ਖ਼ੁਦਕੁਸ਼ੀ ਕਰਨਾ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ

ਭਾਰਤ ਭੂਸ਼ਨ ਆਜ਼ਾਦ

‘ਖ਼ੁਦਕੁਸ਼ੀ’ ਭਾਵ ਆਪਣੇ ਆਪ ਨੂੰ ਮਾਰ ਲੈਣਾ ਅਜਿਹਾ ਵਰਤਾਰਾ ਹੈ ਜੋ ਸਬੰਧਤ ਵਿਅਕਤੀ ਨੂੰ ਜ਼ਿੰਦਗੀ ਤੋਂ ਹਮੇਸ਼ਾ ਲਈ ਛੁਟਕਾਰਾ ਦਿਵਾ ਦਿੰਦਾ ਹੈ, ਹਾਲਾਂਕਿ ਇਸ ਕਾਰਨ ਪਿੱਛੇ ਉਸ ਦਾ ਪਰਿਵਾਰ ਤਿਲ-ਤਿਲ ਕਰ ਕੇ ਮਰਨ ਲਈ ਮਜਬੂਰ ਹੋ ਜਾਂਦਾ ਹੈ। ਖ਼ੁਦਕੁਸ਼ੀ ਦੀ ਸਮੱਸਿਆ ਇਕੱਲੇ ਭਾਰਤ ਹੀ ਨਹੀਂ ਪੂਰੇ ਸੰਸਾਰ ’ਚ ਵੱਡੀ ਸਮੱਸਿਆ ਵਜੋਂ ਉੱਭਰ ਰਹੀ ਹੈ। ਮਨੁੱਖ ਅੰਦਰ ਇਹ ਰੁਝਾਨ ਤੇਜ਼ੀ ਨਾਲ ਵਧ ਰਿਹਾ ਹੈ ਤੇ ਕਿਸੇ ਉਮਰ ਦਾ ਮਨੁੱਖ ਇਸ ਰਾਹ ਤੁਰਨ ਤੋਂ ਗੁਰੇਜ਼ ਨਹੀਂ ਕਰਦਾ। ਮੱਧ ਵਰਗੀ ਪਰਿਵਾਰਾਂ ਵਿਚ ਜਿਥੇ ਖ਼ੁਦਕੁਸ਼ੀਆਂ ਜ਼ਿਆਦਾਤਰ ਆਰਥਿਕ ਤੰਗੀ ਕਰਕੇ ਹੋ ਰਹੀਆਂ ਹਨ, ਉਥੇ ਸਰਦੇ-ਪੁੱਜਦੇ ਪਰਿਵਾਰਾਂ ਵਪਾਰ ’ਚ ਵੱਡਾ ਘਾਟਾ ਜਾਂ ਘਰੇਲੂ ਸਮੱਸਿਆਵਾਂ ਕਾਰਨ ਹੁੰਦੀਆਂ ਹਨ। ਨੌਜਵਾਨ ਇਮਤਿਹਾਨਾਂ ਵਿਚ ਚੰਗੇ ਨੰਬਰ ਨਾ ਆਉਣ ਜਾਂ ਇਕਤਰਫ਼ਾ ਪਿਆਰ ਜਾਂ ਪਿਆਰ ਦੇ ਪ੍ਰਵਾਨ ਨਾ ਚੜ੍ਹ ਸਕਣ ਅਜਿਹਾ ਕਰਦੇ ਹਨ। ਜੀਵਨ ਸਾਥੀ ਨਾਲ ਮਤਭੇਦ ਹੋਣ ਕਰਕੇ ਵੀ ਮਨੁੱਖ ਇਸ ਰਾਹ ਤੁਰਦਾ ਹੈ। ਮਾਨਸਿਕ ਪ੍ਰੇਸ਼ਾਨੀਆਂ ਕਾਰਨ ਮਨੁੱਖ ਆਪਣੀਆਂ ਸਮੱਸਿਆਵਾਂ ਨਾਲ ਲੜਨ ਦੀ ਬਜਾਏ ਮੌਤ ਨੂੰ ਹੀ ਚੁਣਨਾ ਉਚਿਤ ਸਮਝਦਾ ਹੈ, ਕਿਉਂਕਿ ਉਸ ਸਮੇਂ ਉਸਦਾ ਦਿਮਾਗ ਪੂਰੀ ਤਰ੍ਹਾਂ ਸੁੰਨ ਹੋ ਜਾਂਦਾ ਹੈ ਤੇ ਸਰੀਰਕ ਉਹ ਸਭ ਕੁਝ ਕਰਨ ਲਈ ਮਜਬੂਰ ਹੋ ਜਾਂਦਾ ਹੈ, ਜੋ ਉਸ ਸਮੇਂ ਦਿਮਾਗ ਉਸ ਤੋਂ ਕਰਵਾਉਣਾ ਚਾਹੁੰਦਾ ਹੈ। ਇਹ ਗੱਲ ਸਪੱਸ਼ਟ ਕਰਨੀ ਬਣਦੀ ਹੈ ਕਿ ਖ਼ੁਦਕੁਸ਼ੀ ਦਾ ਖ਼ਿਆਲ ਮਨੁੱਖ ਦੇ ਦਿਮਾਗ ਅੰਦਰ ਫ਼ੌਰੀ ਨਹੀਂ ਪੈਦਾ ਹੁੰਦਾ, ਬਲਕਿ ਇਹ ਮਨੁੱਖੀ ਦਿਮਾਗ ਵਿਚ ਹੌਲੀ-ਹੌਲੀ ਪੈਰ ਪਸਾਰਦਾ ਹੈ। ਵਰਲਡ ਹੈਲਥ ਆਰਗੇਨਾਈਜ਼ੇਸ਼ਨ ਵਲੋਂ 2017 ਵਿਚ ਜਾਰੀ ਰਿਪੋਰਟ ਅਨੁਸਾਰ ਹਰ ਸਾਲ ਅੱਠ ਲੱਖ ਲੋਕ ਖ਼ੁਦਕੁਸ਼ੀ ਕਰਦੇ ਹਨ ਤੇ ਹਰ 40 ਮਿੰਟਾਂ ’ਚ ਇਕ ਖ਼ੁਦਕੁਸ਼ੀ ਹੋ ਰਹੀ ਹੈ। ਇਹ ਰੁਝਾਨ 15 ਤੋਂ 29 ਸਾਲ ਦੇ ਨੌਜਵਾਨਾਂ ਵਿਚ ਜ਼ਿਆਦਾ ਹੈ। ਅਫ਼ਰੀਕੀ ਮੁਲਕ ਲੀਸੋਥੋ ਜਿਥੇ ਔਰਤਾਂ ਦੀ ਖ਼ੁਦਕੁਸ਼ੀ ਦਰ ਵਿਚ ਪਹਿਲੇ ਸਥਾਨ ’ਤੇ ਹੈ, ਉਥੇ ਰੂਸ ਮਰਦਾਂ ਦੀ ਖ਼ੁਦਕੁਸ਼ੀ ਵਿਚ। ਸ੍ਰੀਲੰਕਾ ਵਿਚ ਇਕ ਲੱਖ ਦੀ ਅਬਾਦੀ ਪਿੱਛੇ 35.3, ਦੱਖਣੀ ਕੋਰੀਆ ਵਿਚ 28.3 ਖ਼ੁਦਕੁਸ਼ੀਆਂ ਦਾ ਰਿਕਾਰਡ ਹੈ। ਲਿਥੂਆਨੀਆ, ਪੌਲੈਂਡ ਸਮੇਤ ਕਈ ਹਯੂਰਪੀਅਨ ਮੁਲਕਾਂ ਵਿਚ ਇਕ ਲੱਖ ਆਬਾਦੀ ਮਗਰ ਸਿਰਫ 22 ਮਾਮਲੇ ਹੀ ਉਜਾਗਰ ਹੋਏ ਹਨ। ਭਾਰਤ ਅੰਦਰ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਅਨੁਸਾਰ ਸਾਲ 2017 ਦੌਰਾਨ 14 ਸਾਲ ਦੀ ਉਮਰ ਤੋਂ ਉਪਰ ਦੇ 790 ਬੱਚਿਆਂ, ਅਠਾਰਾਂ ਸਾਲ ਤੋਂ ਵੱਧ ਦੇ 3672 ਨੌਜਵਾਨਾਂ, ਤੀਹ ਸਾਲ ਤੋਂ ਵੱਧ ਦੇ 26883 ਵਿਆਹੁਤਾ ਮਰਦ/ਔਰਤਾਂ, 45 ਸਾਲ ਤੋਂ ਵੱਧ ਦੇ 32654 ਵਿਅਕਤੀਆਂ, 60 ਸਾਲ ਤੱਕ ਦੇ 19897 ਬਜ਼ੁਰਗਾਂ ਅਤੇ 60 ਸਾਲ ਤੋਂ ਵੱਧ ਦੇ 7632 ਬਜ਼ੁਰਗਾਂ ਨੇ ਖ਼ੁਦਕੁਸ਼ੀ ਕੀਤੀ। ਭਾਰਤੀ ਕਿਸਾਨ ਯੂਨੀਅਨ ਨੇ ਇਕ ਰਿਪੋਰਟ ਮੁਤਾਬਕ ਲੰਘੇ ਦਸ ਸਾਲਾਂ ਦੌਰਾਨ ਇਕ ਹਜ਼ਾਰ ਦੇ ਕਰੀਬ ਕਿਸਾਨਾਂ ਨੇ ਖ਼ੁਦਕੁਸ਼ੀਆਂ ਕੀਤੀਆਂ। ਮੀਡੀਆ ਰਾਹੀਂ ਖ਼ੁਦਕੁਸ਼ੀ ਦੀਆਂ ਰੋਜ਼ਾਨਾ ਦੋ-ਤਿੰਨ ਖ਼ਬਰਾਂ ਪੜ੍ਹਨ-ਸੁਨਣ ਨੂੰ ਮਿਲ ਰਹੀਆਂ ਹਨ। ਇਸ ਜਨੂੰਨ ਵਿਚ ਮਨੁੱਖ ਆਪਣੇ ਰੁਤਬੇ ਦੀ ਵੀ ਪ੍ਰਵਾਹ ਨਹੀਂ ਕਰਦਾ, ਜਿਵੇਂ 23 ਨਵੰਬਰ 2016 ਨੂੰ ਮੁੰਬਈ ਦੇ ਪੁਲੀਸ ਕਮਿਸ਼ਨਰ ਹਿਮਾਂਸ਼ੂ ਰਾਏ ਨੇ ਬਿਮਾਰੀ ਤੋਂ ਤੰਗ ਆ ਕੇ ਆਪਣੀ ਸਰਵਿਸ ਰਿਵਾਲਵਰ ਨਾਲ ਆਪਣੇ ਆਪ ਨੂੰ ਮਾਰ ਲਿਆ। ਜੈਤੋ ਸਬ-ਡਿਵੀਜ਼ਨ ਵਿਚ ਤਾਇਨਾਤ ਡੀਐਸਪੀ ਬਲਵਿੰਦਰ ਸਿੰਘ ਵੀ ਇਕ ਜਨਤਕ ਵਿਵਾਦ ਨੂੰ ਸੁਲਝਾਉਣ ਦੀ ਕੋਸ਼ਿਸ਼ ’ਚ ਮਾਨਸਿਕ ਪੱਖੋਂ ਇੰਨੇ ਪ੍ਰੇਸ਼ਾਨ ਹੋ ਗਏ ਕਿ ਉਨ੍ਹਾਂ ਪ੍ਰਦਰਸ਼ਨਕਾਰੀਆਂ ਵਿਚ ਹੀ ਖੜ੍ਹ ਕੇ ਸਰਵਿਸ ਰਿਵਾਲਵਰ ਨਾਲ ਖ਼ੁਦ ਨੂੰ ਗੋਲੀ ਮਾਰ ਲਈ। ਮਨੋਰੋਗ ਮਾਹਿਰਾਂ ਮੁਤਾਬਕ ਮਨੁੱਖੀ ਦਿਮਾਗ ਹਮੇਸ਼ਾ ਕੰਮ ਕਰਦਾ ਰਹਿੰਦਾ ਹੈ। ਕਈ ਵਾਰ ਗਹਿਰੀ ਨੀਂਦ ਸੁੱਤਾ ਪਿਆ ਮਨੁੱਖ ਅਚਾਨਕ ਉਠ ਕੇ ਸੋਚਣ ਲੱਗ ਪੈਂਦਾ ਹੈ। ਇਸ ਤਰਾਂ ਦਿਮਾਗ ਦੇ ਅੰਦਰ ਕਈ ਹਿੱਸੇ ਹੁੰਦੇ ਹਨ, ਜੇ ਕਿਸੇ ਹਿੱਸੇ ਅੰਦਰ ਕੋਈ ਗੱਲ ਭਾਰੂ ਪੈ ਜਾਵੇ ਤਾਂ ਉਹ ਜਨੂੰਨ ਬਣ ਜਾਂਦੀ ਹੈ। ਇਸ ਨੂੰ ਜੇ ਤੁਰੰਤ ਰੋਕ ਲਿਆ ਜਾਵੇ ਤਾਂ ਮਨੁੱਖ ਖ਼ੁਦਕੁਸ਼ੀ ਤੋਂ ਟਲ ਸਕਦਾ ਹੈ। ਖ਼ੁਦਕੁਸ਼ੀਆਂ ਦੇ ਵਧ ਰਹੇ ਰੁਝਾਨ ਵਿਚ ਸਰਕਾਰਾਂ ਦੀਆਂ ਨੀਤੀਆਂ ਵੀ ਕਾਫੀ ਹੱਦ ਦੋਸ਼ੀ ਹਨ। ਸਰਕਾਰਾਂ ਨੂੰ ਆਪਣੇ ਨਾਗਿਰਕਾਂ ਲਈ ਰੁਜ਼ਗਾਰ ਦੇ ਸਾਧਨ ਪੈਦਾ ਕਰਨੇ ਚਾਹੀਦੇ ਹਨ, ਸਿੱਖਿਆ ਨੂੰ ਵਪਾਰ ਨਾ ਬਣਨ ਤੋਂ ਰੋਕਣਾ ਚਾਹੀਦਾ ਤੇ ਚੰਗੇਰੀ ਸਿੱਖਿਆ ਰਾਹੀਂ ਮਨੁੱਖ ਨੂੰ ਇਸ ਵਿਰੁੱਧ ਲੜਨ ਲਈ ਤਿਆਰ ਕਰਨਾ ਚਾਹੀਦਾ ਹੈ। ਦੇਸ਼ ਅੰਦਰ ਹੁਣ ਤੱਕ ਹੋਈਆਂ ਖ਼ੁਦਕੁਸ਼ੀਆਂ ਸਬੰਧੀ ਸਰਵੇ ਹੋਣਾ ਚਾਹੀਦਾ ਹੈ। ਪੰਜਾਬ ਵਿਚ ਅੰਦਰ ਮਨੋਰੋਗ ਡਾਕਟਰਾਂ ਦੀ ਕਮੀ ਪੂਰੀ ਕੀਤੀ ਜਾਣੀ ਚਾਹੀਦੀ ਹੈ। ਖ਼ੁਦਕੁਸ਼ੀ ’ਕਾਇਰਤਾ’ ਵਾਲਾ ਕਦਮ ਹੈ ਤੇ ਇਸ ਦੀ ਬਜਾਏ ਮਨੁੱਖ ਨੂੰ ਸਮੱਸਿਆਵਾਂ ਨਾਲ ਲੜਨਾ ਚਾਹੀਦਾ ਹੈ। ਸਮਾਜ ਸੇਵੀ ਸੰਸਥਾਵਾਂ ਇਸ ਵੀ ਇਸ ਰੁਝਾਨ ਖ਼ਿਲਾਫ਼ ਜਾਗਰੂਕਤਾ ਲਹਿਰ ਚਲਾਉਣੀ ਚਾਹੀਦੀ ਹੈ।

