ਖ਼ੁਸ਼ੀਆਂ ਦੀ ਫੁਹਾਰ ਲੋਕ ਨਾਚ

ਸੁਖਦੇਵ ਮਾਦਪੁਰੀ

ਕਿਸੇ ਖ਼ੁਸ਼ੀ ਦੇ ਮੌਕੇ ’ਤੇ ਜਦੋਂ ਸਾਡੇ ਅੰਦਰੋਂ ਖ਼ੁਸ਼ੀ ਦੀਆਂ ਤਰੰਗਾਂ ਉੱਠਦੀਆਂ ਹਨ ਤਾਂ ਸਾਡਾ ਮਨ ਵਜਦ ਵਿਚ ਆ ਜਾਂਦਾ ਹੈ ਤੇ ਅਸੀਂ ਆਪਣੇ ਸਰੀਰ ਦੀਆਂ ਹਰਕਤਾਂ ਰਾਹੀਂ ਇਸ ਦਾ ਪ੍ਰਗਟਾਵਾ ਕਰਦੇ ਹਾਂ। ਰਾਗ ਤੇ ਤਾਲ ਦੇ ਸੁਮੇਲ ਨਾਲ ਮਨੁੱਖ ਨੱਚ ਉੱਠਦਾ ਹੈ। ’ਕੱਲੇ ਮਨੁੱਖ ਦੀ ਖ਼ੁਸ਼ੀ ਵਿਚ ਸ਼ਾਮਲ ਹੋਣ ਲਈ ਜਦੋਂ ਉਸ ਦੇ ਦੂਸਰੇ ਸਾਥੀ ਉਸ ਨਾਲ ਰਲ ਕੇ ਨੱਚਣ ਲੱਗ ਜਾਂਦੇ ਹਨ ਤਾਂ ਇਹ ਨਾਚ ਸਮੂਹਕ ਨਾਚ ਦਾ ਰੂਪ ਧਾਰ ਲੈਂਦਾ ਹੈ ਜਿਸ ਨੂੰ ਅਸੀਂ ਲੋਕ ਨਾਚ ਦਾ ਨਾਂ ਦਿੰਦੇ ਹਾਂ। ਲੋਕ ਨਾਚ ਮਨ ਦੀ ਖ਼ੁਸ਼ੀ ਦਾ ਸਰੀਰਿਕ ਪ੍ਰਗਟਾਵਾ ਹੈ। ਇਹ ਉਹ ਚਸ਼ਮਾ ਹੈ ਜਿਸ ਵਿਚੋਂ ਖ਼ੁਸ਼ੀ ਦੀਆਂ ਫੁਹਾਰਾਂ ਆਪ ਮੁਹਾਰੇ ਹੀ ਵਹਿ ਟੁਰਦੀਆਂ ਹਨ। ਲੋਕ ਨਾਚ ਬਿਨਾਂ ਕਿਸੇ ਨਿਯਮ ਦੀ ਬੰਧੇਜ ਦੇ ਮੌਜ ਵਿਚ ਨੱਚਿਆ ਜਾਂਦਾ ਹੈ। ਇਸ ਨੂੰ ਸਿੱਖਣ ਲਈ ਕਿਸੇ ਉਸਤਾਦ ਦੀ ਲੋੜ ਨਹੀਂ, ਨਾ ਹੀ ਕੋਈ ਵਿਸ਼ੇਸ਼ ਸਿੱਖਿਆ ਲਈ ਜਾਂਦਾ ਹੈ। ਲੋਕ ਨਾਚ ਦੀਆਂ ਮੁਦਰਾਵਾਂ ਸਾਧਾਰਨ ਲੋਕਾਂ ਦੀ ਜ਼ਿੰਦਗੀ ਵਾਂਗ ਬੜੀਆਂ ਸਿੱਧੀਆਂ ਤੇ ਸਪੱਸ਼ਟ ਹੁੰਦੀਆਂ ਹਨ। ਜਨ ਸਾਧਾਰਨ ਦੀ ਜ਼ਿੰਦਗੀ ਇਨ੍ਹਾਂ ਨਾਚਾਂ ਵਿਚ ਧੜਕਦੀ ਹੈ। ਇਹ ਸਾਡੇ ਸੱਭਿਆਚਾਰ ਦਾ ਦਰਪਣ ਹਨ। ਕਿਸੇ ਇਲਾਕੇ ਦੀ ਭੂਗੋਲਿਕ, ਰਾਜਨੀਤਕ ਅਤੇ ਸਮਾਜਿਕ ਸਥਿਤੀ ਅਨੁਸਾਰ ਹੀ ਲੋਕ ਨਾਚਾਂ ਦੀ ਰੂਪ ਰੇਖਾ ਉੱਭਰਦੀ ਹੈ। ਪਹਾੜੀ, ਮੈਦਾਨੀ ਤੇ ਸਾਗਰੀ ਇਲਾਕੇ ਦੇ ਲੋਕਾਂ ਅਤੇ ਜੰਗਲੀ ਜੀਵਨ ਜੀ ਰਹੇ ਲੋਕਾਂ ਦੇ ਨਾਚਾਂ ਵਿਚ ਅੰਤਰ ਹੈ। ਕਈ ਇਲਾਕਿਆਂ ਵਿਚ ਮਰਦ ਤੀਵੀਆਂ ਰਲ ਕੇ ਨੱਚਦੇ ਹਨ, ਕਈਆਂ ਵਿਚ ’ਕੱਠਿਆਂ ਨੱਚਣ ਦੀ ਮਨਾਹੀ ਹੈ। ਪੰਜਾਬ ਦੇ ਲੋਕ ਨਾਚ ਪੰਜਾਬੀ ਸੱਭਿਆਚਾਰ ਦੀ ਮੂੰਹ ਬੋਲਦੀ ਤਸਵੀਰ ਹਨ। ਪੰਜਾਬ ਦੀ ਭੂਗੋਲਿਕ ਅਤੇ ਰਾਜਨੀਤਕ ਸਥਿਤੀ ਅਨੁਸਾਰ ਪੰਜਾਬੀਆਂ ਨੂੰ ਮੁੱਢ ਤੋਂ ਹੀ ਵਿਦੇਸ਼ੀ ਹਮਲਾਵਰਾਂ ਨਾਲ ਜੂਝਣਾ ਪਿਆ ਹੈ। ਪੰਜਾਬੀਆਂ ਦੇ ਜੁੱਸੇ ਬੜੇ ਨਰੋਏ ਤੇ ਖ਼ੂਬਸੂਰਤ ਹਨ। ਪੰਜਾਬ ਦੀ ਉਪਜਾਊ ਧਰਤੀ, ਇਸ ਦੇ ਮੇਲ੍ਹਦੇ ਦਰਿਆਂ, ਲਹਿਰਾਉਂਦੀਆਂ ਫ਼ਸਲਾਂ ਅਤੇ ਪੈਲਾਂ ਪਾਉਂਦੀਆਂ ਮੁਟਿਆਰਾਂ ਪੰਜਾਬੀਆਂ ਨੂੰ ਸਦਾ ਟੁੰਬਦੀਆਂ ਰਹੀਆਂ ਹਨ। ਪੰਜਾਬੀਆਂ ਦੇ ਸੁਭਾਅ ਅਤੇ ਮਰਦਊਪੁਣੇ ਦੇ ਲੱਛਣ ਪੰਜਾਬ ਦੇ ਲੋਕ ਨਾਚਾਂ ਵਿਚ ਆਮ ਦਿਸ ਆਉਂਦੇ ਹਨ। ਭੰਗੜਾ, ਗਿੱਧਾ, ਝੂਮਰ, ਲੁੱਡੀ, ਧਮਾਲ, ਸੰਮੀ ਅਤੇ ਕਿੱਕਲੀ ਆਦਿ ਪੰਜਾਬੀਆਂ ਦੇ ਹਰਮਨ ਪਿਆਰੇ ਨਾਚ ਹਨ। ਪੱਛਮੀ ਪੰਜਾਬ ਦੇ ਜ਼ਿਲ੍ਹੇ ਸ਼ੇਖੂਪੁਰਾ, ਗੁਜਰਾਵਾਲਾਂ ਅਤੇ ਸਿਆਲਕੋਟ ਵਿਚ ਭੰਗੜਾ ਆਮ ਪਾਇਆ ਜਾਂਦਾ ਸੀ। ਦੇਸ਼ ਆਜ਼ਾਦ ਹੋਣ ਪਿੱਛੋਂ ਇਸ ਇਲਾਕੇ ਦੇ ਸ਼ਰਨਾਰਥੀ ਪੰਜਾਬ ਦੇ ਦੂਜੇ ਹਿੱਸਿਆਂ ਵਿਚ ਆ ਕੇ ਵਸ ਗਏ ਤੇ ਇਹ ਨਾਚ ਪੂਰਬੀ ਪੰਜਾਬ ਵਿਚ ਪ੍ਰਚੱਲਿਤ ਹੋ ਗਿਆ। ਜੋਸ਼ ਭਰੇ ਇਸ ਨਾਚ ਨੂੰ ਨੱਚਣ ਲਈ ਨਰੋਏ ਜੁੱਸੇ ਅਤੇ ਫੁਰਤੀਲੇ ਸਰੀਰ ਦੀ ਲੋੜ ਹੈ।

ਸੁਖਦੇਵ ਮਾਦਪੁਰੀ

ਅਪਰੈਲ ਦੇ ਮਹੀਨੇ ਜਦੋਂ ਕਿਸਾਨ ਆਪਣੀ ਕਣਕ ਦੇ ਸੁਨਹਿਰੀ ਸਿੱਟਿਆਂ ਨੂੰ ਵੇਖਦਾ ਹੈ ਤਾਂ ਉਸ ਦਾ ਮਨ ਹੁਲਾਰੇ ਵਿਚ ਆ ਜਾਂਦਾ ਹੈ। ਉਸ ਦੀ ਖ਼ੁਸ਼ੀ ਦਾ ਪ੍ਰਗਟਾਵਾ ਭੰਗੜੇ ਦੇ ਰੂਪ ਵਿਚ ਰੂਪਮਾਨ ਹੁੰਦਾ ਹੈ। ਇਹ ਨਾਚ ਭਾਵੇਂ ਹਰ ਖ਼ੁਸ਼ੀ ਦੇ ਮੌਕੇ ’ਤੇ ਨੱਚਿਆ ਜਾਂਦਾ ਹੈ, ਪਰ ਇਸ ਦਾ ਅਤੁੱਟ ਸਬੰਧ ਵਿਸਾਖੀ ਦੇ ਤਿਉਹਾਰ ਨਾਲ ਜੁੜਿਆ ਹੋਇਆ ਹੈ। ਗਿੱਧਾ ਪੰਜਾਬ ਦੇ ਮਾਲਵੇ ਦੇ ਇਲਾਕੇ ਦਾ ਮੁਟਿਆਰਾਂ ਦਾ ਮਨਮੋਹਕ ਨਾਚ ਹੈ। ਗਿੱਧਾ ਕਿਸੇ ਵੀ ਖ਼ੁਸ਼ੀ ਦੇ ਮੌਕੇ ’ਤੇ ਪਾਇਆ ਜਾ ਸਕਦਾ ਹੈ। ਮੁੰਡੇ ਦੀ ਛਟੀ, ਲੋਹੜੀ ਅਤੇ ਵਿਆਹ ਦੇ ਮੌਕੇ ’ਤੇ ਵਿਸ਼ੇਸ਼ ਤੌਰ ’ਤੇ ਪਾਇਆ ਜਾਂਦਾ ਹੈ। ਸਾਉਣ ਦੇ ਮਹੀਨੇ ਪੰਜਾਬੀ ਮੁਟਿਆਰਾਂ ਇਸ ਨੂੰ ਇਕ ਤਿਉਹਾਰ ਦੇ ਰੂਪ ਵਿਚ ਮਨਾਉਂਦੀਆਂ ਹਨ ਜਿਸ ਨੂੰ ਤੀਆਂ ਦਾ ਤਿਉਹਾਰ ਆਖਦੇ ਹਨ। ਗਿੱਧਾ ਪਾਉਣ ਵੇਲੇ ਕੇਵਲ ਨੱਚਿਆ ਹੀ ਨਹੀਂ ਜਾਂਦਾ ਸਗੋਂ ਮਨ ਦੇ ਭਾਵ ਪ੍ਰਗਟਾਉਣ ਲਈ ਨਾਲ ਬੋਲੀਆਂ ਵੀ ਪਾਈਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਗਿੱਧੇ ਦੀਆਂ ਬੋਲੀਆਂ ਆਖਦੇ ਹਨ। ਇਨ੍ਹਾਂ ਬੋਲੀਆਂ ਰਾਹੀਂ ਕੁੜੀਆਂ ਆਪਣੇ ਮਨਾਂ ਦੇ ਹਾਵ ਭਾਵ ਪ੍ਰਗਟ ਕਰਦੀਆਂ ਹਨ। ਗਿੱਧਾ ਕੇਵਲ ਤੀਵੀਆਂ ਹੀ ਨਹੀਂ ਪਾਉਂਦੀਆਂ, ਸਗੋਂ ਮਰਦ ਵੀ ਪਾਉਂਦੇ ਹਨ। ਉਨ੍ਹਾਂ ਦੇ ਗਿੱਧੇ ਦਾ ਰੰਗ ਤੀਵੀਆਂ ਦੇ ਗਿੱਧੇ ਵਰਗਾ ਨਹੀਂ ਹੁੰਦਾ। ਗਿੱਧਾ ਪਾਉਣ ਦਾ ਢੰਗ ਤਾਂ ਔਰਤਾਂ ਵਾਲਾ ਹੀ ਹੈ, ਪਰ ਔਰਤਾਂ ਵਾਲੇ ਨਾਚ ਦੀ ਲਚਕ ਮਰਦਾਂ ਵਿਚ ਨਹੀਂ ਹੁੰਦੀ। ਉਨ੍ਹਾਂ ਦਾ ਵਧੇਰੇ ਜ਼ੋਰ ਬੋਲੀਆਂ ’ਤੇ ਹੀ ਹੁੰਦਾ ਹੈ। ਜੇ ਮਰਦਾਂ ਦਾ ਗਿੱਧਾ ਵੇਖਣਾ ਹੋਵੇ ਤਾਂ ਛਪਾਰ ਦੇ ਮੇਲੇ ’ਤੇ ਇਸ ਦਾ ਆਨੰਦ ਮਾਣਿਆ ਜਾ ਸਕਦਾ ਹੈ। ਲੁੱਡੀ ਪੰਜਾਬੀਆਂ ਦਾ ਬੜਾ ਮਨਮੋਹਕ ਨਾਚ ਰਿਹਾ ਹੈ। ਇਹ ਆਮ ਕਰਕੇ ਕਿਸੇ ਜਿੱਤ ਦੀ ਖ਼ੁਸ਼ੀ ਵਿਚ ਨੱਚਿਆ ਜਾਂਦਾ ਸੀ। ਕਿਸੇ ਮੁਕੱਦਮਾ ਜਿੱਤਿਆ ਹੈ ਜਾਂ ਖੇਡ ਦੇ ਮੈਦਾਨ ਵਿਚ ਮੱਲ ਮਾਰੀ ਹੈ ਤਾਂ ਝਟ ਢੋਲੀ ਨੂੰ ਬੁਲਾ ਕੇ ਜਿੱਤ ਦੀ ਖ਼ੁਸ਼ੀ ਦਾ ਪ੍ਰਗਟਾਵਾ ਲੁੱਡੀ ਪਾ ਕੇ ਹੀ ਕੀਤਾ ਜਾਂਦਾ ਸੀ। ਵਿਆਹ ਦੇ ਮੌਕੇ, ਮੁੰਡੇ ਦੀ ਛਟੀ, ਫ਼ਸਲ ਦੀ ਵਾਢੀ ’ਤੇ ਆਮ ਕਰਕੇ ਅਤੇ ਮੇਲਿਆਂ ਮੁਸਾਵਿਆ ’ਤੇ ਖ਼ਾਸ ਕਰਕੇ ਲੁੱਡੀ ਪਾਈ ਜਾਂਦੀ ਸੀ। ਢੋਲੀ ਆਪਣੇ ਢੋਲ ’ਤੇ ਡੱਗਾ ਮਾਰਦਾ ਹੈ ਤੇ ਲੁੱਡੀ ਦਾ ਤਾਲ ਵਜਾਉਂਦਾ ਹੈ। ਉਸ ਦੀ ਆਵਾਜ਼ ਨਾਲ ਗੱਭਰੂ ਢੋਲੀ ਦੇ ਆਲੇ-ਦੁਆਲੇ ਗੋਲ ਦਾਇਰੇ ਵਿਚ ਘੇਰਾ ਘੱਤ ਲੈਂਦੇ ਹਨ। ਉਹ ਅੱਖਾਂ ਮਟਕਾਉਂਦੇ, ਮੋਢੇ ਹਲਾਉਂਦੇ, ਲੱਕ ਲਚਕਾਉਂਦੇ ਅਤੇ ਛਾਤੀ ਅੱਗੇ ਤਾੜੀ ਮਾਰਦੇ ਹੋਏ ਚੱਕਰ ਵਿਚ ਹੌਲੀ ਹੌਲੀ ਮਸਤ ਚਾਲ ਤੁਰਦੇ ਹਨ, ਫੇਰ ਢੋਲੀ ਇਸ਼ਾਰਾ ਕਰਕੇ ਤਾਲ ਬਦਲਦਾ ਹੈ ਤੇ ਤਿੰਨ ਤਾੜੀਆਂ ਵਜਾਈਆਂ ਜਾਂਦੀਆਂ ਹਨ। ਪਹਿਲੀ ਤਾੜੀ ਘੇਰੇ ਦੇ ਅੰਦਰਲੇ ਪਾਸੇ ਝੁਕ ਕੇ, ਦੂਜੀ ਛਾਤੀ ਅੱਗੇ ਤੇ ਤੀਜੀ ਫੇਰ ਘੇਰੇ ਦੇ ਬਾਹਰਲੇ ਪਾਸੇ ਝੁਕ ਕੇ ਮਾਰੀ ਜਾਂਦੀ ਹੈ। ਨਾਲੋ ਨਾਲ ਤਾਲ ਤੇਜ਼ ਹੋ ਜਾਂਦਾ ਹੈ। ਇਸ ਮਗਰੋਂ ਢੋਲੀ ਫੇਰ ਤਾਲ ਬਦਲਦਾ ਹੈ। ਉਸ ਦੇ ਇਸ਼ਾਰੇ ਨਾਲ ਪਹਿਲਾਂ ਸੱਜੀ ਬਾਂਹ ਤੇ ਸੱਜੀ ਲੱਤ ਚੁੱਕ ਕੇ ਖੱਬੇ ਪੈਰ ਨਾਲ ਕੁੱਦਿਆ ਜਾਂਦਾ ਹੈ ਤੇ ਫੇਰ ਖੱਬੀ ਬਾਂਹ ਤੇ ਖੱਬੀ ਲੱਤ ਚੁੱਕ ਕੇ ਖੱਬੇ ਸੱਜੇ ਪੈਰ ਨਾਲ ਕੁੱਦਦੇ ਹਨ ਤੇ ਨਾਲ ਹੀ ਬੱਲੇ ਬੱਲੇ, ਬੱਲੇ ਸ਼ੇਰਾ, ਬੱਲੇ ਓਏ ਬੱਗਿਆ ਸ਼ੇਰਾ ਬਾਰ-ਬਾਰ ਜ਼ੋਰ ਨਾਲ ਬੋਲਦੇ ਹਨ। ਕਦੇ ਕਦੇ ਉਹ ਨੱਚਦੇ ਹੋਏ ਇਕ ਪੈਰ ਦੇ ਭਾਰ ਬਹਿ ਕੇ ਅੱਧਾ ਚੱਕਰ ਕਟਦੇ ਹਨ। ਢੋਲੀ ਡੱਗੇ ’ਤੇ ਡੱਗਾ ਮਾਰੀ ਜਾਂਦਾ ਹੈ ਤੇ ਨਾਚ ਦੀ ਗਤੀ ਤੇਜ਼ ਹੋਈ ਜਾਂਦੀ ਹੈ। ਗੱਭਰੂ ਨੱਚਦੇ ਹੋਏ ਹਾਲੋਂ ਬੇਹਾਲ ਹੋ ਜਾਂਦੇ ਹਨ। ਪੰਜਾਬ ਦੇ ਪਿੰਡਾਂ ਵਿਚ ਤਰਕਾਲਾਂ ਸਮੇਂ ਮੋਕਲਿਆਂ ਵਿਹੜਿਆਂ ਅਤੇ ਸੰਘਣੀਆਂ ਟਾਹਲੀਆਂ ਹੇਠੋਂ ‘ਕਿੱਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ’ ਦੇ ਬੋਲ ਆਮ ਸੁਣਾਈ ਦਿੰਦੇ ਸਨ। ਇਹ ਬੋਲ ਨਿੱਕੜੀਆਂ ਬੱਚੀਆਂ ਅਤੇ ਜਵਾਨੀ ਦੀਆਂ ਬਰੂਹਾਂ ਤੇ ਖਲੋਤੀਆਂ ਉਨ੍ਹਾਂ ਮੁਟਿਆਰਾਂ ਦੇ ਹਨ ਜਿਹੜੀਆਂ ਵਜਦ ਵਿਚ ਆ ਕੇ ਕਿੱਕਲੀ ਦਾ ਨਾਚ ਨੱਚ ਰਹੀਆਂ ਹੁੰਦੀਆਂ। ਕਿੱਕਲੀ ਪੰਜਾਬੀ ਕੁੜੀਆਂ ਦਾ ਹਰਮਨ ਪਿਆਰਾ ਨਾਚ ਹੈ। ਰੋੜੇ ਖੇਡਦੀਆਂ, ਨਿੱਕੇ ਵੀਰਾਂ ਭੈਣਾਂ ਨੂੰ ਖਿਡਾਉਂਦੀਆਂ ਅਤੇ ਗੁੱਡੇ ਗੁੱਡੀਆਂ ਦਾ ਕਾਜ ਰਚਾਉਂਦੀਆਂ ਹੋਈਆਂ ਕੁੜੀਆਂ ਦਾ ਮਨ ਜਦੋਂ ਹੁਲਾਰਾ ਖਾ ਕੇ ਮਸਤੀ ਵਿਚ ਆਉਂਦਾ ਹੈ ਤਾਂ ਉਹ ਜੋਟੇ ਬਣਾ ਕੇ ਇਕ ਦੂਜੇ ਦੇ ਹੱਥਾਂ ਨੂੰ ਕੰਘੀਆਂ ਪਾ ਕੇ ਘੁੰਮਣ ਲੱਗ ਜਾਂਦੀਆਂ ਹਨ। ਘੁੰਮਦਿਆਂ ਘੁੰਮਦਿਆਂ ਉਨ੍ਹਾਂ ਨੂੰ ਘੁਮੇਰ ਚੜ੍ਹ ਜਾਂਦੀ ਹੈ ਤੇ ਉਹ ਧਰਤੀ ’ਤੇ ਲੋਟ ਪੋਟ ਹੋ ਕੇ ਡਿੱਗ ਪੈਂਦੀਆਂ ਹਨ। ਪੰਜਾਬ ਦੇ ਹੋਰਨਾਂ ਨਾਚਾਂ ਵਾਂਗ ਕਿੱਕਲੀ ਪਾਉਣ ਲਈ ਵੀ ਵਿਸ਼ੇਸ਼ ਸਾਮਾਨ ਅਤੇ ਬੱਝਵੀਂ ਤਕਨੀਕ ਦੀ ਲੋੜ ਨਹੀਂ। ਇਸ ਨੁੂੰ ਦੋ-ਦੋ ਕੁੜੀਆਂ ਆਹਮੋ ਸਾਹਮਣੇ ਖਲੋ ਕੇ ਸੱਜੇ ਹੱਥ ਨੂੰ ਸੱਜੇ ਨਾਲ ਅਤੇ ਖੱਬੇ ਹੱਥ ਨੂੰ ਖੱਬੇ ਹੱਥ ਨਾਲ ਫੜ ਕੇ ਮਧਾਣੀ ਦੇ ਫੁੱਲਾਂ ਵਾਂਗ ਕੰਘੀਆਂ ਪਾ ਲੈਂਦੀਆਂ ਹਨ। ਇਸ ਮਗਰੋਂ ਉਹ ਆਪੋ ਆਪਣੀਆਂ ਅੱਡੀਆਂ ਨੂੰ ਜੋੜ ਕੇ ਇਕ ਦੂਜੀ ਦੇ ਪੈਰਾਂ ਦੀਆਂ ਉਂਗਲਾਂ ਜੋੜਦੀਆਂ ਹਨ ਅਤੇ ਬਾਹਾਂ ਨੂੰ ਤਣਕੇ ਆਪਣੇ ਪੈਰਾਂ ਉੱਪਰ ਚਰਕ ਚੂੰਡੇ ਵਾਂਗ ਘੁੰਮਦੀਆਂ ਹੋਈਆਂ ਗੇੜੇ ਤੇ ਗੇੜਾ ਬੰਨ੍ਹ ਦਿੰਦੀਆਂ ਹਨ। ਮਸ਼ੀਨੀ ਸੱਭਿਅਤਾ ਦੇ ਵਿਕਾਸ ਕਾਰਨ ਸਾਡੇ ਮਨੋਰੰਜਨ ਦੇ ਸਾਧਨ ਵਧ ਗਏ ਹਨ ਜਿਸ ਦਾ ਪ੍ਰਭਾਵ ਸਾਡੇ ਨਾਚਾਂ ’ਤੇ ਵੀ ਪਿਆ ਹੈ। ਇਹ ਨਾਚ ਸਾਡੇ ਲੋਕ ਜੀਵਨ ਵਿਚੋਂ ਲੋਪ ਹੋ ਰਹੇ ਹਨ। ਜ਼ਿੰਦਗੀ ਦੀ ਦੌੜ ਐਨੀ ਤੇਜ਼ ਹੋ ਗਈ ਹੈ ਕਿ ਲੋਕਾਂ ਵਿਚ ਵਿਹਲ ਹੀ ਨਹੀਂ ਰਹੀ ਕਿ ਉਹ ਸਮੂਹਿਕ ਰੂਪ ਵਿਚ ਕੋਈ ਨਾਚ ਨੱਚ ਸਕਣ। ਸਕੂਲਾਂ ਅਤੇ ਕਾਲਜਾਂ ਵਿਚ ਭੰਗੜੇ ਅਤੇ ਗਿੱਧੇ ਨੂੰ ਸੁਰਜੀਤ ਕਰਨ ਦੇ ਯਤਨ ਹੋ ਰਹੇ ਹਨ। ਇਨ੍ਹਾਂ ਨਾਚਾਂ ਨੂੰ ਮੁੜ ਸੁਰਜੀਤ ਕਰਨ ਦੀ ਅਤਿਅੰਤ ਲੋੜ ਹੈ। ਇਹ ਸਾਡੀ ਭਾਈਚਾਰਕ ਸਾਂਝ ਅਤੇ ਸੰਪਰਦਾਇਕ ਏਕਤਾ ਦੇ ਪ੍ਰਤੀਕ ਹਨ। ਸੰਪਰਕ: 94630-34472

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All