ਕੀ ਹੈ ਸੁਪਰਬੱਗ ਨਿਊ ਦੇਹਲੀ?

ਡਾ. ਮਨਜੀਤ ਸਿੰਘ ਬੱਲ*

ਬੈਕਟੀਰੀਆ, ਬਹੁਤ ਛੋਟੇ-ਛੋਟੇ ਜੀਵਾਣੂੰ ਹੁੰਦੇ ਹਨ ਜੋ ਸਿਰਫ ਖੁਰਦਬੀਨ ਨਾਲ ਹੀ ਵੇਖੇ ਜਾ ਸਕਦੇ ਹਨ। ਇਨ੍ਹਾਂ ਦੀਆਂ ਕਈ ਕਿਸਮਾਂ ਹਨ। ਕੁਝ ਬੈਕਟੀਰੀਆ ਤਾਂ ਸਾਡੇ ਸਰੀਰ ਵਾਸਤੇ ਲਾਹੇਵੰਦ ਵੀ ਹੁੰਦੇ ਹਨ। ਮਨੁੱਖੀ ਸਰੀਰ ਦੇ ਵੱਖ-ਵੱਖ ਭਾਗਾਂ ਵਿਚ ਇਨਫੈਕਸ਼ਨ ਅਤੇ ਸੈਪਸਿਸ (ਪਾਕ) ਬਨਣ ਦਾ ਕਾਰਨ ਇਹੀ ਬੈਕਟੀਰੀਆ ਹੁੰਦੇ ਹਨ ਜੋ ਸਰੀਰ ਵਿਚ ਵੜ ਕੇ ਵਧਦੇ-ਫੁੱਲਦੇ ਹਨ ਤੇ ਉਸ ਜਗ੍ਹਾ ਦੇ ਤੰਤੂਆਂ ਨੂੰ ਨਸ਼ਟ ਕਰ ਦਿੰਦੇ ਹਨ। ਮਰੇ ਹੋਏ ਰੋਗਾਣੂੰ ਤੇ ਤੰਤੂਆਂ ਦੇ ਸੈੱਲ, ਪਾਕ ਦਾ ਰੂਪ ਧਾਰਨ ਕਰਦੇ ਹਨ। ਜ਼ਖਮਾਂ ਦੀ ਇਨਫੈਕਸ਼ਨ, ਫੇਫੜਿਆਂ ਦੀ ਇਨਫੈਕਸ਼ਨ (ਨਿਮੋਨੀਆ) ਤੇ ਬਾਕੀ ਇਨਫੈਕਸ਼ਨਜ਼, ਇਨ੍ਹਾਂ ਰੋਗਾਣੂੰਆਂ ਦੀ ਬਦੌਲਤ ਹੀ ਹੁੰਦੀਆਂ ਹਨ। ਇਹ ਰੋਗਾਣੂੰ ਹਵਾ ਵਿਚ ਹੀ ਤੈਰਦੇ ਰਹਿੰਦੇ ਹਨ, ਖਾਸ ਕਰਕੇ ਗੰਦੇ ਵਾਤਾਵਰਣ ਵਿਚ। ਸਰੀਰ ਦੀ ਸੁਰੱਖਿਆ ਪ੍ਰਣਾਲੀ (Immune System) ਇਨ੍ਹਾਂ ਖਿਲਾਫ ਸਰਗਰਮ ਰਹਿੰਦੀ ਹੈ ਤੇ ਇਨ੍ਹਾਂ ਖਿਲਾਫ ਲੜਦੀ ਰਹਿੰਦੀ ਹੈ। ਰੋਗਾਣੂੰਆਂ ਦੀਆਂ ਕਈ ਕਿਸਮਾਂ ਘਾਤਕ ਹੁੰਦੀਆਂ ਹਨ। ਇਨ੍ਹਾਂ ਤੋਂ ਬਚਾਓ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਨੂੰ ਐਂਟੀਬਾਇਓਟਿਕ ਕਿਹਾ ਜਾਂਦਾ ਹੈ। ਸੋ ਇਨਫੈਕਸ਼ਨਜ਼, ਜ਼ਖਮ, ਆਪਰੇਸ਼ਨ ਆਦਿ ਦੌਰਾਨ ਇਨਫੈਕਸ਼ਨਜ਼ ਨੂੰ ਕੰਟਰੋਲ ਕਰਨ ਲਈ ਐਂਟੀਬਾਇਓਟਿਕ ਦਵਾਈਆਂ ਦੀ ਵਰਤੋਂ ਲਾਜ਼ਮੀ ਤੌਰ ’ਤੇ ਕਰਨੀ ਪੈਂਦੀ ਹੈ। ਘਾਤਕ ਕਿਸਮ ਦੇ ਰੋਗਾਣੂੰਆਂ ਵਾਸਤੇ ਤਾਕਤਵਰ ਐਂਟੀਬਾਇਓਟਿਕਸ ਵੀ ਬਾਜ਼ਾਰ ਵਿਚ ਉਪਲਬਧ ਹਨ। ਇਨੀਂ ਦਿਨੀਂ ਮੀਡੀਆ ਵਿਚ ਸੁਪਰਬੱਗ ਬੈਕਟੀਰੀਆ ਦੀ ਚਰਚਾ ਚੱਲ ਰਹੀ ਹੈ। ਕੀ ਹੈ ਇਹ? ਤੇ ਇਹਦਾ ਨਾਂ ਸਾਡੇ ਦੇਸ਼ ਦੀ ਰਾਜਧਾਨੀ ਦਿੱਲੀ ਦੇ ਨਾਂ ’ਤੇ ਕਿਉਂ ਰੱਖਿਆ ਗਿਆ ਹੈ...? ਸੁਪਰਬੱਗ ਦਾ ਪੂਰਾ ਨਾਂ ਹੈ ‘ਸੁਪਰਬੱਗ ਨਿਊ ਦੇਹਲੀ ਮਟੈਲੋ ਬੀਟਾ ਲੋਕਟੇਮੇਸ।’ ਇਹ ਬੈਕਟੀਰੀਆ, ਏਸ਼ੀਆ ਅਤੇ ਬਰਤਾਨੀਆ ਦੇ ਮਰੀਜ਼ਾਂ ਵਿਚ ਪਾਏ ਗਏ ਹਨ। ਸਾਇੰਸਦਾਨਾਂ ਦੀ ਇਕ ਅੰਤਰਰਾਸ਼ਟਰੀ ਟੀਮ ਦੇ ਅਨੁਸਾਰ ਜਿਹੜੇ ਲੋਕ ਭਾਰਤ ਅਤੇ ਪਾਕਿਸਤਾਨ ਵਿਚ ਇਲਾਜ ਵਾਸਤੇ ਆਉਂਦੇ ਹਨ, ਉਨ੍ਹਾਂ ਵਿਚ ਇਨ੍ਹਾਂ ਜਰਮਾਂ ਦੀ ਇਨਫੈਕਸ਼ਨ ਹੋਣ ਦਾ ਖਦਸ਼ਾ ਰਹਿੰਦਾ ਹੈ ਜਿਨ੍ਹਾਂ ’ਤੇ ਕਿਸੇ ਵੀ ਦਵਾਈ ਦਾ ਅਸਰ ਨਹੀਂ ਹੁੰਦਾ। ਮਨੁੱਖੀ ਸਰੀਰ ’ਤੇ ਇਨ੍ਹਾਂ ਦਾ ਅਸਰ: ਸਾਰੀ ਦੁਨੀਆਂ ਦੇ ਹਸਪਤਾਲਾਂ ਵਿਚ ਪਹਿਲਾਂ ਹੀ ਇਸ ਤਰ੍ਹਾਂ ਦੇ ਜਰਮ ਪੈਦਾ ਹੋ ਰਹੇ ਹਨ ਜਿਨ੍ਹਾਂ ’ਤੇ ਦਵਾਈਆਂ ਦਾ ਅਸਰ ਨਹੀਂ ਹੁੰਦਾ। ਇਹ ਇਕ ਵੱਡੀ ਸਮੱਸਿਆ ਬਣ ਗਈ ਹੈ। ਉਦਾਹਰਣ ਵਜੋਂ methicillin-resistant Staphyloccus aureus (MRSA). ‘ਸੁਪਰਬੱਗ ਨਿਊ ਦੇਹਲੀ’ ਨੂੰ ਖਤਮ ਕਰਨ ਵਾਲੇ ਸਾਰੇ ਐਂਟੀ ਬਾਇਓਟਿਕਸ ਨਿਰਅਸਰ ਰਹਿੰਦੇ ਹਨ ਅਰਥਾਤ ਕੋਈ ਵੀ ਦਵਾਈ ਇਨ੍ਹਾਂ ’ਤੇ ਅਸਰ ਨਹੀਂ ਕਰਦੀ। ਸੋ ਇਨਫੈਕਸ਼ਨ ’ਤੇ ਕੰਟਰੋਲ ਕੋਈ ਨਹੀਂ ਰਹਿੰਦਾ ਤੇ ਮਰੀਜ਼ ਦੀ ਮੌਤ ਹੋ ਜਾਂਦੀ ਹੈ। ਸਭ ਤੋਂ ਜ਼ਿਆਦਾ ਤਾਕਤਵਰ ਐਂਟੀਬਾਇਓਟਿਕ Carbapenms ਵੀ ਸੁਪਰਬੱਗ ਵਰਗੇ ਬੈਕਟਰੀਆ ਦਾ ਕੁਝ ਨਹੀਂ ਵਿਗਾੜ ਸਕਦੇ। ਸੁਪਰਬੱਗ ਨਿਊ ਦੇਹਲੀ Klebsiella Pneumoniae and E. Coli ਦੀ ਇਨਫੈਕਸ਼ਨ ਦੇ ਲੱਛਣ: ਨਿਮੋਨੀਆ (Klebsiella pneumoniae) ਨਾਲ ਬਹੁਤ ਤੇਜ਼ ਬੁਖਾਰ, ਖੰਡ, ਬਲਗਮ ਵਿਚ ਖੂਨ ਅਤੇ (Eschrechia Coli Bacteria) ਨਾਲ ਘਾਤਕ ਨਿਮੋਨੀਆ। ਪਿਸ਼ਾਬ ਪ੍ਰਣਾਲੀ ਦੀ ਇਨਫੈਕਸ਼ਨ (Eschrechia Coli) ਜਿਵੇਂ ਪਿਸ਼ਾਬ ਦਰਦ ਨਾਲ ਅਤੇ ਸਾੜ ਪੈ ਕੇ ਆਉਣਾ, ਪਿਸ਼ਾਬ ਵਿਚ ਖੂਨ ਆਦਿ। Klebsiella pneumoniae ਨਾਲ ਪੇਟ ਦੀਆਂ ਇਨਫੈਕਸ਼ਨਾਂ ਅਤੇ ਨਿਮੋਨੀਆ ਹੁੰਦਾ ਹੈ। ਸੁਪਰਬੱਗ ਨਵੀਂ ਦਿੱਲੀ ਮਟੈਲੋ ਬੀਟਾ ਲੈਕਟੇਮੇਸ-1, ਕਿਹੜੇ ਦੇਸ਼ਾਂ ਵਿਚ ਫੈਲ ਰਿਹਾ ਹੈ? * ਬੰਗਲਾਦੇਸ਼ * ਭਾਰਤ * ਪਾਕਿਸਤਾਨ * ਅਤੇ ਇਨ੍ਹਾਂ ਦੇਸ਼ਾਂ ਤੋਂ ਇਹ ਬਰਤਾਨੀਆ ਵੱਲ ਫੈਲਿਆ ਹੈ। ਕਾਰਡਿਫ ਯੂਨੀਵਰਸਿਟੀ ਦੇ ਖੋਜਕਾਰ ਪ੍ਰੋਫੈਸਰ ਤਿਮੋਤੀ ਆਰ. ਵਾਸਲ ਅਤੇ ਉਸ ਦੀ ਟੀਮ ਨੇ ਭਾਰਤ ਵਿਚ ਚੇਨਈ ਤੇ ਹਰਿਆਣਾ ਅਤੇ ਬਰਤਾਨੀਆ ਵਿਚ ਨੈਸ਼ਨਲ ਰੈਫਰੈਂਸ ਲੈਬਾਰਟਰੀ ਵਿਚੋਂ 2007 ਤੋਂ ਲੈ ਕੇ 2009 ਤਕ ਸੈਂਪਲ ਇਕੱਠੇ ਕੀਤੇ। ਇਨ੍ਹਾਂ ਨੇ ਵੇਖਿਆ ਕਿ ਚੇਨਈ ਵਿਚ 44, ਹਰਿਆਣਾ ਵਿਚ 26, ਬਰਤਾਨੀਆ ਵਿਚ 37 ਅਤੇ ਦੂਜੀਆਂ ਥਾਵਾਂ (ਬੰਗਲਾਦੇਸ਼, ਭਾਰਤ ਤੇ ਪਾਕਿਸਤਾਨ) ਤੋਂ 73 ਸੈਂਪਲ ਸੁਪਰਬੱਗ਼ ਨਿਊ ਦੇਹਲੀ ਮਟੈਲੋ ਬੀਟਾ ਲੈਕਟੇਮੇਸ-1 ਦੇ ਲੱਭੇ। ਬਚਾਓ: ਇਨ੍ਹਾਂ ਬੈਕਟੀਰੀਆ ਤੋਂ ਬਚਾਓ ਵਾਸਤੇ ਮਰੀਜ਼ਾਂ ਦਾ ਵਾਤਾਵਰਣ ਜਿਵੇਂ ਵਾਰਡ, ਓ.ਪੀ.ਡੀ., ਹਸਪਤਾਲ, ਸਪੈਸ਼ਲ ਕਮਰੇ ਅਤੇ ਰਹਿਣ ਵਾਲੇ ਕਮਰਿਆਂ ਨੂੰ ਰੋਗਾਣੂੰ ਰਹਿਤ, ਬੇਹੱਦ ਸਾਫ ਰੱਖਣ ਦੀ ਲੋੜ ਹੈ। ਪ੍ਰੋਫੈਸਰ ਵਾਲਸ਼ ਦੇ ਅਨੁਸਾਰ ਇਹ ਰੋਗਾਣੂੰ ਸਵਾਈਨ ਫਲੂ ਦੇ ਰੋਗਾਣੂੰ ਨਾਲੋਂ ਵੀ ਵੱਧ ਖਤਰਨਾਕ ਹਨ। । ਇਸ ਲਈ ਇਨ੍ਹਾਂ ਪ੍ਰਤੀ ਚੇਤੰਨ ਰਹਿਣਾ ਚਾਹੀਦਾ ਹੈ। ‘ਸੁਪਰਬੱਗ ਨਿਊ ਦੇਹਲੀ’ ਨਾਂ ਰੱਖਣ ਦੇ ਵਿਰੋਧ ਵਿਚ ਭਾਰਤੀ ਲੋਕ ਸਭਾ ਵਿਚ ਗਰਮਾ-ਗਰਮ ਬਹਿਸ ਹੋਈ ਕਿ ਸਾਡੇ ਦੇਸ਼ ਦੀ ਰਾਜਧਾਨੀ ਦਾ ਨਾਂ ਇਸ ਤਰ੍ਹਾਂ ਦੇ ਜਰਮ ਦੇ ਨਾਂ ਨਾਲ ਕਿਉਂ ਜੋੜਿਆ ਗਿਆ ਹੈ। ਇਹ ਕਿਹਾ ਗਿਆ ਕਿ ਐਸਾ ਕਰਨਾ ਅੰਤਰਰਾਸ਼ਟਰੀ ਨਿਯਮਾਂ ਦੇ ਖਿਲਾਫ ਹੈ। ਜਿਨ੍ਹਾਂ ਲੋਕਾਂ ਨੇ ਐਸਾ ਨਾਂ ਰੱਖਿਆ ਹੈ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਗਈ। ਕਾਂਗਰਸ ਦੀ ਮੈਂਬਰ ਪਾਰਲੀਮੈਂਟ ਡਾ. ਜਯੋਤੀ ਮਿਰਧਾ ਨੇ ਕਿਹਾ ਕਿ ਐਸੇ ਬੈਕਟੀਰੀਆ ਤਾਂ 1996 ਵਿਚ ਦੱਖਣੀ ਅਮਰੀਕਾ ਦੀ ਸਟੇਟ ‘ਉਤਰੀ ਕੈਰੋਲੀਨਾ’ ਵਿਚ ਪਾਏ ਗਏ ਸਨ ਪਰ ਉਸ ਸਟੇਟ ਦੇ ਨਾਂ ’ਤੇ ਤਾਂ ਕਿਸੇ ਨੇ ਇਸ ਦਾ ਨਾਂ ਨਹੀਂ ਰੱਖਿਆ। ਬਰਤਾਨੀਆ ਵੱਲੋਂ ਕੀਤੇ ਗਏ ਇਕ ਅਧਿਐਨ ਅਨੁਸਾਰ ਇਕ ਨਵੀਂ ‘ਜੀਨ’, ਕਈ ਬੈਕਟੀਰੀਆ ਨੂੰ ਐਸਾ ਬਣਾ ਦਿੰਦੀ ਹੈ ਕਿ ਉਨ੍ਹਾਂ ’ਤੇ ਕਿਸੇ ਤਰ੍ਹਾਂ ਦੇ ਵੀ ਐਂਟੀਬਾਇਓਟਿਕ ਦਾ ਅਸਰ ਨਹੀਂ ਹੁੰਦਾ ਯਾਨੀ ਕਿ ਸੁਪਰਬੱਗ। ਅਰਥਾਤ ਇਹ ਬੈਕਟੀਰੀਆ ਦਵਾਈਆਂ ਨਾਲ ਮਰਦੇ ਨਹੀਂ, ਇਨਫੈਕਸ਼ਨ ’ਤੇ ਕੰਟਰੋਲ ਨਹੀਂ ਹੋ ਸਕਦਾ ਅਤੇ ਇਨਫੈਕਸ਼ਨ ਨਾਲ ਰੋਗੀ ਮਰ ਜਾਂਦਾ ਹੈ। ਇਸ ਦੀ ਰਿਪੋਰਟ ਤੋਂ ਬਾਅਦ ਭਾਰਤ ਸਰਕਾਰ ਅਤੇ ਸਿਹਤ ਨਾਲ ਸਬੰਧਤ ਭਾਰਤੀ ਅਦਾਰੇ ਇਹ ਰਿਪੋਰਟ ਨੂੰ ਮੰਨਣ ਨੂੰ ਤਿਆਰ ਨਹੀਂ ਹਨ। ਇਸ ਦੇ ਸਬੰਧ ਵਿਚ ਉਹ ਉਨ੍ਹਾਂ ਸਬੂਤਾਂ ਨੂੰ ਵੀ ਠੁਕਰਾ ਰਹੇ ਹਨ ਕਿ ਇਸ ਤਰ੍ਹਾਂ ਦੇ ਸੁਪਰਬੱਗ ਬੈਕਟੀਰੀਆ NDMI ਦਾ ਮੁੱਢ ਕਿਸੇ ਭਾਰਤੀ ਨਿੱਜੀ ਹਸਪਤਾਲ ਤੋਂ ਬੱਝਾ ਹੈ। ਉਹ ਸਮਝਦੇ ਹਨ ਕਿ ਇਸ ਤਰ੍ਹਾਂ ਦੀ ਰਿਪੋਰਟ ਭਾਰਤ ਵਿਚ ਮੈਡੀਕਲ ਟੂਰਿਜ਼ਮ ਦੇ ਧੰਦੇ ’ਤੇ ਇਕ ਹਮਲਾ ਹੈ, ਇਕ ਸਾਜ਼ਿਸ਼ ਹੈ। ਇੰਡੀਆ ਟੂਡੇ ਲਿਖਦਾ ਹੈ ਕਿ ਸਰਕਾਰ ਨੇ ਇਹ ਵੀ ਇਸ਼ਾਰਾ ਕੀਤਾ ਕਿ ਲੈਨਸੈੱਟ ਰਸਾਲੇ (Lancet