-ਕੋਟਕਪੂਰਾ ਸੰਪਰਕ: 98721-12457

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪੰਜਾਬ ਦੇ ਸਾਰੇ ਮੰਤਰੀਆਂ ਦਾ ਹੋਵੇਗਾ ਕਰੋਨਾ ਟੈਸਟ

ਪੰਜਾਬ ਦੇ ਸਾਰੇ ਮੰਤਰੀਆਂ ਦਾ ਹੋਵੇਗਾ ਕਰੋਨਾ ਟੈਸਟ

ਇਕ ਮੰਤਰੀ ਦੇ ਪਾਜ਼ੇਟਿਵ ਆਉਣ ਬਾਅਦ ਮੁੱਖ ਮੰਤਰੀ ਨੇ ਕੈਬਨਿਟ ਨੂੰ ਦਿੱਤੀ...

ਸੋਹਾਣਾ ਦੇ ਨਰਸਿੰਗ ਸਟਾਫ ਨੂੰ ਕਰੋਨਾ; ਹਸਪਤਾਲ ਦੀ ਓਪੀਡੀ ਬੰਦ

ਸੋਹਾਣਾ ਦੇ ਨਰਸਿੰਗ ਸਟਾਫ ਨੂੰ ਕਰੋਨਾ; ਹਸਪਤਾਲ ਦੀ ਓਪੀਡੀ ਬੰਦ

ਮੁਹਾਲੀ ਜ਼ਿਲ੍ਹੇ ਵਿੱਚ 13 ਨਵੇਂ ਮਾਮਲੇ; ਮਾਇਓ ਹਸਪਤਾਲ ਵਿੱਚ ਵੀ ਆਏ ਚਾ...

ਸ਼ਹਿਰ

View All