ਕੁਦਰਤ ਦਾ ਅਜ਼ੀਮ ਤੋਹਫ਼ਾ ਚੰਦਰਤਾਲ ਝੀਲ

ਹਰਜਿੰਦਰ ਅਨੂਪਗੜ੍ਹ ਸੈਰ ਸਫ਼ਰ

11906cd _chandertal jheelਹਿਮਾਚਲ ਪ੍ਰਦੇਸ਼ ਦੀ ਧਰਤੀ ਨਦੀਆਂ, ਨਾਲਿਆਂ, ਕੁਦਰਤੀ ਝਰਨਿਆਂ, ਉੱਚੇ ਪਰਬਤਾਂ, ਫਲ਼ਾਂ-ਫੁੱਲਾਂ, ਅਨੇਕਾਂ ਜੜੀ ਬੂਟੀਆਂ, ਸੰਘਣੇ ਜੰਗਲਾਂ, ਹਰੀਆਂ ਭਰੀਆਂ ਚਰਾਗਾਹਾਂ, ਗਲੇਸ਼ੀਅਰਾਂ ਅਤੇ ਖ਼ੂਬਸੂਰਤ ਝੀਲਾਂ ਦੀ ਧਰਤੀ ਹੈ। ਇੱਥੋਂ ਦੀ ਧਰਾਤਲ ਭਿੰਨ ਭਿੰਨ ਕੁਦਰਤੀ ਨਿਆਮਤਾਂ ਦਾ ਅਨਮੋਲ ਖ਼ਜ਼ਾਨਾ ਹੈ। ਇਨ੍ਹਾਂ ਵਿੱਚੋਂ ਕੁਝ ਕੁਦਰਤੀ ਨਿਆਮਤਾਂ ਅਜਿਹੀਆਂ ਵੀ ਹਨ ਜਿਨ੍ਹਾਂ ਦੀ ਖ਼ੂਬਸੂਰਤੀ ਤੇ ਅਨੋਖਾਪਣ ਸਦਾ ਲਈ ਸੈਲਾਨੀਆਂ ਦੇ ਮਨ ਮਸਤਕ ਅੰਦਰ ਵਸ ਜਾਂਦਾ ਹੈ। ਚੰਦਰਤਾਲ ਝੀਲ ਇੱਕ ਅਜਿਹੀ ਹੀ ਅਨੋਖੀ ਜਗ੍ਹਾ ਹੈ। ਇਹ ਝੀਲ ਹਿਮਾਚਲ ਪ੍ਰਦੇਸ਼ ਦੇ ਦੂਰਗਾਮੀ ਜ਼ਿਲ੍ਹਾ ਲਾਹੌਲ ਸਪਿਤੀ ਵਿੱਚ ਸਥਿਤ ਹੈ। ਇਹ ਭਾਰਤ ਦੀਆਂ ਸਭ ਤੋਂ ਉੱਚੀਆਂ ਝੀਲਾਂ ਵਿੱਚੋਂ ਇੱਕ ਹੈ। ਸਮੁੰਦਰੀ ਤਲ ਤੋਂ ਤਕਰੀਬਨ 14,000 ਫੁੱਟ ਦੀ ਉਚਾਈ ’ਤੇ ਸਥਿਤ ਚੰਦਰਤਾਲ ਕੁਦਰਤੀ ਸੁੰਦਰਤਾ ਦਾ ਬੇਮਿਸਾਲ ਨਮੂਨਾ ਹੈ। ਇੰਨੀ ਉਚਾਈ ’ਤੇ ਸਥਿਤ ਹੋਣ ਕਾਰਨ ਹੀ ਇੱਥੇ ਜੂਨ ਵਿੱਚ ਵੀ ਰਾਤ ਦਾ ਤਾਪਮਾਨ ਮਨਫ਼ੀ ਰਹਿੰਦਾ ਹੈ। ਇਸ ਦਾ ਨਾਂ ਚੰਦਰਤਾਲ ਦੋ ਸ਼ਬਦਾਂ ਚੰਦਰ (ਚੰਦ) ਅਤੇ ਤਾਲ (ਝੀਲ) ਤੋਂ ਮਿਲ ਕੇ ਪਿਆ ਹੈ ਜਿਸ ਦਾ ਅਰਥ ਹੈ ਚੰਦ ਵਰਗੀ ਝੀਲ। ਸ਼ਾਇਦ ਚੰਦਰਮਾ ਵਰਗੇ ਆਕਾਰ ਕਾਰਨ ਜਾਂ ਫਿਰ ਚੰਦਰਮਾ ਵਰਗੀ ਸੁੰਦਰ ਹੋਣ ਕਾਰਨ ਹੀ ਇਸ ਦਾ ਨਾਂ ਚੰਦਰਤਾਲ ਪਿਆ ਹੋਵੇਗਾ। ਚੰਦਰਤਾਲ ਕੁਦਰਤ ਪ੍ਰੇਮੀਆਂ ਅਤੇ ਸਾਹਸੀ ਘੁਮੱਕੜਾਂ ਵਾਸਤੇ ਕਿਸੇ ਤੀਰਥ ਸਥਾਨ ਸਮਾਨ ਹੈ। ਇੱਥੋਂ ਤਕ ਪਹੁੰਚਣ ਦਾ ਰਸਤਾ ਬਿਲਕੁਲ ਸੁੰਨਾ ਤੇ ਦੁਸ਼ਵਾਰੀਆਂ ਭਰਿਆ ਹੋਣ ਦੇ ਬਾਵਜੂਦ ਅਥਾਹ ਆਨੰਦ ਦਾ ਅਹਿਸਾਸ ਕਰਵਾਉਂਦਾ ਹੈ। ਮਨਮੋਹਕ ਕੁਦਰਤੀ ਦ੍ਰਿਸ਼ ਥਾਂ ਥਾਂ ਰੁਕਣ ਲਈ ਮਜਬੂਰ ਕਰਦੇ ਹਨ। ਦਰਅਸਲ, ਚੰਦਰਤਾਲ ਪਹੁੰਚਣ ਦੇ ਦੋ ਰਸਤੇ ਹਨ ਅਤੇ ਦੋਵੇਂ ਹੀ ਮੁਸ਼ਕਿਲ ਤੇ ਕੁਦਰਤ ਦੇ ਨੇੜਿਉਂ ਹੋ ਕੇ ਗੁਜ਼ਰਦੇ ਹਨ। ਪਹਿਲਾ ਰਸਤਾ ਮਨਾਲੀ ਤੋਂ ਰੋਹਤਾਂਗ ਹੋ ਕੇ ਜਾਂਦਾ ਹੈ। ਇਹ ਰਸਤਾ ਗਰਾਂਫੂ, ਛਤਰੂ ਤੇ ਬਾਤਲ ਹੁੰਦੇ ਹੋਏ ਚੰਦਰਤਾਲ ਪਹੁੰਚਦਾ ਹੈ। ਛਤਰੂ ਤੋਂ ਅੱਗੇ ਤਕਰੀਬਨ 48 ਕਿਲੋਮੀਟਰ ਦਾ ਰਸਤਾ ਜ਼ਿਆਦਾ ਖ਼ਤਰਨਾਕ ਹੋਣ ਕਾਰਨ ਸਾਹਸ ਦੀ ਮੰਗ ਕਰਦਾ ਹੈ। ਇਹ ਰਸਤਾ ਬਨਸਪਤੀ ਰਹਿਤ ਪਹਾੜਾਂ, ਬਰਫ਼ੀਲੀਆਂ ਚੋਟੀਆਂ ਅਤੇ ਠੰਢੇ ਠਾਰ ਪਾਣੀ ਦੇ ਛੋਟੇ ਛੋਟੇ ਨਾਲਿਆਂ ਨਾਲ ਸਜਿਆ ਹੋਇਆ ਹੈ। ਦੂਜਾ ਰਸਤਾ ਕਿਨੌਰ-ਕਾਜ਼ਾ ਹੋ ਕੇ ਜਾਂਦਾ ਹੈ। ਇਸ ਰਸਤੇ 4,590 ਮੀਟਰ ਉੱਚੇ ਕੁੰਜ਼ੁਮ ਦੱਰੇ ਨੂੰ ਪਾਰ ਕਰਨਾ ਪੈਂਦਾ ਹੈ। ਕੁੰਜ਼ੁਮ ਦੱਰਾ ਲਾਹੌਲ ਤੇ ਸਪਿਤੀ ਘਾਟੀ ਨੂੰ ਇੱਕ ਦੂਜੇ ਤੋਂ ਵੱਖ ਕਰਦਾ ਹੈ। ਕੁੰਜ਼ੁਮ ਦੱਰੇ ਤੋਂ ਦਸ ਕਿਲੋਮੀਟਰ ਦੀ ਟਰੈਕਿੰਗ ਕਰਕੇ ਵੀ ਚੰਦਰਤਾਲ ਪਹੁੰਚਿਆ ਜਾ ਸਕਦਾ ਹੈ ਜਦੋਂਕਿ ਵਾਹਨ ’ਤੇ ਜਾਣ ਦਾ ਰਸਤਾ ਕੁੰਜ਼ੁਮ ਤੋਂ ਹੇਠਾਂ ਬਾਤਲ ਵੱਲੋਂ ਹੀ ਜਾਂਦਾ ਹੈ। ਮੁੱਖ ਮਾਰਗ ਤੋਂ ਚੰਦਰਤਾਲ ਦੀ ਦੂਰੀ ਲਗਭਗ ਤੇਰ੍ਹਾਂ ਕਿਲੋਮੀਟਰ ਹੈ। ਇਹ ਤੇਰ੍ਹਾਂ ਕਿਲੋਮੀਟਰ ਦਾ ਰਸਤਾ ਕਾਫ਼ੀ ਖ਼ਤਰਨਾਕ ਮੋੜਾਂ ਤੇ ਮਨਮੋਹਕ ਦ੍ਰਿਸ਼ਾਂ ਨਾਲ ਲਬਰੇਜ਼ ਹੈ। ਪਹਿਲਾਂ ਇਹ ਰਸਤਾ ਸਿਰਫ਼ ਪੈਦਲ ਮੁਸਾਫ਼ਿਰਾਂ ਵਾਸਤੇ ਹੁੰਦਾ ਸੀ, ਪਰ ਹੁਣ ਛੋਟੇ ਵਾਹਨ ਵੀ ਇਸ ਰਸਤੇ ਜਾਣ ਲੱਗੇ ਹਨ। ਚੰਦਰਤਾਲ ਤੋਂ ਲਗਪਗ ਇੱਕ ਡੇਢ ਕਿਲੋਮੀਟਰ ਪਹਿਲਾਂ ਹੀ ਵਾਹਨ ਰੁਕ ਜਾਂਦੇ ਹਨ ਅਤੇ ਅੱਗੇ ਵੀਹ ਪੱਚੀ ਮਿੰਟ ਦਾ ਪੈਦਲ ਰਾਹ ਹੈ।

ਹਰਜਿੰਦਰ ਅਨੂਪਗੜ੍ਹ ਹਰਜਿੰਦਰ ਅਨੂਪਗੜ੍ਹ

ਐਤਕੀਂ ਗਰਮੀ ਦੀਆਂ ਛੁੱਟੀਆਂ ਦੌਰਾਨ ਅਸੀਂ ਹਿਮਾਚਲ ਪ੍ਰਦੇਸ਼ ਦਾ ਖ਼ੂਬਸੂਰਤ ਦੂਰਗਾਮੀ ਖੇਤਰ ਸਪਿਤੀ ਘਾਟੀ ਘੁੰਮਣ ਦਾ ਪ੍ਰੋਗਰਾਮ ਬਣਾਇਆ। ਕਿਨੌਰ ਤੇ ਸਪਿਤੀ ਦੇ ਵੱਖ ਵੱਖ ਰੰਗਾਂ ਨੂੰ ਮਾਣਦਿਆਂ ਅਸੀਂ ਸਪਿਤੀ ਘਾਟੀ ਦੇ ਮੁੱਖ ਕੇਂਦਰ ਕਾਜ਼ਾ ਪਹੁੰਚੇ ਤਾਂ ਪਤਾ ਚੱਲਿਆ ਕਿ ਕੁੰਜ਼ੁਮ ਦੱਰਾ ਆਵਾਜਾਈ ਲਈ ਖੁੱਲ੍ਹ ਗਿਆ ਹੈ। ਇਹ ਜਾਣ ਕੇ ਸਾਡੀ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਕਿਉਂਕਿ ਅਸੀਂ ਕਾਜ਼ਾ ਰਸਤੇ ਪਰਤਣ ਦੀ ਬਜਾਏ ਰੋਹਤਾਂਗ-ਮਨਾਲੀ ਰਸਤੇ ਵਾਪਸ ਆ ਕੇ ‘ਗੋਲਡਨ ਰੂਟ’ ਪੂਰਾ ਕਰਨਾ ਚਾਹੁੰਦੇ ਸਾਂ। ਖ਼ੁਸ਼ੀ ਦਾ ਦੂਜਾ ਵੱਡਾ ਕਾਰਨ ਸੀ ਕਿ ਬੜੇ ਚਿਰਾਂ ਤੋਂ ਮਨ ਅੰਦਰ ਪਈ ਚੰਦਰਤਾਲ ਝੀਲ ਨੂੰ ਦੇਖਣ ਦੀ ਇੱਛਾ ਪੂਰੀ ਹੋਣ ਜਾ ਰਹੀ ਸੀ। ਸੋ ਦਿਨ ਚੜ੍ਹਦਿਆਂ ਹੀ ਅਸੀਂ ਕਾਜ਼ਾ ਤੋਂ ਚੰਦਰਤਾਲ ਦੇ ਰਾਹ ਚੱਲ ਪਏ। ਸਪਿਤੀ ਘਾਟੀ ਦੇ ਆਖ਼ਰੀ ਪਿੰਡ ਲੋਸਰ ਨੂੰ ਪਾਰ ਕਰਨ ਮਗਰੋਂ ਕੁੰਜ਼ੁਮ ਦੱਰੇ ਦੀ ਤਿੱਖੀ ਚੜ੍ਹਾਈ ਸ਼ੁਰੂ ਹੋ ਗਈ। ਜਿਉਂ ਜਿਉਂ ਅਸੀਂ ਕੁੰਜ਼ੁਮ ਦੱਰੇ ਦੇ ਨਜ਼ਦੀਕ ਪਹੁੰਚ ਰਹੇ ਸਾਂ, ਸੜਕ ਦੇ ਆਲੇ-ਦੁਆਲੇ ਬਰਫ਼ ਆਉਣੀ ਸ਼ੁਰੂ ਹੋ ਗਈ। ਸਵੇਰ ਦੇ ਗਿਆਰਾਂ ਕੁ ਵਜੇ ਅਸੀਂ ਕੁੰਜ਼ੁਮ ਦੱਰੇ ’ਤੇ ਪੁੱਜ ਗਏ। ਇੱਥੇ ਸਥਿਤ ਕੁੰਜ਼ੁਮ ਮਾਤਾ ਮੰਦਿਰ ਪ੍ਰਤੀ ਲੋਕ ਅਥਾਹ ਸ਼ਰਧਾ ਰੱਖਦੇ ਹਨ ਅਤੇ ਆਉਣ ਜਾਣ ਵਾਲਾ ਹਰ ਵਿਅਕਤੀ ਇਸ ਮੰਦਿਰ ਦੁਆਲੇ ਪਰਿਕਰਮਾ ਜ਼ਰੂਰ ਕਰਦਾ ਹੈ। ਕੁੰਜ਼ੁਮ ਵਿਖੇ ਕੋਈ ਆਬਾਦੀ ਨਹੀਂ। ਚਾਰੇ ਪਾਸੇ ਖੁਸ਼ਕ ਤੇ ਬਰਫ਼ੀਲੇ ਪਹਾੜ ਨਜ਼ਰ ਆਉਂਦੇ ਹਨ। ਇਸ ਰਸਤੇ ਕਈ ਥਾਂ ਜੰਮੇ ਹੋਏ ਝਰਨੇ ਦੇਖਣ ਨੂੰ ਮਿਲਦੇ ਹਨ। ਅਸੀਂ ਬਾਤਲ ਤੋਂ ਦੋ ਕੁ ਕਿਲੋਮੀਟਰ ਪਹਿਲਾਂ ਹੀ ਚੰਦਰ ਨਦੀ ਦੇ ਨਾਲ ਚੰਦਰਤਾਲ ਝੀਲ ਵੱਲ ਮੁੜ ਗਏ। ਇੱਥੋਂ ਚੰਦਰਤਾਲ ਤਕ ਪੂਰਾ ਰਸਤਾ ਚੰਦਰ ਨਦੀ ਦੇ ਨਾਲ ਨਾਲ ਜਾਂਦਾ ਹੈ। ਕਈ ਥਾਂ ਛੋਟੇ ਵੱਡੇ ਨਾਲੇ ਰਸਤੇ ਉੱਤੋਂ ਦੀ ਗੁਜ਼ਰਦੇ ਹੋਏ ਚੰਦਰ ਨਦੀ ਵਿੱਚ ਜਾ ਡਿੱਗਦੇ ਹਨ। ਰਸਤਾ ਇੰਨਾ ਤੰਗ ਹੈ ਕਿ ਇੱਕ ਸਮੇਂ ਸਿਰਫ਼ ਇੱਕ ਹੀ ਵਾਹਨ ਲੰਘ ਸਕਦਾ ਹੈ। ਜੇ ਅੱਗੇ ਤੋਂ ਦੂਜਾ ਵਾਹਨ ਆ ਜਾਵੇ ਤਾਂ ਸਾਈਡ ਦੇਣ ਦੀ ਸਮੱਸਿਆ ਖੜ੍ਹੀ ਹੋ ਜਾਂਦੀ ਹੈ। ਇਸ ਖੇਤਰ ਵਿੱਚ ਨੇੜੇ ਤੇੜੇ ਕੋਈ ਆਬਾਦੀ ਨਹੀਂ, ਪਰ ਸੈਲਾਨੀਆਂ ਦੀ ਆਮਦ ਦੇ ਦਿਨਾਂ ਦੌਰਾਨ ਟੂਰਿਜ਼ਮ ਕੰਪਨੀਆਂ ਇੱਥੇ ਆਰਜ਼ੀ ਕੈਂਪ ਬਣਾ ਲੈਂਦੀਆਂ ਹਨ। ਬਹੁਤ ਸਾਰੇ ਸੈਲਾਨੀ ਇਨ੍ਹਾਂ ਕੈਪਾਂ ਵਿੱਚ ਆ ਕੇ ਰਹਿੰਦੇ ਹਨ। ਰਸਤਾ ਖ਼ਤਰਨਾਕ ਹੋਣ ਕਾਰਨ ਇੱਧਰ ਜ਼ਿਆਦਾਤਰ ਵੱਡੀਆਂ ਗੱਡੀਆਂ ਹੀ ਆਉਂਦੀਆਂ ਹਨ। ਕੋਈ ਵਿਰਲਾ ਹੀ ਇੱਥੇ ਛੋਟੀ ਗੱਡੀ ਲੈ ਕੇ ਆਉਣ ਦੀ ਹਿੰਮਤ ਕਰਦਾ ਹੈ। ਅਸੀਂ ਹਾਲੇ ਉਸ ਜਗ੍ਹਾ ਤੋਂ ਅੱਧਾ ਕੁ ਕਿਲੋਮੀਟਰ ਪਿੱਛੇ ਪਹੁੰਚੇ ਸਾਂ, ਜਿੱਥੇ ਜਾ ਕੇ ਵਾਹਨ ਰੁਕਦੇ ਹਨ ਕਿ ਸਾਡੀ ਗੱਡੀ ਦਾ ਟਾਇਰ ਫਟ ਗਿਆ। ਕਾਫ਼ੀ ਮੁਸ਼ੱਕਤ ਮਗਰੋਂ ਵੀ ਇੱਕ ਨਟ ਖ਼ਰਾਬ ਹੋਣ ਕਾਰਨ ਫਟਿਆ ਟਾਇਰ ਬਦਲਿਆ ਨਾ ਜਾ ਸਕਿਆ। ਇਸ ਕਰਕੇ ਸਾਡੇ ਦੋ ਸਾਥੀ ਮਕੈਨਿਕ ਲੱਭਣ ਚਲੇ ਗਏ ਤੇ ਤੀਜੇ ਦਿਨ ਵਾਪਸ ਮੁੜੇ। ਅਸੀਂ ਦੋ ਸਾਥੀ ਗੱਡੀ ਕੋਲ ਰਹਿ ਪਏ। ਚਾਹੇ ਸਾਨੂੰ ਅਚਾਨਕ ਹੀ ਮੁਸੀਬਤ ਨੇ ਆਣ ਘੇਰਿਆ ਸੀ, ਪਰ ਫਿਰ ਵੀ ਚੰਦਰਤਾਲ ਦੀ ਇੱਕ ਝਲਕ ਨੂੰ ਦੇਖਣ ਲਈ ਮਨ ਉਤਾਵਲਾ ਹੋ ਰਿਹਾ ਸੀ। ਸ਼ਾਮ ਦੇ ਵਕਤ ਮੇਰੇ ਕਦਮ ਆਪਮੁਹਾਰੇ ਹੀ ਉਸ ਪਗਡੰਡੀ ’ਤੇ ਤੁਰ ਪਏ ਜੋ ਚੰਦਰਤਾਲ ਵੱਲ ਜਾ ਰਹੀ ਸੀ। ਇੱਥੋਂ ਦਾ ਖ਼ੂਬਸੂਰਤ ਮੌਸਮ ਸਭ ਕੁਝ ਭੁਲਾ ਦਿੰਦਾ ਹੈ। ਤਿੰਨ ਪਾਸਿਓਂ ਬਰਫ਼ ਲੱਦੇ ਪਹਾੜਾਂ ਵਿਚਕਾਰ ਘਿਰੀ ਹਰੀ ਤੇ ਨੀਲੀ ਭਾਹ ਮਾਰਦੀ ਚੰਦਰਤਾਲ ਦਾ ਦ੍ਰਿਸ਼ ਮਨ ਨੂੰ ਮੋਹ ਲੈਂਦਾ ਹੈ। ਕੁਝ ਮਿੰਟਾਂ ਬਾਅਦ ਮੈਂ ਸੁਪਨਮਈ ਝੀਲ ਦੇ ਕਿਨਾਰੇ ਖੜ੍ਹਾ ਸਾਂ। ਇਸ ਦਾ ਪਾਣੀ ਇੰਨਾ ਸ਼ੁੱਧ ਤੇ ਸਵੱਛ ਹੈ ਕਿ ਤਲ ’ਤੇ ਪਏ ਪੱਥਰ ਕੰਕਰ ਵੀ ਸਾਫ਼ ਸਾਫ਼ ਦੇਖੇ ਜਾ ਸਕਦੇ ਹਨ। ਝੀਲ ਦੇ ਆਲੇ ਦੁਆਲੇ ਪਰਿਕਰਮਾ ਲਈ ਪੈਦਲ ਰਸਤਾ ਵੀ ਬਣਿਆ ਹੋਇਆ ਹੈ। ਜਦੋਂ ਰਾਤ ਸਮੇਂ ਚੰਦਰਮਾ ਤੇ ਤਾਰਿਆਂ ਦਾ ਅਕਸ ਝੀਲ ’ਚ ਦਿਖਦਾ ਹੈ ਤਾਂ ਇਉਂ ਜਾਪਦਾ ਹੈ ਜਿਵੇਂ ਪੂਰਾ ਆਸਮਾਨ ਝੀਲ ਅੰਦਰ ਸਮਾ ਗਿਆ ਹੋਵੇ। ਚੰਦਰ ਨਦੀ ਚੰਦਰਤਾਲ ’ਚੋਂ ਹੀ ਜਨਮ ਲੈਂਦੀ ਹੈ ਅਤੇ ਇੱਥੋਂ ਚੱਲ ਕੇ ਬਾਤਲ, ਛਤਰੂ, ਕੋਖਸਰ ਹੁੰਦੀ ਹੋਈ ਤਾਂਦੀ ਵਿਖੇ ਭਾਗਾ ਨਦੀ ਨਾਲ ਮਿਲ ਕੇ ਚੰਦਰਭਾਗਾ ਅਖਵਾਉਂਦੀ ਹੈ। ਜੰਮੂ ਕਸ਼ਮੀਰ ਵਿੱਚ ਚੰਦਰਭਾਗਾ ਨੂੰ ਚਨਾਬ ਦੇ ਨਾਂ ਨਾਲ ਬੁਲਾਇਆ ਜਾਂਦਾ ਹੈ। ਚੰਦਰਤਾਲ ਕੋਲ ਹੀ ਪਹਾੜਾਂ ਦੇ ਉੱਪਰ ਇੱਕ ਛੋਟੀ ਜਿਹੀ ਖ਼ੂਬਸੂਰਤ ਝੀਲ ਹੋਰ ਵੀ ਹੈ। ਇੱਥੇ ਕੁਝ ਸਮਾਂ ਬਿਤਾਉਣ ਮਗਰੋਂ ਹਨੇਰੇ ਹੋਏ ਮੈਂ ਵਾਪਸ ਆਪਣੀ ਗੱਡੀ ਕੋਲ ਆ ਗਿਆ। ਇਹ ਰਾਤ ਸਾਨੂੰ ਗੱਡੀ ਵਿੱਚ ਹੀ ਗੁਜ਼ਾਰਨੀ ਪਈ। ਸਵੇਰ ਅਤੇ ਸ਼ਾਮ ਦੇ ਸਮੇਂ ਸੂਰਜ ਦੀ ਸਥਿਤੀ ਦੇ ਹਿਸਾਬ ਨਾਲ ਝੀਲ ਦੇ ਪਾਣੀ ਵਿੱਚ ਪਹਾੜਾਂ ਦੇ ਵੱਖੋ ਵੱਖਰੇ ਅਕਸ ਦਿਖਾਈ ਦਿੰਦੇ ਹਨ। ਇਸ ਕਰਕੇ ਸ਼ਾਮ ਸਮੇਂ ਝੀਲ ਦਾ ਨਜ਼ਾਰਾ ਹੋਰ ਹੁੰਦਾ ਹੈ ਅਤੇ ਸਵੇਰ ਦਾ ਨਜ਼ਾਰਾ ਹੋਰ। ਮੇਰੀ ਵੀ ਇੱਛਾ ਸੀ ਕਿ ਸਵੇਰ ਸਮੇਂ ਝੀਲ ਦੀ ਪਰਿਕਰਮਾ ਕਰਦਿਆਂ ਹਰ ਕੋਨੇ ਤੋਂ ਇਸ ਦੇ ਵੱਖੋ ਵੱਖ ਰੂਪਾਂ ਨੂੰ ਦੇਖਿਆ ਜਾਵੇ। ਸੋ ਮੈਂ ਸੂਰਜ ਨਿਕਲਣ ਤੋਂ ਪਹਿਲਾਂ ਹੀ ਚੰਦਰਤਾਲ ਦੇ ਰਸਤੇ ਤੁਰ ਪਿਆ। ਸਵੇਰ ਦੀ ਸ਼ਾਂਤੀ ਨੂੰ ਸਿਰਫ਼ ਚੰਦਰ ਨਦੀ ਦਾ ਸੰਗੀਤ ਭੰਗ ਕਰ ਰਿਹਾ ਸੀ। ਇੰਨੀ ਕੁ ਠੰਢ ਸੀ ਕਿ ਧਰਤੀ ਅੰਦਰੋਂ ਫੁੱਟਦੇ ਚਸ਼ਮਿਆਂ ਦਾ ਪਾਣੀ ਵੀ ਜੰਮ ਕੇ ਰੁਕ ਗਿਆ ਸੀ। ਮੈਂ ਤੁਰਦਾ ਤੁਰਦਾ ਚੰਦਰਤਾਲ ਝੀਲ ਕੋਲ ਪਹੁੰਚ ਗਿਆ। ਸਵੇਰ ਸਮੇਂ ਝੀਲ ਹੋਰ ਵੀ ਪਿਆਰੀ ਲੱਗ ਰਹੀ ਸੀ। ਇੱਕ ਇਸਰਾਇਲੀ ਨੌਜਵਾਨ ਨੇ ਦੱਸਿਆ ਕਿ ਉਸ ਦੀ ਸਾਥੀ ਕੁੜੀ ਝੀਲ ਦੀ ਪਰਿਕਰਮਾ ਕਰਨ ਗਈ ਹੋਈ ਹੈ। ਇਹ ਸੁਣ ਕੇ ਮੇਰਾ ਉਤਸ਼ਾਹ ਹੋਰ ਵੀ ਵਧ ਗਿਆ ਅਤੇ ਮੈਂ ਵੀ ਝੀਲ ਦੇ ਨਾਲ ਨਾਲ ਬਣੇ ਰਸਤੇ ’ਤੇ ਤੁਰ ਪਿਆ। ਪਰਿਕਰਮਾ ਕਰਦੇ ਸਮੇਂ ਝੀਲ ਦੇ ਪਾਣੀ ’ਚ ਪਹਾੜਾਂ ਤੇ ਬੱਦਲਾਂ ਦੀ ਪਰਛਾਈ ਵੀ ਨਾਲ ਨਾਲ ਸਫ਼ਰ ਕਰਦੀ ਪ੍ਰਤੀਤ ਹੋ ਰਹੀ ਸੀ। ਜੇਕਰ ਬਿਲਕੁਲ ਨੇੜੇ ਤੋਂ ਦੇਖੀਏ ਤਾਂ ਇਸ ਦਾ ਪਾਣੀ ਸ਼ੀਸ਼ੇ ਵਾਂਗ ਸਾਫ਼ ਨਜ਼ਰ ਆਉਂਦਾ ਹੈ, ਪਰ ਕਿਨਾਰੇ ਤੋਂ ਥੋੜ੍ਹਾ ਦੂਰ ਜਾਣ ’ਤੇ ਇਹੋ ਪਾਣੀ ਨੀਲੀ ਭਾਹ ਮਾਰਨ ਲੱਗਦਾ ਹੈ। ਝੀਲ ਅੰਦਰ ਨੀਝ ਲਾ ਕੇ ਤੱਕਦਿਆਂ ਇਨਸਾਨ ਇਹ ਵੀ ਭੁੱਲ ਜਾਂਦਾ ਹੈ ਕਿ ਉੱਪਰ ਨਜ਼ਰ ਆ ਰਹੇ ਪਹਾੜ ਅਸਲੀ ਹਨ ਜਾਂ ਫਿਰ ਝੀਲ ਦੇ ਅੰਦਰ ਨਜ਼ਰ ਆ ਰਹੇ ਪਹਾੜ। ਚੰਦਰਤਾਲ ਦੀ ਵੱਧ ਤੋਂ ਵੱਧ ਲੰਬਾਈ ਤਕਰੀਬਨ ਇੱਕ ਕਿਲੋਮੀਟਰ ਅਤੇ ਵੱਧ ਤੋਂ ਵੱਧ ਚੌੜਾਈ ਤਕਰੀਬਨ ਅੱਧਾ ਕਿਲੋਮੀਟਰ ਹੈ। ਡੇਢ ਕੁ ਘੰਟੇ ਵਿੱਚ ਪੂਰੀ ਝੀਲ ਦਾ ਚੱਕਰ ਲਗਾ ਕੇ ਮੈਂ ਵਾਪਸ ਉਸੇ ਸਥਾਨ ’ਤੇ ਆ ਗਿਆ ਜਿੱਥੋਂ ਚੰਦਰ ਨਦੀ ਨਿਕਲਦੀ ਹੈ। ਝੀਲ ਵਿੱਚੋਂ ਪਾਣੀ ਬਾਹਰ ਨਿਕਲਣ ਦਾ ਸਰੋਤ ਚੰਦਰ ਨਦੀ ਤਾਂ ਹਰ ਇੱਕ ਨੂੰ ਨਜ਼ਰ ਆਉਂਦੀ ਹੈ, ਪਰ ਝੀਲ ਵਿੱਚ ਪਾਣੀ ਦੇ ਆਉਣ ਦਾ ਸਰੋਤ ਕਿਧਰੇ ਨਜ਼ਰ ਨਹੀਂ ਆਉਂਦਾ। ਕਿਸੇ ਪਾਸੇ ਤੋਂ ਵੀ ਨਾ ਤਾਂ ਕੋਈ ਨਦੀ ਨਾਲਾ ਆ ਕੇ ਝੀਲ ’ਚ ਡਿੱਗਦਾ ਹੈ ਅਤੇ ਨਾ ਹੀ ਕੋਈ ਵੱਡਾ ਝਰਨਾ। ਅਸਲ ਵਿੱਚ ਪਹਾੜਾਂ ਤੋਂ ਬਰਫ਼ ਖੁਰ ਕੇ ਧਰਤੀ ਹੇਠੋਂ ਹੀ ਪਾਣੀ ਝੀਲ ਵਿੱਚ ਸਿੰਮਦਾ ਰਹਿੰਦਾ ਹੈ ਜੋ ਬਾਹਰੋਂ ਨਜ਼ਰ ਨਹੀਂ ਆਉਂਦਾ। ਚੰਦਰਤਾਲ ਕੰਢੇ ਕੁਝ ਸਮਾਂ ਬਤੀਤ ਕਰਨ ਮਗਰੋਂ ਮੈਂ ਵਾਪਸ ਚੱਲ ਪਿਆ। ਇਹ ਕਿਹਾ ਜਾ ਸਕਦਾ ਹੈ ਕਿ ਚੰਦਰਤਾਲ ਕੁਦਰਤ ਵੱਲੋਂ ਮਿਲਿਆ ਇੱਕ ਅਜ਼ੀਮ ਤੋਹਫ਼ਾ ਹੈ। ਇਸ ਦੀ ਖ਼ੂਬਸੂਰਤੀ ਨੂੰ ਸ਼ਬਦਾਂ ’ਚ ਬਿਆਨ ਨਹੀਂ ਕੀਤਾ ਜਾ ਸਕਦਾ।

ਸੰਪਰਕ: 95018-62600

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਛੇਤੀ ਜਾਰੀ ਹੋਵੇਗਾ ਇਸ਼ਤਿਹਾਰ ਤੇ ਮੰਗੀਆਂ ਜਾਣਗੀਆਂ ਆਨਲਾਈਨ ਅਰਜ਼ੀਆਂ

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਲੁਧਿਆਣਾ ਤੋਂ ਆਏ ਸਪਲਾਇਰ ਕਾਰ ਸਣੇ ਸਿਟੀ ਪੁਲੀਸ ਵੱਲੋਂ ਕਾਬੂ

ਸ਼ਹਿਰ

View All