Inrections diseases study) ਵਿਚ ਛਪੀ ਰਿਪੋਰਟ ਝੂਠੀ ਹੈ ਕਿਉਂਕਿ ਇਸ ਵਾਸਤੇ ਕੁਝ ਦਵਾਈਆਂ ਵਾਲੀਆਂ ਕੰਪਨੀਆਂ ਨੇ ਫੰਡ ਉਪਲਬਧ ਕਰਵਾਏ ਸਨ। ਇਸ ਸਬੰਧੀ ਕਾਰਡਿਫ ਤੋਂ ਪ੍ਰੋਫੈਸਰ ਵਾਲਸ਼ ਨੇ ਇੰਡੀਅਨ ਐਕਸਪ੍ਰੈਸ ਨੂੰ ਦੱਸਿਆ ਕਿ ਲੈਨਸੈੱਟ ਰਸਾਲਾ ਕਦੀ ਵੀ ਗਲਤ ਰਿਪੋਰਟ ਨਹੀਂ ਛਾਪਦਾ। ਅਸੀਂ ਜੋ ਵੀ ਰਿਪੋਰਟ ਦਿੱਤੀ ਹੈ ਅਤੇ ਛਪੀ ਹੈ, ਉਹ ਬਿਲਕੁਲ ਵਾਜਬ ਅਤੇ ਸੰਤੁਲਿਤ ਹੈ। ਨਵੀਂ ਦਿੱਲੀ ਦੇ ਨਾਂ ’ਤੇ ਇਸ ਦਾ ਨਾਂ ਰੱਖਣ ਬਾਰੇ ਉਸ ਨੇ ਕਿਹਾ, ‘‘ਅਸੀਂ ਕੋਈ ਨਵੀਂ ਪਿਰਤ ਨਹੀਂ ਪਾਈ, ਇਹ ਤਾਂ ਪਹਿਲਾਂ ਤੋਂ ਹੀ ਹੈ ਕਿਉਂਕਿ ਪਹਿਲਾ ਮਰੀਜ਼ ਭਾਰਤ ਤੋਂ ਇਨਫੈਕਸ਼ਨ ਲੈ ਕੇ ਸਵੀਡਨ ਪੁੱਜਾ ਸੀ। ਇਹ ਰਿਵਾਜ ਹੈ ਕਿ ਉਸ ਸ਼ਹਿਰ ਦੇ ਨਾਂ ’ਤੇ ਇਸ ਤਰ੍ਹਾਂ ਦੀ ਬਿਮਾਰੀ ਜਾਂ ਬੈਕਟੀਰੀਆ ਦੇ ਨਾਂ ਰੱਖੇ ਜਾਂਦੇ ਹਨ ਜਿਥੋਂ ਗੱਲ ਸ਼ੁਰੂ ਹੋਈ ਹੋਵੇ।’’ ਇੰਡੀਆ ਟੂਡੇ ਮੁਤਾਬਕ ਸਰਕਾਰ ਇਸ ਗੱਲ ’ਤੇ ਗੌਰ ਨਹੀਂ ਕਰ ਰਹੀ ਕਿ ਭਾਰਤ ਵਿਚ ਮੈਡੀਕਲ ਟੂਰਿਜ਼ਮ ਧੰਦੇ ਦੀ ਸ਼ੁਰੂਆਤ ਅਪੋਲੋ ਹਸਪਤਾਲ ਤੋਂ ਹੋਈ ਸੀ ਅਤੇ ਇਸ ਅਧਿਐਨ ਦੇ ਦੋ ਖੋਜਕਾਰ ਵੀ ਇਸੇ ਸਿਹਤ ਸੰਸਥਾ ਨਾਲ ਸਬੰਧਤ ਹਨ, ਸੋ ਸਰਕਾਰ ਦੇ ਇਹ ਬਿਆਨ ਵੀ ਸਹੀ ਨਹੀਂ ਲੱਗਦੇ। ਭਾਰਤ ਵਿਚ ਮੈਡੀਕਲ ਟੂਰਿਜ਼ਮ ਦੇ ਬਚਾਅ ਵਿਚ ਇਕ ਸਰਕਾਰੀ ਬਿਆਨ ਵਿਚ ਕਿਹਾ ਗਿਆ ਹੈ, ‘‘ਦੁਨੀਆਂ ਵਿਚ ਰੋਗੀਆਂ ਦੇ ਅੰਤਰਰਾਸ਼ਟਰੀ ਟੂਰਾਂ ਕਾਰਨ ਇਸ ਤਰ੍ਹਾਂ ਦੇ ਜਰਮ ਤਾਂ ਸਾਰੀ ਦੁਨੀਆਂ ਵਿਚ ਮੌਜੂਦ ਹੋਣਗੇ। ਇਕਾ-ਦੁਕਾ ਕੇਸਾਂ ਦੇ ਆਧਾਰ ’ਤੇ ਭਾਰਤੀ ਹਸਪਤਾਲਾਂ ਵਿਚ ਹੋ ਰਹੇ ਅਪਰੇਸ਼ਨਾਂ ਅਤੇ ਇਲਾਜਾਂ ਨਾਲ ਇਸ ਤਰ੍ਹਾਂ ਦੇ ਇਨਫੈਕਸ਼ਨ ਵਾਲੇ ਕੇਸਾਂ ਨੂੰ ਜੋੜਨਾ ਅਤੇ ਕਹਿਣਾ ਕਿ ਭਾਰਤ ਇਲਾਜ ਵਾਸਤੇ ਸੁਰੱਖਿਅਤ ਨਹੀਂ ਹੈ, ਇਹ ਗਲਤ ਧਾਰਨਾ ਹੈ।’’ ਭਾਰਤੀ ਸਿਹਤ ਅਥਾਰਟੀਜ਼ ਕਹਿੰਦੀਆਂ ਹਨ ਕਿ ਇਸ ਤਰ੍ਹਾਂ ਦੇ ਬੈਕਟੀਰੀਆ (ਜਿਨ੍ਹਾਂ ’ਤੇ ਦਵਾਈਆਂ ਦਾ ਕੋਈ ਅਸਰ ਨਹੀਂ ਹੁੰਦਾ) ਵਿਸ਼ਵ ਪੱਧਰ ’ਤੇ ਮੌਜੂਦ ਹਨ। ਇਨ੍ਹਾਂ ਦੀ ਇਨਫੈਕਸ਼ਨ ਹੋ ਜਾਣਾ ਇਕ ਚਾਂਸ ਦੀ ਗੱਲ ਹੈ ਜਿਸ ਨੂੰ ਰੋਕਣ ਲਈ ਉਪਰਾਲੇ ਕੀਤੇ ਜਾ ਸਕਦੇ ਹਨ। ਅਸਲ ਵਿਚ ਸਭ ਤੋਂ ਪਹਿਲੀ ਵਾਰ ਇਸੇ ਸਾਲ ਮਾਰਚ ਵਿਚ ਅਪੋਲੋ ਹਸਪਤਾਲ ਜੋ ਮੈਡੀਕਲ ਟੂਰਿਜ਼ਮ ਵਿਚ ਮੋਢੀ ਹੈ, ਦੇ ਹੀ ਇਕ ਡਾਕਟਰ ਦਾ ਲੇਖ ‘1n obituary-death of antibiotics’  ਜੋ ਕਿ ਸੁਪਰਬੱਗ ਨਿਊ ਦੇਹਲੀ ਬਾਰੇ ਸੀ, ਜਨਰਲ ਆਫ ਐਸੋਸੀਏਸ਼ਨ ਆਫ ਇੰਡੀਅਨ ਫਿਜ਼ੀਸ਼ੀਅਨਜ਼ (Journal of Association of Indian Physicians - J.A.P.I.) ਵਿਚ ਛਪਿਆ ਸੀ। ਸ਼ਹਿਰਾਂ ਅਤੇ ਦੇਸ਼ਾਂ ਦੇ ਨਾਂ ’ਤੇ ਪਹਿਲਾਂ ਵੀ ਕਈ ਨਾਂ ਹਨ। ਜਿਵੇਂ: ਫਿਲੇਡੈਲਫੀਆ ਕਰੋਮੋਸੋਮ: ਜੋ ਇਕ ਤਰ੍ਹਾਂ ਦੇ ਖੂਨ ਦੇ ਕੈਸਰ (Chronic Myeloid Leukemia) ਵਿਚ ਹੁੰਦਾ ਹੈ। ਅਫਰੀਕਨ ਸਲੀਪਿੰਗ ਸਿਕਨੈਸ (African sleeping seckness) ਜੋ ਅਫਰੀਕਾ ਵਿਚ ਪਾਏ ਜਾਣ ਵਾਲੇ ਖੂਨ ਦੇ ਇਕ ਪੈਰਾਸਾਇਟ (Trypanosoma) ਕਾਰਨ ਹੁੰਦੀ ਹੈ। ਆਸਟਰੇਲੀਆ ਐਂਟੀਜਨ (Australia Antigen) ਹੈਪੇਟਾਇਟਸ ਨਾਲ ਸਬੰਧਤ ਐਂਟੀਜਨ। ਜੋ ਸਭ ਤੋਂ ਪਹਿਲਾਂ ਇਕ ਆਸਟਰੇਲੀਅਨ ਅਬੋਰੀਜੀਨ (ਮੂਲ ਰੂਪ ਵਿਚ ਉਥੋਂ ਦੇ ਬਾਸ਼ਿੰਦੇ) ਵਿਚ ਲੱਭੀ ਗਈ ਸੀ। ਬੰਬੇ ਬਲੱਡ ਗਰੁੱਪ: ਜਿਸ ਦੀ ਸਭ ਤੋਂ ਪਹਿਲਾਂ ਡਾ. ਵਾਈ.ਐਮ. ਬੇਂਡੇ ਨੇ ਮੁੰਬਈ ਵਿਚ ਖੋਜ   ਕੀਤੀ ਸੀ। ਕਲੱਕਤਾ ਸੋਰ (Calcutta Sore) ਜੋ ਇਕ ਪੈਰਾਸਾਇਟ (Leishmania donovani)ਕਾਰਨ ਚਮੜੀ ’ਤੇ ਇਕ ਫੋੜੇ ਵਾਂਗ ਵਿਕਸਿਤ ਹੋ ਜਾਂਦਾ ਹੈ। ਇਸ ਦੇ ਪਹਿਲੇ ਕੇਸ ਕਲਕੱਤਾ ਵਿਚ ਖੋਜੇ ਗਏ ਸਨ ਤੇ ਓਰੀਐਂਟ ਦੇ ਇਲਾਕੇ ਵਿਚ ਐਸੇ ਹੀ ਕੇਸ ਪਾਏ ਗਏ ਸਨ। ਇਸ ਕਰਕੇ ਇਸ ਨੂੰ Oriental sore ਵੀ ਕਿਹਾ ਜਾਂਦਾ ਹੈ। ਐਚ.ਬੀ. (ਡੀ.) ਪੰਜਾਬ (Hb D Punjab) ਇਕ ਅਸਾਧਾਰਨ ਕਿਸਮ ਦੀ ਹੀਮੋਗਲੋਬਿਨ ਹੈ ਜੋ ਪੰਜਾਬ ਦੇ ਲੋਕਾਂ ਵਿਚ ਪਾਈ ਜਾਂਦੀ ਹੈ।

*ਪ੍ਰੋਫੈਸਰ ਤੇ ਮੁਖੀ ਪੈਥਾਲੋਜੀ ਵਿਭਾਗ, ਸਰਕਾਰੀ ਮੈਡੀਕਲ ਕਾਲਜ , ਪਟਿਆਲਾ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All