਂ ਨੇ ਉਨ੍ਹਾਂ ਨੂੰ ਇਕ ਵੱਡੀ ਜ਼ਿੰਮੇਵਾਰੀ ਦੇਣੀ ਹੈ, ਜਲਦੀ ਮਿਲਣ ਦੀ ਖੇਚਲ ਕਰੋ। ਖ਼ਤੋ-ਕਿਤਾਬਤ ਹੋਈ। ਹਰਦਿਆਲ ਦੇ ਸਟੈਨਫੋਰਡ ਯੂਨੀਵਰਸਿਟੀ ਦੇ ਰੁਝੇਵਿਆਂ ਨੇ ਉਨ੍ਹਾਂ ਨੂੰ ਮਈ 1913 ਤੱਕ ਨਾ ਆਉਣ ਦਿੱਤਾ। ਮਈ ਵਿੱਚ ਆਉਣ ’ਤੇ ਹਰਦਿਆਲ ਦਾ ਭਰਵਾਂ ਸੁਆਗਤ ਹੋਇਆ। ਸੋਹਣ ਸਿੰਘ ਨੇ ਕਾਂਸ਼ੀ ਰਾਮ, ਊਧਮ ਸਿੰਘ, ਰਾਮ ਰੱਖਾ ਤੇ ਹੋਰ ਸਾਥੀਆਂ ਦੀ ਮਦਦ ਨਾਲ ਹਰਦਿਆਲ ਦੀਆਂ ਸੇਂਟ ਜੋਨਸ, ਵੀਨਾ, ਬਰਾਈਡਲ ਵੇਲ ਅਤੇ ਲਿੰਟਨ ਵਿੱਚ ਆਪਣੇ ਸਾਥੀਆਂ ਨਾਲ ਮੀਟਿੰਗਾਂ ਕਰਵਾਈਆਂ। ਫ਼ੈਸਲਾ ਕੀਤਾ ਗਿਆ ਕਿ ਅਸਟੋਰੀਆ ਵਿਖੇ ਸਾਰੇ ਸਾਥੀਆਂ ਦਾ ਇਕੱਠ ਕੀਤਾ ਜਾਵੇ ਤੇ ਹਿੰਦੀ ਐਸੋਸੀਏਸ਼ਨ ਦੇ ਢਾਂਚੇ ਦਾ ਪੁਨਰ ਗਠਨ ਕੀਤਾ ਜਾਵੇ। ਦੋ ਜੂਨ 1913 ਨੂੰ ਅਸਟੋਰੀਆ ਦੀ ਲੱਕੜ ਮਿੱਲ ਵਿੱਚ ਹੋਈ ਮੀਟਿੰਗ ਇਤਿਹਾਸਕ ਹੋ ਨਿੱਬੜੀ। ਮੀਟਿੰਗ ਵਿੱਚ ਕਾਂਸ਼ੀ ਰਾਮ, ਕੇਸਰ ਸਿੰਘ ਠੱਠਗੜ੍ਹ, ਰਾਮ ਚੰਦਰ, ਨਵਾਬ ਖ਼ਾਨ ਤੇ ਹੋਰ ਭਾਰਤੀਆਂ ਦੇ ਭਰਵੇਂ ਇਕੱਠ ਨੂੰ ਹਰਦਿਆਲ ਨੇ ਸੰਬੋਧਨ ਕੀਤਾ। ਸੋਹਣ ਸਿੰਘ ਨੇ ਇਸ ਸਭਾ ਦੀ ਪ੍ਰਧਾਨਗੀ ਕੀਤੀ। ਨਵੀਂ ਜਥੇਬੰਦੀ ਦਾ ਨਾਮ ‘ਹਿੰਦੀ ਐਸੋਸੀਏਸ਼ਨ ਆਫ ਦਿ ਪੈਸੇਫਿਕ ਕੋਸਟ’ ਰੱਖਿਆ ਗਿਆ। ਸੋਹਣ ਸਿੰਘ ਨੂੰ ਸਰਬ-ਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ। ਕੇਸਰ ਸਿੰਘ ਠੱਠਗੜ੍ਹ ਨੂੰ ਮੀਤ ਪ੍ਰਧਾਨ, ਹਰਦਿਆਲ ਨੂੰ ਜਨਰਲ ਸਕੱਤਰ ਅਤੇ ਕਾਂਸ਼ੀ ਰਾਮ ਨੂੰ ਖਜ਼ਾਨਚੀ ਦੀ ਜ਼ਿੰਮੇਵਾਰੀ ਦਿੱਤੀ ਗਈ। ਗ਼ਦਰ ਅਖ਼ਬਾਰ ਛਾਪਣ ਦਾ ਕੰਮ ਹਰਦਿਆਲ ਨੂੰ ਸੌਂਪਿਆ ਗਿਆ। ਬਾਅਦ ਵਿੱਚ ਇਹੀ ਪਾਰਟੀ, ਗ਼ਦਰ ਪਾਰਟੀ ਵਜੋਂ ਪ੍ਰਸਿੱਧ ਹੋਈ। ਪਹਿਲੀ ਨਵੰਬਰ 1913 ਨੂੰ ਗ਼ਦਰ ਅਖ਼ਬਾਰ ਦਾ ਪਹਿਲਾ ਅੰਕ ਨਿਕਲਿਆ। ਇਹ ਅਖ਼ਬਾਰ ਨਿਕਲਣ ਨਾਲ ਪਾਰਟੀ ਨੇ ਆਪਣੀ ਪਹੁੰਚ ਪਰਵਾਸੀ ਪੰਜਾਬੀਆਂ ਤੱਕ ਕਰ ਲਈ। ਸੋਹਣ ਸਿੰਘ ਨੇ ਨੌਕਰੀ ਛੱਡ ਦਿੱਤੀ ਤੇ ਜਥੇਬੰਦਕ ਤੌਰ ’ਤੇ ਅਮਰੀਕਾ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਦਾ ਕੰਮ ਬਾਖ਼ੂਬੀ ਕੀਤਾ। ਇਸੇ ਅਣਥੱਕ ਸਿਰੜ ਦਾ ਸਿੱਟਾ ਸੀ ਕਿ ਜੁਲਾਈ 1914 ਵਿੱਚ ਪਹਿਲੀ ਆਲਮੀ ਜੰਗ ਛਿੜੀ ਤਾਂ ਸੈਂਕੜਿਆਂ ਦੀ ਗਿਣਤੀ ਵਿੱਚ ਗ਼ਦਰੀ ਵਤਨ ਪਰਤੇ। ਇਸੇ ਹੀ ਸਮੇਂ ਕਾਮਾ ਗਾਟਾਮਾਰੂ ਜਹਾਜ਼ ਦੀ ਘਟਨਾ ਵਾਪਰੀ। ਆਜ਼ਾਦੀ ਸੰਗਰਾਮ 1917 ਵਿੱਚ ਸ਼ੁਰੂ ਕਰਨ ਦਾ ਹੋਕਾ ਦਿੱਤਾ ਗਿਆ ਸੀ, ਪਰ ਬਦਲੇ ਹੋਏ ਹਾਲਾਤ ਵਿੱਚ ਪਾਰਟੀ ਨੇ ਆਪਣੇ ਮੈਂਬਰਾਂ ਨੂੰ ਜਲਦੀ ਤੋਂ ਜਲਦੀ ਵਤਨ ਪਰਤਣ ਲਈ ਕਿਹਾ। ਸੋਹਣ ਸਿੰਘ 24 ਅਕਤੂਬਰ 1914 ਨੂੰ ਜਪਾਨੀ ਜਹਾਜ਼ ਰਾਹੀਂ ਕਲਕੱਤੇ ਪਹੁੰਚ ਗਏ। ਇੱਥੇ ਆ ਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਹੋ ਗਈ। ਗ਼ਦਰ ਪਾਰਟੀ ਦੇ ਸੰਰਚਨਾਤਮਕ ਢਾਂਚੇ ਦੀ ਸਭ ਤੋਂ ਵੱਡੀ ਕਮਜ਼ੋਰੀ ਇਹ ਸੀ ਕਿ ਇਸ ਦੇ ਕੰਮਕਾਰ ਬਾਰੇ ਬਹੁਤ ਸਾਰੀ ਜਾਣਕਾਰੀ ਅੰਗਰੇਜ਼ੀ ਸਰਕਾਰ ਤੱਕ ਪੁੱਜ ਗਈ ਸੀ। ਕਰਤਾਰ ਸਿੰਘ ਸਰਾਭਾ, ਹਰਨਾਮ ਸਿੰਘ ਟੁੰਡੀਲਾਟ ਤੇ ਰਾਸ ਬਿਹਾਰੀ ਬੋਸ ਦੀ ਯੋਜਨਾਬੰਦੀ ਨਾਲ 21 ਫਰਵਰੀ 1915 ਦੀ ਬਗ਼ਾਵਤ ਤੈਅ ਹੋਈ, ਉਹ ਵੀ ਮੁਖਬਰੀ ਕਾਰਨ ਨਾਕਾਮ ਹੋ ਗਈ। ਵਾਇਸਰਾਏ ਲਾਰਡ ਹਾਰਡਿੰਗ ਨੇ ਪਹਿਲੇ ਲਾਹੌਰ ਸਾਜ਼ਿਸ਼ ਕੇਸ ਵਿੱਚ ਸੋਹਣ ਸਿੰਘ ਦੀ ਸਜ਼ਾ ਫ਼ਾਂਸੀ ਤੋਂ ਇਕ ਦਿਨ ਪਹਿਲਾਂ 15 ਨਵੰਬਰ 1915 ਨੂੰ ਉਮਰ ਕੈਦ ਵਿੱਚ ਤਬਦੀਲ ਕਰ ਦਿੱਤੀ। ਸਜ਼ਾ ਦੀ ਸ਼ੁਰੂਆਤ ਅੰਡੇਮਾਨ ਦੀ ਕਾਲਾਪਾਣੀ ਕਹਾਉਂਦੀ ਜੇਲ੍ਹ ਤੋਂ ਹੋਈ। ਇਸ ਨਰਕ-ਕੁੰਭੀ ਜੇਲ੍ਹ ਵਿੱਚ 6 ਸਾਲ ਗੁਜ਼ਾਰੇ। ਭੁੱਖ ਹੜਤਾਲਾਂ ਕੀਤੀਆਂ, ਕੋਹਲੂ ਦੀ ਸਜ਼ਾ ਝੱਲੀ, ਜੇਲ੍ਹਰ ਦੇ ਅਣਮਨੁੱਖੀ ਵਤੀਰੇ ਦੇ ਵਿਰੋਧ ਵਿੱਚ ਗ਼ਦਰੀਆਂ ਦੀ ਅਗਵਾਈ ਕੀਤੀ। 1921 ਵਿੱਚ ਸੋਹਣ ਸਿੰਘ ਤੇ ਕੁਝ ਹੋਰ ਸਾਥੀਆਂ ਨੂੰ ਕੋਇੰਬਟੂਰ ਜੇਲ੍ਹ ਵਿੱਚ ਲਿਆਂਦਾ ਗਿਆ। ਇੱਥੇ ਵੀ ਸੋਹਣ ਸਿੰਘ, ਜਵਾਲਾ ਸਿੰਘ, ਚੂਹੜ ਸਿੰਘ ਅਤੇ ਹਰੀ ਸਿੰਘ ਨੇ ਮੋਪਲਾ ਵਿਦਰੋਹੀਆਂ ਦੇ ਹੱਕ ਵਿੱਚ ਭੁੱਖ ਹੜਤਾਲ ਕੀਤੀ। ਮਾਮਲੇ ਨੂੰ ਦਬਾਉਣ ਲਈ ਇੱਥੋਂ ਇਨ੍ਹਾਂ ਗ਼ਦਰੀਆਂ ਨੂੰ ਯਰਵਦਾ ਜੇਲ੍ਹ ਭੇਜ ਦਿੱਤਾ ਗਿਆ। ਇੱਥੇ ਵੀ ਪਗੜੀ ਬੰਨ੍ਹਣ ਦੇ ਅਧਿਕਾਰ ਨੂੰ ਲੈ ਕੇ ਗ਼ਦਰੀਆਂ ਨੂੰ ਭੁੱਖ ਹੜਤਾਲ ਕਰਨੀ ਪਈ। 1928 ਵਿੱਚ ਸੋਹਣ ਸਿੰਘ ਨੂੰ ਲਾਹੌਰ ਜੇਲ੍ਹ ਭੇਜ ਦਿੱਤਾ ਗਿਆ। ਇੱਥੇ ਵੀ ਉਹ ਭਗਤ ਸਿੰਘ ਅਤੇ ਸਾਥੀਆਂ ਦੀ ਭੁੱਖ ਹੜਤਾਲ ਵਿੱਚ ਸ਼ਾਮਿਲ ਹੋਏ। ਭਗਤ ਸਿੰਘ ਨੇ ਸੋਹਣ ਸਿੰਘ ਨੂੰ ਆਪ ਸੁਨੇਹਾ ਭੇਜਿਆ ਕਿ ਭੁੱਖ ਹੜਤਾਲ ਛੱਡ ਦਿਉ। 1930 ਵਿੱਚ ਜਦੋਂ ਉਨ੍ਹਾਂ ਦੀ ਉਮਰ ਕੈਦ ਖ਼ਤਮ ਹੋਈ ਤਾਂ ਸਰਕਾਰ ਨੇ ਰਿਹਾਅ ਕਰਨ ਤੋਂ ਟਾਲ-ਮਟੋਲ ਕੀਤੀ, ਪਰ ਸੋਹਣ ਸਿੰਘ ਦੀ ਲੰਮੀ ਭੁੱਖ ਹੜਤਾਲ ਨੇ ਅੰਗਰੇਜ਼ ਹਕੂਮਤ ਨੂੰ 17 ਜੂਨ 1930 ਨੂੰ ਰਿਹਾਅ ਕਰਨ ਲਈ ਮਜ਼ਬੂਰ ਕਰ ਦਿੱਤਾ। ਸੋਹਣ ਸਿੰਘ ਭਕਨਾ, 60 ਸਾਲਾਂ ਦਾ ਬਾਬਾ ਭਕਨਾ ਬਣ ਕੇ ਬਾਹਰ ਆਇਆ। ਦੋਵੇਂ ਮਾਵਾਂ ਤੇ ਬਾਬਾ ਕੇਸਰ ਇਸ ਦੁਨੀਆਂ ਤੋਂ ਜਾ ਚੁੱਕੇ ਸਨ। ਪਤਨੀ ਆਪਣੇ ਪੇਕੇ ਚਲੀ ਗਈ ਸੀ। ਬਾਬਾ ਜੀ ਨੂੰ ਆਪਣਾ ਘਰ ਵੀ ਲੋਕਾਂ ਦੀ ਮਦਦ ਨਾਲ ਲੱਭਣਾ ਪਿਆ। ਪਰ ਇਸ ਬਾਬੇ ਨੇ ਆਉਂਦਿਆਂ ਹੀ ਫਿਰ ਅੰਗਰੇਜ਼ੀ ਹਕੂਮਤ ਖ਼ਿਲਾਫ਼ ਪ੍ਰਚਾਰ ਸ਼ੁਰੂ ਕਰ ਦਿੱਤਾ। ਥੋੜ੍ਹਾ ਸਮਾਂ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਏ, ਪਰ ਫਿਰ ਛੱਡ ਦਿੱਤੀ। ਨੌਜਵਾਨਾਂ ਨੇ ਬਾਬਾ ਜੀ ਦੀ ਅਗਵਾਈ ਹੇਠ ਭਗਤ ਸਿੰਘ ਦੀ ਫ਼ਾਂਸੀ ਤੋਂ ਬਾਅਦ ਕਰਾਚੀ ਆਉਣ ’ਤੇ ਮਹਾਤਮਾ ਗਾਂਧੀ ਦਾ ਵਿਰੋਧ ਕੀਤਾ। ਕਮਿਊਨਿਸਟ ਪਾਰਟੀ ਤੇ ਕਿਸਾਨ ਜਥੇਬੰਦੀ ਵਿੱਚ ਕੰਮ ਕੀਤਾ। ਆਪਣੇ ਗ਼ਦਰੀ ਸਾਥੀਆਂ ਦੀ ਰਿਹਾਈ ਲਈ ਜ਼ੋਰਦਾਰ ਆਵਾਜ਼ ਉਠਾਈ ਤੇ ਕਈਆਂ ਦੀ ਰਿਹਾਈ ਸੰਭਵ ਕਰਵਾਈ। 1940 ਵਿੱਚ ਆਂਧਰਾ ਪ੍ਰਦੇਸ਼ ਵਿੱਚ ਕੁਲ ਹਿੰਦ ਕਿਸਾਨ ਸਭਾ ਦੇ ਸੈਸ਼ਨ ਦੀ ਪ੍ਰਧਾਨਗੀ ਕੀਤੀ। ਦੂਜੀ ਆਲਮੀ ਜੰਗ ਫਿਰ ਬਾਬਾ ਜੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। 1943 ਵਿੱਚ ਰਿਹਾਅ ਕੀਤਾ ਗਿਆ। 1954 ਵਿੱਚ ਕੁਲ ਹਿੰਦ ਕਿਸਾਨ ਸਭਾ ਦਾ ਸੈਸ਼ਨ ਮੋਗਾ ਵਿਖੇ ਹੋਇਆ। ਇੱਥੇ ਵੀ ਬਾਬਾ ਜੀ ਨੇ ਜੋਸ਼ੀਲਾ ਭਾਸ਼ਣ ਕੀਤਾ। 1962 ਵਿੱਚ ਚੀਨੀ ਹਮਲੇ ਦਾ ਵਿਰੋਧ ਕੀਤਾ। ਕਮਿਊਨਿਸਟ ਏਕਤਾ ਦੇ ਰਹਿੰਦੇ ਦਮ ਤੱਕ ਹਮਾਇਤੀ ਰਹੇ। ਪੰਡਿਤ ਜਵਾਹਰਲਾਲ ਨਹਿਰੂ ਬਾਬਾ ਜੀ ਦੀ ਬਹੁਤ ਇੱਜ਼ਤ ਕਰਦੇ ਸਨ। ਹਿੰਦੋਸਤਾਨ ਦੀ ਤਰੱਕੀ ਅਤੇ ਮਾਨਵਤਾ ਦੀ ਖ਼ੈਰ ਮੰਗਣ ਵਾਲੇ ਬਾਬਾ ਸੋਹਣ ਸਿੰਘ ਭਕਨਾ 20 ਦਸੰਬਰ 1968 ਨੂੰ ਇਸ ਦੁਨੀਆਂ ਤੋਂ ਕੂਚ ਕਰ ਗਏ।

