ਕੁਝ ਗੱਲਾਂ ਅਮਰਜੋਤ ਬਾਰੇ...

ਸੁਰਜੀਤ ਜੱਸਲ

ਪੰਜਾਬੀ ਗਾਇਕੀ ਵਿਚ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਦੀ ਪ੍ਰਸਿੱਧੀ ਬਾਰੇ ਸਭ ਜਾਣਦੇ ਹਨ। ਤੀਹ ਸਾਲ ਪਹਿਲਾਂ ਰੁਖ਼ਸਤ ਹੋਈ ਇਹ ਗਾਇਕ ਜੋੜੀ ਆਪਣੇ ਗੀਤਾਂ ਸਦਕਾ ਸਰੋਤਿਆਂ ਦੇ ਦਿਲਾਂ ਵਿਚ ਅੱਜ ਵੀ ਵਸੀ ਹੋਈ ਹੈ। ਅਮਰਜੋਤ ਪੰਜਾਬੀ ਗਾਇਕੀ ਵਿਚ ਰਹਿੰਦੀ ਦੁਨੀਆਂ ਤਕ ਸੁਣੀ ਜਾਣ ਵਾਲੀ ਅਮਰ ਗਾਇਕਾ ਹੈ। ਭਾਵੇਂ ਅਮਰਜੋਤ ਦੀ ਪਛਾਣ ਗਾਇਕ ਅਮਰ ਸਿੰਘ ਚਮਕੀਲਾ ਨਾਲ ਜੁੜੀ ਹੋਈ ਹੈ, ਪਰ ਚਮਕੀਲੇ ਨਾਲ ਜੋੜੀ ਬਣਨ ਤੋਂ ਪਹਿਲਾਂ ਉਸਨੇ ਕੁਝ ਸਮਾਂ ਪਿਆਰਾ ਸਿੰਘ ਪੰਛੀ, ਕਰਨੈਲ ਗਿੱਲ, ਧੰਨਾ ਸਿੰਘ ਰੰਗੀਲਾ ਅਤੇ ਕੁਲਦੀਪ ਮਾਣਕ ਨਾਲ ਸਟੇਜਾਂ ਵੀ ਕੀਤੀਆਂ। ਜਦੋਂ ਉਸਨੇ ਪੰਜਾਬੀ ਗਾਇਕੀ ਦੇ ਵਿਹੜੇ ਪੈਰ ਧਰਿਆ ਉਦੋਂ ਵਿਆਹ ਸਾਹਿਆਂ ਮੌਕੇ ਗਾਇਕਾਂ ਦੇ ਅਖਾੜਿਆਂ ਦਾ ਬਹੁਤ ਰਿਵਾਜ ਸੀ। ਮੁਹੰਮਦ ਸਦੀਕ-ਰਣਜੀਤ ਕੌਰ, ਕਰਤਾਰ ਰਮਲਾ-ਸੁੱਖੀ, ਸੁਰਿੰਦਰ ਛਿੰਦਾ-ਗੁਲਸ਼ਨ ਕੋਮਲ , ਦੀਦਾਰ ਸੰਧੂ-ਸਨੇਹ ਲਤਾ ਆਦਿ ਗਾਇਕ ਜੋੜੀਆਂ ਵਿਸ਼ੇਸ਼ ਪਛਾਣ ਰੱਖਦੀਆਂ ਸਨ। ਬਹੁਤ ਸਾਰੀਆਂ ਅਜਿਹੀਆਂ ਗਾਇਕਾਵਾਂ ਵੀ ਸਨ ਜੋ ਵੱਖ ਵੱਖ ਗਾਇਕਾਂ ਨਾਲ ਅਖਾੜੇ ਲਾਉਣ ਜਾਂਦੀਆਂ ਸਨ। ਇਨ੍ਹਾਂ ਦਾ ਕਿਸੇ ਨਾਲ ਪੱਕਾ ਸੈੱਟ ਨਹੀਂ ਸੀ। ਅਮਰਜੋਤ ਵੀ ਵੱਖ ਵੱਖ ਗਾਇਕਾਂ ਨਾਲ ਟੁੱਟਵੇਂ ਪ੍ਰੋਗਰਾਮਾਂ ’ਤੇ ਜਾਂਦੀ ਸੀ। ਫਿਰ ਉਸਦਾ ਕੁਲਦੀਪ ਮਾਣਕ ਨਾਲ ਸੈੱਟ ਬਣ ਗਿਆ। ਉਦੋਂ ਉਹ ਅੱਲ੍ਹੜ ਮੁਟਿਆਰ ਸੀ। ਲੋਕ ਮਾਣਕ ਦੇ ਅਖਾੜਿਆਂ ਵਿਚ ਅਮਰਜੋਤ ਨੂੰ ਵੇਖਣ ਸੁਣਨ ਲਈ ਦੂਰੋਂ ਦੂਰੋਂ ਚੱਲ ਕੇ ਆਉਂਦੇ ਸਨ। ਮਾਣਕ ਨਾਲ ਅਮਰਜੋਤ ਨੇ ਲਗਪਗ ਚਾਰ ਸਾਲ ਪ੍ਰੋਗਰਾਮ ਕੀਤੇ। ਇਸ ਦੌਰਾਨ ਮਾਣਕ ਨਾਲ ਇਕ ਦੋਗਾਣਿਆਂ ਦਾ ਐੱਲ ਪੀ ਰਿਕਾਰਡ ਵੀ ਆਇਆ ਜਿਸ ਵਿਚ ਉਨ੍ਹਾਂ ਦੇ ਚਾਰ ਦੋਗਾਣੇ ‘ਜਾਗੋ ਛੜਿਓ ਵਿਆਹ ਕਰਵਾ ਲਓ ਵੇਚ ਕੇ ਮੱਝੀਆਂ ਗਾਈਆਂ’, ‘ਇਕ ਤੂੰ ਹੋਵੇਂ ਇਕ ਮੈਂ ਹੋਵਾਂ’, ‘ਲੈ ਗਿਆ ਮੇਰੀ ਜਿੰਦ ਕੱਢ ਕੇ’, ਅਤੇ ‘ਸਿਖਰ ਦੁਪਹਿਰੇ ਡੰਗ ਦਿੱਤਾ ਗੱਭਰੂ ਨੀਂ ਪਾ ਕੇ ਸੁਰਮਾ ਅੱਖਾਂ ਦੇ ਵਿਚ ਕਾਲਾ’ ਬੇਹੱਦ ਮਕਬੂਲ ਹੋਏ। ਇਸ ਤੋਂ ਪਹਿਲਾਂ ਅਮਰਜੋਤ ਦੇ ਪਿਆਰਾ ਸਿੰਘ ਪੰਛੀ ਨਾਲ ਵੀ ਦੋ ਗੀਤ ‘ਅੱਜ ਪਰਚਾ ਸਾਇੰਸ ਦਾ’ ਅਤੇ ‘ਕੱਚੀ ਨੀਂਦ ਨਾ ਜਗਾਈਏ ਮੁਕਲਾਵੇ ਆਈ ਨੂੰ’ ਵੀ ਰਿਕਾਰਡ ਹੋ ਚੁੱਕੇ ਸਨ।

