ਕੈਨੇਡਾ ਦੀ ਪਹਿਲੀ ਸਿੱਖ ਮਹਿਲਾ ਮੰਤਰੀ ਸਿੰਡੀ ਆਹਲੂਵਾਲੀਆ ਦਾ ਦੇਹਾਂਤ

ਪ੍ਰਭਜੋਤ ਸਿੰਘ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 22 ਸਤੰਬਰ ਕੈਨੇਡਾ ਦੀ ਭਾਰਤੀ ਮੂਲ ਦੀ ਪਹਿਲੀ ਸਿੱਖ ਮਹਿਲਾ ਮੰਤਰੀ ਸਿੰਡੀ ਆਹਲੂਵਾਲੀਆ ਹਾਕਿਨਸ (ਸਤਿੰਦਰ ਕੌਰ ਆਹਲੂਵਾਲੀਆ) ਦਾ ਕੈਲਗਰੀ ਵਿਚ ਦੇਹਾਂਤ ਹੋ ਗਿਆ। ਸਿੰਡੀ ਆਹਲੂਵਾਲੀਆ (52) ਛੇ ਸਾਲ ਤੋਂ ਵਧੇਰੇ ਸਮੇਂ ਤੋਂ ਕੈਂਸਰ ਦੀ ਬਿਮਾਰੀ ਤੋਂ ਪੀੜਤ ਸੀ। ਉਹ 1996 ਤੋਂ 2009 ਤਕ ਬ੍ਰਿਟਿਸ਼ ਕੋਲੰਬੀਆ ਪ੍ਰਾਂਤ ਦੀ ਪਹਿਲੀ ਲਿਬਰਲ ਵਿਧਾਇਕਾ ਸੀ। ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਡਿਪਟੀ ਸਪੀਕਰ, ਅੰਤਰਰਾਜੀ ਸਬੰਧਾਂ ਲਈ ਰਾਜ ਮੰਤਰੀ ਅਤੇ ਸਿਹਤ ਯੋਜਨਾ ਮੰਤਰੀ ਵਜੋਂ ਸੇਵਾ ਨਿਭਾਈ। 2004 ਤੋਂ ਉਹ ਖੂਨ ਦੇ ਕੈਂਸਰ ਤੋਂ ਪੀੜਤ ਸੀ। ਸਿੰਡੀ ਦਾ ਜਨਮ 1958 ਵਿਚ ਨਵੀਂ ਦਿੱਲੀ ਵਿਚ ਹੋਇਆ। ਉਹ ਆਪਣੇ ਪਰਿਵਾਰ ਨਾਲ ਐਲਬਰਟਾ ਪ੍ਰਾਂਤ ਦੇ ਕੈਲਗਰੀ ਸ਼ਹਿਰ ਵਿਚ ਵਸ ਗਈ ਸੀ। ਉਸ ਦੇ ਆਖਰੀ ਸਮੇਂ ਉਸ ਕੋਲ ਉਸ ਦੀਆਂ ਭੈਣਾਂ ਰੂਪੀ, ਮੋਨੀ, ਸੀਮਾ ਅਤੇ ਪੈਮ ਅਤੇ  ਇਕੋ-ਇਕ ਭਰਾ ਲੱਕੀ ਮੌਜੂਦ ਸੀ। ਸੀਮਾ ਨੇ 2004 ਅਤੇ 2007 ਵਿਚ ਸਿੰਡੀ ਨੂੰ ਬੌਨ ਮੈਰੋ ਦਿੱਤਾ ਸੀ। ਸਿਆਸਤ ਵਿਚ ਆਉਣ ਤੋਂ ਪਹਿਲਾਂ ਸਿੰਡੀ ਨੇ ਰਜਿਸਟਰਡ ਨਰਸ ਵਜੋਂ ਕੰਮ ਕੀਤਾ। ਕਾਨੂੰਨੀ ਕਿੱਤਾ ਅਪਣਾਉਣ ਤੋਂ ਪਹਿਲਾਂ ਉਸ ਨੇ 12 ਸਾਲ ਕੈਂਸਰ ਦੇ ਮਰੀਜ਼ਾਂ ਦੀ ਦੇਖ-ਭਾਲ ਵਿਚ ਲਾਏ। ਉਸ ਨੇ ਮੈਡੀਕਲ-ਕਾਨੂੰਨੀ ਮੁੱਦਿਆਂ ਦੇ ਸਬੰਧ ਵਿਚ ਵਕੀਲ ਵਜੋਂ ਆਪਣੀ ਖੁਦ ਦੀ ਕੰਪਨੀ ਬਣਾਈ। ਉਸ ਨੇ ਕੈਲਗਰੀ ਯੂਨੀਵਰਸਿਟੀ ਤੋਂ ਨਰਸਿੰਗ ਅਤੇ ਲਾਅ ਦੀ ਡਿਗਰੀ ਲਈ। ਉਹ ਉਨ੍ਹਾਂ ਥੋੜ੍ਹੇ ਉਮੀਦਵਾਰਾਂ ਵਿੱਚੋਂ ਇਕ ਸੀ ਜਿਸ ਨੇ ਨਿਓਰੋ ਸਾਇੰਸਜ਼ ਵਿਚ ਪੋਸਟ ਗਰੈਜੂਏਟ ਸਰਟੀਫਿਕੇਟ ਹਾਸਲ ਕੀਤਾ। ਹਾਲੇ ਕੱਲ੍ਹ ਹੀ ਬਿਟ੍ਰਿਸ਼ ਕੋਲੰਬੀਆ ਦੇ ਪ੍ਰੀਮੀਅਰ ਗੋਰਡਨ ਕੈਂਪਬੈਲ ਨੇ ਸਾਊਦਰਨ ਇੰਟੀਰੀਅਰ ਕੈਂਸਰ ਸੈਂਟਰ ਨੂੰ ਸਿੰਡੀ ਦਾ ਨਾਂ ਦਿੱਤਾ ਸੀ। ਉਨ੍ਹਾਂ ਸਿੰਡੀ ਦੀ ਮੌਤ 'ਤੇ ਕਿਹਾ, ''ਅਸੀਂ ਪ੍ਰੇਰਣਾ ਸਰੋਤ, ਇਕ ਵਕੀਲ, ਰਮਾਦਰਸ਼ ਅਤੇ ਕਮਿਉੂਨਿਟੀ ਆਗੂ ਨੂੰ ਹਮੇਸ਼ਾ ਲਈ ਗੁਆ ਲਿਆ ਹੈ। ਬ੍ਰਿਟਿਸ਼ ਕੋਲੰਬੀਆ ਲਈ ਹੀ ਇਹ ਬੇਹੱਦ ਦੁਖੀ ਕਰਨ ਵਾਲਾ ਦਿਨ ਹੈ।'

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All