ਕੰਪਿਊਟਰ 'ਤੇ ਪੰਜਾਬੀ ਟਾਈਪਿੰਗ ਦੇ ਤਰੀਕੇ

ਕੰਪਿਊਟਰ 'ਤੇ ਪੰਜਾਬੀ ਟਾਈਪਿੰਗ ਦੇ ਤਰੀਕੇ

ਸੀ.ਪੀ. ਕੰਬੋਜ

ਕੰਪਿਊਟਰ 'ਤੇ ਪੰਜਾਬੀ ਵਿਚ ਟਾਈਪ ਕਰਨਾ ਕੋਈ ਔਖਾ ਕੰਮ ਨਹੀਂ ਪਰ ਫੌਂਟਾਂ ਅਤੇ ਕੀ-ਬੋਰਡ ਦੀ ਵੱਡੀ ਗਿਣਤੀ ਅਤੇ ਵਖਰੇਵੇਂ ਕਾਰਨ ਸਥਿਤੀ ਉਲਝਣ ਵਾਲੀ ਬਣ ਗਈ ਹੈ। ਕੰਪਿਊਟਰ 'ਤੇ ਪੰਜਾਬੀ ਟਾਈਪ ਕਰਨ ਲਈ ਅਨੇਕਾਂ ਢੰਗ-ਤਰੀਕੇ ਪ੍ਰਚਲਿਤ ਹਨ। ਇਨ੍ਹਾਂ ਵਿਚੋਂ ਚਾਰ ਪ੍ਰਮੁੱਖ ਤਰੀਕਿਆਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਜਾ ਰਹੀ ਹੈ: ਆਨ-ਸਕਰੀਨ ਕੀ-ਬੋਰਡ ਵਿਧੀ: ਆਨ-ਸਕਰੀਨ ਕੀ-ਬੋਰਡ ਤੋਂ ਭਾਵ ਅਜਿਹੇ ਕੀ-ਬੋਰਡ ਤੋਂ ਹੈ ਜਿਹੜਾ ਸਕਰੀਨ ਉੱਤੇ ਹੀ ਦਿਖਾਈ ਦਿੰਦਾ ਹੈ ਤੇ ਉਸ ਨੂੰ ਮਾਊਸ ਦੀ ਮਦਦ ਨਾਲ ਵਰਤਿਆ ਜਾ ਸਕਦਾ ਹੈ। ਅਜਿਹੇ ਤਰੀਕੇ ਵਿਚ ਦੂਸਰੇ ਕੀ-ਬੋਰਡ (ਹਾਰਡਵੇਅਰ) ਦੀ ਬਿਲਕੁਲ ਹੀ ਜ਼ਰੂਰਤ ਨਹੀਂ ਪੈਂਦੀ। ਪੰਜਾਬੀ ਟਾਈਪ ਕਰਨ ਦਾ ਇਹ ਇਕ ਮੁੱਢਲਾ ਤਰੀਕਾ ਹੈ। ਇਹ ਉਹਨਾਂ ਵਰਤੋਂਕਾਰਾਂ ਲਈ ਜ਼ਿਆਦਾ ਮਦਦਗਾਰ ਹੈ, ਜਿਨ੍ਹਾਂ ਨੂੰ ਹਾਲਾਂ ਪੰਜਾਬੀ ਅੱਖਰਾਂ ਤੇ ਲਗਾਂ-ਮਾਤਰਾਵਾਂ ਬਾਰੇ ਬਹੁਤ ਹੀ ਘੱਟ ਜਾਣਕਾਰੀ ਹੈ। ਇਸ ਵਿਧੀ ਰਾਹੀਂ ਟਾਈਪ ਕਰਨ ਲਈ ਮਾਈਕ੍ਰੋਸਾਫਟ ਵਿੰਡੋਜ਼ ਦਾ ਕੀ-ਬੋਰਡ (ਸਟਾਰਟ ਬਟਨ > 'ਰਨ' ਬਾਕਸ > osk > ਐਂਟਰ), ਯੂਨੀਕੋਡ ਟਾਈਪਿੰਗ ਪੈਡ (g੨s.learnpunjabi.org.in/unipad.aspx) ਜਾਂ ਗੂਗਲ ਆਨ ਸਕਰੀਨ ਕੀ-ਬੋਰਡ (labs.google. co.in/keyboards/punjabi.html) ਵਰਤਿਆ ਜਾ ਸਕਦਾ ਹੈ। ਰੋਮਨ ਅੱਖਰੀ ਪ੍ਰਣਾਲੀ: ਰੋਮਨ ਅੱਖਰਾਂ ਰਾਹੀਂ ਟਾਈਪ ਕਰਨ ਦੇ ਤਰੀਕੇ ਨੂੰ ਰੋਮਨ ਅੱਖਰੀ ਪ੍ਰਣਾਲੀ ਜਾਂ ਰੋਮਨਾਈਜ਼ਡ ਟਾਈਪਿੰਗ ਕਿਹਾ ਜਾਂਦਾ ਹੈ। ਇਸ ਕਿਸਮ ਦੀ ਟਾਈਪਿੰਗ ਵਿਚ ਰੋਮਨ ਅੱਖਰਾਂ ਦੀ ਵਰਤੋਂ ਕਰਕੇ ਗੁਰਮੁਖੀ ਅੱਖਰ ਪਾਏ ਜਾਂਦੇ ਹਨ। ਇਸ ਤਰੀਕੇ ਵਿਚ ਇਕ ਅਜਿਹੇ ਪ੍ਰੋਗਰਾਮ ਦੀ ਮਦਦ ਲਈ ਜਾਂਦੀ ਹੈ ਜਿਹੜਾ ਇਕ ਸ਼ਬਦ-ਕੋਸ਼ ਨਾਲ ਜੁੜਿਆ ਹੁੰਦਾ ਹੈ। ਇਹ ਸ਼ਬਦ-ਕੋਸ਼ ਅੱਖਰ ਜਾਂ ਸ਼ਬਦ ਦੀ ਸਿਰਜਨਾ ਕਰਦੇ ਸਮੇਂ ਸਾਨੂੰ ਅਲੱਗ-ਅਲੱਗ ਸੁਮੇਲ (ਕੰਬੀਨੇਸ਼ਨ) ਮੁਹੱਈਆ ਕਰਵਾਉਂਦਾ ਹੈ। ਇਹਨਾਂ ਸੁਮੇਲਾਂ ਵਿਚੋਂ ਵਰਤੋਂਕਾਰ ਢੁੱਕਵੇ ਅੱਖਰ ਜਾਂ ਸ਼ਬਦ ਦੀ ਚੋਣ ਕਰਕੇ ਟਾਈਪ ਕਰਦਾ ਜਾਂਦਾ ਹੈ। ਇਹ ਤਕਨੀਕ ਬਿਲਕੁਲ ਉਸੇ ਤਰ੍ਹਾਂ ਹੈ ਜਿਸ ਤਰ੍ਹਾਂ ਮੋਬਾਈਲ ਫੋਨ ਰਾਹੀਂ ਰੋਮਨ ਅੱਖਰਾਂ ਦੀ ਮਦਦ ਨਾਲ ਪੰਜਾਬੀ ਵਿਚ ਸੰਦੇਸ਼ ਟਾਈਪ ਕੀਤਾ ਜਾਂਦਾ ਹੈ। ਇਸ ਦੀ ਵਿਲੱਖਣਤਾ ਇਹ ਹੈ ਕਿ ਤੁਸੀਂ ਜਿਉਂ ਹੀ ਰੋਮਨ ਸ਼ਬਦ ਟਾਈਪ ਕਰਨ ਉਪਰੰਤ ਕੀ-ਬੋਰਡ ਦੀ ਸਪੇਸ ਬਾਰ ਦਬਾਉਂਦੇ ਹੋ, ਉਹ ਗੁਰਮੁਖੀ ਲਿਪੀ ਵਿਚ ਤਬਦੀਲ ਹੋ ਜਾਂਦਾ ਹੈ। ਟਾਈਪਿੰਗ ਦੇ ਇਸ ਤਰੀਕੇ ਵਿਚ ਖਾਮੀ ਇਹ ਹੈ ਕਿ ਇਹ ਰੋਮਨ ਅੱਖਰਾਂ ਵਿਚ ਲਿਖੇ ਹਰੇਕ ਸ਼ਬਦ ਦੇ ਅਨੁਰੂਪ ਪੰਜਾਬੀ (ਗੁਰਮੁਖੀ) ਵਿਚ ਸ਼ਬਦ ਘੜਨ ਦੇ ਅਸਮਰੱਥ ਹੈ। ਇਹੀ ਕਾਰਨ ਹੈ ਕਿ ਅਸੀਂ ਕਈ ਵਾਰ ਸ਼ੁੱਧ ਸ਼ਬਦ-ਜੋੜਾਂ ਦਾ ਸੁਮੇਲ ਨਹੀਂ ਬਣਾ ਸਕਦੇ। ਇਸ ਪ੍ਰਣਾਲੀ ਦਾ ਲਾਭ ਲੈਣ ਲਈ ਗੂਗਲ ਟ੍ਰਾਂਸਲਿਟਰੇਸ਼ਨ ਸੁਵਿਧਾ (google. com/transliterate/punjabi), ਯੂਨੀਕੋਡ ਟਾਈਪਿੰਗ ਪੈਡ (g੨s.learnpunjabi.org.in/unipad.aspx) ਅਤੇ ਕੁਇਲ ਪੈਡ (quillpad.com/Punjabi) 3 ਵਿਚੋਂ ਕਿਸੇ ਨੂੰ ਵੀ ਅਜ਼ਮਾਇਆ ਜਾ ਸਕਦਾ ਹੈ। ਫੋਨੈਟਿਕ ਤਰੀਕਾ ਇਹ ਇਕ ਧੁਨੀਆਤਮਿਕ ਵਿਧੀ ਹੈ। ਇਸ ਵਿਧੀ ਰਾਹੀਂ ਵਰਤੋਂਕਾਰ ਅੰਗਰੇਜ਼ੀ ਦੇ ਅੱਖਰਾਂ ਦੀਆਂ ਧੁਨਾਂ ਦੇ ਅਧਾਰ 'ਤੇ ਗੁਰਮੁਖੀ ਅੱਖਰਾਂ ਨੂੰ ਟਾਈਪ ਕਰਦਾ ਹੈ। ਇਹ ਵਿਧੀ ਉਨ੍ਹਾਂ ਗੈਰ-ਟਾਈਪਿਸਟ ਵਰਤੋਂਕਾਰਾਂ ਲਈ ਪ੍ਰਸਿੱਧ ਹੋਈ ਹੈ ਜੋ ਕੰਪਿਊਟਰ 'ਤੇ ਸ਼ੁੱਧ ਪੰਜਾਬੀ ਲਿਖਣਾ ਚਾਹੁੰਦੇ ਹਨ। ਇਸ ਤਕਨੀਕ ਦੀ ਸਿਖਲਾਈ ਲਈ ਬਹੁਤੀ ਜੱਦੋ-ਜਹਿਦ ਜਾਂ ਜ਼ੋਖਮ ਉਠਾਉਣ ਦੀ ਲੋੜ ਨਹੀਂ ਪੈਂਦੀ। ਪੂਰੇ ਇਕਾਗਰ ਚਿਤ ਹੋ ਕੇ ਅਭਿਆਸ ਕੀਤਾ ਜਾਵੇ ਤਾਂ ਕੁਝ ਕੁ ਮਿੰਟਾਂ ਦੀ ਹੀ ਖੇਡ ਹੈ। ਇਹ ਪੂਰੀ ਤਰ੍ਹਾਂ ਅੰਗਰੇਜ਼ੀ ਅੱਖਰਾਂ ਦੀਆਂ ਧੁਨਾਂ 'ਤੇ ਅਧਾਰਿਤ ਹੈ। ਜਿਸ ਕਾਰਨ ਇਕ ਆਮ ਵਰਤੋਂ ਵਾਲੇ ਅੰਗਰੇਜ਼ੀ ਦੇ ਕੀ-ਬੋਰਡ ਰਾਹੀਂ ਹੀ ਕੰਮ ਚਲਾਇਆ ਜਾ ਸਕਦਾ ਹੈ। ਧੁਨਾਂ ਦੇ ਅਧਾਰ 'ਤੇ ਟਾਈਪ ਕਰਨ ਲਈ ਅਨੇਕਾਂ ਫੌਂਟਾਂ ਦਾ ਵਿਕਾਸ ਹੋ ਚੁੱਕਾ ਹੈ। ਆਮ ਵਰਤੋਂ ਵਾਲੇ ਫੋਨੈਟਿਕ ਫੌਂਟ ਇਸ ਪ੍ਰਕਾਰ ਹਨ: ਅਨਮੋਲ ਲਿਪੀ, ਧਨੀਰਾਮ ਚਾਤ੍ਰਿਕ ਵੈੱਬ, ਅਮਰ ਲਿਪੀ, ਅੰਮ੍ਰਿਤ ਲਿਪ  ਸਮਤੋਲ, ਸ੍ਰੀ ਅੰਗਦ, ਸ੍ਰੀ ਗ੍ਰੰਥ ਆਦਿ ਫੋਨੈਟਿਕ ਫੌਂਟਾਂ ਨੂੰ ਹੇਠਾਂ ਲਿਖੇ ਸ੍ਰੋਤਾਂ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ: gurbaniakhar.org (ਲਿੰਕ: ਪੰਜਾਬੀ ਫੌਂਟ) likhari.org (ਲਿੰਕ: ਡਾਊਨਲੋਡ ਪੰਜਾਬੀ ਫੌਂਟ) sgpc.net (ਲਿੰਕ: ਡਾਊਨਲੋਡ ਫੌਂਟ) sites. google.com/site/jantabulletinindia (ਲਿੰਕ: ਪੰਜਾਬੀ ਫੌਂਟ) sikhnet.com (ਲਿੰਕ: ਡਾਊਨਲੋਡ > ਗੁਰਬਾਣੀ ਫੌਂਟ) sikhstudentsfedration.com (ਲਿੰਕ: ਮੋਰ > ਪੰਜਾਬੀ ਫੌਂਟਸ) salrc. uchicago.edu (ਲਿੰਕ: ਰਿਸੋਰਸਿਜ਼ > ਫੌਂਟਸ) wa੍ਰu.jp (ਲਿੰਕ: ਗੁਰਮੁਖੀ) ਫੋਨੈਟਿਕ ਵਿਧੀ ਰਾਹੀਂ ਟਾਈਪ ਕਰਨਾ ਬਹੁਤ ਹੀ ਅਸਾਨ ਤੇ ਭਰੋਸੇਮੰਦ ਹੈ। ਇਸ ਨਾਲ ਤੁਸੀਂ ਆਪਣੀ ਜ਼ਰੂਰਤ ਅਨੁਸਾਰ ਕੋਈ ਵੀ ਸ਼ਬਦ ਟਾਈਪ ਕਰ ਸਕਦੇ ਹੋ। ਫੋਨੈਟਿਕ ਟਾਈਪਿੰਗ ਲਈ ਹੇਠਾਂ ਲਿਖੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ: ਗੁਰਮੁਖੀ ਦੇ ਅਘੋਸ਼ (ਨਾਦ-ਰਹਿਤ ਜਾਂ ਅਲਪ੍ਰਾਣ) ਵਿਅੰਜਨ (ਜਿਵੇਂ ਕਿ ਕ, ਗ, ਪ, ਬ ਆਦਿ) ਟਾਈਪ ਕਰਨ ਲਈ ਤੁਹਾਡਾ ਕੀ-ਬੋਰਡ ਆਮ ਸਥਿਤੀ ਵਿਚ ਹੋਣਾ ਚਾਹੀਦਾ ਹੈ ਅਰਥਾਤ 'ਸ਼ਿਫਟ ਕੀ' ਨਹੀਂ ਦਬਾਉਣੀ। ਇਸੇ ਪ੍ਰਕਾਰ ਸਘੋਸ਼ (ਮਹਾ-ਪ੍ਰਾਣ) ਵਿਅੰਜਨ (ਜਿਵੇਂ ਕਿ ਖ, ਘ, ਫ, ਭ ਆਦਿ) ਪਾਉਣ ਲਈ ਕੀ-ਬੋਰਡ ਦੀ ਸ਼ਿਫਟ ਕੀ ਦਬਾਈ ਜਾਂਦੀ ਹੈ। ਮਿਸਾਲ ਵਜੋਂ 'ਕ' ਪਾਉਣ ਲਈ ਕੀ-ਬੋਰਡ ਦੀ 'k’ਕੀਅ (ਛੋਟੀ 'ਕੇ') ਨੂੰ ਦਬਾਇਆ ਜਾਂਦਾ ਹੈ। ਇਸੇ ਪ੍ਰਕਾਰ 'ਖ' ਅੱਖਰ ਟਾਈਪ ਕਰਨ ਲਈ ਇਕ ਉਂਗਲ ਨਾਲ ਸ਼ਿਫਟ ਕੀਅ ਦਬਾਈ ਜਾਂਦੀ ਹੈ ਤੇ ਦੂਸਰੀ ਉਂਗਲ ਨਾਲ  ‘OK’’ ਕੀਅ (ਵੱਡੀ 'ਕੇ') ਦਬਾਈ ਜਾਂਦੀ ਹੈ। ਰਮਿੰਗਟਨ ਵਿਧੀ: ਇਹ ਟਾਈਪ-ਰਾਈਟਰ ਵਾਲੀ ਵਿਧੀ ਹੈ। ਇਸ ਵਿਧੀ ਰਾਹੀਂ ਟਾਈਪਿੰਗ ਦੀ ਜਾਣਕਾਰੀ ਰੱਖਣ ਵਾਲੇ ਵਰਤੋਂਕਾਰ ਹੀ ਟਾਈਪ ਕਰ ਸਕਦੇ ਹਨ। ਇੱਥੇ 'ਟਾਈਪਿੰਗ' ਤੋਂ ਭਾਵ ਅਜਿਹੀ ਟਾਈਪਿੰਗ ਤੋਂ ਹੈ ਜਿਹੜੀ ਪੂਰੀ ਤਰ੍ਹਾਂ ਸਪਰਸ਼ (ਟੱਚ) ਤਕਨੀਕ 'ਤੇ ਅਧਾਰਿਤ ਹੈ। ਇਸ ਤਰੀਕੇ ਵਿਚ ਟਾਈਪਿਸਟ ਕੀ-ਬੋਰਡ ਦੀਆਂ ਕੀਜ਼ ਵੱਲ ਨਹੀਂ ਦੇਖਦਾ ਸਗੋਂ ਮੌਨੀਟਰ ਦੀ ਸਕਰੀਨ 'ਤੇ ਵੇਖਦਾ ਹੈ। ਬਸ! ਉਹ ਉਂਗਲਾਂ ਦੇ ਸਪਰਸ਼ ਰਾਹੀਂ ਮੂੰਹ-ਜ਼ਬਾਨੀ ਹੀ ਟਾਈਪ ਕਰਦਾ ਜਾਂਦਾ ਹੈ। ਤੁਸੀਂ ਇਕ ਤੇਜ਼ ਰਫ਼ਤਾਰ ਵਾਲੇ ਟਾਈਪਿਸਟ ਨੂੰ ਦੇਖੋ ਤਾਂ ਤੁਹਾਡੀਆਂ ਅੱਖਾਂ ਹੀ ਚੁੰਧਿਆ ਜਾਣਗੀਆਂ। ਇੰਝ ਲਗਦਾ ਹੈ ਜਿਵੇਂ ਉਨ੍ਹਾਂ ਦੀਆਂ ਉਂਗਲਾਂ ਮੂਹਰੇ ਅੱਖਾਂ ਲੱਗੀਆਂ ਹੋਣ। ਭਾਰਤ ਵਿਚ ਰਮਿੰਗਟਨ ਟਾਈਪਿੰਗ ਦੀ ਵਰਤੋਂ ਪ੍ਰਕਾਸ਼ਨਾ ਅਤੇ ਪ੍ਰਿੰਟ ਸਨਅਤਾਂ ਨਾਲ ਜੁੜੇ ਟਾਈਪਿਸਟਾਂ ਵਿਚ ਵੱਡੇ ਪੱਧਰ 'ਤੇ ਕੀਤੀ ਜਾਂਦੀ ਹੈ। ਰਮਿੰਗਟਨ ਟਾਈਪਿੰਗ ਲਈ ਅਨੇਕਾਂ ਫੌਂਟਾਂ ਦਾ ਵਿਕਾਸ ਹੋ ਚੁੱਕਾ ਹੈ ਜਿਨ੍ਹਾਂ ਵਿਚੋਂ ਕੁਝ ਕੁ ਫੌਂਟਾਂ ਦੇ ਨਾਂ ਹੇਠਾਂ ਲਿਖੇ ਅਨੁਸਾਰ ਹਨ: ਸਤਲੁਜ, ਅਸੀਸ, ਜੁਆਇ, ਗੁਰਮੁਖੀ, ਪ੍ਰਾਈਮ-ਜਾ ਰਣਜੀਤ ਆਦਿ ਪੰਜਾਬੀ ਦੇ ਰਮਿੰਗਟਨ ਫੌਂਟਾਂ ਲਈ ਇੰਟਰਨੈੱਟ 'ਤੇ ਅਨੇਕਾਂ ਵੈੱਬਸਾਈਟਾਂ ਉਪਲਬਧ ਹਨ। ਇਨ੍ਹਾਂ ਵਿਚੋਂ ਪ੍ਰਮੁੱਖ ਵੈੱਬਸਾਈਟਾਂ ਦੇ ਐਡਰੈੱਸ ਉਪਰ ਫੋਨੈਟਿਕ ਫੌਂਟਾਂ ਦੇ ਸ੍ਰੋਤਾਂ ਵਾਲੇ ਭਾਗ ਵਿਚ ਦਿੱਤੇ ਗਏ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਖੇਤੀ ਨੀਤੀਆਂ ’ਚ ਵੱਡੀ ਤਬਦੀਲੀ ਦੀ ਲੋੜ

ਖੇਤੀ ਨੀਤੀਆਂ ’ਚ ਵੱਡੀ ਤਬਦੀਲੀ ਦੀ ਲੋੜ

ਦੇਸ਼ ਵਿਚ ਜਮਹੂਰੀਅਤ ਨੂੰ ਵਧ ਰਹੇ ਖ਼ਤਰੇ

ਦੇਸ਼ ਵਿਚ ਜਮਹੂਰੀਅਤ ਨੂੰ ਵਧ ਰਹੇ ਖ਼ਤਰੇ

ਸ਼ਹਿਰ

View All