ਕਿਹੜੇ ਪੰਛੀ ਹੁਣ ਬਹੁਤ ਘੱਟ ਨਜ਼ਰ ਆਉਂਦੇ

ਕਿਹੜੇ ਪੰਛੀ ਹੁਣ ਬਹੁਤ ਘੱਟ ਨਜ਼ਰ ਆਉਂਦੇ

ਗੰਧਲਾ ਵਾਤਾਵਰਨ, ਨਹਿਰਾਂ ਵਿੱਚ ਫੈਕਟਰੀਆਂ ਦਾ ਪਾਣੀ, ਦਰੱਖਤਾਂ ਦੀ ਅੰਨ੍ਹੇਵਾਹ ਕਟਾਈ, ਖੇਤਾਂ 'ਚ ਜ਼ਹਿਰੀਲੀਆਂ ਖਾਦਾਂ ਤੇ ਦਵਾਈਆਂ ਅਲੋਪ ਹੋ ਰਹੇ ਪੰਛੀਆਂ ਦਾ ਮੁੱਖ ਕਾਰਨ ਹਨ। ਸਾਡੇ ਪੰਜਾਬ ਦੀ ਘਰੇਲੂ ਚਿੜੀ ਤੇ ਵੱਡੇ ਸ਼ਹਿਰਾਂ ਵਿੱਚ ਕਾਂ ਨੂੰ ਰੋਟੀ ਪਾਉਣ ਲਈ ਲੋਕ ਕਾਰਾਂ 'ਤੇ ਲੱਭਦੇ ਫਿਰਦੇ ਹਨ। ਭੂਰੇ ਤਿੱਤਰਾਂ, ਬਟੇਰਿਆਂ ਅਤੇ ਕਾਲੇ ਤਿੱਤਰਾਂ ਦੀ ਆਵਾਜ਼ 'ਭਗਵਾਨ ਤੇਰੀ ਕੁਦਰਤ' ਨੂੰ ਸੁਣਨ ਲਈ ਲੋਕੀਂ ਤਰਸ ਗਏ ਹਨ। ਮੇਰੀ ਨੌਕਰੀ ਦਾ ਨਹਿਰਾਂ, ਦਰਿਆਵਾਂ ਨਾਲ ਸਬੰਧ ਹੋਣ ਕਰਕੇ ਪੰਛੀਆਂ ਤੇ ਜਾਨਵਰਾਂ ਨਾਲ ਅਕਸਰ ਵਾਹ ਪੈਂਦਾ ਰਹਿੰਦਾ ਹੈ। ਪਹਿਲਾਂ ਪਿੰਡਾਂ ਵਿੱਚ ਗਿਰਝਾਂ, ਚਿੱਟੀ ਇੱਲ੍ਹ, ਜਿਸ ਨੂੰ ਘੋਗੜ ਵੀ ਕਹਿੰਦੇ ਹਨ, ਪਿੰਡਾਂ ਦੀ ਕਾਂਗਣਹਾੜੀ ਵਿੱਚ ਆਮ ਪਾਏ ਜਾਂਦੇ ਸੀ। ਬਾਜ (ਕਈ ਕਿਸਮਾਂ), ਸ਼ਿਕਰਾ, ਵੱਡਾ ਉੱਲੂ, ਤੰਤਰ-ਮੰਤਰ ਵਾਲਿਆਂ ਦੇ ਹੱਥ ਚੜ੍ਹ ਗਿਆ। ਚੁਗਲ, ਛੋਟਾ ਉੱਲੂ ਆਮ ਸੀ ਜੋ ਅਲੋਪ ਹੋ ਗਏ। ਇਹ ਕੁਝ ਸ਼ਿਵਾਲਿਕ ਦੇ ਖੇਤਰ ਵਿੱਚ ਦੇਖੇ ਗਏ। ਪੰਛੀ ਤਿਲੀਅਰ ਚਿਤਰਾ ਜਿਹਾ, ਹਰੀਅਲ ਅਲੋਪ ਹੋ ਗਏ ਜਾਂ ਪਰਵਾਸ ਕਰ ਗਏ। ਬਿਜੜਾ (ਬਈਆ) ਜਿਸ ਦਾ ਆਲ੍ਹਣਾ ਸਭ ਪੰਛੀਆਂ ਤੋਂ ਸੋਹਣਾ ਅਤੇ ਦੇਖਣਯੋਗ ਸੀ, ਚਕੋਰਾਂ ਦਾ 'ਚੰਦ ਦੀ ਚਾਂਦਨੀ' ਵਿੱਚ ਬੋਲਣਾ ਬਸ ਕਹਾਵਤ ਬਣ ਕੇ ਰਹਿ ਗਏ। ਪੰਛੀ ਨੀਲਕੰਠ (ਗੈਡ ਫੰਗ) ਛੋਟਾ ਅਤੇ ਵੱਡਾ, ਵੱਡਾ ਜਿਸ ਨੂੰ ਹਿੰਦੂ ਧਰਮ ਦੇ ਲੋਕ ਦੁਸਹਿਰੇ ਦੇ ਦਿਨ ਨਹਿਰਾਂ 'ਤੇ ਲੱਭਦੇ ਹਨ, ਲਾਲ ਰੰਗ ਦਾ ਕਾਂ (ਕਮਾਦੀ ਕੁੱਕੜ), ਰਾ ਤੋਤਾ, ਲੰਮੀ ਧੋਣ ਵਾਲੀ ਛਪਾਕੀ, ਬੁਲਬੁਲ, ਜੰਗਲੀ ਮੁਰਗਾ (ਰੋਪੜ ਸਾਈਡ) ਸ਼ਿਕਾਰੀਆਂ ਹੱਥੋਂ ਅਲੋਪ ਹੋ ਗਏ।  ਕੂੰਜਾਂ ਅਤੇ ਨੜੇ (ਲੰਮੀ ਧੋਣ, ਲੰਮੇ ਪੈਰ ਵਾਲੇ) ਮੂੰਗਫਲੀ ਵਾਲੇ ਖੇਤਾਂ ਵਿੱਚ ਆਮ ਦਿਖਾਈ ਦਿੰਦੇ ਸੀ ਜੋ ਹੁਣ ਅਲੋਪ ਹੋ ਗਏ ਹਨ। ਜੰਗਲੀ ਮੁਰਗਾਬੀ, ਸਬਲਰ (ਬੱਤਖ), ਕਾਲੀ ਜਲ ਕੁਕੜੀ, ਕਲ ਹੰਸ, ਰੂਸੀ ਬੱਤਖ, ਛੋਟੀ ਮੁਰਗਾਬੀ ਸਾਡੇ ਟੋਭਿਆਂ ਨਹਿਰਾਂ ਵਿੱਚ ਆਮ ਸੀ, ਅਲੋਪ ਹੋ ਗਏ। ਸਿਆਲ ਦੀ ਰੁੱਤ ਵਿੱਚ ਕੁਝ ਪਰਵਾਸੀ ਪੰਛੀ ਆਉਂਦੇ ਪਰ ਆਪਣੇ ਵਤਨਾਂ ਨੂੰ ਪਰਤ ਜਾਂਦੇ ਹਨ। ਆਓ ਪੰਛੀ-ਪ੍ਰੇਮੀਓ, ਰਲ ਕੇ ਇਨ੍ਹਾਂ ਅਲੋਪ ਹੋ ਰਹੇ ਪੰਛੀਆਂ ਨੂੰ ਸਾਂਭੀਏ। ਜੰਗਲੀ ਜੀਵ ਵਿਭਾਗ ਨੂੰ ਵੀ ਕੋਈ ਕਦਮ ਲੈਣਾ ਚਾਹੀਦਾ ਹੈ। ਪੇਂਡੂ ਖੇਤਰਾਂ ਵਿੱਚ ਸੈਮੀਨਾਰ ਕਰਵਾਓ, ਟੀ.ਵੀ. ਚੈਨਲਾਂ 'ਤੇ ਪੰਛੀਆਂ ਬਾਰੇ ਭਰਪੂਰ ਜਾਣਕਾਰੀ ਦਿਓ। ਕਿਤੇ ਇਹ ਪੰਛੀ ਬਹੁਤ ਦੂਰ ਹੀ ਨਾ ਨਿਕਲ ਜਾਣ। ਅੰਤਰਪਾਲ ਝੱਜ,ਸਹਾਇਕ ਇੰਜੀਨੀਅਰ ਸਿੰਚਾਈ ਵਿਭਾਗ, ਪਟਿਆਲਾ। (ਮੋ.: 81461-00580) ਪੰਛੀ ਕੁਦਰਤ ਦਾ ਅਨਮੋਲ ਤੋਹਫ਼ਾ ਹਨ। ਇਨ੍ਹਾਂ ਬਿਨਾਂ ਮਨੁੱਖੀ ਜ਼ਿੰਦਗੀ ਅਧੂਰੀ ਹੈ। ਬਹੁਤੇ ਪੰਛੀ ਮਨੁੱਖ ਦੇ ਮਿੱਤਰ ਹਨ ਤੇ ਦੁਸ਼ਮਣ ਵੀ। ਪਰ ਮਨੁੱਖ ਨੇ ਏਨਾ ਪ੍ਰਦੂਸ਼ਣ ਫੈਲਾ ਦਿੱਤਾ ਹੈ ਕਿ ਕਈ ਪੰਛੀ, ਜਿਵੇਂ ਚਿੜੀਆਂ ਦਾ ਚਹਿਚਹਾਉਣਾ, ਕਾਵਾਂ ਦਾ ਰੋਟੀ ਖੋਹਣਾ, ਕਬੂਤਰ ਤੇ ਘੁੱਗੀਆਂ (ਅਮਨ ਦੇ ਪ੍ਰਤੀਕ), ਤੋਤੇ ਤੇ ਗਿੱਰਝਾਂ ਪਤਾ ਨਹੀਂ ਕਿੱਥੇ ਅਲੋਪ ਹੋ ਗਏ ਹਨ। ਪਹਿਲਾਂ-ਪਹਿਲ ਘਰ ਕੱਚੀਆਂ ਇੱਟਾਂ ਤੇ ਛੱਤਾਂ ਕਾਨਿਆਂ ਦੀਆਂ ਹੁੰਦੀਆਂ ਸਨ। ਪੰਛੀਆਂ ਦਾ ਆਵਾਸ ਘਰਾਂ ਵਿੱਚ ਹੀ ਹੁੰਦਾ ਸੀ। ਪ੍ਰੰਤੂ ਜਦੋਂ ਦਾ ਮਨੁੱਖ ਆਧੁਨਿਕ ਯੁੱਗ ਨਾਲ ਆਪਣੀ ਤੁਲਨਾ ਕਰਨ ਲੱਗ ਪਿਆ ਹੈ, ਉਸ ਨੇ ਆਪਣਾ ਰੈਣ-ਬਸੇਰਾ ਪੱਕਾ ਕਰ ਲਿਆ। ਵਾਤਾਵਰਨ 'ਚ ਕੀਟਨਾਸ਼ਕ ਦਵਾਈਆਂ ਦੀ ਭਰਮਾਰ, ਫੈਕਟਰੀਆਂ ਦਾ ਜ਼ਹਿਰੀਲਾ ਧੂੰਆਂ, ਪਾਣੀ ਪ੍ਰਦੂਸ਼ਤ, ਮੋਬਾਈਲ ਟਾਵਰ ਆਦਿ ਨੇ ਇਨ੍ਹਾਂ ਪੰਛੀਆਂ ਦਾ ਜੀਣਾ ਦੁੱਭਰ ਕਰ ਦਿੱਤਾ ਹੈ। ਪੁਰਾਣੇ ਸਮੇਂ ਵਿੱਚ ਮੋਰ ਆਮ ਬਾਗਾਂ ਵਿੱਚ ਦੇਖੇ ਜਾਂਦੇ ਸਨ। ਹੁਣ ਮੋਰ ਕਿਧਰੇ ਦਿਖਾਈ ਨਹੀਂ ਦਿੰਦੇ।  ਜਿਉਂ-ਜਿਉਂ ਵਿਗਿਆਨ ਤਰੱਕੀ ਕਰ ਰਿਹਾ ਹੈ, ਮਨੁੱਖ ਕੁਦਰਤ ਨਾਲ ਛੇੜਛਾੜ ਕਰ ਰਿਹਾ ਹੈ। ਪੰਛੀਆਂ ਦੀਆਂ ਪਰਜਾਤੀਆਂ ਵੀ ਦਿਨੋ-ਦਿਨ ਘਟ ਰਹੀਆਂ ਹਨ। ਸਰਕਾਰ ਸਖ਼ਤ ਕਾਨੂੰਨ ਬਣਾਵੇ। ਗੋਬਿੰਦ ਰਾਮ ਲਹਿਰੀ, ਦਫਤਰ: ਬੀ.ਪੀ.ਈ.