ਕੇਂਦਰ ਦੀਆਂ ਗ਼ਲਤ ਨੀਤੀਆਂ ਕਾਰਨ ਦੇਸ਼ ਦੀ ਆਰਥਿਕਤਾ ਨੂੰ ਸੱਟ ਵੱਜੀ: ਮਨਪ੍ਰੀਤ

ਬਠਿੰਡਾ ਵਿੱਚ ਵਿਕਾਸ ਕਾਰਜਾਂ ਲਈ ਚੈੱਕ ਦਿੰਦੇ ਹੋਏ ਮਨਪ੍ਰੀਤ ਬਾਦਲ। -ਫੋਟੋ: ਪੰਜਾਬੀ ਟ੍ਰਿਬਿਊਨ

ਮਨੋਜ ਸ਼ਰਮਾ ਬਠਿੰਡਾ, 1 ਦਸੰਬਰ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਐਤਵਾਰ ਨੂੰ ਸ਼ਹਿਰ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਜਿੱਥੇ ਵਿਕਾਸ ਕਾਰਜਾਂ ਲਈ ਗਰਾਂਟਾਂ ਦੇ ਚੈੱਕ ਵੰਡੇ, ਉੱਥੇ ਹੀ ਸ਼ਹਿਰ ਵਿੱਚ ਹੋਏ ਵੱਖ ਵੱਖ ਸਮਾਗਮਾਂ ਵਿੱਚ ਸ਼ਾਮਲ ਹੋਏ। ਉਨ੍ਹਾਂ ਬੇਅੰਤ ਨਗਰ ਵਿੱਚ ਇਕੱਠ ਦੌਰਾਨ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਪਹਿਲਾਂ ਨੋਟਬੰਦੀ ਤੇ ਜੀਐੱਸਟੀ ਲਾਗੂ ਕਰ ਕੇ ਦੇਸ਼ ਦੀ ਆਰਥਿਕਤਾ ਨੂੰ ਵੱਡੀ ਸੱਟ ਮਾਰੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਦੇਸ਼ ਦੇ ਆਰਥਿਕ ਹਾਲਾਤ ਮਾੜੇ ਹੋ ਰਹੇ ਹਨ। ਦੇਸ਼ ਵਿੱਚ ਬੇਰੁਜ਼ਗਾਰੀ ਦਿਨੋਂ-ਦਿਨ ਵਧ ਰਹੀ ਹੈ ਤੇ ਮਹਿੰਗਾਈ ਦੀ ਮਾਰ ਲੋਕਾਂ ਨੂੰ ਪੈ ਰਹੀ ਹੈ। ਵਿੱਤ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਜੀਐੱਸਟੀ ਦੇ ਪੈਸੇ ਨਹੀਂ ਦਿੱਤੇ ਜਾ ਰਹੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਗ਼ਲਤ ਨੀਤੀਆਂ ਦਾ ਅਸਰ ਪੰਜਾਬ ’ਤੇ ਵੀ ਪੈ ਰਿਹਾ ਹੈ ਪਰ ਫ਼ਿਰ ਸੂਬੇ ਦੀ ਕਾਂਗਰਸ ਸਰਕਾਰ ਪੰਜਾਬ ਦੀ ਆਰਥਿਕਤਾ ਨੂੰ ਬਿਹਤਰ ਕਰਨ ਦੇ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਲਗਾਤਾਰ ਵਿਕਾਸ ਦੇ ਕੰਮ ਚੱਲ ਰਹੇ ਹਨ ਜੋ ਭਵਿੱਖ ਵਿਚ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਸਕੂਲਾਂ ਲਈ ਕਰੋੜਾਂ ਰੁਪਏ ਦੀ ਗਰਾਂਟ ਜਾਰੀ ਕੀਤੀ ਜਾ ਚੁੱਕੀ ਹੈ। ਵਿਕਾਸ ਦੇ ਰਹਿੰਦੇ ਕੰਮ ਇਕ ਇਕ ਕਰਕੇ ਪੂਰੇ ਕੀਤੇ ਜਾ ਰਹੇ ਹਨ। ਉਨ੍ਹਾਂ ਸ਼ਹਿਰ ਦੇ ਵਿਕਾਸ ਲਈ 12.50 ਲੱਖ ਦੇ ਚੈੱਕ ਵੀ ਦਿੱਤੇ। ਉਨ੍ਹਾਂ ਦਾਣਾ ਮੰਡੀ ਵਿੱਚ ਰੱਖੇ ਸਮਾਗਮ ਦੌਰਾਨ ਗੁਰੂ ਸੇਵਾ ਵੈਲਫ਼ੇਅਰ ਸੁਸਾਇਟੀ ਨੂੰ ਸਮਾਜ ਭਲਾਈ ਦੇ ਕੰਮਾਂ ਲਈ 2.50 ਲੱਖ ਰੁਪਏ ਦਾ ਚੈੱਕ ਦਿੱਤਾ। ਇਸ ਤੋਂ ਬਾਅਦ ਸਤਿਗੁਰ ਕਬੀਰ ਮਾਨਵ ਸੇਵਾ ਸੰਮਤੀ ਬਠਿੰਡਾ ਨੂੰ ਸਤਿਗੁਰ ਕਬੀਰ ਧਰਮਸ਼ਾਲਾ ਦੀ ਮੁਰੰਮਤ ਲਈ 2 ਲੱਖ ਰੁਪਏ, ਪੁਲੀਸ ਪੈਨਸ਼ਨਰਜ਼ ਵੈਲਫ਼ੇਅਰ ਐਸੋਸੀਏਸ਼ਨ ਨੂੰ ਮੀਟਿੰਗ ਹਾਲ ਦੀ ਉਸਾਰੀ ਲਈ ਪੰਜ ਲੱਖ ਰੁਪਏ, ਭਾਈ ਜਗਤਾ ਜੀ ਫੀਜਿ ਜੈ ਮਾਂ ਦੁਰਗਾ ਚੈਰੀਟੇਬਲ ਟਰੱਸਟ ਨੂੰ ਵੀ ਸਮਾਜ ਭਲਾਈ ਦੇ ਕੰਮਾਂ ਲਈ 3 ਲੱਖ ਰੁਪਏ ਦੀ ਗਰਾਂਟ ਦੇ ਚੈੱਕ ਦਿੱਤੇ। ਸ਼ਾਮ ਸਮੇਂ ਉਨ੍ਹਾਂ ਪੁਲੀਸ ਪਬਲਿਕ ਸਕੂਲ ਵਿੱਚ ਬਾਸਕਟਬਾਲ ਦੇ ਮੈਚ ਸ਼ੁਰੂ ਕਰਵਾਏ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਨੂੰ ਪ੍ਰਫ਼ੁੱਲਿਤ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ। ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਟੂਰਨਾਮੈਂਟ ਤੇ ਕਬੱਡੀ ਕੱਪ ਕਰਵਾਏ ਜਾ ਰਹੇ ਹਨ। ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਕੇਕੇ ਅਗਰਵਾਲ, ਜ਼ਿਲ੍ਹਾ ਸ਼ਹਿਰੀ ਦੇ ਪ੍ਰਧਾਨ ਅਰੁਣ ਵਧਾਵਣ, ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਅਸ਼ੋਕ ਕੁਮਾਰ ਪ੍ਰਧਾਨ, ਪਵਨ ਮਾਨੀ ਤੇ ਰਾਜਨ ਗਰਗ ਆਦਿ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All