ਕਿੱਕਰ ਵਾਲਾ ਮੋੜ

ਵੰਡ ਦੇ ਦੁੱਖੜੇ ਸਾਂਵਲ ਧਾਮੀ ਤਹਿਸੀਲ ਤੇ ਜ਼ਿਲ੍ਹਾ ਸਿਆਲਕੋਟ ਦਾ ਪਿੰਡ ਏ ਚਾਂਗਰੀਆਂ। ਨਾਲ ਲੱਗਦੇ ਪਿੰਡ ਨੇ; ਗੁਲੇਵਾਲੀ, ਅੱਲੜ, ਮਾਂਗਾ, ਚਾਹਲ, ਜੱਲੋਵਾਲੀ, ਗਿੱਲ ਤੇ ਕੱਖਾਂਵਾਲੀ। ਸੰਤਾਲੀ ਤੋਂ ਪਹਿਲਾਂ ਇਸ ਪਿੰਡ ’ਚ ਜੱਟ-ਸਿੱਖ, ਮੁਸਲਮਾਨ ਜੱਟ, ਤਰਖਾਣ, ਲੁਹਾਰ, ਕਸ਼ਮੀਰੀ ਤੇ ਹਿੰਦੂਆਂ ’ਚੋਂ ਮਹਾਸ਼ੇ ਲੋਕ ਵੱਸਦੇ ਸਨ। ਲੰਬੜਦਾਰ ਬਹਾਦਰ ਸਿੰਘ ਤੋਂ ਇਲਾਵਾ ਇਸ ਪਿੰਡ ਦੇ ਹੋਰ ਮੁਹਤਬਰ ਬੰਦੇ ਸਨ: ਸੰਤਾ ਸਿੰਘ, ਲਾਭ ਸਿੰਘ, ਘਸੀਟਾ, ਰੱਖਾ ਤੇ ਗੁਲਾਮ ਰਸੂਲ। ਇਸ ਪਿੰਡ ਦਾ ਜੰਮਿਆ-ਜਾਇਆ ਗਣੇਸ਼ ਰਾਮ ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਦਸੂਹਾ ਦੇ ਪਿੰਡ ਛਾਂਗਲਾ ’ਚ ਰਹਿ ਰਿਹਾ ਏ। ਉਸਦੀ ਜ਼ਿੰਦਗੀ ਨੇ ਸੌ ਵਰ੍ਹਿਆਂ ਵਾਲੀ ਲਕੀਰ ਟੱਪ ਲਈ ਏ। ਉਸਦੀ ਕਹਾਣੀ ਮੈਂ ਕਈਆਂ ਕੋਲੋਂ ਕਈ ਵਾਰ ਸੁਣ ਚੁੱਕਾ ਸਾਂ। ਇੱਛਾ ਸੀ ਕਿ ਉਹ ਆਪਣਾ ਦਰਦ ਖ਼ੁਦ ਰਿਕਾਰਡ ਕਰਵਾਏ। ਇਸ ਮਕਸਦ ਲਈ ਮੈਂ ਉਸਨੂੰ ਤਿੰਨ ਵਾਰ ਮਿਲ ਚੁੱਕਾ ਹਾਂ, ਪਰ ਉਸਨੇ ਆਪਣੇ ਦੁਆਲੇ ਯਾਦਾਂ ਦਾ ਇਕ ਕੋਟ ਉਸਾਰਿਆ ਹੋਇਆ ਏ ਤੇ ਉਸ ਕੋਟ ਦੇ ਹਰ ਦਰਵਾਜ਼ੇ ਦੀਆਂ ਚਾਬੀਆਂ ਉਹ ਆਪਣੀ ਜੇਬ ’ਚ ਰੱਖਦਾ ਏ। “ਸੰਤਾਲੀ ਤੋਂ ਪਹਿਲਾਂ ਦੀ ਕੋਈ ਗੱਲ ਸੁਣਾਓ।” ਮੈਂ ਗੱਲ ਤੋਰਨ ਲਈ ਪੁੱਛਿਆ। “ਲੰਬੜਾਂ ਦੀ ਘੋੜੀ ਕੱਖਾਂਵਾਲੀ ਦੇ ਮੁਸਲਮਾਨ ਚੋਰੀ ਕਰਕੇ ਲੈ ਗਏ ਸਨ। ਮੈਂ ਤੇ ਲੰਬੜਦਾਰ ਦਾ ਮੁੰਡਾ ਇਕ ਰਾਤ ਉਸ ਘੋੜੀ ਨੂੰ ਖੋਲ੍ਹਣ ਗਏ ਸਾਂ। ਓਥੇ, ਹਵੇਲੀ ਵਿਚ ਸਾਨੂੰ ਘੇਰਾ ਪੈ ਗਿਆ। ਫੇਰ ਉਸ ਪਿੰਡ ਦਾ ਲੰਬੜਦਾਰ ਆ ਗਿਆ। ਉਸਨੇ ਸਾਨੂੰ ਸਾਡੇ ਪਿਓਆਂ ਦੇ ਨਾਂ ਪੁੱਛੇ। ਉਹ ਆਖਣ ਲੱਗਾ, ਇਨ੍ਹਾਂ ਨੂੰ ਮਾਰਿਓ ਨਾ। ਉਨ੍ਹਾਂ ਨੇ ਸਾਡੇ ਸਿਰ ਮੁੰਨ ਕੇ ਸਾਨੂੰ ਛੱਡ ਦਿੱਤਾ।” ਮੈਂ ਹੈਰਾਨ ਹਾਂ ਕਿ ਇਹ ਗੱਲ ਬਾਬੇ ਨੇ ਹੱਸਦੇ ਹੋਏ ਸੁਣਾਈ। “ਆਪਣੇ ਪਿੰਡ ਦੀ ਕੋਈ ਗੱਲ ਸੁਣਾਓ?” ਮੈਂ ਨਵਾਂ ਸਵਾਲ ਕਰਦਾ ਹਾਂ। “ਤਰਖਾਣਾਂ ’ਚੋਂ ਲਤੀਫ਼, ਬੱਗਾ ਤੇ ਸ਼ਰੀਫ਼ ਸਾਡੇ ਗੁਆਂਢੀ ਸਨ। ਬੜੇ ਜਵਾਨ ਸਨ। ਸਾਡੀ ਉਨ੍ਹਾਂ ਨਾਲ ਬੜੀ ਸਾਂਝ ਸੀ। ਸੰਤਾਲੀ ’ਚ ਉਨ੍ਹਾਂ ਨੇ ਸਾਨੂੰ ਬਚਾਇਆ।” “ਕੋਈ ਸੰਤਾਲੀ ਵੇਲੇ ਦੀ ਵੀ ਗੱਲ ਸੁਣਾਓ?” ਮੈਂ ਉਸ ਪਲ ਦੀ ਉਡੀਕ ’ਚ ਸੀ, ਜਦੋਂ ਉਹ ਹੱਡ-ਬੀਤੀ ਸੁਣਾਏਗਾ। “ਚਾਹਲਾਂ ਪਿੰਡ ਦੀ ਇਕ ਬੜੀ ਜਵਾਨ ਕੁੜੀ ਸੀ ...।” ਉਸਨੇ ਫਿਰ ਤੋਂ ਜੱਗ-ਬੀਤੀ ਛੋਹ ਲਈਏ। “ਉਸ ਪਿੰਡ ’ਤੇ ਹਮਲਾ ਹੋਇਆ ਤਾਂ ਉਹ ਭੱਜ ਤੁਰੀ। ਸਾਡਾ ਘਰ ਬਾਹਰ ਥੜ੍ਹੇ ਦੇ ਉੱਤੇ ਸੀ। ਉਹ ਛੇਤੀ ਨਾਲ ਸਾਡੇ ਘਰ ਵੜ ਗਈ। ਵਾਕਫ਼ ਸੀ। ਬਿਸਤਰਿਆਂ ਥੱਲੇ ਜਾ ਵੜੀ। ਮੁੰਡੇ ਲੱਭ-ਲੁੱਭ ਕੇ ਮੈਨੂੰ ਪੁੱਛਣ ਲੱਗੇ-ਕਿੱਧਰ ਗਈ ਏ? ਮੈਂ ਹੱਥ ਜੋੜ ਕੇ ਆਖ ਦਿੱਤਾ ਕਿ ਮੈਂ ਨਹੀਂ ਜੀ ਕਿਸੇ ਨੂੰ ਵੇਖਿਆ। ਉਦੋਂ ਅਸੀਂ ਵੀ ਡਰਦੇ ਸਾਂ। ਮਿਲਟਰੀ ਉਨ੍ਹਾਂ ਦੀ ਸੀ। ਜ਼ੋਰ ਉਨ੍ਹਾਂ ਦਾ ਸੀ। ਵਕਤ ਉਨ੍ਹਾਂ ਦਾ ਸੀ। ਉਹ ਚਲੇ ਗਏ। ਅਸੀਂ ਕੁੜੀ ਨੂੰ ਬਾਹਰ ਕੱਢਿਆ। ਗਰਮੀ ਬੜੀ ਸੀ। ਪਾਣੀ ਪਿਆਇਆ। ਅੱਧੀ ਕੁ ਰਾਤ ਹੋਈ ਤਾਂ ਮੈਂ ਤੇ ਮੇਰਾ ਪਿਉ ਉਸਨੂੰ ਚਾਹਲਾਂ ਪਿੰਡ ਵੱਲ ਲੈ ਤੁਰੇ। ਉਨ੍ਹਾਂ ਦੇ ਘਰ ਗਏ ਤਾਂ ਬੂਹੇ ਖੁੱਲ੍ਹਮ-ਖੁੱਲ੍ਹੇ। ਲੁੱਟ-ਮਾਰ ਹੋ ਗਈ ਸੀ। ਕੁੜੀ ਰੋਣ ਲੱਗ ਪਈ। ਅਸੀਂ ਕਿਹਾ ਜੇ ਰੋਵੇਂਗੀ ਤਾਂ ਸਾਨੂੰ ਵੀ ਮਾਰਵਾਏਂਗੀ। ਅਸੀਂ ਚੌਂਕੀਦਾਰ ਕੋਲ ਆਏ। ਪਿਓ ਮੇਰੇ ’ਵਾਜ਼ਾਂ ਮਾਰੀਆਂ-ਓਏ ਦੀਨਿਆਂ,ਓਏ ਦੀਨਿਆਂ। ਉਹ ਮੂਹਰਿਓਂ ਬੋਲਿਆ-ਭਾਈ ਕੀ ਗੱਲ ਏ? ਮੇਰੇ ਪਿਓ ਨੇ ਪੁੱਛਿਆ-ਜੱਗੇ ਹੋਰੀਂ ਕਿੱਥੇ ਨੇ? ਉਹ ਆਖਣ ਲੱਗਾ- ਐਸ ਵੇਲੇ ਉਹ ਮਸੀਤ ਵਿਚ ਨੇ। ਅਸੀਂ ਉੱਥੇ ਗਏ। ਉਹ ਮਿਲ ਕੇ ਬਹੁਤ ਰੋਏ। ਅਸੀਂ ਸ਼ੁਕਰ ਕੀਤਾ ਕਿ ਮਾਪਿਆਂ ਨੂੰ ਉਨ੍ਹਾਂ ਦੀ ਧੀ ਮਿਲ ਗਈ ਏ।” ਬਾਬੇ ਦੇ ਚਿਹਰੇ ’ਤੇ ਫਖ਼ਰ ਤੇ ਸ਼ੁਕਰ ਦੇ ਭਾਵ ਘੁਲ-ਮਿਲ ਗਏ ਸਨ। “ਕੋਈ ਕਤਲ ਤੇ ਨਹੀਂ ਹੋਇਆ, ਚਾਂਗਰੀਆਂ ਵਿਚ?” ਮੈਂ ਕਿਲ੍ਹੇ ਦਾ ਕੋਈ ਹੋਰ ਦਰਵਾਜ਼ਾ ਖੜਕਾਇਆ। “ਅਸੀਂ ਉੱਥੋਂ ਚਾਰ ਮਹੀਨਿਆਂ ਦੇ ਬਾਅਦ ਆਏ ਆਂ। ਇਕ ਮੁੰਡਾ ਸੀ ਜੱਟਾਂ ਦਾ- ਲਾਲ ਸਿੰਘ। ਉਹ ਰੌਲਿਆਂ ਦੇ ਦਿਨਾਂ ’ਚ ਕੈਂਪ ਤੋਂ ਪਿੰਡ ਆ ਗਿਆ। ਸਾਡੇ ਘਰ ਲੁਕਿਆ ਰਿਹਾ। ਦੱਬਿਆ ਹੋਇਆ, ਗਹਿਣਾ-ਗੱਟਾ ਵੀ ਕੱਢ ਲਿਆਇਆ। ਤੜਕੇ ਤੁਰਨ ਲੱਗਾ ਤਾਂ ਅਸੀਂ ਕਿਹਾ ਕਿ ਤੂੰ ਨਾ ਜਾ, ਅੱਗੇ ਜਥਾ ਬੈਠਦਾ। ਆਖਣ ਲੱਗਾ-ਮੈਂ ਫੜਿਆ ਈ ਨਹੀਂ ਜਾਂਦਾ। ਨਿਕਲ ਤੁਰਿਆ, ਟੂੰਮਾਂ-ਟਾਂਮਾਂ ਲੈ ਕੇ। ਅੱਗੋਂ ਪੈ ਗਈ ਦੁਨੀਆਂ। ਉਹ ਸਣ ’ਚ ਵੜ ਗਿਆ। ਉਨ੍ਹਾਂ ਨੇ ਫਿਰ ਉਸਨੂੰ ਉੱਥੇ ਈ ਵਿੰਨ੍ਹ ਦਿੱਤਾ। ਸੋਹਣ ਸਿੰਘ ਦਾ ਪੁੱਤਰ ਸੀ ਉਹ। ਸੀ ਬੜਾ ਜਵਾਨ!” ਬਾਬੇ ਨੇ ਨਿਰਾਸ਼ਾ ’ਚ ਸਿਰ ਫੇਰਿਆ। “ਬਾਬਾ ਜੀ, ਆਪਣੇ ਵਿਆਹ ਦੀ ਵੀ ਗੱਲ ਸੁਣਾਓ?” ਮੈਂ ਉਸਦੇ ਹੋਰ ਨੇੜੇ ਜਾਣ ਦਾ ਇਰਾਦਾ ਕਰ ਲਿਆ। ਮੇਰੀ ਆਸ ਦੇ ਉਲਟ, ਉਹ ਹੱਸਿਆ। “ਉਹ ਖਾਨਾਵਾਲ਼ੇ ਪਿੰਡ ਦੇ ਸੀ। ਉਨ੍ਹਾਂ ਨੂੰ ਮਿਲਟਰੀ ਵਾਲੇ ਆਖ ਗਏ ਸੀ ਕਿ ਤੁਸੀਂ ਰਾਹ ’ਚ ਖੜੋਇਓ, ਅਸੀਂ ਟਰੱਕ ਲੈ ਕੇ ਆਵਾਂਗੇ। ਉਹ ਫਿਰ ਪਿੰਡੋਂ ਨਿਕਲ ਤੁਰੇ। ਰਾਹ ’ਚ ਮੁੰਡੇ ਬੈਠੇਦੇ ਸੀ। ਟੂੰਮਾਂ-ਟਾਂਮਾਂ ਬੜੀਆਂ ਹੁੰਦੀਆਂ ਸਨ। ਉਨ੍ਹਾਂ ਨੇ ਉਸਦੇ ਪਤੀ ਨੂੰ ਵੱਢ ਸੁੱਟਿਆ। ਫਿਰ ਉਸ ਜਨਾਨੀ ਪਿੱਛੇ ਪੈ ਗਏ। ਉਹ ਭੱਜ ਤੁਰੀ। ਉਸਨੇ ਬਾਹਵਾਂ ਖੜ੍ਹੀਆਂ ਕੀਤੀਆਂ। ਸਾਡੇ ਟਰੱਕ ਦਾ ਡਰੈਵਰ ਡਰ ਗਿਆ। ਅਸੀਂ ਆਖਿਆ- ਖਲੋਣ ਦੇ ਓਏ, ਕੁਝ ਨਈਂ ਹੁੰਦਾ। ਉਸਨੇ ਟਰੱਕ ਹੌਲੀ ਕੀਤਾ ਤੇ ਮੈਂ ਛਾਲ ਮਾਰ ਕੇ ਉਤਰ ਗਿਆ। ਮੈਂ ਮਾਰ ਕੇ ਜੱਫਾ ਉਸਨੂੰ ਉਤਾਂਹ ਚੁੱਕ ਦਿੱਤਾ। ਟਰੱਕ ਦੇ ਅੰਦਰ ਬੈਠੀਆਂ ਕੁੜੀਆਂ-ਬੁੜੀਆਂ ਨੇ ਉਸਨੂੰ ਖਿੱਚ ਲਿਆ। ਮੈਂ ਜਿੱਥੇ ਬੈਠਾ ਸਾਂ, ਉਹ ਵੀ ਉੱਥੇ ਆ ਕੇ ਬੈਠ ਗਈ। ਆਖਣ ਲੱਗੀ-ਮੈਂ ਦੋ ਵਕਤ ਦੀ ਰੋਟੀ ਖਾਣੀ ਏਂ। ਮੇਰੇ ਦਿਨ ਟਪਾਓ। ਬੁੜੀਆਂ ਮੈਨੂੰ ਮਖ਼ੌਲ ਕਰਨ ਲੱਗ ਪਈਆਂ- ਤੈਨੂੰ ਤਾਂ ਅੱਗੇ ਨਾਲੋਂ ਵੀ ਚੰਗੀ ਮਿਲ ਗਈ ਏ! ਉਹ ਮੇਰੇ ਨਾਲ ਛੇ ਮਹੀਨੇ ਰਹੀ। ਫਿਰ ਮੈਂ ਉਸਦੇ ਮੂਹਰੇ ਹੱਥ ਜੋੜ ਦਿੱਤੇ। ਸੋਹਣੀ ਬੜੀ ਸੀ ਉਹ। ਫਿਰ ਪਤਾ ਨਹੀਂ ਕਿੱਧਰ ਚਲੀ ਗਈ। ਉਸਨੂੰ ਰੱਖਣ ਵਾਲੇ ਕਈ ਸਨ।” ਬਾਬੇ ਨੇ ਫਿਰ ਤੋਂ ਕੋਈ ਹੋਰ ਕਹਾਣੀ ਸੁਣਾ ਦਿੱਤੀ। “ਤੁਹਾਡੀ ਪਹਿਲੀ ਪਤਨੀ?” ਮੈਂ ਹੋਰ ਅਗਾਂਹ ਵਧਿਆ। “ਉਹ ਮਰ ਗਈ ਸੀ। ਉਨ੍ਹਾਂ ਨੇ ਮੇਰੇ ਨਾਲ ਉਸ ਨਾਲੋਂ ਛੋਟੀ ਤੋਰ ਦਿੱਤੀ। ਪੰਜ ਪੁੱਤਰ ਨੇ। ਜ਼ਮੀਨ ਵੀ ਬਣਾ ਲਈ ਏ। ਪੱਕੇ ਘਰ ਨੇ। ਬੜਾ ਕੁਝ ਏ।” ਬਾਬੇ ਨੇ ਸ਼ੁਕਰਾਨੇ ’ਚ ਹੱਥ ਜੋੜਦਿਆਂ ਆਪਣੇ ਵੱਲੋਂ ਗੱਲਬਾਤ ਦਾ ਦਰਵਾਜ਼ਾ ਬੰਦ ਕਰ ਦਿੱਤਾ। ਉਹ ਗੱਲ ਤਾਂ ਰਹਿ ਗਈ ਏ, ਜਿਸਨੂੰ ਸੁਣਨ ਲਈ ਮੈਂ ਤੀਸਰੀ ਵਾਰ ਛਾਂਗਲੇ ਪਿੰਡ ’ਚ ਆਇਆ ਹਾਂ। “ਉਹ ਪਾਕਿਸਤਾਨ ਵਾਲੀ ਪਤਨੀ?” ਹੁਣ ਮੈਂ ਬਿਲਕੁਲ ਸਿੱਧਾ ਸਵਾਲ ਕਰ ਦਿੱਤਾ। “ਰੌਲਿਆਂ ਵੇਲੇ ਉਹ ਮਾਂ-ਪੁੱਤ...।” ਉਸਨੇ ਹੁਣ ਆਪਣੀ ਦਰਦ-ਕਹਾਣੀ ਛੋਹੀ। “ਬਾਜੜੇ ਪਿੰਡ ’ਚ ਗਏ ਹੋਏ ਸਨ। ਉਹ ਪਿੰਡ ਮੁਸਲਮਾਨਾਂ ਦਾ ਸੀ। ਓਸ ਪਿੰਡ ’ਚ ਇਕ ਬੰਦਾ ਫੜਿਆ ਗਿਆ। ਉਸਦੀ ਬਾਂਹ ’ਤੇ ਕੇਹਰ ਸਿੰਘ ਲਿਖਿਆ ਹੋਇਆ ਸੀ। ਉਸਦੇ ਨੱਕ ’ਚ ਨਕੇਲ ਪਾ ਕੇ ਪਹਿਲਾਂ ਤਾਂ ਉਸਨੂੰ ਸਾਰੇ ਪਿੰਡ ’ਚ ਭੁੰਮਾਇਆ ਤੇ ਫਿਰ ਕਤਲ ਕਰ ਦਿੱਤਾ। ਮੇਰਾ ਸਹੁਰਾ ਡਰ ਗਿਆ। ਇਕ ਰਾਤ, ਅਸੀਂ ਦੋਵੇਂ ਭਰਾ ਗਏ ਵੀ ਸਾਂ। ਭਰਾ ਦੇ ਮੋਢਿਆਂ ’ਤੇ ਪੈਰ ਰੱਖ ਕੇ ਮੈਂ ਕੰਧ ਤੋਂ ਆਵਾਜ਼ਾਂ ਮਾਰੀਆਂ। ਸਹੁਰਾ ਤੇ ਵਹੁਟੀ ਬਾਹਰ ਨਿਕਲੇ। ਮੇਰਾ ਸਹੁਰਾ ਆਖਣ ਲੱਗਾ-ਇਸ ਪਿੰਡ ਵਾਲੇ ਬੁਰੀ ਹਾਲਤ ਕਰਦੇ ਨੇ। ਤੂੰ ਚਲਾ ਜਾਹ। ਵਹੁਟੀ ਕਹਿਣ ਲੱਗੀ-ਤੂੰ ਇੱਥੇ ਰਹਿ ਲੈ। ਮੈਂ ਨਾ ਮੰਨਿਆਂ। ਮੈਂ ਉਸਨੂੰ ਕਿਹਾ ਕਿ ਮੈਂ ਹਫ਼ਤੇ ਤਕ ਤੈਨੂੰ ਕਿੱਕਰ ਵਾਲੇ ਮੋੜ ਤੋਂ ਆ ਕੇ ਲੈ ਜਾਵਾਂਗਾ। ਇਹ ਆਖ ਮੈਂ ਮੁੜ ਆਇਆ ਸਾਂ। ਮੁੜ ਓਧਰ ਜਾ ਹੀ ਨਾ ਹੋਇਆ। ਉਹ ਵਿਚਾਰੀ ਉੱਥੇ ਰਹਿ ਗਈ। ਮੈਂ ਇੱਧਰ ਆ ਕੇ ਵਿਆਹ ਕਰਵਾ ਲਿਆ, ਉਸਨੇ ਓਧਰ। ਦੂਸਰੇ ਵਿਆਹ ’ਚੋਂ ਉਸਦੇ ਦੋ ਧੀਆਂ ਨੇ। ਮੇਰਾ ਸਾਲਾ ਬਖ਼ਸ਼ੀ ਵੀ ਆਪਣਾ ਟੱਬਰ ਲੈ ਕੇ ਇੱਧਰ ਆ ਗਿਆ ਸੀ। ਉਸਦਾ ਅੱਜ ਤਕ ਨਾ ਮੈਨੂੰ ਪਤਾ ਲੱਗਿਆ, ਨਾ ਉਸਦੇ ਮਾਪਿਆ ਨੂੰ!” ਬਾਬੇ ਨੇ ਠੰਢਾ ਹਉਕਾ ਭਰਿਆ। “ਮੁੜ ਮੁਲਾਕਾਤ ਹੋਈ?” ਮੈਂ ਸਵਾਲ ਕੀਤਾ। “ਸੰਤਾਲੀ ’ਚ ਮੇਰਾ ਪੁੱਤਰ ਜੰਗ ਬਹਾਦਰ ਦੋ ਵਰ੍ਹਿਆਂ ਦਾ ਸੀ। ਪੰਜਾਹ ਸਾਲਾਂ ਬਾਅਦ ਜਦੋਂ ਮੈਂ ਪਾਕਿਸਤਾਨ ਗਿਆ ਤਾਂ ਉਹ ਮੇਰੇ ਨਾਲੋਂ ਵੀ ਬੁੱਢਾ ਲੱਗਦਾ ਸੀ। ਰੁਲ-ਖੁਲ ਕੇ ਪਲਿਆ ਵਿਚਾਰਾ। ਉਸਨੇ ਮੈਨੂੰ ਜੱਫਾ ਮਾਰ ਲਿਆ। ਲੱਗ ਪਿਆ ਰੋਣ। ਹੁਣ ਉਹ ਬਸ਼ੀਰ ਬਣਿਆ ਏ। ਮੈਨੂੰ ਆਉਣ ਨਹੀਂ ਸੀ ਦਿੰਦਾ। ਮੈਨੂੰ ਦੱਸੇ ਬਗੈਰ, ਆਪੇ ਮਹੀਨੇ ਦਾ ਵੀਜ਼ਾ ਹੋਰ ਵਧਾ ਲਿਆਇਆ। ਉਸਨੇ ਬੜੀ ਸੇਵਾ ਕੀਤੀ। ਤੀਜੇ ਦਿਨ ਕੁੱਕੜ ਵੱਢਦਾ ਸੀ, ਮੇਰਾ ਲਈ।” ਉਹ ਦੁੱਖ-ਪਰੁੱਚੇ ਮਾਣ ’ਚ ਬੋਲੀ ਗਿਆ। “ਪਤਨੀ ਨਾਲ ਮੁਲਾਕਾਤ ਨਹੀਂ ਹੋਈ?” ਮੈਂ ਆਖ਼ਰੀ ਸਵਾਲ ਕੀਤਾ। “ਰੱਖੋ ਵੀ ਆਈ ਸੀ ਮਿਲਣ। ਨਾਲ ਉਸ ਦੀਆਂ ਧੀਆਂ ਵੀ ਸਨ। ਉਸਨੇ ਮੇਰੇ ਪੈਰ ਫੜ ਲਏ। ਵਿਚਾਰੀ ਅੱਧਾ ਘੰਟਾ ਰੋਈ ਗਈ। ਆਂਹਦੀ ਮੈਂ ਮਹੀਨਾ ਭਰ ਕਿੱਕਰ ਵਾਲੇ ਮੋੜ ’ਤੇ ਖੜੋਂਦੀ ਰਹੀ ਆਂ। ਓਸ ਥਾਂ, ਜਿੱਥੇ ਤੂੰ ਮਿਲਣ ਦਾ ਕਹਿ ਕੇ ਗਿਆ ਸੀ। ਮੈਂ ਕੀ ਜਵਾਬ ਦਿੰਦਾ? ਆਉਣ ਲੱਗਿਆਂ, ਉਸਨੇ ਮੈਨੂੰ ਬਾਰ੍ਹਾਂ ਸੂਟ ਦਿੱਤੇ ਸਨ। ਇਕ ਸੂਟ ਆਪਣੀ ਸੌਂਕਣ ਲਈ ਵੀ ਘਲਾਇਆ ਸੀ।” ਗੱਲ ਮੁਕਾਉਂਦਿਆਂ ਬਾਬਾ ਗਣੇਸ਼ ਰਾਮ ਨੇ ਹੱਸਣ ਦੀ ਕੋਸ਼ਿਸ਼ ਕੀਤੀ, ਪਰ ਉਸ ਦੀਆਂ ਬੁੱਢੀਆਂ ਅੱਖਾਂ ਅੱਥਰੂਆਂ ਨਾਲ ਭਰ ਗਈਆਂ ਸਨ। ਸੰਪਰਕ: 97818-43444

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All