ਅਮਰ ਸਿੰਘ ਚਮਕੀਲਾ ਤੇ ਅਮਰਜੋਤ ਕੌਰ ਆਪਣੇ ਬੇਟੇ ਨਾਲ।

ਲੁਧਿਆਣਾ ਗਾਇਕ ਮੰਡੀ ਵਿਚ ਕਿਸੇ ਜੋੜੀ ਦਾ ਸੈੱਟ ਬਹੁਤੀ ਦੇਰ ਟਿਕਦਾ ਨਹੀਂ ਸੀ। ਅਮਰਜੋਤ ਤੋਂ ਪਹਿਲਾਂ ਮਾਣਕ ਨਾਲ ਸਤਿੰਦਰ ਬੀਬਾ, ਪ੍ਰਕਾਸ਼ ਕੌਰ ਸੋਢੀ, ਗੁਲਸ਼ਨ ਕੌਮਲ, ਕੁਲਦੀਪ ਕੌਰ, ਪਰਮਿੰਦਰ ਸੰਧੂ ਆਦਿ ਗਾ ਚੁੱਕੀਆਂ ਸਨ। ਚਾਰ ਸਾਲ ਇਕੱਠੇ ਗਾ ਕੇ ਆਖਿਰ ਕਿਸੇ ਕਾਰਨ ਅਮਰਜੋਤ ਨੇ ਵੀ ਮਾਣਕ ਤੋਂ ਪਾਸਾ ਵੱਟ ਲਿਆ। ਫਿਰ ਅਮਰਜੋਤ ਨੂੰ ਪਾਉਣ ਲਈ ਕਈ ਗਾਇਕਾਂ ਵਿਚ ਦੌੜ ਲੱਗੀ, ਪਰ ਬਾਜ਼ੀ ਅਮਰ ਸਿੰਘ ਚਮਕੀਲਾ ਮਾਰ ਗਿਆ। ਅਮਰਜੋਤ ਪਹਿਲਾਂ ਚਮਕੀਲਾ ਨੂੰ ਗਾਇਕੀ ਖੇਤਰ ਵਿਚ ਨਵਾਂ ਸਮਝਣ ਕਰਕੇ ਸਹਿਮਤ ਨਹੀਂ ਸੀ, ਪਰ ਜਦੋਂ ਉਸਨੂੰ ਪਤਾ ਲੱਗਿਆ ਕਿ ਸੁਰਿੰਦਰ ਸੋਨੀਆ ਨਾਲ ਇਸ ਦੇ ਕਈ ਗੀਤ ਆ ਚੁੱਕੇ ਹਨ ਤਾਂ ਉਹ ਸਹਿਮਤ ਹੋ ਗਈ। ਅਮਰਜੋਤ ਦੇ ਪਰਿਵਾਰਕ ਮੈਂਬਰਾਂ ਦੀ ਇਹ ਸ਼ਰਤ ਸੀ ਕਿ ਉਹ ਜਿਸ ਨਾਲ ਵੀ ਗਾਏਗੀ, ਉਸ ਨਾਲ ਪੱਕਾ ਸੈੱਟ ਬਣਾ ਕੇ ਹੀ ਗਾਏਗੀ ਤੇ ਉਸੇ ਨਾਲ ਹੀ ਰਿਕਾਡਿੰਗ ਕਰਵਾਏਗੀ। ਚਮਕੀਲਾ ਵੀ ਇਹੋ ਚਾਹੁੰਦਾ ਸੀ। ਡੋਗਰ ਬਸਤੀ ਫ਼ਰੀਦਕੋਟ ਦੀ ਵਸਨੀਕ ਅਮਰਜੋਤ ਹੁਰੀਂ ਤਿੰਨ ਭੈਣਾਂ ਸਨ, ਤਿੰਨਾਂ ਨੂੰ ਹੀ ਗਾਇਕੀ ਨਾਲ ਮੋਹ ਸੀ। ਇਨ੍ਹਾਂ ਦੇ ਮਾਤਾ ਰਾਜਬੰਸ ਕੌਰ ਘਰੇਲੂ ਔਰਤ ਸਨ ਜਦੋਂਕਿ ਪਿਤਾ ਗੁਰਚਰਨ ਸਿੰਘ ਲੋਕ ਸੰਪਰਕ ਵਿਭਾਗ ਵਿਚ ਡਰਾਮਾ ਇੰਸਪੈਕਟਰ ਸਨ ਜਿਸ ਕਰਕੇ ਗਾਇਕ-ਕਲਾਕਾਰਾਂ ਦਾ ਇਨ੍ਹਾਂ ਦੇ ਘਰ ਆਉਣ-ਜਾਣ ਸੀ। ਇਸ ਤੋਂ ਪ੍ਰਭਾਵਿਤ ਹੋ ਕੇ ਹੀ ਇਨ੍ਹਾਂ ਨੇ ਗਾਉਣ ਦਾ ਸ਼ੌਕ ਪਾਲਿਆ। ਉਹ ਗਾਇਕੀ ਦੇ ਨਾਲ ਨਾਲ ਖੇਡਾਂ ਵਿਚ ਵੀ ਦਿਲਚਸਪੀ ਰੱਖਦੀ ਸੀ। ਉਹ ਅਥਲੈਟਿਕਸ ਦੀ ਖਿਡਾਰਨ ਸੀ। ਸਕੂਲ ਪੜ੍ਹਦਿਆਂ ਰਾਜ ਪੱਧਰ ’ਤੇ ਉਸਨੇ ਕਈ ਮੁਕਾਬਲੇ ਵੀ ਜਿੱਤੇ, ਪਰ ਜਿਹੜੀ ਵੱਡੀ ਛਾਲ ਉਸਨੇ ਗਾਇਕੀ ਦੇ ਖੇਤਰ ਵਿਚ ਮਾਰੀ ਉਸ ਬਾਰੇ ਕਦੇ ਸੋਚਿਆ ਵੀ ਨਹੀਂ ਸੀ। ਅਮਰਜੋਤ ਤੇ ਚਮਕੀਲਾ ਲੁਧਿਆਣਾ ਹੀ ਕਿਰਾਏ ’ਤੇ ਕਮਰਾ ਲੈ ਕੇ ਰਿਆਜ਼ ਕਰਨ ਲੱਗੇ। ਬਹੁਤ ਜਲਦੀ ਉਸਨੂੰ ਮਹਿਸੂਸ ਹੋ ਗਿਆ ਕਿ ਚਮਕੀਲੇ ਨਾਲ ਉਸਦੀ ਗਾਇਕੀ ਵੱਖਰਾ ਮੁਕਾਮ ਸਿਰਜੇਗੀ। ਜਿੱਥੇ ਚਮਕੀਲਾ ਕਲਮ, ਆਵਾਜ਼ ਅਤੇ ਸਾਜ਼ਾਂ ਦਾ ਧਨੀ ਸੀ, ਉੱਥੇ ਅਮਰਜੋਤ ਵਧੀਆ ਆਵਾਜ਼, ਸਟੇਜੀ ਅੰਦਾਜ਼ ਵਾਲੀ ਕਲਾਕਾਰ ਸੀ। ਦੋਵਾਂ ਦੀ ਸੁਰਤਾਲ ਦਾ ਸਫਲ ਮੇਲ ਹੋਇਆ ਕਿ ਇਕ ਦੂਜੇ ਦੇ ਪੂਰਕ ਹੋ ਨਿੱਬੜੇ। ਚਮਕੀਲਾ ਗ਼ਰੀਬ ਪਰਿਵਾਰ ਵਿਚੋਂ ਉਠਿਆ ਲੁਧਿਆਣਾ ਦੀਆਂ ਮਿੱਲਾਂ ਵਿਚ ਦਿਨ ਰਾਤ ਪਸੀਨਾ ਵਹਾਉਣ ਵਾਲਾ ਮਿਹਨਤੀ ਕਾਮਾ ਸੀ। ਪੰਜ-ਸੱਤ ਜਮਾਤਾਂ ਪੜ੍ਹੇ ਇਸ ਮੁੰਡੇ ਨੂੰ ਪਹਿਲਾਂ ਗੀਤ ਲਿਖਣ ਦਾ ਸ਼ੌਕ ਸੀ ਜੋ ਗਾਇਕ ਸੁਰਿੰਦਰ ਛਿੰਦੇ ਕੋਲ ਲੈ ਆਇਆ। ਜਿੱਥੇ ਉਸਦੀ ਕਿਸਮਤ ਨੇ ਰੰਗ ਵਿਖਾਇਆ ਤੇ ਉਹ ਧਨੀ ਰਾਮ ਤੋਂ ਅਮਰ ਸਿੰਘ ਚਮਕੀਲਾ ਬਣ ਗਿਆ। ਜਦੋਂ ਉਸਨੇ ਪਰਿਪੱਕ ਹੋ ਕੇ ਉਸਤਾਦ- ਗੁਰੂ ਤੋਂ ਆਸ਼ੀਰਵਾਦ ਲੈ ਕੇ ਗਾਇਕੀ ਦੇ ਅੰਬਰ ’ਤੇ ਪਰਵਾਜ਼ ਭਰੀ ਤਾਂ ਹਰ ਪਾਸੇ ਚਮਕੀਲਾ-ਚਮਕੀਲਾ ਹੋਣ ਲੱਗੀ। ਅਮਰਜੋਤ ਨਾਲ ਮੇਲ ਹੋਣ ਮਗਰੋਂ ਦੋਵਾਂ ਦਾ ‘ਸਿਤਾਰਾ’ ਹੋਰ ਤੇਜ਼ ਹੋ ਗਿਆ ਤੇ ਇਹ ਜੋੜੀ ਰਾਤੋ-ਰਾਤ ਸ਼ੋਹਰਤ ਦੀਆਂ ਸਿਖਰਾਂ ਨੂੰ ਛੂਹਣ ਲੱਗੀ। ਅਮਰਜੋਤ ਦੀ ਇਕ ਸਿਫ਼ਤ ਸੀ ਕਿ ਸਟੇਜ ’ਤੇ ਗਾਉਂਦਿਆਂ ਉਸਦਾ ਪਹਿਰਾਵਾਂ ਬਿਲਕੁਲ ਸਾਦਾ ਤੇ ਆਮ ਔਰਤਾਂ ਵਰਗਾ ਹੀ ਹੁੰਦਾ ਸੀ। ਸਿੱਧੇ ਵਾਲ ਵਾਹ ਕੇ ਗਿੱਚੀ ਤੋਂ ਉੱਚਾ ਜੂੜਾ ਕਰਨਾ ਉਸਨੂੰ ਚੰਗਾ ਲੱਗਦਾ ਸੀ। ਉਹ ਚੁੰਨੀ ਦੀ ਮਰਿਆਦਾ ਨੂੰ ਸਮਝਦੀ ਸੀ। ਪ੍ਰੋਗਰਾਮਾਂ ਦੌਰਾਨ ਹਾਸਾ ਮਜ਼ਾਕ ਕਰਨਾ ਉਸਦਾ ਸੁਭਾਅ ਸੀ। ਗਾਇਕੀ ਉਸਦਾ ਪੇਸ਼ਾ ਸੀ, ਪਰ ਸਮਾਜਿਕ ਦਾਇਰੇ ਵਿਚ ਵਿਚਰਨਾ ਉਸਨੂੰ ਦਿਲੀ ਸਕੂਨ ਦਿੰਦਾ ਸੀ। ਜਿੱਥੇ ਪ੍ਰੋਗਰਾਮ ਕਰਨ ਜਾਣਾ ਹੁੰਦਾ, ਉਸਨੂੰ ਵਿਆਹ ਵਾਲੇ ਘਰ ਦੀਆਂ ਔਰਤਾਂ ’ਚ ਬਹਿ ਕੇ ਗੱਲਬਾਤ ਕਰਨਾ ਚੰਗਾ ਲੱਗਦਾ ਸੀ। ਅਮਰਜੋਤ ਗੀਤ ਦੇ ਵਿਸ਼ੇ ਮੁਤਾਬਕ ਵਧੀਆ ਪੇਸ਼ਕਾਰੀ ਲਈ ਲੋੜੀਂਦੀ ਅਦਾਕਾਰੀ ਅਤੇ ਚੋਹਲ-ਮੋਹਲ ਵੀ ਕਰਦੀ ਸੀ। ਇਸ ਤਰ੍ਹਾਂ ਗੀਤ ਨੂੰ ਵੇਖਣਯੋਗ ਬਣਾਉਣ ਦੀ ਉਸ ਕੋਲ ਖ਼ਾਸ ਕਲਾ ਸੀ। ਅਮਰਜੋਤ ਚਮਕੀਲਾ ਦੇ ਯਾਦਗਾਰੀ ਬਣੇ ਕੁਝ ਗੀਤ ਜਿਵੇਂ ‘ਤਲਵਾਰ ਮੈਂ ਕਲਗੀਧਰ ਦੀ ਹਾਂ’, ‘ਕੀ ਜ਼ੋਰ ਗ਼ਰੀਬਾਂ ਦਾ ਮਾਰੀ ਝਿੱੜਕ ਸੋਹਣਿਆ ਮੁੜ ਗਏ’, ‘ਕੁੜੀਓ ਰਾਹ ਛੱਡ ਦਿਓ ਮੇਰੇ ਯਾਰ ਨੇ ਗਲੀਂ ਦੇ ਵਿਚੋਂ ਲੰਘਣਾ’ ਅਮਰਜੋਤ ਦੇ ਦਿਲ ਦੇ ਬਹੁਤ ਕਰੀਬ ਸਨ। ਇਨ੍ਹਾਂ ਨੂੰ ਗਾਉਂਦਿਆਂ ਉਹ ਵੱਖਰੇ ਸਰੂਰ ਵਿਚ ਨਜ਼ਰ ਆਉਂਦੀ ਸੀ। ਆਪਣੇ ਗਾਇਕੀ ਦੇ ਸਫ਼ਰ ਦੌਰਾਨ ਉਨ੍ਹਾਂ ਦੋਵਾਂ ਨੇ ਵਿਆਹ ਕਰਵਾਉਣ ਦਾ ਫ਼ੈਸਲਾ ਕੀਤਾ। ਸਮਾਜਿਕ ਵਿਸ਼ਿਆਂ ਨੂੰ ਪਾਰਦਰਸ਼ੀ ਕਰਨ ਦੀ ਆੜ ਵਿਚ ਚਮਕੀਲੇ ਦੀ ਗਾਇਕੀ ਨੂੰ ਲੱਚਰਤਾ ਦਾ ਜਾਮਾ ਪਹਿਨਾਇਆ ਜਾਣ ਲੱਗਿਆ। ਇਸ ਬਾਰੇ ਨਿੱਤ ਦਿਨ ਮਿਲਦੀਆਂ ਜਾਨੋਂ ਮਾਰਨ ਦੀਆਂ ਧਮਕੀਆਂ ਵੇਖ ਕੇ ਵੀ ਅਮਰਜੋਤ ਨਹੀਂ ਘਬਰਾਈ ਤੇ ਨਾ ਹੀ ਉਸਦਾ ਸਾਥ ਛੱਡ ਕੇ ਭੱਜੀ। ਮਰਨ ਵੇਲੇ ਚਮਕੀਲੇ ਤੋਂ ਪਹਿਲਾਂ ਮੌਤ ਨੂੰ ਅਮਰਜੋਤ ਨੇ ਹੀ ਗਲੇ ਲਗਾਇਆ। ਜਦੋਂ ਅਮਰਜੋਤ ਦੇ ਗੋਲੀ ਲੱਗੀ ਤਾਂ ਚਮਕੀਲਾ ਭੱਜ ਕੇ ਤੜਫਦੀ ਅਮਰਜੋਤ ਕੋਲ ਆ ਕੇ ਚਿਲਾਇਆ ‘ਬੱਬੀ...ਬੱਬੀ ਕੀ ਹੋ ਗਿਆ ਤੈਨੂੰ....।’ ਅਗਲੇ ਹੀ ਪਲ ਗੋਲੀਆਂ ਨੇ ਚਮਕੀਲੇ ਨੂੰ ਵੀ ਥਾਂਏ ਢੇਰ ਕਰ ਦਿੱਤਾ। ਅਮਰਜੋਤ ਨੇ ਦੋ ਲੜਕਿਆਂ ਨੂੰ ਜਨਮ ਦਿੱਤਾ। ਛੋਟਾ ਬੇਟਾ ਉਸਦੀ ਮੌਤ ਵੇਲੇ ਸਿਰਫ਼ ਤਿੰਨ ਕੁ ਮਹੀਨਿਆਂ ਦਾ ਸੀ ਜੋ ਬਾਅਦ ਵਿਚ ਚੱਲ ਵਸਿਆ। ਚਮਕੀਲੇ ਦੇ ਪਹਿਲੇ ਵਿਆਹ ਦੀਆਂ ਬੇਟੀਆਂ ਵੀ ਗਾਇਕੀ ਨਾਲ ਜੁੜੀਆਂ ਹੋਈਆਂ ਹਨ ਜਿਨ੍ਹਾਂ ਦਾ ਗਾਇਕੀ ਖੇਤਰ ਵਿਚ ਸੰਘਰਸ਼ ਜਾਰੀ ਹੈ। ਇਸ ਗਾਇਕ ਜੋੜੀ ਨੂੰ ਜਹਾਨੋਂ ਗਿਆਂ ਤੀਹ ਸਾਲ ਹੋ ਗਏ, ਪਰ ਅੱਜ ਵੀ ਇਨ੍ਹਾਂ ਦੇ ਗਾਏ ਗੀਤ ਪਹਿਲਾਂ ਨਾਲੋਂ ਵੱਧ ਗਿਣਤੀ ਵਿਚ ਸੁਣੇ ਜਾਂਦੇ ਹਨ।

