ਖ਼ਜ਼ਾਨੇ ਦੀ ਮਜ਼ਬੂਤੀ ਲਈ ਵਚਨਬੱਧ, ਪਰ ਖਰਚਿਆਂ ਨਾਲ ਕੋਈ ਸਮਝੌਤਾ ਨਹੀਂ: ਸੀਤਾਰਾਮਨ

ਨਵੀਂ ਦਿੱਲੀ, 10 ਜੁਲਾਈ

ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਬੁੱਧਵਾਰ ਨੂੰ ਲੋਕ ਸਭਾ ਵਿੱਚ ਸੰਬੋਧਨ ਕਰਦੇ ਹੋਏ। -ਫੋਟੋ: ਪੀਟੀਆਈ

ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਕਿਹਾ ਕਿ ਸਰਕਾਰ ਜਨਤਕ ਖਰਚਿਆਂ ਨਾਲ ਸਮਝੌਤਾ ਕੀਤੇ ਬਿਨਾਂ ਖ਼ਜ਼ਾਨੇ ਨੂੰ ਵਿੱਤੀ ਮਜ਼ਬੂਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਹੇ ਮੁਤਾਬਕ ਭਾਰਤ ਨੂੰ ਸਾਲ 2024-25 ਤਕ 5 ਅਰਬ ਅਮਰੀਕੀ ਡਾਲਰ ਦਾ ਅਰਥਚਾਰਾ ਬਣਾਉਣ ਲਈ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਵਧਾਉਣ, ਸਿੱਧੇ ਵਿਦੇਸ਼ੀ ਨਿਵੇਸ਼ ਨੀਤੀ ਦੀਆਂ ਸ਼ਰਤਾਂ ਨੂੰ ਨਰਮ ਕਰਨ ਤੇ ਕਾਰਪੋਰੇਟ ਟੈਕਸ ਨੂੰ ਘਟਾਉਣ ਜਿਹੇ ਕਈ ਕਦਮ ਚੁੱਕੇ ਹਨ। ਵਿੱਤ ਮੰਤਰੀ 5 ਜੁਲਾਈ ਨੂੰ ਪੇਸ਼ ਕੀਤੇ ਕੇਂਦਰੀ ਬਜਟ ’ਤੇ ਹੋਈ ਬਹਿਸ ਦਾ ਜਵਾਬ ਦੇ ਰਹੇ ਸਨ। ਇਸ ਦੌਰਾਨ ਕਾਂਗਰਸ ਸਮੇਤ ਕਈ ਹੋਰਨਾਂ ਵਿਰੋਧੀ ਪਾਰਟੀਆਂ ਨੇ ਪੈਟਰੋਲ ਤੇ ਡੀਜ਼ਲ ’ਤੇ ਤਜਵੀਜ਼ਤ ਦੋ ਫੀਸਦ ਸੈੱਸ ਲਗਾਏ ਜਾਣ ਨੂੰ ਲੋਕ ਵਿਰੋਧੀ ਬਜਟ ਕਰਾਰ ਦਿੰਦਿਆਂ ਨਾਅਰੇਬਾਜ਼ੀ ਕੀਤੀ। ਮਗਰੋਂ ਵਿਰੋਧੀ ਪਾਰਟੀਆਂ ਸੈੱਸ ਘਟਾਏ ਜਾਣ ਦੀ ਮੰਗ ਨੂੰ ਲੈ ਕੇ ਸਦਨ ’ਚੋਂ ਵਾਕਆਊਟ ਕਰ ਗਈਆਂ। ਵਿੱਤ ਮੰਤਰੀ ਨੇ ਕਿਹਾ, ‘ਸਰਕਾਰ ਸਰਕਾਰੀ ਖ਼ਜ਼ਾਨੇ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਅੱਗੇ ਵਧਣ ਲਈ ਵਚਨਬੱਧ ਹੈ ਤੇ ਇਸ ਟੀਚੇ ਦੀ ਪ੍ਰਾਪਤੀ ਲਈ ਵੱਖ ਵੱਖ ਖੇਤਰਾਂ ਵਿੱਚ ਕੀਤੇ ਜਾਣ ਵਾਲੇ ਸਰਕਾਰੀ ਖਰਚਿਆਂ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।’ ਉਨ੍ਹਾਂ ਕਿਹਾ ਕਿ ਵਿੱਤੀ ਸਾਲ 2019-20 ਦੇ ਨਿਯਮਤ ਬਜਟ ਲਈ ਵਿੱਤੀ ਘਾਟਾ ਜੀਡੀਪੀ ਦਾ 3.3 ਫੀਸਦ ਹੈ ਜਦੋਂਕਿ ਫਰਵਰੀ ਵਿੱਚ ਪੇਸ਼ ਕੀਤੇ ਅੰਤਰਿਮ ਬਜਟ ਵਿੱਚ ਤਜਵੀਜ਼ਤ ਵਿੱਤੀ ਘਾਟਾ 3.4 ਫੀਸਦ ਸੀ। ਉਨ੍ਹਾਂ ਕਿਹਾ ਕਿ ਬਜਟ ਵਿੱਚ ਜਿਹੜੇ ਵੀ ਅੰਕੜਿਆਂ ਦਾ ਜ਼ਿਕਰ ਹੈ, ਉਹ ਬਿਲਕੁਲ ਮੌਲਿਕ ਹਨ। ਵਿੱਤ ਮੰਤਰੀ ਨੇ ਬਜਟ ’ਤੇ ਹੋਈ ਬਹਿਸ ਦਾ ਜਵਾਬ ਦਿੰਦਿਆਂ ਪੈਟਰੋਲ ਤੇ ਡੀਜ਼ਲ ’ਤੇ ਤਜਵੀਜ਼ਤ ਸੈੱਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ। ਉਂਜ ਸੈੱਸ 2 ਫੀਸਦ ਵਧਾਉਣ ਦੇ ਫੈਸਲੇ ਨਾਲ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਕ੍ਰਮਵਾਰ 2.40 ਰੁਪਏ ਤੇ 2.36 ਰੁਪਏ ਪ੍ਰਤੀ ਲਿਟਰ ਵਧ ਗਈਆਂ ਹਨ। -ਪੀਟੀਆਈ

ਜਨ ਧਨ ਖਾਤਿਆਂ ’ਚ ਜਮ੍ਹਾਂ ਰਾਸ਼ੀ ਇਕ ਲੱਖ ਕਰੋੜ ਨੂੰ ਟੱਪੀ ਨਵੀਂ ਦਿੱਲੀ: ਮੋਦੀ ਸਰਕਾਰ ਵੱਲੋਂ ਪੰਜ ਸਾਲ ਪਹਿਲਾਂ ਸ਼ੁਰੂ ਕੀਤੀ ਜਨ ਧਨ ਸਕੀਮ ਤਹਿਤ ਖੁੱਲ੍ਹੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਰਾਸ਼ੀ ਇਕ ਲੱਖ ਕਰੋੜ ਰੁਪਏ ਦੇ ਮੀਲਪੱਥਰ ਨੂੰ ਪਾਰ ਕਰ ਗਈ ਹੈ। ਵਿੱਤ ਮੰਤਰਾਲੇ ਵੱਲੋਂ ਜਾਰੀ ਸੱਜਰੇ ਅੰਕੜਿਆਂ ਮੁਤਾਬਕ ਪ੍ਰਧਾਨ ਮੰਤਰੀ ਜਨ ਧਨ ਯੋਜਨਾ (ਪੀਐੱਮਜੇਡੀਵਾਈ) ਤਹਿਤ ਖੁੱਲ੍ਹੇ 36.06 ਕਰੋੜ ਤੋਂ ਵੱਧ ਖਾਤਿਆਂ ਵਿਚ ਤਿੰਨ ਜੁਲਾਈ ਤਕ 1,00,495.94 ਕਰੋੜ ਰੁਪਏ ਦੀ ਰਾਸ਼ੀ ਜਮ੍ਹਾਂ ਹੈ। ਸਕੀਮ ਦੀ ਸ਼ੁਰੂਆਤ 28 ਅਗਸਤ 2014 ਨੂੰ ਕੀਤੀ ਗਈ ਸੀ ਤੇ ਇਸ ਦਾ ਮੁੱਖ ਮੰਤਵ ਮੁਲਕ ਦੇ ਲੋਕਾਂ ਦੀ ਬੈਂਕਿੰਗ ਸਹੂਲਤਾਂ ਤਕ ਵਿਆਪਕ ਰਸਾਈ ਨੂੰ ਸੰਭਵ ਬਣਾਉਣਾ ਸੀ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All