ਓ., ਤਲਵੰਡੀ ਸਾਬੋ। ਮੋ.: 95306-87182 ਕਦੀ ਸਮਾਂ ਸੀ ਜਦੋਂ ਘਰਾਂ ਦੇ ਵਿਹੜੇ ਚਿੜੀਆਂ ਨਾਲ ਭਰੇ ਰਹਿੰਦੇ ਸਨ। ਕਬੂਤਰ ਗੁੱਟਕੰੂ-ਗੁੱਟਕੂੰ ਕਰਕੇ ਮਿੱਠੀਆਂ ਆਵਾਜ਼ਾਂ ਕੱਢਦੇ। ਘੁੱਗੀਆਂ ਘੂੰ-ਘੂੰ ਤੇ ਗੁਟਾਰਾਂ ਟੈਂ-ਟੈਂ ਕਰਦੀਆਂ। ਕੋਇਲਾਂ ਕੂ-ਹੂ-ਕੂ ਕਰਕੇ ਮਾਹੌਲ ਖੁਸ਼ਗਵਾਰ ਬਣਾ ਦਿੰਦੀਆਂ। ਮੋਰ ਪੈਲਾਂ ਪਾਉਂਦੇ ਤੇ ਕੂਕਦੇ ਕਿੰਨੇ ਸੋਹਣੇ ਲੱਗਦੇ। ਕਾਵਾਂ ਦੀਆਂ ਡਾਰਾਂ ਕਾਵਾਂ ਰੌਲੀ ਪਾ ਦਿੰਦੀਆਂ। ਤੋਤੇ ਟਰ-ਟਰ ਕਰਕੇ ਉੱਡਦੇ ਫਿਰਦੇ ਤੇ ਰੌਣਕਾਂ ਬੰਨ੍ਹੀ ਰੱਖਦੇ। ਇਨ੍ਹਾਂ ਸਾਰੇ ਪੰਛੀਆਂ ਦੀ ਮਨੁੱਖ ਨਾਲ ਘਰਾਂ ਤੱਕ ਸਾਂਝ ਸੀ। ਸਮੇਂ ਦੇ ਗੇੜ ਨਾਲ ਮਨੁੱਖ ਨੇ ਕੁਦਰਤ ਨਾਲ ਛੇੜਛਾੜ ਕੀਤੀ। ਵਿਗਿਆਨਕ ਕਾਢਾਂ ਕਰਕੇ ਜਦੋਂ ਅਸੀਂ ਵਿਕਾਸ ਕਰਨ ਲੱਗੇ ਤਾਂ ਅੰਨ੍ਹੇਵਾਹ ਰੁੱਖ ਕੱਟ ਕੇ ਕਾਰਖਾਨੇ ਤੇ ਭਵਨ ਉਸਾਰ ਲਏ। ਇਹ ਵਿਚਾਰੇ ਪੰਛੀ ਵੀ ਘਟਣੇ ਸ਼ੁਰੂ ਹੋ ਗਏ। ਨਿਰੇ ਇਹ ਘਟੇ ਹੀ ਨਹੀਂ, ਬਹੁਤ ਸਾਰੇ ਤਾਂ ਹੁਣ ਲੱਭਦੇ ਹੀ ਨਹੀਂ। ਚੱਕੀ ਰਾਹ ਤੇ ਭਾਵੇਂ ਕਦੀ-ਕਦਾਈਂ ਦਿਸ ਪੈਣ ਪਰ ਕਠ-ਫੋੜਾ ਚਿਰਾਂ ਤੋਂ ਨਜ਼ਰੀਂ ਨਹੀਂ ਪਿਆ। ਤਿੱਤਰ ਤਾਂ ਅਜੇ ਦਿਸ ਪੈਂਦੇ ਹਨ ਪਰ ਬਟੇਰੇ, ਸਾਡੇ ਵਿਕਾਸ ਦੀ ਭੇਟ ਚੜ੍ਹ ਗਏ ਹਨ। ਨਦੀਨਨਾਸ਼ਕ ਤੇ ਕੀਟਨਾਸ਼ਕ ਦਵਾਈਆਂ ਦੀ ਬਹੁਤਾਤ ਕਰਕੇ ਕਣਕਾਂ ਵਿੱਚੋਂ  ਮੈਨਾਂ (ਇਕ ਨਦੀਨ) ਉਗਣਾ ਬੰਦ ਹੋ ਗਿਆ, ਜਿਸ ਦੀਆਂ ਸੁੰਡੀਆਂ ਖਾ ਕੇ ਇਹ ਵਿਚਾਰੇ ਪਲਦੇ ਸਨ। ਦੁਸਹਿਰਾ ਨੇੜੇ ਆ ਰਿਹਾ ਹੈ। ਇਕ ਵਿਸ਼ਵਾਸ ਅਨੁਸਾਰ ਇਸ ਦਿਨ ਲੋਕ ਗਰੁੜ ਭਗਵਾਨ ਦੇ ਜ਼ਰੂਰ ਦਰਸ਼ਨ ਕਰਨਾ ਚਾਹੁੰਦੇ ਸਨ। ਕਹਿੰਦੇ ਹੁੰਦੇ ਸਨ ਕਿ ਉਹ ਇਸ ਦਿਨ ਲੁਕ ਜਾਂਦਾ ਹੈ। ਪਰ ਉਹ ਵਿਚਾਰਾ ਤਾਂ ਸਮੇਂ ਦੀ ਬੇਰੁਖ਼ੀ ਕਾਰਨ ਸਦਾ ਲਈ ਹੀ ਲੁਕ ਗਿਆ ਹੈ। ਦਰਜਣ ਚਿੜੀ ਤੇ ਬਿਜੜਾ ਹੁਣ ਘਟ ਹੀ ਦਿੱਸਦੇ ਹਨ। ਪਰ ਹਰੀਅਲ, ਜੋ ਇਨ੍ਹੀਂ ਦਿਨੀਂ ਬੋਹੜਾਂ ਪਿਪਲਾਂ 'ਤੇ ਗੋਹਲਾਂ ਖਾਣ ਆਉਂਦੇ ਸਨ ਤੇ ਜਿਨ੍ਹਾਂ ਦੇ ਸੁਹੱਪਣ ਨੂੰ ਵੇਖ ਕੇ ਕਾਦਰ ਦੀ ਕਾਰਾਗਰੀ ਤੋਂ ਬਲਿਹਾਰ ਜਾਈਦਾ ਸੀ, ਹੁਣ ਹੈ ਹੀ ਨਹੀਂ। ਗੁਰਬਾਣੀ ਅਨੁਸਾਰ ਮੋਰਾਂ ਦੀਆਂ ਡਾਰਾਂ ਸਾਉਣ ਦੇ ਬੱਦਲ ਵੇਖ ਕੇ ਕੂਕਦੀਆਂ ਤੇ ਪੈਲਾਂ ਪਾ ਕੇ ਰੁਣ-ਝੁਣ ਲਾਉਂਦੀਆਂ ਤੇ ਮਨੋਰੰਜਨ ਕਰਦੀਆਂ। ਕੁਝ ਸਮਾਂ ਤਾਂ ਇਹ ਲੋਪ ਹੀ ਰਹੀਆਂ, ਹੁਣ ਥੋੜ੍ਹੇ ਮੋਰ ਫਿਰ ਨਜ਼ਰੀਂ ਪੈ ਜਾਂਦੇ ਹਨ। ਸੌ ਸਾਲ ਉਮਰ ਵਾਲੇ ਕਾਂ ਵੀ ਹੁਣ ਉਨੇ ਨਹੀਂ ਰਹੇ। ਘਰਾਂ ਦੇ ਬਨੇਰਿਆਂ 'ਤੇ ਬਹਿ ਕੇ ਘਟ ਹੀ ਬੋਲਦੇ ਹਨ।  ਭੱਦਾ ਜਿਹਾ ਪੰਛੀ 'ਗਿਰਝ' ਜੋ ਸਾਡੇ ਹੱਡਾ-ਰੋੜੀਆਂ ਨੂੰ ਸਾਫ਼ ਕਰਨ ਲਈ ਜ਼ਿੰਮੇਵਾਰ ਸੀ, ਬਿਲਕੁਲ ਹੀ ਮੁੱਕ ਗਈਆਂ ਹਨ। ਅਨੇਕਾਂ ਹੋਰ ਪੰਛੀ ਹਨ, ਜੋ ਬੀਤੇ ਸਮੇਂ ਦੀ ਗੱਲ ਰਹਿ ਗਈ ਹੈ। ਚਮਗਿੱਦੜ ਹੁਣ ਰੁੱਖਾਂ 'ਤੇ ਲਮਕਦੇ ਨਹੀਂ ਤੇ ਉੱਲੂ ਰਾਤ ਨੂੰ ਬੋਲਦੇ ਨਹੀਂ। ਚਿੜੀ ਪਹੁ ਫੁਟਣ 'ਤੇ ਘੱਟ ਹੀ ਚੂਕਦੀ ਸੁਣਦੀ ਹੈ। ਨਰਿੰਦਰ ਸਿੰਘ ਬੇਦੀ, ਮੰਢਿਆਲਾ, ਗੁਰਦਾਸਪੁਰ। ਮੋ.: 94177-36389 ਮਿੱਤਰ ਪੰਛੀ ਗਿਰਝਾਂ ਤੇ ਇੱਲ੍ਹਾਂ ਹੁਣ ਨਜ਼ਰ ਨਹੀਂ ਆਉਂਦੀਆਂ। ਹੁਣ ਕੋਈ ਨਹੀਂ ਕਹਿੰਦਾ ਕਿ ਚੂਚੇ ਨੂੰ ਇੱਲ੍ਹ ਚੁੱਕ ਕੇ ਲੈ ਗਈ। ਘੋਗੜ ਜਿਹੜਾ ਆਮ ਕਰਕੇ ਛਾਂਗੇ ਦਰੱਖਤਾਂ ਦੀ ਟੀਸੀ 'ਤੇ ਬੈਠਦਾ ਸੀ, ਬਹੁਤ ਘੱਟ ਦਿਖਾਈ ਦਿੰਦਾ ਹੈ। ਪਿੜਾਂ ਖੇਤਾਂ ਵਿੱਚ ਨਵੇਕਲਾ ਬੈਠਣ ਵਾਲਾ ਢੋਡਰ ਕਾਂ ਤੇ ਗਰੜਪੋਪ ਵੀ ਘੱਟ ਦਿਖਾਈ ਦਿੰਦੇ ਹਨ। ਸੋਹਣੇ ਆਲ੍ਹਣੇ ਵਾਲਾ ਬਿਜੜਾ ਵੀ ਨਹੀਂ ਦਿਸਦਾ। ਕਿੱਕਰਾਂ, ਬੇਰੀਆਂ 'ਤੇ ਪੁੱਠੇ ਲਟਕਦੇ ਚਮਗਿੱਦੜ ਨਹੀਂ ਦਿਸਦੇ। ਪੁਰਾਣੇ ਘਰਾਂ ਵਿੱਚ ਰਹਿਣ ਵਾਲੇ ਉੱਲੂ, ਕੋਚਰ, ਚਾਮਚੜਿੱਕਾਂ, ਨਰੜ੍ਹੇ ਕਿਤੇ ਕਿਤੇ ਦਿਸਦੇ ਹਨ। ਗੁਟਾਰਾਂ, ਜਿਹੜੀਆਂ ਪਸ਼ੂਆਂ ਦੀਆਂ ਚਿੱਚੜੀਆਂ ਤੋੜ-ਤੋੜ ਖਾਂਦੀਆਂ ਸੀ, ਅਲੋਪ ਹੋ ਚੱਲੀਆਂ ਹਨ। ਕੱਤਕ ਵਿੱਚ ਕੰੂਜਾਂ ਦੀਆਂ ਡਾਰਾਂ ਪਹਿਲਾਂ ਦੀ ਤਰ੍ਹਾਂ ਨਜ਼ਰ ਨਹੀਂ ਆਉਂਦੀਆਂ। ਡਾਰੋਂ ਵਿਛੜੀ ਕੂੰਜ ਕੁਰਲਾਉਂਦੀ ਨਹੀਂ ਦਿਸਦੀ। ਚਿੜੀਆਂ ਦੀ ਚੀਂ-ਚੀਂ ਸੁਣਾਈ ਨਹੀਂ ਦਿੰਦੀ। ਕਾਂਵਾਂ, ਘੁੱਗੀਆਂ, ਕਬੂਤਰਾਂ, ਤੋਤਿਆਂ, ਬਗਲਿਆਂ ਦੀਆਂ ਡਾਰਾਂ, ਮੋਰ-ਮੋਰਨੀਆਂ, ਚੱਕੀਰਾਹਾ, ਕਠਫੋੜ੍ਹਾ, ਤਿਲੀਅਰ ਤੋਤਾ ਵੀ ਪਹਿਲਾਂ ਨਾਲੋਂ ਘੱਟ ਨਜ਼ਰ ਆਉਂਦੇ ਹਨ। ਸ਼ਿਕਾਰ ਦੀ ਮਨਾਹੀ ਕਾਰਨ ਖੇਤਾਂ ਵਿੱਚ ਤਿੱਤਰ, ਬਟੇਰੇ ਦਿਸ ਪੈਂਦੇ ਹਨ। ਇਸ ਤਰ੍ਹਾਂ ਬਹੁਤ ਸਾਰੇ ਮਿੱਤਰ ਪੰਛੀ ਅਲੋਪ ਹੋ ਗਏ ਹਨ। ਇਸ ਦੇ ਉਲਟ ਅਵਾਰਾ ਪਸ਼ੂ ਤੇ ਕੁੱਤੇ ਸੜਕਾਂ ਤੇ ਗਲੀਆਂ ਵਿੱਚ ਆਮ ਫਿਰਦੇ ਹਨ। ਇਹ ਗੰਭੀਰ ਸਮੱਸਿਆ ਬਣ ਗਏ ਹਨ। ਅਮਰਜੀਤ ਸਿੰਘ ਸਿੱਧੂ, ਦਿਆਲਪੁਰਾ ਮਿਰਜ਼ਾ, ਬਠਿੰਡਾ। 94176-41110 ਬਦਲਦੇ ਹਾਲਾਤ, ਵਾਤਾਵਰਨ ਪ੍ਰਦੂਸ਼ਣ, ਜ਼ਹਿਰੀਲੀਆਂ ਦਵਾਈਆਂ ਦੇ ਛਿੜਕਾਅ ਕਰਕੇ ਹੇਠ ਲਿਖੇ ਪੰਛੀ ਘੱਟ ਨਜ਼ਰ ਆਉਂਦੇ ਹਨ। ਵੱਡੇ-ਵੱਡੇ ਦਰੱਖਤਾਂ ਦੀ ਕਟਾਈ ਵੀ ਇਸ ਲਈ ਜ਼ਿੰਮੇਵਾਰ ਹੈ। ਗਰੁੜ, ਬਟੇਰਾ, ਗਿਰਝਾਂ, ਇੱਲ੍ਹਾਂ, ਉੱਲੂ, ਬਾਜ, ਸ਼ਿਕਰਾ, ਚਮਗਿੱਦੜ, ਚਾਮਚੜਿੱਕਾਂ, ਮਮੋਲਾ, ਪਪੀਹਾ, ਤਿੱਤਰ, ਮੋਰ, ਬਿਜੜਾ, ਕਮਾਦੀ ਕੁੱਕੜ, ਟਟੀਹਰੀ, ਕੋਇਲ, ਕਠਫੋੜ੍ਹਾ, ਚੁਗਲ, ਚੱਕੀਰਾ ਅਨੇਕ ਕਿਸਮ ਦੀਆਂ ਰੰਗ-ਬਰੰਗੀਆਂ ਕਮਾਦੀ ਚਿੜੀਆਂ ਆਦਿ ਪੰਛੀ ਘਟ ਨਜ਼ਰ ਆ ਰਹੇ ਹਨ। ਮੁਖਤਾਰ ਸਿੰਘ ਗਿੱਲ, ਦਬੁਰਜੀ (ਅੰਮ੍ਰਿਤਸਰ)। ਪੰਛੀ ਪ੍ਰਕ੍ਰਿਤੀ ਦਾ ਅਹਿਮ ਅੰਗ ਹਨ। ਪਿਛਲੇ ਇਕ ਦਹਾਕੇ ਤੋਂ ਪੰਛੀਆਂ ਦੀਆਂ ਜਾਤੀਆਂ ਵਿੱਚ ਕਮੀ ਲਗਾਤਾਰ ਨਜ਼ਰ ਆਉਂਦੀ ਹੈ। ਪੰਛੀ ਜਾਤੀਆਂ ਵਿੱਚੋਂ ਸਭ ਤੋਂ ਜ਼ਿਆਦਾ ਗਿਰਝਾਂ ਹੀ ਪ੍ਰਭਾਵਤ ਹੋਈਆਂ ਹਨ। ਇਹ ਪਸ਼ੂਆਂ ਦੇ ਮਰੇ ਸਰੀਰਾਂ ਦੀ ਰਹਿੰਦ-ਖੂੰਹਦ ਅਤੇ ਗੰਦ-ਮੰਦ ਦਾ ਸਫਾਇਆ ਅਤੇ ਹੋਰ ਜਾਨਵਰਾਂ ਦੇ ਮਰੇ ਸਰੀਰਾਂ ਦਾ ਸਫਾਇਆ ਕਰਕੇ ਮਨੁੱਖ ਨੂੰ ਹੋਣ ਵਾਲੀਆਂ ਬਿਮਾਰੀਆਂ ਤੋਂ ਨਿਜਾਤ ਦਿਵਾਉਂਦੀਆਂ ਸਨ। ਇਹ ਕੰਮ ਹੁਣ ਹੱਡਾਰੋੜੀ ਵਿੱਚ ਖੂੰਖਾਰ ਕੁੱਤੇ ਕਰਦੇ ਹਨ। ਅਸੀਂ ਆਪਣੇ ਪੈਰੀਂ ਆਪ ਕੁਹਾੜਾ ਮਾਰਿਆ ਹੈ। ਮੋਬਾਈਲ, ਟੀਵੀ, ਇੰਟਰਨੈੱਟ ਟਾਵਰਾਂ ਵਿੱਚੋਂ ਨਿਕਲਦੀਆਂ ਕਿਰਨਾਂ ਨੂੰ ਸਾਇੰਸਦਾਨ ਪੰਛੀਆਂ ਲਈ ਘਾਤਕ ਮੰਨਦੇ ਹਨ। ਡਾਕਟਰ ਪਸ਼ੂਆਂ ਦੇ ਖਾਸ ਕਿਸਮ ਦੀ ਜ਼ਹਿਰੀਲੀ ਦਵਾਈ ਦੇ ਟੀਕਿਆਂ ਨੂੰ ਹੀ ਜ਼ਿੰਮੇਵਾਰ ਠਹਿਰਾਉਂਦੇ ਹਨ। ਜ਼ਿਆਦਾਤਰ ਗਿਰਝਾਂ ਜ਼ਿੰਦਗੀ ਤੋਂ ਹੱਥ ਧੋ ਬੈਠੀਆਂ ਹਨ। ਖੈਰ ਜੋ ਕੁਝ ਵੀ ਹੋਇਆ ਉਸ ਨੂੰ ਕਰ ਤਾਂ ਮਨੁੱਖ ਹੀ ਰਿਹਾ ਹੈ। ਅਜੇ ਵੀ ਸਾਡੇ ਲਈ ਸੋਚਣ ਦਾ ਵੇਲਾ ਹੈ। ਇਕੱਲੀ ਗਿਰਝ ਜਾਤੀ ਹੀ ਨਹੀਂ, ਕਾਂ, ਚਿੜੀ, ਘੁੱਗੀ, ਗਟਾਰ, ਕਬੂਤਰ ਇਨ੍ਹਾਂ ਸਭ ਦੀਆਂ ਡਾਰਾਂ ਬਹੁਤ ਘੱਟ ਨਜ਼ਰ ਆਉਂਦੀਆਂ ਹਨ। ਗਿਰਝਾਂ ਮੈਂ ਪੰਜ ਸਾਲ ਹੋਏ ਜੰਮੂ ਦੇ ਕੱਟੜੇ ਤੋਂ ਉਪਰ ਸਿਰਫ ਤਿੰਨ ਚਾਰ ਹੀ ਦੇਖੀਆਂ ਸਨ। ਉਸ ਤੋਂ ਬਾਅਦ ਅੱਜ ਤੱਕ ਗਿਰਝ ਦੇ ਦਰਸ਼ਨ ਨਸੀਬ ਨਹੀਂ ਹੋਏ। ਮੇਘ ਰਾਜ ਫੌਜੀ, ਰਾਮਪੁਰਾ ਮੰਡੀ ਮੋਬਾਈਲ: 94631-48536 ਬਹੁਤ ਦੇਰ ਨਹੀਂ ਹੋਈ, ਅਜੇ ਦੋ-ਤਿੰਨ ਸਾਲਾਂ ਦੀ ਗੱਲ ਹੈ ਕਿ ਪਹੁ-ਫੁਟਾਲੇ ਤੋਂ ਪਹਿਲਾਂ ਚਿੜੀਆਂ ਚੀਂ...ਚੀਂ ਕਰਦੀਆਂ, ਘੜੀ ਦਾ ਅਲਾਰਮ ਬਣ ਕੇ ਸੁੱਤੀ ਪਈ ਖਲਕਤ ਨੂੰ ਜਗਾਉਂਦੀਆਂ ਸਨ। ਅੱਜ ਚਿੜੀਆਂ ਕਿੱਥੇ ਗਈਆਂ? ਲੱਭਦਿਆਂ ਨਹੀਂ ਲੱਭਦੀਆਂ। ਵਿਚਾਰੀਆਂ ਚਿੜੀਆਂ ਮੋਬਾਈਲ ਦੇ ਉੱਚੇ-ਉੱਚੇ ਟਾਵਰਾਂ ਦੀਆਂ ਤੇਜ਼ ਤਰੰਗਾਂ ਦੀ ਭੇਟ ਚੜ੍ਹ ਗਈਆਂ। ਇੱਲਾਂ-ਗਿਰਝਾਂ, ਜੋ ਅਸਮਾਨ ਵਿੱਚ ਅਕਸਰ ਉੱਡਦੀਆਂ ਦਿਖਾਈ ਦਿੰਦੀਆਂ ਸਨ, ਵੀ ਖਤਮ ਹੋ ਗਈਆਂ ਹਨ। ਸਵਾਰਥੀ ਮਨੁੱਖ ਨੇ ਦੁੱਧ ਪ੍ਰਾਪਤੀ ਲਈ ਜਿਊਂਦੇ ਪਸ਼ੂਆਂ ਨੂੰ ਨਸ਼ੇ ਦੇ ਟੀਕੇ ਲਾ ਕੇ ਉਨ੍ਹਾਂ ਅੰਦਰ ਜ਼ਹਿਰ ਭਰ ਦਿੱਤੀ ਹੈ। ਮਰੇ ਪਸ਼ੂਆਂ ਦੇ ਮਾਸ ਨੂੰ ਖਾਣਾ ਹੀ ਇੱਲਾਂ-ਗਿਰਝਾਂ ਦਾ ਭੋਜਨ ਹੁੰਦਾ ਸੀ। ਉਹੀ ਜ਼ਹਿਰੀਲਾ ਭੋਜਨ ਖਾ ਕੇ ਇੱਲਾਂ-ਗਿਰਝਾਂ ਆਪਣੀ ਨਸਲ ਗੁਆ ਬੈਠੀਆਂ ਹਨ। ਅੰਬਾਂ ਦੇ ਵੱਡੇ-ਵੱਡੇ ਬਾਗ ਹੁੰਦੇ ਸਨ। ਉਨ੍ਹਾਂ ਦੀ ਸੰਘਣੀ ਛਾਂ ਹੇਠਾਂ ਮੋਰ ਪੈਲਾਂ ਪਾਉਂਦੇ ਸਨ। ਕੋਇਲ ਕੂ-ਕੂ ਕਰਕੇ ਗੀਤ ਗਾਉਂਦੀ ਸੀ। ਮਨੁੱਖ ਨੇ ਬਾਗ ਹੀ ਨਹੀਂ ਰਹਿਣ ਦਿੱਤੇ। ਪਤਾ ਨਹੀਂ ਕੋਇਲਾਂ, ਮੋਰ, ਤਿੱਤਰ-ਬਟੇਰ ਕਿਹੜੇ ਦੇਸ਼ ਨੂੰ ਉਡਾਰੀ ਮਾਰ ਗਏ ਹਨ। ਤੋਤੇ, ਕਾਂ, ਬੁਲਬੁਲ, ਘੁੱਗੀਆਂ, ਕਬੂਤਰ ਜੋ ਮਨੁੱਖ ਦੇ ਪਿਆਰੇ ਪੰਛੀ ਹਨ, ਵੀ ਬਹੁਤ ਘੱਟ ਨਜ਼ਰ ਆ ਰਹੇ ਹਨ। ਇਹੀ ਹਾਲਾਤ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਤੋਤਾ, ਕਾਂ, ਚਿੜੀ, ਮੋਰ, ਘੁੱਗੀ, ਕਬੂਤਰ ਦੇ ਚਿੱਤਰ ਕਿਤਾਬਾਂ ਵਿੱਚ ਹੀ ਦਿਖਾਈ ਦਿਆ ਕਰਨਗੇ। ਰੂਪ ਕਮਲ ਕੌਰ, ਮੁੱਖ ਅਧਿਆਪਕਾ, ਰੋਜ਼ ਪਬਲਿਕ ਸਕੂਲ,  ਨੇੜੇ ਵਡਾਲਾ ਚੌਕ, ਜਲੰਧਰ। ਪੰਛੀ ਕੁਦਰਤ ਦਾ ਅਮੁੱਲ ਤੋਹਫ਼ਾ ਹਨ। ਇਨ੍ਹਾਂ ਦੀਆਂ ਮਿੱਠੀਆਂ ਆਵਾਜ਼ਾਂ ਨਾਲ ਅਸਮਾਨ ਭਰਿਆ-ਭਰਿਆ ਲੱਗਦੈ। ਬਹੁਤ ਸਾਰੇ ਪੰਛੀ ਤਕਰੀਬਨ ਰੋਜ਼ਾਨਾ ਨਜ਼ਰੀਂ ਪੈ ਜਾਂਦੇ ਹਨ, ਪਰ ਵਿਚਾਰੀ ਭੋਲੀ-ਭਾਲੀ ਗਰੀਬੜੀ ਜਿਹੀ ਭੂਰੇ ਰੰਗ ਦੀ ਚਿੜੀ ਕਦੀ-ਕਦਾਈ ਦਿਖਾਈ ਦਿੰਦੀ ਹੈ। ਪਹਿਲਾਂ ਘਰ ਕੱਚੇ ਹੁੰਦੇ, ਛੱਤਾਂ ਬਾਲਿਆਂ ਦੀਆਂ ਹੁੰਦੀਆਂ। ਚਿੜੀਆਂ ਇਨ੍ਹਾਂ ਛੱਤਾਂ 'ਤੇ ਆਲ੍ਹਣੇ ਪਾ ਲੈਂਦੀਆਂ ਤੇ ਆਂਡੇ ਦਿੰਦੀਆਂ। ਹੁਣ ਮਨੁੱਖ ਨੇ ਕੰਕਰੀਟ ਦੇ ਮਕਾਨ ਉਸਾਰ ਲਏ, ਵਿਹੜੇ     ਛੱਤ ਲਏ ਹਨ। ਰੁੱਖਾਂ ਦੀ ਕਟਾਈ ਹੋ ਰਹੀ     ਹੈ, ਚਿੜੀ ਰੁੱਖਾਂ 'ਤੇ ਵੀ ਨਹੀਂ ਰਹਿ ਸਕਦੀ। ਸਰਕਾਰ ਨੂੰ ਇਨ੍ਹਾਂ       ਦੀ ਨਸਲ ਬਚਾਉਣ ਦੇ ਉਪਰਾਲੇ ਕਰਨੇ ਚਾਹੀਦੇ ਹਨ। ਸ਼ਸ਼ੀ ਲਤਾ, ਸੁਨਾਮ। ਧਰਤੀ ਉਪਰ ਵਿਚਰਦੀ ਸਮੁੱਚੀ ਜੈਵਿਕ ਵਿਭਿੰਨਤਾ ਵਿੱਚ ਪੰਛੀ ਜਾਤੀ ਦੀ ਵਿਲੱਖਣ ਭੂਮਿਕਾ ਹੈ। ਇਕ ਕਥਨ ਮੁਤਾਬਕ ਪੰਛੀ ਬੋਲਣ ਮਿੱਠੜੇ ਬੋਲ ਰੱਖਣ ਜੀਵਨ ਦਾ ਸਮਤੋਲ, ਪੰਛੀ ਵਾਤਾਵਰਨ ਵਿੱਚ ਲਾਭਦਾਇਕ ਭੂਮਿਕਾ ਨਿਭਾਉਂਦੇ ਹਨ, ਪਰ ਵਾਤਾਵਰਨ ਦੇ ਪ੍ਰਦੂਸ਼ਣ ਅਤੇ ਮਨੁੱਖ ਦੀਆਂ ਵਾਤਾਵਰਨ ਵਿਰੋਧੀ ਗਤੀਵਿਧੀਆਂ ਰਾਹੀਂ ਪੰਛੀਆਂ ਦੀ ਗਿਣਤੀ ਲਗਾਤਾਰ ਘੱਟ ਰਹੀ ਹੈ। ਕਈ ਪੰਛੀ ਲੋਪ ਹੋ ਚੁੱਕੇ ਹਨ। ਹੁਣ ਘਰੇਲੂ ਚਿੜੀਆਂ, ਘੁੱਗੀਆਂ, ਕਾਂ, ਤੋਤੇ, ਗੋਲੇ ਕਬੂਤਰ, ਤਿੱਤਰ, ਬਟੇਰ, ਬਈਆ ਅਤੇ ਚੱਕੀਰਾਹਾ ਪੰਛੀ ਬਹੁਤ ਘੱਟ ਨਜ਼ਰ ਆਉਂਦੇ ਹਨ। ਇਹ ਪੰਛੀ ਵਾਤਾਵਰਨ ਵਿੱਚ ਚਹਿਕਦੇ, ਅਠਖੇਲੀਆਂ ਕਰਦੇ ਅਤੇ ਚਹਿ ਚੋਲੜ ਪਾਉਂਦੇ ਦਰਖਤਾਂ 'ਤੇ ਚਹਿਕਦੇ ਘੱਟ ਹੀ ਨਜ਼ਰ ਪੈਂਦੇ ਹਨ। ਘਰੇਲੂ ਮੁਰਗਿਆਂ ਦੀਆਂ ਅੰਮ੍ਰਿਤ ਵੇਲੇ ਬਾਗਾਂ ਘੱਟ ਹੀ ਸੁਣਾਈ ਦਿੰਦੀਆਂ ਹਨ। ਰਮਨਦੀਪ ਕੌਰ, ਧਨੌਲਾ ਖੁਰਦ (ਬਰਨਾਲਾ)। ਰੁੱਖ, ਮਨੁੱਖ ਤੇ ਪੰਛੀ, ਇਨ੍ਹਾਂ ਤਿੰਨਾਂ ਦਾ ਆਪਸ ਵਿੱਚ ਗਹਿਰਾ ਰਿਸ਼ਤਾ ਹੈ, ਪਰ ਮਨੁੱਖ ਹੁਣ ਇਨ੍ਹਾਂ ਦੋਹਾਂ ਨਾਲੋਂ ਅਲੱਗ ਹੋ ਕੇ ਵੱਖਰੀ ਹੋਂਦ ਕਾਇਮ ਕਰ ਰਿਹਾ ਹੈ। ਇਨ੍ਹਾਂ ਦਾ ਸੰਤੁਲਨ ਹੀ ਵਾਤਾਵਰਨ ਵਿੱਚ ਸੰਤੁਲਨ ਰੱਖਦਾ ਹੈ, ਪਰ ਅਫਸੋਸ ਦੀ ਗੱਲ ਇਹ ਹੈ ਕਿ ਮਨੁੱਖੀ ਆਬਾਦੀ ਵੱਧ, ਪਰ ਪੰਛੀਆਂ ਤੇ ਰੁੱਖਾਂ ਦੀ ਗਿਣਤੀ ਦਿਨੋ-ਦਿਨ ਘੱਟ ਰਹੀ ਹੈ। ਪਹਿਲਾਂ ਲੋਕਾਂ ਨੂੰ ਪਾਲਤੂ ਜਾਨਵਰ, ਪੰਛੀ ਆਦਿ ਪਾਲਣ ਦਾ ਬਹੁਤ ਸ਼ੌਕ ਸੀ। ਉਹ ਤੋਤੇ, ਚਿੱਟੇ ਕਬੂਤਰ, ਖਰਗੋਸ਼ ਆਦਿ ਪਾਲਦੇ ਸਨ। ਇਨ੍ਹਾਂ ਨੂੰ ਘਰ ਦੇ ਮਹਿਮਾਨ ਸਮਝਦੇ ਸਨ, ਪਰ ਹੁਣ ਇਹ ਸਭ ਕੁਝ ਖਤਮ ਹੋ ਰਿਹਾ ਹੈ। ਚਿੜੀਆਂ, ਗੁਟਾਰਾਂ, ਗਿਰਝਾਂ, ਘੁੱਗੀਆਂ ਤੋਂ ਬਾਅਦ ਕਾਵਾਂ ਦੀ ਗਿਣਤੀ ਘਟ ਰਹੀ ਹੈ। ਇਹ ਵਾਤਾਵਰਨ ਦੇ ਵਿਗੜਨ ਦੇ ਸੰਕੇਤ ਹਨ। ਇਸ ਤੋਂ ਪਹਿਲਾਂ ਦੇਰ ਹੋ ਜਾਵੇ, ਇਨ੍ਹਾਂ ਨੂੰ ਬਚਾਉਣਾ ਪਵੇਗਾ। ਅਮਨਪਾਲ ਕੌਰ, ਪੱਖੋ ਕਲਾਂ (ਬਰਨਾਲਾ)। ਇਕ ਸਮਾਂ ਸੀ ਜਦ ਸਵੇਰ ਚਿੜੀਆਂ ਦੀ ਮਿੱਠੀ-ਮਿੱਠੀ ਚੀਂ-ਚੀਂ ਦੀ ਆਵਾਜ਼ ਨਾਲ ਸਾਡਾ ਸਵਾਗਤ ਕਰਦੀ ਸੀ। ਨਿੰਮਾਂ, ਡੇਕਾਂ, ਤੂਤਾਂ ਦੀਆਂ ਟਾਹਣੀਆਂ 'ਤੇ ਇਨ੍ਹਾਂ ਰੌਣਕ ਲਾਈ ਰੱਖਣੀ। ਪਰ ਅੱਜ ਦੇ ਇਸ ਤਕਨੀਕੀ ਯੁੱਗ ਨੇ ਸਾਡੇ ਤੋਂ ਸਾਡੀ ਪਿਆਰੀ ਚਿੜੀ ਨੂੰ ਖੋਹ ਲਿਆ ਹੈ। ਮੋਬਾਈਲਾਂ ਦੇ ਟਾਵਰਾਂ ਦੀ ਤਦਾਦ/ਗਿਣਤੀ ਵਧਣ ਕਾਰਨ ਇਹ ਸਾਥੋਂ ਦੂਰ ਚਲੀਆਂ ਗਈਆਂ ਹਨ ਕਿਉਂਕਿ ਇਨ੍ਹਾਂ ਟਾਵਰਾਂ ਵਿਚੋਂ ਨਿਕਲਣ ਵਾਲੀਆਂ ਵਿਕਾਰੀ ਕਿਰਨਾਂ ਅਸਹਿ ਹੁੰਦੀਆਂ ਹਨ। ਸੋ ਇਸ ਤਕਨੀਕੀ ਯੁੱਗ ਨੇ ਜਿੱਥੇ ਸਾਨੂੰ ਮੋਬਾਈਲ ਵਰਗੀ ਬਹੁ-ਉਪਯੋਗੀ ਚੀਜ਼ ਦਿੱਤੀ ਹੈ, ਉਥੇ ਸਾਡੇ ਤੋਂ ਸਾਡੇ ਕੁਦਰਤੀ ਮਿੱਤਰ-ਸਾਥੀ ਪੰਛੀ ਖੋਹ ਲਏ ਹਨ। ਇਹੀ ਨਹੀਂ ਦਿਨੋ-ਦਿਨ ਤੋਤੇ, ਗਟਾਰਾਂ, ਕਬੂਤਰ ਤੇ ਕਾਵਾਂ ਦੀ ਤਦਾਦ/ਗਿਣਤੀ ਘਟਦੀ ਜਾ ਰਹੀ ਹੈ। ਸੋ ਆਓ, ਅਸੀਂ ਹਿੰਮਤ ਕਰਕੇ ਵੱਧ ਤੋਂ ਵੱਧ ਰੁੱਖ ਲਾਈਏ ਤਾਂ ਜੋ ਇਹ ਸਾਡੇ ਭੋਲੇ-ਭਾਲੇ ਮਿੱਤਰ ਪੰਛੀ ਸਾਥੋਂ ਦੂਰ ਨਾ ਜਾਣ। ਜੀਵਨ ਜੋਤ ਸਿੰਘ ਸੇਠੀ, ਬਠਿੰਡਾ। ਮੋ. 98787-96350 ਮਨੁੱਖ ਨੇ ਆਪਣੀ ਸਵਾਰਥੀ ਸੋਚ ਦੀ ਵਰਤੋਂ ਕਰਕੇ ਪਸ਼ੂ-ਪੰਛੀਆਂ ਨੂੰ ਕਾਫੀ ਹੱਦ ਤਕ ਖਤਮ ਕਰ ਦਿੱਤਾ ਹੈ। ਜੇ ਸੱਚ ਪੁੱਛੋ ਤਾਂ ਹੁਣ ਸਵੇਰੇ ਜਾਂ ਪ੍ਰਭਾਤ ਸਮੇਂ ਪੰਛੀਆਂ ਦਾ ਚਹਿਚਹਾਉਣਾ ਸੁਣਾਈ ਨਹੀਂ ਦਿੰਦਾ। ਚਿੜੀਆਂ, ਕਬੂਤਰ, ਕਾਂ, ਘੁੱਗੀਆਂ, ਮੋਰ ਤੇ ਹੋਰ ਬਹੁਤ ਸਾਰੇ ਪੰਛੀ ਪਤਾ ਨਹੀਂ ਕਿੱਥੇ ਅਲੋਪ ਹੋ ਗਏ ਹਨ। ਕਈ ਵਾਰ ਇਨ੍ਹਾਂ ਦੀ ਅਣਹੋਂਦ ਕਾਰਨ ਸਾਡਾ ਆਲਾ-ਦੁਆਲਾ ਸੁੰਨਾ-ਸੁੰਨਾ ਜਾਪਦਾ ਹੈ। ਸ਼ਾਇਦ ਮਨੁੱਖ ਦੀ ਸੁਆਰਥੀ ਸੋਚ ਤੇ ਬੁੱਧੀ ਦੀ ਗਲਤ ਵਰਤੋਂ ਹੀ ਇਕ ਦਿਨ ਇਸ ਧਰਤੀ ਨੂੰ ਵਿਰਾਨ ਬਣਾ ਦੇਵੇਗੀ। ਗੁਰਮੀਤ ਸਿੰਘ ਚਹਿਲ, ਕੋਟਲੱਲੂ, ਮਾਨਸਾ। ਮੋ. 98763-61256 ਕਈ ਪੰਛੀ ਦੇਖੇ ਹੋਏ ਮੈਨੂੰ ਲਗਪਗ ਬਾਈ ਸਾਲ ਹੋ ਗਏ ਹਨ। ਚਾਰ-ਪੰਜ ਸਾਲ ਪਹਿਲਾਂ ਕਾਂ ਅਤੇ ਚਿੜੀਆਂ ਬਹੁਤ ਹੁੰਦੇ ਸਨ। ਕਾਂ ਤਾਂ ਕੰਧਾਂ, ਤਾਰਾਂ, ਕੋਠਿਆਂ 'ਤੇ ਬੈਠੇ ਦਿਖਾਈ ਦਿੰਦੇ ਸਨ ਪਰ ਅੱਜ ਕੱਲ੍ਹ ਪ੍ਰਦੂਸ਼ਣ ਤੇ ਖੇਤਾਂ ਵਿਚ ਹੁੰਦੀ ਰੇਹ ਸਪਰੇਅ ਨੇ ਇਨ੍ਹਾਂ ਦੀ ਗਿਣਤੀ ਘਟਾ ਦਿੱਤੀ ਹੈ। ਚਿੜੀਆਂ, ਬੱਤਖਾਂ, ਕੋਇਲਾਂ, ਬਾਜ, ਇੱਲ੍ਹ ਆਦਿ ਪੰਛੀ ਵੀ ਦਿਖਾਈ ਨਹੀਂ ਦਿੰਦੇ। ਪ੍ਰਦੂਸ਼ਣ ਨੇ ਇਹ ਪੰਛੀ ਅਸਮਾਨ ਵਿਚ ਉਡਣੋਂ ਬੰਦ ਕਰ ਦਿੱਤੇ। ਮਨਪ੍ਰੀਤ ਸਿੰਘ, ਰੈੱਡ ਟਾਊਨ ਮੇਨ ਰੋਡ, ਬਠਿੰਡਾ। ਪ੍ਰਦੂਸ਼ਿਤ ਵਾਤਾਵਰਨ, ਵਧ ਰਹੀ ਦਰਖਤਾਂ ਦੀ ਕਟਾਈ, ਘਟ ਰਹੀ ਹਰਿਆਵਲ ਕਰਕੇ ਪੰਛੀ ਵਿਰਸਾ ਅਲੋਪ ਹੋ ਰਿਹਾ ਹੈ। ਪੰਛੀ ਬਹੁਤ ਘੱਟ ਦਿਖਾਈ ਦਿੰਦੇ ਹਨ। ਬਹੁਤ ਘੱਟ ਦਿਖਣ ਵਾਲੇ ਪੰਛੀ ਇੱਲ੍ਹ, ਗਿਰਝ, ਘੋਗੜ ਤੇ ਗਾਰਡ ਫੰਗ ਹਨ। ਗਾਰਡ ਫੰਗ ਕਈ ਰੰਗੇ ਫੰਗਾਂ ਵਾਲਾ ਪੰਛੀਆਂ ਦਾ ਸਿਰਤਾਜ ਪੰਛੀ ਮੰਨਿਆ ਜਾਂਦਾ ਹੈ। ਦੁਸਹਿਰੇ ਵਾਲੇ ਦਿਨ ਗਾਰਡ ਫੰਗ ਕਿਤੇ ਦਿਖਾਈ ਦੇ ਜਾਵੇ ਤਾਂ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ। ਮੋਰ ਵੀ ਬਠਿੰਡੇ ਜ਼ਿਲ੍ਹੇ ਵਿਚ ਤਾਂ ਬਿਲਕੁਲ ਦਿਖਾਈ ਨਹੀਂ ਦਿੰਦੇ। ਸੰਗਰੂਰ ਜ਼ਿਲ੍ਹੇ ਵਿਚ ਕਦੇ-ਕਦੇ ਮੋਰ ਕੂਕਦਾ ਸੁਣਦਾ ਹੈ। ਪੰਛੀ ਸਾਡੀ ਜ਼ਿੰਦਗੀ ਦਾ ਸਰਮਾਇਆ ਹਨ। ਇਨ੍ਹਾਂ ਦੀ ਰੱਖਿਆ ਕਰਨੀ ਸਾਡਾ ਫਰਜ਼ ਬਣਦਾ ਹੈ। ਹਰਿਆਵਲ ਭਰਿਆ ਵਾਤਾਵਰਨ ਪੰਛੀਆਂ ਦੀ ਗਿਣਤੀ ਵਿਚ ਵਾਧਾ ਕਰਦਾ ਹੈ। ਗੁਰਮੀਤ ਰਾਮਪੁਰਾ, ਰਾਮਪੁਰਾ ਮੰਡੀ । ਮੋ. 98783-25301 ਮਨੁੱਖੀ ਲਾਲਸਾ ਅਤੇ ਗਲਤੀਆਂ ਕਾਰਨ ਸਾਡਾ ਵਾਤਾਵਰਨ ਵਿਗੜ ਰਿਹਾ ਹੈ। ਹੁਣ ਬਹੁਤ ਹੀ ਘੱਟ ਨਸਲਾਂ ਦੇ ਪੰਛੀ ਨਜ਼ਰ ਆਉਂਦੇ ਹਨ। ਇਹ ਮਨੁੱਖ ਦੀ ਹੋਣੀ ਹੈ ਕਿ ਉਸ ਨੇ ਇਸ ਬਾਰੇ ਕਦੇ ਸੋਚਿਆ ਵੀ ਨਹੀਂ। ਬਚਪਨ ਵਿਚ ਜੋ ਚਿੜੀਆਂ ਦੇਖਿਆ ਕਰਦੇ ਸੀ, ਉਹ ਕਦੇ ਚਾਹੁਣ 'ਤੇ ਵੀ ਨਜ਼ਰ ਨਹੀਂ ਪਈਆਂ। ਇਨ੍ਹਾਂ ਦੀ ਥਾਂ ਅੱਜ- ਕੱਲ੍ਹ ਪਰਵਾਸੀ ਚਿੜੀਆਂ ਆ ਗਈਆਂ ਹਨ। ਸ਼ਾਂਤੀ ਦੀ ਪ੍ਰਤੀਕ ਘੁੱਗੀ ਵੀ ਹੁਣ ਕਦੇ ਨਹੀਂ ਦੇਖੀ। ਘੁੱਗੀ ਦੀ ਹੀ ਨਸਲ 'ਚੋਂ ਕਬੂਤਰ ਵੀ ਬਹੁਤ ਘੱਟ ਨਜ਼ਰੀਂ ਪੈਂਦਾ ਹੈ। ਇਸ ਨੂੰ ਗੋਲਾ ਵੀ ਕਿਹਾ ਕਰਦੇ ਸੀ। ਸਭ ਤੋਂ ਸੋਹਣਾ ਆਲ੍ਹਣਾ ਬਣਾਉਣ ਵਾਲਾ ਬਿਜੜਾ ਵੀ ਖਿੱਚ ਦਾ ਕੇਂਦਰ ਹੁੰਦਾ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਮਾਨਣ ਵਾਲਾ ਭਾਗਾਂ ਵਾਲਾ ਪੰਛੀ ਬਾਜ, ਜਿਸ ਨੂੰ ਛੋਟੇ ਹੁੰਦੇ ਮੱਥਾ ਟੇਕਿਆ ਕਰਦੇ ਸੀ, ਉਸ ਦੇ ਕਦੇ ਦਰਸ਼ਨ ਹੀ ਨਹੀਂ ਹੋਏ। ਸਾਡੇ ਬਨੇਰਿਆਂ 'ਤੇ ਬੋਲਣ ਵਾਲਾ ਪੰਛੀ 'ਕਾਂ' ਅੱਜ-ਕੱਲ੍ਹ ਬਹੁਤ ਘੱਟ ਨਜ਼ਰ ਪੈਂਦਾ ਹੈ। ਰਾਸ਼ਟਰੀ ਪੰਛੀ 'ਮੋਰ' ਬੱਚਿਆਂ ਨੇ ਕਦੇ ਦੇਖਿਆ ਹੀ ਨਹੀਂ ਹੋਣਾ। ਇਕ ਚੱਕੀਰਾਹਾ ਹੁੰਦਾ ਸੀ ਜਿਹੜਾ ਕਈ ਸਾਲਾਂ ਤੋਂ ਗੁੰਮ ਹੈ। ਜਸਵਿੰਦਰ ਸਿੰਘ,ਬਰਾੜ, ਸੇਵੇਵਾਲਾ (ਜੈਤੋ)। ਮੋ. 95013-00984 ਮਨੁੱਖਾਂ ਨੇ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਕੁਦਰਤ ਦਾ ਸੰਤੁਲਨ ਵਿਗਾੜਿਆ ਹੈ। ਪਿੰਡਾਂ ਦੀਆਂ ਦੇਸੀ ਚਿੜੀਆਂ ਕੱਚੇ ਘਰਾਂ ਦੀਆਂ ਛੱਤਾਂ ਜਾਂ ਕਰੀਰ ਦੀਆਂ ਝਾੜੀਆਂ ਵਿੱਚ ਰਹਿੰਦੀਆਂ ਸਨ। ਇਨ੍ਹਾਂ  ਦੋਹਾਂ ਦੇ ਅਲੋਪ ਹੋਣ ਨਾਲ ਉਨ੍ਹਾਂ ਦਾ ਘਰ ਉੱਜੜ ਗਿਆ ਹੈ। ਗਿਰਝਾਂ ਵੀ ਵੇਖਣ ਨੂੰ ਨਹੀਂ ਮਿਲਦੀਆਂ। ਮਨੁੱਖ ਨੇ ਮਰੇ ਪਸ਼ੂਆਂ ਦੀਆਂ ਹੱਡੀਆਂ ਤੱਕ ਵੇਚ ਛੱਡੀਆਂ ਹਨ। ਜਦੋਂ ਉਨ੍ਹਾਂ ਦਾ ਭੋਜਨ ਹੀ ਨਹੀਂ ਰਿਹਾ ਤਾਂ ਗਿਰਝਾਂ ਕਿੱਥੋਂ ਹੋਣ। ਇਕ ਚੱਕੀਰਾਹਾ ਵੀ ਹੁੰਦਾ ਸੀ ਜੋ ਹੁਣ ਕਿਤੇ ਕਿਤੇ ਨਜ਼ਰੀਂ ਪੈਂਦਾ ਹੈ। ਇਹ ਗੁਹਾਰਿਆਂ ਦੇ ਆਲੇ-ਦੁਆਲੇ ਕਲਰਾਂ ਵਿੱਚ ਕੀੜੇ ਭਾਲਦਾ ਮਿਲ ਜਾਂਦਾ ਸੀ। ਕੀੜੇਮਾਰ ਦਵਾਈਆਂ ਨੇ ਇਨ੍ਹਾਂ ਦਾ ਭੋਜਨ ਹੀ ਖਤਮ ਕਰਕੇ ਰੱਖ ਦਿੱਤਾ ਹੈ। ਟਟੀਹਰੀਆਂ, ਤਿੱਤਰ ਤੇ ਬਟੇਰੇ ਇਨ੍ਹਾਂ ਦੇ ਆਲ੍ਹਣੇ ਖੁੱਲ੍ਹੇ ਖੇਤਾਂ ਵਿੱਚ ਸੁੱਕੀ ਡੱਲਿਆਂ ਵਾਲੀ ਧਰਤੀ ਦੀਆਂ ਵੱਟਾਂ ਕਿਨਾਰਿਆਂ 'ਤੇ ਹੁੰਦੇ ਸਨ। ਖੇਤੀ ਵਿਭਿੰਨਤਾ ਨੇ ਜੀਰੀਆਂ ਲਾ-ਲਾ ਕੇ ਇਨ੍ਹਾਂ ਦੇ ਘਰ ਹੀ ਖਤਮ ਕਰ ਦਿੱਤੇ ਹਨ, ਪਰ ਜੀਰੀਆਂ ਲਾਉਣ ਕਰਕੇ ਬਗਲਿਆਂ ਦੀ ਗਿਣਤੀ ਵਿੱਚ ਜ਼ਰੂਰ ਵਾਧਾ ਹੋਇਆ ਹੈ। ਗਲੋਬਲ ਵਾਰਮਿੰਗ ਅਤੇ ਸੈਟੇਲਾਈਟ ਸਿਸਟਮ ਮੋਬਾਈਲ ਸਿਸਟਮ ਰਾਹੀਂ ਨਿਕਲਦੀਆਂ ਮਾਈਕਰੋ ਕਿਰਨਾਂ ਨੇ ਪੰਛੀਆਂ ਦੇ ਅੰਡਿਆਂ ਵਿੱਚ ਵਾਧੇ ਨੂੰ ਰੋਕ ਦਿੱਤਾ ਹੈ। ਇਹ ਬਹੁਤ ਹੀ ਘਾਤਕ ਹੈ। ਇਸ ਬਾਰੇ ਸਰਕਾਰਾਂ ਨੂੰ ਸੁਚੇਤ ਹੋਣ ਦੀ ਲੋੜ ਹੈ। ਰੁਪਿੰਦਰਜੀਤ ਮੌੜ, ਪੀਰ ਬੰਨਾਂ ਬਨੋਈ ਰੋਡ, ਸੁਨਾਮ ਮੋਬਾਈਲ: 84273-44700 ਧਰਤੀ 'ਤੇ ਵੱਧ ਰਹੇ ਤਾਪਮਾਨ ਦਾ ਪੰਛੀਆਂ ਦੀਆਂ ਕਈ ਪ੍ਰਜਾਤੀਆਂ 'ਤੇ ਸਿੱਧਾ ਅਸਰ ਹੋਇਆ ਹੈ। ਗਿਰਝਾਂ, ਚਿੜੀਆਂ ਵਰਗੀਆਂ ਨਸਲਾਂ ਅਲੋਪ ਹੋ ਗਈਆਂ ਲੱਗਦੀਆਂ ਹਨ। ਪਸ਼ੂ-ਪੰਛੀ ਸਾਡੇ ਮਿੱਤਰ ਹਨ। ਇਨ੍ਹਾਂ ਪ੍ਰਜਾਤੀਆਂ ਤੇ ਜੀਵ-ਜੰਤੂਆਂ ਦੀ ਸੰਭਾਲ ਕਰਨਾ ਸਾਡਾ ਫਰਜ਼ ਬਣਦਾ ਹੈ। ਆਉਂਦੇ ਸਮੇਂ ਵਿੱਚ ਪੰਛੀਆਂ ਦੀਆਂ ਹੋਰ ਨਸਲਾਂ ਅਲੋਪ ਨਾ ਹੋਣ ਇਸ ਲਈ ਸਾਰੇ ਵਿਭਾਗਾਂ, ਕਲੱਬਾਂ, ਸਮਾਜਿਕ ਜਥੇਬੰਦੀਆਂ ਤੇ ਧਾਰਮਿਕ ਸੰਸਥਾਵਾਂ ਦਾ ਇਹ ਫਰਜ਼ ਬਣਦਾ ਹੈ ਕਿ ਧਰਤੀ ਨੂੰ ਹਰਿਆ-ਭਰਿਆ ਰੱਖਿਆ ਜਾਵੇ। ਵੱਧ ਤੋਂ ਵੱਧ ਛਾਂਦਾਰ ਬੂਟੇ ਲਾ ਕੇ ਵਾਤਾਵਰਨ ਨੂੰ ਸ਼ੁੱਧ ਤੇ ਸਾਫ-ਸੁਥਰਾ ਕਰਵਾ ਕੇ ਧਰਤੀ 'ਤੇ ਹਰਿਆਵਲ ਲਹਿਰ ਪੈਦਾ ਕੀਤੀ ਜਾਵੇ। ਪੰਛੀਆਂ ਦੇ ਆਲ੍ਹਣੇ ਟੰਗੇ ਜਾਣ, ਅਲੋਪ ਹੋ ਰਹੇ ਪੰਛੀਆਂ ਦੀ ਨਿਸ਼ਾਨਦੇਹੀ ਕਰਕੇ ਵਿਸ਼ੇਸ਼ ਮੁਹਿੰਮ ਚਲਾ ਕੇ ਬਚਾਉਣ ਲਈ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਸੁਰੇਸ਼ ਕੁਮਾਰ ਅਣਖੀ, ਪੜਾਉ (ਰਾਜਪੁਰਾ) ਮੋਬਾਈਲ: 97797-30997 ਘਰਾਂ ਵਿੱਚ ਚਿੜੀਆਂ ਦੀ ਚੀਂ-ਚੀਂ ਸੁਣਾਈ ਨਹੀਂ ਦਿੰਦੀ ਤੇ ਨਾ ਹੀ ਚਿੜੀਆਂ ਦੀਆਂ ਡਾਰਾਂ ਦਿਸਦੀਆਂ ਹਨ। ਘੁੱਗੀ ਦੀ ਘੂੰ-ਘੂੰ ਦੀ ਆਵਾਜ਼  ਵੀ ਸੁਣਾਈ ਨਹੀਂ ਦਿੰਦੀ। ਪੈਲਾਂ ਪਾਉਂਦੇ ਮੋਰ ਵੀ ਦਿਖਾਈ ਨਹੀਂ ਦਿੰਦੇ, ਨਾ ਹੀ ਉਹ ਮਿੱਠੀ ਆਵਾਜ਼ ਵਾਲੀ ਕੋਇਲ ਦੀ ਕੂੰ-ਕੂੰ ਸਾਡੇ ਕੰਨਾਂ ਵਿੱਚ ਰਸ ਘੋਲਦੀ ਹੈ। ਪਹਿਲਾਂ ਵਾਂਗ ਨਾ ਹੁਣ ਕੋਈ ਆਪਣੇ ਪਰਦੇਸੀ ਢੋਲੇ ਲਈ ਕਾਂ ਨੂੰ ਚੂਰੀ ਕੁੱਟ ਕੇ ਪਾਉਂਦੀ ਹੈ ਕਿਉਂਕਿ ਬਨੇਰੇ ਉਪਰ ਬੋਲਣ ਵਾਲਾ ਉਹ ਕਾਂ ਜਿਹੜਾ ਕਿਸੇ ਦੇ ਆਉਣ ਦਾ ਪ੍ਰਤੀਕ ਹੁੰਦਾ ਸੀ, ਉਹ ਵੀ ਅੱਜ ਸੁਣਾਈ ਤੇ ਦਿਖਾਈ ਨਹੀਂ ਦਿੰਦਾ। ਹੱਡਾਰੋੜੀ ਵਿੱਚ ਗਿਰਝਾਂ ਦਿਖਾਈ ਨਹੀਂ ਦਿੰਦੀਆਂ ਹਨ। ਹੁਣ ਆਸਮਾਨ ਵਿੱਚ ਬਾਜ਼ ਵੀ ਉੱਡਦਾ ਦਿਖਾਈ ਨਹੀਂ ਦਿੰਦਾ। ਪਹਿਲਾਂ ਰਾਤਾਂ ਦੇ ਉੱਲੂ ਜਾਂ ਕੋਤਰੀ ਆਮ ਖੇਤਾਂ ਵਿੱਚ ਬੋਲਦੇ ਜਾਂ ਦਿਖਾਈ ਦਿੰਦੇ ਸਨ, ਪਰ ਅੱਜ-ਕੱਲ੍ਹ ਉਹ ਕਿਧਰੇ ਦਿਖਾਈ ਨਹੀਂ ਦਿੰਦੇ। ਪਿੰਡਾਂ ਵਿੱਚ ਗੁਟਾਰਾਂ ਦੀਆਂ ਡਾਰਾਂ ਵੀ ਪਤਾ ਨਹੀਂ ਕਿਧਰ ਉੱਡ-ਪੁੱਡ ਗਈਆਂ ਹਨ। ਕਾਲ-ਕੜਛੀ ਜਾਂ ਕਾਲੀ ਚਿੜੀ ਵੀ ਹੁਣ ਸਿਰਫ ਕਿਤਾਬਾਂ ਵਿੱਚ ਪਾਠ ਦੇ ਰੂਪ ਵਿੱਚ ਹੀ ਰਹਿ ਗਈ ਹੈ। ਬਿਜੜਾ ਤੇ ਉਸ ਦਾ ਆਲ੍ਹਣਾ ਵੀ ਅਲੋਪ ਹੋ ਚੁੱਕਾ ਹੈ। ਪੁਰਾਣੇ ਦਰੱਖ਼ਤਾਂ ਉਪਰ ਹੁਣ ਕਠਫੋੜੇ ਦੀ ਟੁੱਕ-ਟੁੱਕ ਸੁਣਾਈ ਨਹੀਂ ਦਿੰਦੀ। ਤੋਤਾ ਮਨਮੋਤਾ ਵੀ ਹੁਣ ਘੱਟ ਹੀ ਦਿਖਾਈ ਦਿੰਦਾ ਹੈ। ਭੂਰੇ ਰੰਗ ਦਾ ਤਿੱਤਰ ਤੇ ਸੁਨਹਿਰੀ ਖੰਭਾਂ ਵਾਲਾ ਚੱਕੀਰਾਹਾ ਵੀ ਦਿਖਾਈ ਨਹੀਂ ਦਿੰਦਾ। ਬਲਵਿੰਦਰ ਸਿੰਘ ਭੁੱਕਲ, ਬਖੋਰਾ ਕਲਾਂ (ਲਹਿਰਾਗਾਗਾ) ਮੋਬਾਈਲ: 97818-23988 ਚਿੜੀਆਂ ਅਲੋਪ ਹੁੰਦੀਆਂ ਜਾ ਰਹੀਆਂ ਹਨ। ਰੋਜ਼, ਹਿਰਨ, ਖਰਗੋਸ਼, ਘੋਗੜ ਸਿਰਫ ਚਿੜੀਆਘਰ ਦੇ ਸ਼ਿੰਗਾਰ ਬਣ ਕੇ ਰਹਿ ਗਏ ਹਨ। ਖੇਤਾਂ ਵਿੱਚ ਪਹਿਲਾਂ ਬਿੱਲੇ ਵੀ ਵੱਡੀ ਗਿਣਤੀ ਵਿੱਚ ਹੁੰਦੇ ਸਨ। ਉਹ ਵੀ ਅਲੋਪ ਹੋ ਗਏ। ਜੇਕਰ    ਇਹ ਇਸੇ ਤਰ੍ਹਾਂ ਹੀ ਅਲੋਪ ਹੁੰਦੇ ਗਏ ਤਾਂ ਇਹ ਅਗਲੀ ਪੀੜ੍ਹੀ ਲਈ ਕਿਤਾਬਾਂ      ਵਿੱਚ    ਪੜ੍ਹਨ ਲਈ ਹੀ ਰਹਿ ਜਾਣਗੇ। ਜੋਤੀ ਸ਼ਰਮਾ ਹਰਿਆਊ (ਲਹਿਰਾਗਾਗਾ)। ਪੰਛੀਆਂ ਦਾ ਸ਼ਿਕਾਰ ਬਹੁਤ ਸਮੇਂ ਤੋਂ ਹੁੰਦਾ ਆ ਰਿਹਾ ਹੈ। ਉਨ੍ਹਾਂ ਵਿੱਚ ਕੁਝ ਲੁਪਤ ਹੋ ਗਏ ਹਨ। ਪੰਛੀਆਂ ਦੇ ਲੁਪਤ ਹੋਣ ਦੇ ਕਾਰਨ 'ਵਣਾਂ ਦਾ ਕਟਾਅ, ਪ੍ਰਕਿਰਤਕ ਵਾਤਾਵਰਨ ਪ੍ਰਦਾਨ ਨਾ ਹੋਣਾ, ਖਾਣ-ਪੀਣ ਵਿੱਚ ਮੁਸ਼ਕਲਾਂ, ਪੰਛੀਆਂ ਦਾ ਸ਼ਿਕਾਰ ਕਰਨਾ, ਕੈਦ ਕਰਨਾ ਹਨ। ਇਹ ਸਾਡੇ ਤੋਂ ਬਹੁਤ ਦੂਰ ਜਾ ਰਹੇ ਹਨ। ਘੱਟ ਨਜ਼ਰ ਆਉਣ ਵਾਲੇ ਪੰਛੀਆਂ 'ਚ ਸਾਰਸ ਬਗਲੇ, ਹੇਰੋਨਸ, ਸੋਹਨ ਚਿੜੀ, ਤਿਲੀਅਰ, ਧਨੇਸ਼ (ਹਾਰਨਬਿਲ), ਸ਼ਕਰ ਖੋਰਾ, ਫੀਜ਼ੈੱਟ, ਟੂਈਆਂ ਤੋਤੇ, ਗਿਰਝਾਂ, ਝੀਂਗਰ, ਹੰਸ, ਬੁਲਬੁਲ, ਕਟੋਰਾ, ਮੈਨਾ, ਚੀਲ, ਗ੍ਰੇਬਜ, ਗਿੱਧ, ਸ਼ਤਰਮੁਰਗ ਸ਼ਾਮਲ ਹਨ। ਮਨੁੱਖ ਪਹਿਲਾਂ ਹੀ ਸਮਝਦਾਰੀ ਤੋਂ ਕੰਮ ਲੈਂਦਾ ਅਤੇ ਦਰੱਖ਼ਤਾਂ ਨੂੰ ਨਾ ਕੱਟਦਾ ਤਾਂ ਇਹ ਪੰਛੀ ਸਾਨੂੰ ਅੱਜ ਵੀ ਜ਼ਿਆਦਾ ਨਜ਼ਰ ਆ ਸਕਦੇ ਸੀ। ਭੁਪਿੰਦਰ ਕੌਰ, ਸਰਕਾਰੀ ਹਾਈ ਸਕੂਲ  ਲੱਖਾ ਹਾਜੀ (ਫਿਰੋਜ਼ਪੁਰ)। ਕੁਦਰਤ ਨੂੰ ਖੂਬਸੂਰਤੀ ਦੇਣ ਵਿਚ ਪੰਛੀਆਂ ਦਾ ਬਹੁਤ ਮਹੱਤਵਪੂਰਨ ਯੋਗਦਾਨ ਹੈ। ਇਨ੍ਹਾਂ ਦੇ ਸੁਰੀਲੇ ਗਲੇ ਦੀਆਂ ਆਵਾਜ਼ਾਂ, ਰੰਗ-ਬਰੰਗੇ ਖੰਭਾਂ ਨਾਲ ਅਕਾਸ਼ ਵਿਚ ਭਰੀਆਂ ਉਡਾਰੀਆਂ ਅਤੇ ਨਿੱਕੀ-ਨਿੱਕੀ ਕਣੀ ਦੇ ਮੀਂਹ ਵਿਚ ਕੀਤੀਆਂ ਅਠਖੇਲੀਆਂ ਸਹਿਜ-ਸੁਭਾਅ ਹੀ ਸੰਵੇਦਨਸ਼ੀਲ ਮਨ ਨੂੰ ਖੁਸ਼ੀ, ਅਨੰਦ ਅਤੇ ਸੰਤੁਸ਼ਟੀ ਨਾਲ ਭਰ ਦਿੰਦੀਆਂ ਹਨ ਪਰ ਕਈ ਵਰ੍ਹਿਆਂ ਤੋਂ ਧਰਤੀ ਉਦਾਸ ਹੈ। ਅਕਾਸ਼ ਉਪਰਾਮ ਹੈ। ਰੁੱਖਾਂ ਤੋਂ ਆਲ੍ਹਣੇ ਗੁੰਮ ਹਨ। 'ਨਿੱਕੀਏ ਨਿੱਕੀਏ ਚਿੜੀਏ ਤੈਨੂੰ ਤੱਕ-ਤੱਕ ਕੇ ਅਸੀਂ ਖਿੜੀਏ' ਅਸੀਂ ਹੁਣ ਕਿਸ ਨੂੰ ਕਹੀਏ? ਪਾਣੀ ਦੇ ਕਟੋਰੇ ਭਰ ਕੇ ਛੱਤਾਂ ਉਪਰ ਕਿਸ ਦੇ ਪੀਣ ਲਈ ਰੱਖੀਏ? ਚਿੜੀਆਂ ਅਤੇ ਗਿਰਝਾਂ ਤਾਂ ਕਿਧਰੇ ਅਲੋਪ ਹੀ ਹੋ ਗਈਆਂ ਹਨ। ਕੂੰਜਾਂ ਦੀਆਂ ਡਾਰਾਂ ਦੇਖਣ ਨੂੰ ਅੱਖਾਂ ਤਰਸਦੀਆਂ ਹਨ। ਨੰਨ੍ਹੀਆਂ ਗਟਾਰਾਂ, ਤੋਤੇ, ਕਠਫੋੜੇ ਅਤੇ ਇੱਲਾਂ ਦੇ ਸਮੂਹ ਵੀ ਬਹੁਤ ਘੱਟ ਨਜ਼ਰ ਆਉਂਦੇ ਹਨ। ਮਨੁੱਖੀ ਵਿਕਾਸ ਦੇ ਨਾਂ 'ਤੇ ਪ੍ਰਕਿਰਤੀ ਵਿਚ ਆ ਰਿਹਾ ਅਸੰਤੁਲਨ, ਜ਼ਹਿਰੀ ਰਸਾਇਣਕ ਤੱਤਾਂ ਦੀ ਭਰਮਰ ਅਤੇ ਰੁੱਖਾਂ ਦੀ ਅੰਧਾਧੁੰਦ ਕਟਾਈ ਪੰਛੀਆਂ ਦੀ ਅਜੋਕੀ ਦਸ਼ਾ ਦੇ ਪ੍ਰਮੁੱਖ ਕਾਰਨ ਹਨ। ਦਰਸ਼ਨ ਸਿੰਘ, ਸ਼ਾਹਬਾਦ ਮਾਰਕੰਡਾ (ਕੁਰੂਕਸ਼ੇਤਰ)। ਕੋਈ ਸਮਾਂ ਹੁੰਦਾ ਸੀ ਜਦੋਂ ਸਵੇਰੇ ਉੱਠਣ-ਸਾਰ ਹੀ ਚਿੜੀਆਂ ਦੀ ਚੀਂ-ਚੀਂ ਦੀ ਆਵਾਜ਼ ਕੰਨਾਂ ਵਿਚ ਪੈਂਦੀ ਸੀ। ਸਾਡੇ ਘਰਾਂ ਦੀਆਂ ਛੱਤਾਂ ਵਿਚ ਵੀ ਚਿੜੀਆਂ ਦੇ ਆਲ੍ਹਣੇ ਆਮ ਹੀ ਦਿਖਾਈ ਦਿੰਦੇ ਸਨ, ਪ੍ਰੰਤੂ ਅੱਜ ਇਹ ਪੰਛੀ ਵਿਰਲਾ-ਟਾਵਾਂ ਹੀ ਦਿਖਾਈ ਦਿੰਦਾ ਹੈ। ਕਿਸਾਨਾਂ ਦਾ ਮਿੱਤਰ ਅਤੇ ਕਿਸੇ ਸਮੇਂ ਪੰਜਾਬ ਦੇ ਪਹਿਲੇ ਰਾਜ ਪੰਛੀ ਦਾ ਰੁਤਬਾ ਹਾਸਲ ਕਰਨ ਵਾਲਾ ਪੰਛੀ ਚੱਕੀ ਰਾਹਾ ਅੱਜ-ਕੱਲ੍ਹ ਬਹੁਤ ਹੀ ਘੱਟ ਨਜ਼ਰੀਂ ਪੈਂਦਾ ਹੈ। ਤੇਜ਼-ਤਰਾਰ ਅਤੇ ਬਹਾਦਰੀ ਦਾ ਪ੍ਰਤੀਕ ਸਾਡਾ ਰਾਜ ਪੰਛੀ ਬਾਜ਼ (ਪੂਰਬੀ ਗੌਸਹੌਕ) ਲਗਪਗ ਅਲੋਪ ਹੋਣ ਕਿਨਾਰੇ ਹੈ। ਤੋਤੇ, ਘੁੱਗੀਆਂ, ਗਿਰਝਾਂ, ਕਾਂ, ਬਿਜੜਾ ਅਤੇ ਗੋਲ ਕਬੂਤਰ ਹੁਣ ਬਹੁਤ ਘੱਟ ਨਜ਼ਰ ਆਉਂਦੇ ਹਨ। ਜੁਗਿੰਦਰਪਾਲ ਗਿੰਦਰ,  ਕਿਲ੍ਹਾ ਨੌਂ (ਫਰੀਦਕੋਟ)। ਉਹ ਪੰਛੀ ਜਿਹੜੇ ਬਹੁਤ ਘੱਟ ਨਜ਼ਰ ਆਉਂਦੇ ਹਨ, ਉਨ੍ਹਾਂ ਵਿਚੋਂ ਚਿੜੀ, ਕਾਂ, ਕਬੂਤਰ, ਮੋਰ, ਹੰਸ, ਗੁਟਾਰ ਹਨ। ਇਨ੍ਹਾਂ ਪੰਛੀਆਂ ਦੇ ਘੱਟ ਨਜ਼ਰ ਆਉਣ ਦੇ ਬਹੁਤ ਸਾਰੇ ਕਾਰਨ ਹਨ- ਜਿਵੇਂ ਵਧ ਰਿਹਾ ਸ਼ਹਿਰੀਕਰਨ, ਪ੍ਰਦੂਸ਼ਣ, ਸਨਅਤੀਕਰਨ, ਜੰਗਲਾਂ ਦੀ ਕਟਾਈ, ਘਰਾਂ ਵਿਚ ਲੈਂਟਰ ਪਾਉਣੇ, ਪਾਣੀ ਦਾ ਘਟ ਰਿਹਾ ਪੱਧਰ ਆਦਿ। ਮੋਬਾਈਲ ਫੋਨ ਵੀ ਇਨ੍ਹਾਂ ਪੰਛੀਆਂ ਦੀ ਹੋਂਦ ਲਈ ਵੱਡਾ ਖਤਰਾ ਬਣ ਗਿਆ ਹੈ। ਭਾਵੇਂ ਸਰਕਾਰ ਨੇ ਹਰੀਕੇ ਪੱਤਣ ਅਤੇ ਨੰਗਲ ਡੈਮ ਵਿਖੇ ਪਰਵਾਸੀ ਪੰਛੀਆਂ ਲਈ ਰੱਖਾਂ ਦਾ ਬੰਦੋਬਸਤ ਕੀਤਾ ਹੈ ਪਰ ਇਨ੍ਹਾਂ ਨੂੰ ਸੰਭਾਲਣ ਲਈ ਹੋਰ ਵੀ ਸਖਤ ਕਦਮ ਚੁੱਕਣੇ ਚਾਹੀਦੇ ਹਨ। ਆਉ ਇਨ੍ਹਾਂ ਪੰਛੀਆਂ ਨੂੰ ਬਚਾ ਕੇ ਕੁਦਰਤ ਦੇ ਨਾਯਾਬ ਤੋਹਫਿਆਂ ਦਾ ਸਨਮਾਨ ਕਰੀਏ। ਪਰਮੋਦ ਕੁਮਾਰ, ਸ.ਸ.ਸ. ਸਕੂਲ ਕੱਟੂ (ਬਰਨਾਲਾ)। ਫੋਨ: 94633-30604 ਕਈ ਪੰਛੀ ਬਹੁਤ ਸੁੰਦਰ ਹੁੰਦੇ ਹਨ। ਕੁਝ ਪੰਛੀ ਅਸੀਂ ਆਪਣੇ ਆਲੇ-ਦੁਆਲੇ ਦੇਖ ਸਕਦੇ ਹਾਂ ਜਿਹੜੇ ਰੰਗਾਂ ਜਾਂ ਆਕਾਰਾਂ ਕਰਕੇ ਵੱਖਰੇ ਨਹੀਂ ਹੁੰਦੇ, ਸਗੋਂ ਆਪਣੇ ਸੁਭਾਅ ਵਾਸਤੇ ਵੱਖਰੇ ਹਨ। ਅਫਸੋਸ ਕਿ ਇਨ੍ਹਾਂ ਪੰਛੀਆਂ ਦੀ ਸੰਖਿਆ ਘਟ ਰਹੀ ਹੈ। ਇਸ ਦਾ ਮੁੱਖ ਕਾਰਨ ਸ਼ਿਕਾਰ ਹੈ। ਇਸ ਕਾਰਨ ਬਹੁਤ ਸਾਰੇ ਪੰਛੀ ਤਾਂ ਬਿਲਕੁਲ ਹੀ ਅਲੋਪ ਹੋ ਚੁੱਕੇ ਹਨ। ਇੱਲਾਂ, ਗਿਰਝਾਂ, ਸ਼ੁਤਰਮੁਰਗ, ਚਿੜੀਆਂ, ਮੁਰਗਾਬੀਆਂ, ਬੱਤਖਾਂ, ਕੂੰਜਾਂ, ਘੁੱਗੀਆਂ ਆਦਿ ਪੰਛੀ ਬਹੁਤ ਘਟ ਗਏ ਹਨ। ਆਉ ਅਸੀਂ ਸਾਰੇ ਰਲ ਕੇ ਇਨ੍ਹਾਂ ਪੰਛੀਆਂ ਨੂੰ ਬਚਾਈਏ। ਮਨਪ੍ਰੀਤ ਸਿੰਘ, ਦੇਸ਼ ਭਗਤ ਕਾਲਜ ਬਰੜਵਾਲ (ਧੂਰੀ)। ਫੋਨ: 94639-60514 ਖੇਤੀ ਪੈਦਾਵਾਰ ਵਧਾਉਣ ਲਈ ਰੇਹਾਂ, ਸਪਰੇਆਂ ਅਤੇ ਹੋਰ ਦਵਾਈਆਂ ਦਾ ਇਸਤੇਮਾਲ ਹੋ ਰਿਹਾ ਹੈ। ਇਸ ਕਾਰਨ ਬਹੁਤ ਸਾਰੇ ਪਸ਼ੂ-ਪੰਛੀ ਮਰ ਗਏ ਹਨ। ਦੂਸਰਾ ਕਾਰਨ ਦਰਖਤਾਂ ਦਾ ਕੱਟਣਾ ਹੈ। ਪਿੰਡਾਂ ਜਾਂ ਸ਼ਹਿਰਾਂ ਵਿਚ ਲੱਗੇ ਮੋਬਾਈਲ ਟਾਵਰਾਂ ਦਾ ਪਸ਼ੂ-ਪੰਛੀਆਂ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਮਨੁੱਖ ਬਿਨ ਬੋਲੇ ਪੰਛੀਆਂ ਨਾਲ ਖਿਲਵਾੜ ਕਰ ਰਿਹਾ ਹੈ। ਮੋਰ ਦੇਖਣ ਨੂੰ ਨਹੀਂ ਮਿਲਦਾ। ਚਿੜੀਆਂ, ਗੁਟਾਰਾਂ ਅਤੇ ਕਾਂ ਵੀ ਬਹੁਤ ਘੱਟ ਨਜ਼ਰ ਆਉਂਦੇ ਹਨ। ਅਮਨਦੀਪ ਕੌਰ, ਪੱਖੋ ਕਲਾਂ (ਬਰਨਾਲਾ)। ਪਸ਼ੂ, ਪੰਛੀਆਂ ਤੇ ਇਨਸਾਨ ਦੀ ਸਾਂਝ ਮੁੱਢ ਤੋਂ ਹੀ ਚਲੀ ਆ ਰਹੀ ਹੈ। ਕੋਈ ਸਮਾਂ ਸੀ ਜਦੋਂ ਸਵੇਰੇ ਚਿੜੀਆਂ ਦੀ ਚੀਂ-ਚੀਂ ਨਾਲ ਨੀਂਦ ਖੁੱਲ੍ਹਦੀ ਸੀ। ਪਹਿਲਾਂ ਚਿੜੀਆਂ ਸਾਡੇ ਘਰਾਂ ਦੀਆਂ ਛੱਤਾਂ ਤੇ ਪੱਖਿਆਂ ਦੀਆਂ ਰਾਡਾਂ ਵਿਚ ਹੀ ਆਪਣੇ ਆਲ੍ਹਣੇ ਬਣਾ ਕੇ ਰਹਿੰਦੀਆਂ ਸਨ, ਪਰ ਅੱਜ ਇਨ੍ਹਾਂ ਚਿੜੀਆਂ ਨੇ ਪਤਾ ਨਹੀਂ ਕਿਹੜੇ ਦੇਸ਼ ਦੀ ਉਡਾਰੀ ਮਾਰੀ ਹੈ। ਹੁਣ ਤਾਂ ਇਹ ਚਿੜੀ ਵਿਚਾਰੀ ਕਿਸੇ ਚਿੜੀਆਘਰ ਵਿਚ ਆਪਣੀ ਪਹਿਚਾਣ ਗੁਆ ਕੇ 'ਸਪੈਰੋ' ਦੇ ਨਾਂ 'ਤੇ ਕੈਦ ਕੱਟ ਰਹੀ ਹੈ। ਕੁੜੀਆਂ ਨੂੰ ਕਤਲ ਕਰਨ ਦਾ ਨਤੀਜਾ ਅਸੀਂ ਦੇਖ ਚੁੱਕੇ ਹਾਂ, ਜੋ ਇਹ ਚਿੜੀਆਂ ਵੀ ਨਾ ਰਹੀਆਂ ਤਾਂ ਪਤਾ ਨਹੀਂ ਕੀ ਬਣੂ। ਤਰਵਿੰਦਰ ਕੌਰ ਚਿੱਲਾ (ਮੁਹਾਲੀ)। ਮੋਰ ਅੱਜ-ਕੱਲ੍ਹ ਵੇਖਣ ਨੂੰ ਬਹੁਤ ਘੱਟ ਮਿਲਦਾ ਹੈ। ਬਿਜੜਾ ਪੰਛੀ ਵੀ ਬਹੁਤ ਘੱਟ ਦਿਖਾਈ ਦਿੰਦਾ ਹੈ। ਹਰੀਅਲ ਪੰਛੀ ਜੋ ਤੋਤੇ ਵਰਗਾ ਹੈ  ਪਿੱਪਲਾਂ ਤੇ ਬੋਹੜਾਂ ਉਪਰ ਰਹਿੰਦਾ ਹੈ। ਉਹ ਦਿਖਾਈ ਨਹੀਂ ਦਿੰਦਾ। ਹਰੀਅਲ ਬਹੁਤ ਘਟ ਰਹੇ ਹਨ। ਇੱਲ੍ਹਾਂ ਅਤੇ ਗਿਰਝਾਂ ਘੱਟ ਗਈਆਂ ਹਨ। ਮੁਰਗਾਬੀਆਂ ਵੀ ਘਟਣ ਲੱਗ ਪਈਆਂ ਹਨ। ਕੁੰਜ ਬਹੁਤ ਸੋਹਣਾ ਪੰਛੀ ਹੈ। ਅੱਜ-ਕੱਲ੍ਹ ਕਿਸੇ ਨੇ ਹੀ ਵੇਖਿਆ ਹੋਣਾ ਹੈ। ਪਪੀਹਾ ਵੀ ਘੱਟ ਹੈ। ਲੱਕੜਹਾਰਾ ਅਤੇ ਉੱਲੂ ਵੀ ਬਹੁਤ ਘਟ ਹਨ। ਖੇਤਾਂ ਵਿਚ ਜਲਕੱੁਕੜ ਤੇ ਵੱਡੀਆਂ ਚਿੜੀਆਂ (ਜੋ ਚਿੱਟੇ ਰੰਗ ਦੀ ਹੁੰਦੀ ਹੈ) ਕਾਫੀ ਘਟ ਗਈਆਂ ਹਨ। ਤਿੱਤਰ-ਬਟੇਰੇ ਅਤੇ ਸਵਾਨੀ ਤਿੱਤਰ ਕਿਤੇ ਕਿਤੇ ਦਿਖਾਈ ਦਿੰਦੇ ਹਨ। ਰਾਜਪਾਲ ਸਿੰਘ, ਮਹਾਂਬੱਧਰ (ਸ੍ਰੀ ਮੁਕਤਸਰ ਸਾਹਿਬ) ਫੋਨ: 94176-13660 ਪੰਜਾਬ ਵਿਚ ਵਿਚਰਨ ਵਾਲੀਆਂ ਪੰਛੀਆਂ ਦੀਆਂ 334 ਪਰਜਾਤੀਆਂ ਵਿਚੋਂ ਇਕ ਸੌ ਦੇ ਕਰੀਬ ਖ਼ਤਰੇ ਦੀ ਹੱਦ ਪਾਰ ਕਰਕੇ ਖਤਮ ਹੋਣ ਕਿਨਾਰੇ ਪੁੱਜ ਗਈਆਂ ਹਨ। ਰਾਸ਼ਟਰੀ ਪੰਛੀ ਮੋਰ ਗਿਣਤੀ ਦੀਆਂ ਥਾਵਾਂ 'ਤੇ ਹੀ ਰਹਿ ਗਿਆ ਹੈ। ਪੰਜਾਬ ਦਾ ਰਾਜ ਪੰਛੀ 'ਬਾਜ' ਦੇਖਣ ਨੂੰ ਨਹੀਂ ਮਿਲਦਾ। ਘਰਾਂ ਦੀਆਂ ਉੱਚੀਆਂ ਥਾਵਾਂ 'ਤੇ ਬੈਠ ਕੇ ਮਿੱਠੇ ਗੀਤ ਗਾਉਣ ਵਾਲੀ ਬੁਲਬੁਲ, ਭੂਰੀ ਪਿੱਦੀ, ਮਨੀ ਵਾਲੀ ਘੁੱਗੀ, ਘਰੇਲੂ ਅਤੇ ਕਾਲਾ ਕਾਂ, ਢੋਡਰ ਕਾਂ, ਲਾਲੜੀਆ, ਬ੍ਰਹਮਣੀ ਮੈਨਾ, ਅੱਠ ਕਿਸਮਾਂ ਦੇ ਉੱਲੂ, ਮੀਂਹ ਮੰਗਣ ਵਾਲੇ ਪਪੀਹੇ, ਭਗਵਾਨ ਤੇਰੀ ਕੁਦਰਤ ਕਹਿਣ ਵਾਲਾ ਕਾਲਾ ਤਿੱਤਰ, ਭੂਰਾ ਤਿੱਤਰ ਅਤੇ ਭਟਿੱਟਰ ਖ਼ਤਰੇ ਦੀ ਕਰਾਰ 'ਤੇ ਖੜ੍ਹੇ ਹਨ। ਚੰਨ ਨੂੰ ਮਿਲਣ ਦੀ ਤਾਂਘ ਰੱਖਣ ਵਾਲੀ ਚਕੋਰ, ਸ਼ਿਕਰੇ, ਚਿੜੀਮਾਰ, ਚਰਮ, ਲਗੜ, ਕਿਰਲਾਮਾਰ, ਟੀਸਾ, ਛੋਟੀਆਂ ਇੱਲ੍ਹਾਂ, ਗਿਰਝਾਂ, ਮੱਛੀਮਾਰ, ਕੁਰਲ ਵਰਗੇ ਖੇਤੀਬਾੜੀ 'ਚ ਸਹਾਇਕ ਪੰਛੀ ਪੰਜਾਬ ਦੀ ਧਰਤੀ ਛੱਡ ਗਏ ਹਨ। ਮਮੈਲੇ (ਮਾਮੇ ਦੀ ਚਿੜੀ), ਮੁਰਗਾਬੀਆਂ, ਬਰੇਟੇ, ਪਤਰੰਗੇ, ਨੜੀਆਂ, ਤਲੌਰ, ਪੀਹੂ, ਘੋਗਾ ਖੋਰ ਕਈ ਕਿਸਮ ਦੇ ਚਹੇ, ਸੁਕਰੀ ਟਟਹਿਰੀ, ਅਟੇਰਨਾਂ, ਚੰਡੋਲ, ਅਬਾਬੀਲ, ਤਾਰਪੂੰਝੇ, ਲਟੋਰੇ, ਛੋਟੇ ਤਿਲੀਅਰ, ਸਹੇਲੀਆਂ, ਪੱਤੜ, ਉਲੀਆਂ (ਸਹੇੜੀਆਂ), ਨਾਚਾ, ਦਰਜ਼ੀ, ਟਿਕਟਿਕੀਆਂ, ਚਰਚਰੀ, ਕਸਤੂਰੀ, ਮੁਨੀਆਂ ਦੀਆਂ ਕੋਈ ਪੰਜ ਕਿਸਮਾਂ, ਲਗਾਤਾਰ ਘਟੇ ਹਨ। ਟੋਭਿਆਂ ਦਾ ਪਾਣੀ ਜ਼ਹਿਰੀਲਾ ਹੋਣ ਕਾਰਨ, ਡੁਬਕਣੀਆਂ, ਨੜੀਆਂ, ਛਪੜੀ ਬਗਲੇ, ਚੋਰ ਬਗਲੇ, ਲਮਢੀਂਗ, ਭੂਰਾ ਅਤੇ ਸਾਵਾ ਬੱਗ, ਬਿਦੀਚੁੰਜਾ, ਨੀਲਸਰ, ਵਿਜ਼ਨ ਲਾਲ ਸਿਰ ਵਾਲੀ ਮੁਰਗਾਬੀ, ਨਕਟਾਂ, ਕਈ ਕਿਸਮ ਦੇ ਜਲ ਬਟੇਰ, ਜਲ ਕੁੱਕੜੀਆਂ, ਕੂਟ ਅਤੇ ਤਿਲੋਰ ਘਟ ਗਏ ਹਨ। ਖੇਤਾਂ ਵਿਚ ਰਹਿਣ ਵਾਲੇ ਹੋਰ ਪੰਛੀਆਂ ਵਿਚ ਚਿੱਟੀ ਪੂਛ ਵਾਲੀ ਟਟਹਿਰੀ, ਬੋਦਲ ਟਟਹਿਰੀ, ਭਟਿੱਟਰ, ਹਰੀਅਲ, ਸਲਾਰਾ, ਚਿਨੀ ਘੁੱਗੀ, ਕਮਲੋਆ, ਲਾਲ ਟੈ੍ਹਟਰੂ, ਵੱਡਾ ਪਪੀਹਾ, ਕਮਾਦੀ ਕੁੱਕੜ, ਮਛੇਰਾ, ਗਰੜ, ਧਾਨ ਦੀ ਚਿੜੀ, ਕਠਫੋੜਾ, ਪੀਲਕ, ