ਖ਼ੁਸ਼ੀਆਂ ਨੂੰ ਖੰਭ ਖਿਲਾਰਨ ਦਿਓ

ਸੰਤੋਖ ਸਿੰਘ ਭਾਣਾ

ਵਿਸ਼ਵਾਸ ’ਚ ਦਗਦੇ ਸੂਰਜ ਨੇ ਧਰਤੀ ਦੇ ਕਣ-ਕਣ ’ਚ ਧੜਕਦੀ ਜ਼ਿੰਦਗੀ ਨੂੰ ਹਲੂਣਿਆ ਹੈ। ਸੋਨ ਸੁਨਹਿਰੀ ਕਿਰਨਾਂ ਹਰ ਬਸ਼ਿੰਦੇ ਦੇ ਚਿਹਰੇ ਉੱਤੇ ਖ਼ੁਸ਼ੀਆਂ ਦੀ ਲਾਲੀ ਬਣ ਕੇ ਚਮਕੀਆਂ ਹਨ। ਤੁਸੀਂ ਸਾਰਾ ਦਿਨ ਹਸੂੰ-ਹਸੂੰ ਕਰਦੇ ਰਹਿਣ ਦਾ ਅਹਿਦ ਲੈ ਕੇ ਆਪਣੇ ਰੋਜ਼ਾਨਾ ਦੇ ਕੰਮਾਂ ਨੂੰ ਹੱਥ ਪਾਉਂਦੇ ਹੋ। ਸੁਗੰਧੀਆਂ ਭਰੀਆਂ ਰੁਮਕਦੀਆਂ ਪੌਣਾਂ ਨੂੰ ਆਪਣੇ ਪਿੰਡੇ ਉੱਤੇ ਲਪੇਟ ਕੇ, ਨਵੇਂ ਉੱਗਦੇ ਸੂਰਜ ਦੀਆਂ ਮੁਸਕਰਾਉਂਦੀਆਂ ਕਿਰਨਾਂ ਨੂੰ ਆਪਣੇ ਅੰਗ-ਸੰਗ ਰਹਿਣ ਲਈ ਵਚਨ ਲੈਂਦੇ ਹੋ, ਪਰ ਕੀ ਤੁਹਾਡੀਆਂ ਇਹ ਖ਼ੁਸ਼ੀਆਂ ਇੱਕ ਦਿਨ ਲਈ ਹੀ ਤਾਂ ਨਹੀਂ ਹਨ? ਕੀ ਤੁਸੀਂ ਆਪਣੇ ਸਮੁੱਚੇ ਜੀਵਨ ਦਾ ਭਰਪੂਰ ਆਨੰਦ ਲੈਣਾ ਚਾਹੁੰਦੇ ਹੋ? ਇੱਥੇ ਇਹ ਜ਼ਰੂਰੀ ਹੈ ਕਿ ਜ਼ਿੰਦਗੀ ਨੂੰ ਜਿਊਣ ਦਾ ਸੰਕਲਪ ਲਿਆ ਜਾਵੇ। ਜਿਊਣਾ, ਹੱਸਦਿਆਂ-ਖੇਡਦਿਆਂ ਜਿਊਣਾ ਅਤੇ ਆਪਣੇ ਅੰਦਰ ਖ਼ੁਸ਼ੀਆਂ ਦੇ ਖੰਭ ਲਾ ਕੇ ਅੰਬਰਾਂ ’ਚ ਉੱਡ ਜਾਣ ਦੀ ਉਤਸੁਕਤਾ ਭਰੀ ਤੜਪ ਬਣਾਈ ਰੱਖਣਾ। ਜ਼ਿੰਦਗੀ ਦੀਆਂ ਰਾਹਾਂ ਕਿਸ ਮੋੜ ’ਤੇ ਅਤੇ ਕਿਸੇ ਪਾਸੇ ਮੁੜ ਜਾਣਗੀਆਂ, ਇਹ ਅਨੁਮਾਨ ਲਾਉਣਾ ਅਸੰਭਵ ਹੈ। ਕਦੇ-ਕਦੇ ਜ਼ਿੰਦਗੀ ’ਚ ਅਜਿਹੇ ਰੰਗ ਵੀ ਵੇਖਣੇ ਪੈਂਦੇ ਹਨ, ਜਿਨ੍ਹਾਂ ਦੀ ਕਦੇ ਅਸੀਂ ਉਮੀਦ ਵੀ ਨਹੀਂ ਕੀਤੀ ਹੁੰਦੀ। ਇਹ ਜ਼ਿੰਦਗੀ ਦੇ ਉਤਰਾ-ਚੜ੍ਹਾਅ ਹੀ ਤਾਂ ਹੁੰਦੇ ਹਨ ਜੋ ਇਸ ਨੂੰ ਐਨਾ ਦਿਲਚਸਪ ਬਣਾਈ ਰੱਖਦੇ ਹਨ। ਜ਼ਿੰਦਗੀ ਜ਼ਿੰਦਾ-ਦਿਲੀ ਦਾ ਨਾਂ ਹੈ ਅਤੇ ਜ਼ਿੰਦਾ-ਦਿਲ ਆਦਮੀ ਉਹੀ ਹੈ ਜੋ ਵਾਪਰ ਰਹੀਆਂ ਘਟਨਾਵਾਂ ਦਾ ਚੜ੍ਹਦੀ ਕਲਾ ’ਚ ਰਹਿੰਦਿਆਂ ਮੁਕਾਬਲਾ ਕਰੇ।

ਸੰਤੋਖ ਸਿੰਘ ਭਾਣਾ

ਜ਼ਰਾ ਸੋਚ ਕੇ ਵੇਖੋ ਕਿ ਤੁਸੀਂ ਆਪਣੇ ਦੁਆਲੇ ਬੇਲੋੜੀ ਜਿਹੀ ਝਿਜਕ ਦਾ ਪਿੰਜਰਾ ਤਾਂ ਨਹੀਂ ਬਣਾ ਰੱਖਿਆ, ਜਿਸ ’ਚ ਤੁਹਾਡੀਆਂ ਖ਼ੁਸ਼ੀਆਂ ਹਮੇਸ਼ਾਂ ਲਈ ਕੈਦ ਹੋ ਕੇ ਰਹਿ ਗਈਆਂ ਹੋਣ? ਇਸ ਝਿਜਕ ਅਤੇ ਬੇਲੋੜੀ ਜਿਹੀ ਸ਼ਰਮ ਦੇ ਪਿੰਜਰੇ ਨੂੰ ਤੋੜੋ ਅਤੇ ਖ਼ੁਸ਼ੀਆਂ ਨੂੰ ਖੰਭ ਖਿਲਾਰਨ ਦਿਓ। ਛੋਟੀਆਂ-ਛੋਟੀਆਂ ਖ਼ੁਸ਼ੀਆਂ ਨੂੰ ਸਿਰਫ਼ ਇਸ ਕਰਕੇ ਹੀ ਨਜ਼ਰ-ਅੰਦਾਜ਼ ਨਾ ਕਰੀ ਰੱਖੋ ਕਿ ਤੁਸੀਂ ਕਿਸੇ ਵੱਡੀ ਖ਼ੁਸ਼ੀ ਦੀ ਉਡੀਕ ਵਿੱਚ ਹੋ। ਜ਼ਿੰਦਗੀ ’ਚ ਵਾਪਰੀਆਂ ਛੋਟੀਆਂ-ਛੋਟੀਆਂ ਗੱਲਾਂ ਉੱਤੇ ਝਿਜਕਣ ਅਤੇ ਸੰਗਣ ਦੀ ਜਗ੍ਹਾ ਫੌਰਨ ਪ੍ਰਤੀਕਿਰਿਆ ਕਰੋ ਅਤੇ ਵੇਖੋ ਕਿ ਕਿਸ ਤਰ੍ਹਾਂ ਤੁਹਾਡੀਆਂ ਖ਼ੁਸ਼ੀਆਂ ਦਾ ਖ਼ਜ਼ਾਨਾ ਦਿਨੋ-ਦਿਨ ਭਰਦਾ ਜਾਂਦਾ ਹੈ। ਕੀ ਤੁਸੀਂ ਉਡੀਕ ਕਮਰੇ ’ਚ ਡਾਕਟਰ ਦਾ ਇੰਤਜ਼ਾਰ ਕਰਦਿਆਂ ਕਦੇ ਉਹ ਚੁੱਪ ਤੋੜਨ ਦੀ ਕੋਸ਼ਿਸ਼ ਕੀਤੀ ਹੈ ਜੋ ਤੁਹਾਡੇ ਅਤੇ ਨਾਲ ਬੈਠੇ ਆਦਮੀਆਂ ’ਚ ਪਸਰੀ ਹੋਈ ਸੀ? ਕੀ ਤੁਸੀਂ ਚਾਹੁੰਦਿਆਂ ਹੋਇਆ ਵੀ ਗੁਆਂਢ ’ਚ ਆਪਣੀ ਮਾਂ ਦੀ ਗੋਦੀ ’ਚ ਖੇਡ ਰਹੇ ਬੱਚੇ ਨੂੰ ਇਸ ਕਰਕੇ ਨਹੀਂ ਪੁਚਕਾਰਦੇ ਕਿ ਉਸ ਦੀ ਮਾਂ ਪਤਾ ਨਹੀਂ ਕੀ ਸੋਚੇਗੀ? ਜੇਕਰ ਅਜਿਹਾ ਹੈ ਤਾਂ ਤੁਸੀਂ ਜ਼ਿੰਦਗੀ ਦਾ ਇੱਕ ਖ਼ੂਬਸੂਰਤ ਮੌਕਾ ਗੁਆ ਚੁੱਕੇ ਹੋ। ਇਹੀ ਤਾਂ ਦੂਸਰਿਆਂ ਨੂੰ ਆਪਣਾ ਬਣਾਉਣ ਅਤੇ ਦੋਸਤੀ ਦਾ ਘੇਰਾ ਵਿਸ਼ਾਲ ਕਰਨ ਦਾ ਸਮਾਂ ਹੁੰਦਾ ਹੈ। ਆਮ ਤੌਰ ’ਤੇ ਖ਼ੁਸ਼ੀ ਪਰਿਵਾਰ, ਮਿੱਤਰਾਂ ਅਤੇ ਖ਼ਾਸ ਸਬੰਧਾਂ ਨਾਲ ਜੁੜੀ ਹੁੰਦੀ ਹੈ। ਅਸੀਂ ਹੋਰ ਜ਼ਿਆਦਾ ਖ਼ੁਸ਼ ਰਹਿਣਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੇ ਨਜ਼ਦੀਕੀ ਲੋਕਾਂ ਨਾਲ ਜ਼ਿਆਦਾ ਘੁਲ-ਮਿਲ ਕੇ ਰਹਿਣਾ ਪਵੇਗਾ। ਤੁਸੀਂ ਨੋਟ ਕੀਤਾ ਹੋਵੇਗਾ ਕਿ ਪਾਰਟੀਆਂ ਅਤੇ ਇਕੱਠਾਂ ਵਿੱਚ ਲੋਕ ਬਹੁਤ ਜ਼ਿਆਦਾ ਹੱਸਦੇ ਹਨ। ਜੇਕਰ ਕੋਈ ਆਦਮੀ ਇਕੱਲਾ ਹੈ ਤਾਂ ਉਸ ਦੇ ਹਾਸੇ ਗਾਇਬ ਹੋ ਜਾਂਦੇ ਹਨ। ਅੱਜ-ਕੱਲ੍ਹ ਹਰ ਇੱਕ ਬੰਦਾ ਤਣਾਅ ਭਰੀ ਜ਼ਿੰਦਗੀ ਜਿਉਂ ਰਿਹਾ ਹੈ। ਅਜਿਹੇ ’ਚ ਖ਼ੁਸ਼ੀਆਂ ਤਾਂ ਵੈਸੇ ਹੀ ਬਹੁਤ ਘੱਟ ਹਨ। ਹਰ ਛਿਣ ਨੂੰ ਪੂਰੇ ਹੁਲਾਸ ਨਾਲ ਜਿਊਣ ਦੀ ਇੱਛਾ ਸਾਡੇ ਸਾਰਿਆਂ ਅੰਦਰ ਜ਼ੋਰ ਮਾਰਦੀ ਰਹਿੰਦੀ ਹੈ। ਇਸ ਲਈ ਜਦੋਂ ਵੀ ਮੌਕਾ ਮਿਲੇ, ਇਸ ਨੂੰ ਪੂਰਾ ਕਰ ਲੈਣਾ ਚਾਹੀਦਾ ਹੈ। ਕੀ ਤੁਹਾਨੂੰ ਨਹੀਂ ਲੱਗਦਾ ਕਿ ਲੋਕਾਂ ਦੀ ਪਰਵਾਹ ਕੀਤੇ ਬਿਨਾਂ ਰਿਮ-ਝਿਮ ਪੈਂਦੀਆਂ ਕਣੀਆਂ ’ਚ ਭਿੱਜ ਲਿਆ ਜਾਵੇ ਜਾਂ ਲੰਘਣ-ਟੱਪਣ ਵਾਲਿਆਂ ਦੀਆਂ ਨਜ਼ਰਾਂ ਦੀ ਫਿਕਰ ਕੀਤੇ ਬਿਨਾਂ ਸੜਕ ਕਿਨਾਰੇ ਭੁੱਜੀਆਂ ਛੱਲੀਆਂ ਦਾ ਮਜ਼ਾ ਲਿਆ ਜਾਵੇ? ਸੱਚ ਤਾਂ ਇਹ ਹੈ ਕਿ ਸਾਨੂੰ ਕੋਈ ਵੀ ਨਹੀਂ ਰੋਕਦਾ। ਇਹ ਤਾਂ ਅਸੀਂ ਖ਼ੁਦ ਹੀ ਆਪਣੇ ਦੁਆਲੇ ਝਿਜਕ ਅਤੇ ਸੰਗ ਦਾ ਬੇਲੋੜਾ ਜਿਹਾ ਘੇਰਾ ਵਲੀ ਬੈਠੇ ਹਾਂ ਕਿ ਦੂਸਰੇ ਸਾਡੇ ਬਾਰੇ ਕੀ ਸੋਚਦੇ ਹੋਣਗੇ। ਅਸੀਂ ਇਸ ਮਾਨਸਿਕਤਾ ’ਚ ਬੱਝੇ ਰਹਿੰਦੇ ਹਾਂ। ਇਸ ਝਿਜਕ ਦੇ ਪਿੰਜਰੇ ਨੂੰ ਤੋੜ ਕੇ ਬਾਹਰ ਨਿਕਲਣ ਦਾ ਡਰ ਸਾਨੂੰ ਆਪਣੀ ਜ਼ਿੰਦਗੀ ਸੰਪੂਰਨ ਤੌਰ ’ਤੇ ਜਿਊਣ ਤੋਂ ਰੋਕਦਾ ਰਹਿੰਦਾ ਹੈ। ਵਿਕਸਿਤ ਹੋ ਰਹੀ ਤਿਤਲੀ ਜੇਕਰ ਇੰਜ ਹੀ ਕਿਸੇ ਡਰੋਂ ਆਪਣੇ ਘੇਰੇ ਨੂੰ ਤੋੜ ਕੇ ਬਾਹਰ ਨਾ ਨਿਕਲਦੀ ਤਾਂ ਉਹ ਕਦੇ ਵੀ ਹਵਾ ’ਚ ਆਜ਼ਾਦ ਹੋ ਕੇ ਉੱਡਦੇ ਹੋਏ ਫੁੱਲਾਂ ਦਾ ਮਿੱਠਾ ਰਸ ਨਹੀਂ ਸੀ ਪੀ ਸਕਦੀ। ਜੇਕਰ ਪੰਛੀਆਂ ਦੇ ਬੋਟ ਆਪਣੇ ਆਲ੍ਹਣੇ ’ਚ ਛਾਲ ਮਾਰਨ ਤੋਂ ਡਰ ਜਾਂਦੇ ਤਾਂ ਉਹ ਆਸਮਾਨ ’ਚ ਕਦੇ ਵੀ ਉੱਚੀਆਂ ਉਡਾਣਾਂ ਨਹੀਂ ਸਨ ਭਰ ਸਕਦੇ। ਮਨੁੱਖੀ-ਮਨ ਆਪਣੀ ਕਮਜ਼ੋਰੀ ਢਕਣ ਲਈ ਲੱਖਾਂ ਬਹਾਨੇ ਘੜ ਲੈਂਦਾ ਹੈ। ਦਿਲਚਸਪ ਗੱਲ ਇਹ ਹੈ ਕਿ ਅਸੀਂ ਦੁਖੀ ਹੋਣ ਲਈ ਵੀ ਬਾਖੂਬੀ ਬਹਾਨੇ ਘੜਦੇ ਹਾਂ। ਸੱਚਾਈ ਇਹ ਹੈ ਕਿ ਖ਼ੁਸ਼ੀ ਕੋਈ ਅਜਿਹੀ ਚੀਜ਼ ਨਹੀਂ, ਜਿਸ ਨੂੰ ਲੱਭਿਆ ਜਾ ਸਕੇ। ਇਹ ਤਾਂ ਇੱਕ ਭਾਵ ਹੈ, ਜਿਸ ਦੀ ਸਿਰਜਣਾ ਅਸੀਂ ਖ਼ੁਦ ਕਰਨੀ ਹੈ। ਸੱਚੀ ਖ਼ੁਸ਼ੀ ਸਾਡੇ ਅੰਦਰ ਛੁਪੀ ਹੁੰਦੀ ਹੈ। ਸੁਖੀ ਆਦਮੀ ਉਹ ਨਹੀਂ ਹੁੰਦਾ, ਜਿਸ ਨੂੰ ਅਨੁਕੂਲ ਹਾਲਾਤ ਮਿਲੇ ਹੁੰਦੇ ਹਨ, ਸਗੋਂ ਸੁਖੀ ਆਦਮੀ ਉਹ ਹੁੰਦਾ ਹੈ ਜੋ ਹਾਲਾਤ ਨੂੰ ਅਨੁਕੂਲ ਕਰਨਾ ਜਾਣਦਾ ਹੈ। ਜੀਵਨ ਦਾ ਸੰਪੂਰਨ ਆਨੰਦ ਮਾਣਨ ਲਈ ਸਾਨੂੰ ਵਾਪਸ ਬਚਪਨ ’ਚ ਪਰਤਣਾ ਹੁੰਦਾ ਹੈ। ਉਤਸ਼ਾਹ ਭਰਪੂਰ, ਨਿਰਛਲ ਅਤੇ ਉਮੰਗਾਂ ਭਰਿਆ ਬਚਪਨ। ਈਸਾ ਨੇ ਕਿਹਾ ਹੈ ਕਿ ਸਵਰਗ ’ਚ ਉਹੀ ਦਾਖਲ ਹੋ ਸਕਣਗੇ ਜੋ ਬੱਚਿਆਂ ਵਰਗੇ ਨਿਰਮਲ ਹੋਣਗੇ। ਜ਼ਿੰਦਗੀ ਵੀ ਸਾਡੇ ਸਾਹਮਣੇ ਇਹੀ ਸ਼ਰਤ ਰੱਖਦੀ ਹੈ ਕਿ ਇਸ ਦੇ ਹਰ ਛਿਣ ਨੂੰ ਬੱਚਿਆਂ ਵਾਂਗ ਉਤਸ਼ਾਹ ਭਰਪੂਰ ਭਾਵ ਨਾਲ ਜਿਊਣ ਦੀ ਕੋਸ਼ਿਸ਼ ਤਾਂ ਕਰੋ, ਹਰ ਪਲ ਸਵਰਗ ਜਿਹਾ ਸੁੰਦਰ ਬਣ ਜਾਵੇਗਾ।

ਸੰਪਰਕ: 98152-96475

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All