ਸੰਪਰਕ: 98146-07737

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਭਾਰਤ ਹਰ ਹਮਲੇ ਦਾ ਜਵਾਬ ਦੇਣ ਦੇ ਸਮਰੱਥ: ਕੋਵਿੰਦ

ਭਾਰਤ ਹਰ ਹਮਲੇ ਦਾ ਜਵਾਬ ਦੇਣ ਦੇ ਸਮਰੱਥ: ਕੋਵਿੰਦ

ਕਰੋਨਾਵਾਇਰਸ ਦਾ ਫੈਲਾਅ ਰੋਕਣ ਲਈ ਸਰਕਾਰ ਦੇ ਉਪਰਾਲਿਆਂ ਦੀ ਸ਼ਲਾਘਾ

ਭਾਰਤ ਅਮਨ ਦਾ ਹਾਮੀ, ਪਰ ਕਿਸੇ ਵੀ ਹਿਮਾਕਤ ਦਾ ਜਵਾਬ ਦੇਣ ਦੇ ਸਮਰੱਥ: ਕੋਵਿੰਦ

ਭਾਰਤ ਅਮਨ ਦਾ ਹਾਮੀ, ਪਰ ਕਿਸੇ ਵੀ ਹਿਮਾਕਤ ਦਾ ਜਵਾਬ ਦੇਣ ਦੇ ਸਮਰੱਥ: ਕੋਵਿੰਦ

74ਵੇਂ ਆਜ਼ਾਦੀ ਦਿਹਾੜੇ ਦੀ ਪੂਰਬਲੀ ਸੰਧਿਆ ਰਾਸ਼ਟਰ ਦੇ ਨਾਂ ਸੰਬੋਧਨ ’ਚ ਰ...

ਗਹਿਲੋਤ ਸਰਕਾਰ ਨੇ ਭਰੋਸੇ ਦਾ ਵੋਟ ਜਿੱਤਿਆ

ਗਹਿਲੋਤ ਸਰਕਾਰ ਨੇ ਭਰੋਸੇ ਦਾ ਵੋਟ ਜਿੱਤਿਆ

ਜ਼ਬਾਨੀ ਵੋਟ ਨਾਲ ਸਾਬਤ ਕੀਤਾ ਬਹੁਮੱਤ

ਸ਼ਹਿਰ

View All