ਸੰਪਰਕ: 98888-18301

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਭਾਰਤੀ ਜਮਹੂਰੀਅਤ ਅਤੇ ਹਿੰਦੂਤਵ

ਭਾਰਤੀ ਜਮਹੂਰੀਅਤ ਅਤੇ ਹਿੰਦੂਤਵ

ਭਾਰਤ ਦੇ 75 ਸਾਲਾ ਰਿਕਾਰਡ ਦਾ ਲੇਖਾ ਜੋਖਾ

ਭਾਰਤ ਦੇ 75 ਸਾਲਾ ਰਿਕਾਰਡ ਦਾ ਲੇਖਾ ਜੋਖਾ

ਅੰਗਰੇਜ਼ ਸਰਕਾਰ ਨੂੰ ਵੰਗਾਰ

ਅੰਗਰੇਜ਼ ਸਰਕਾਰ ਨੂੰ ਵੰਗਾਰ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਮੁੱਖ ਖ਼ਬਰਾਂ

ਭਾਰਤ ਨੇ ਦੁਨੀਆ ਨੂੰ ਲੋਕਤੰਤਰ ਦੀ ਅਸਲ ਸਮਰੱਥਾ ਦਿਖਾਈ: ਮੁਰਮੂ

ਭਾਰਤ ਨੇ ਦੁਨੀਆ ਨੂੰ ਲੋਕਤੰਤਰ ਦੀ ਅਸਲ ਸਮਰੱਥਾ ਦਿਖਾਈ: ਮੁਰਮੂ

ਆਜ਼ਾਦੀ ਦਿਹਾੜੇ ਦੀ ਪੂਰਬਲੀ ਸੰਧਿਆ ਰਾਸ਼ਟਰਪਤੀ ਦਾ ਕੌਮ ਦੇ ਨਾਂ ਪਹਿਲਾ ਸ...

ਮੁੱਖ ਮੰਤਰੀ ਵੱਲੋਂ ‘ਆਮ ਆਦਮੀ ਕਲੀਨਿਕ’ ਦਾ ਉਦਘਾਟਨ ਅੱਜ

ਮੁੱਖ ਮੰਤਰੀ ਵੱਲੋਂ ‘ਆਮ ਆਦਮੀ ਕਲੀਨਿਕ’ ਦਾ ਉਦਘਾਟਨ ਅੱਜ

* 75 ਕਲੀਨਿਕ ਲੋਕਾਂ ਨੂੰ ਕੀਤੇ ਜਾਣਗੇ ਸਮਰਪਿਤ * ਕਲੀਨਿਕਾਂ ਵਿਚ ਹੋ ਸਕ...

ਸੀਤਾਰਾਮਨ ਸਣੇ 11 ਭਾਰਤੀਆਂ ਖ਼ਿਲਾਫ਼ ਅਮਰੀਕਾ ’ਚ ਪਟੀਸ਼ਨ

ਸੀਤਾਰਾਮਨ ਸਣੇ 11 ਭਾਰਤੀਆਂ ਖ਼ਿਲਾਫ਼ ਅਮਰੀਕਾ ’ਚ ਪਟੀਸ਼ਨ

ਮਨੁੱਖੀ ਹੱਕਾਂ ਦੇ ਘਾਣ ਅਤੇ ਭ੍ਰਿਸ਼ਟਾਚਾਰ ਦੇ ਲਾਏ ਗਏ ਦੋਸ਼

ਸ਼ਹਿਰ

View All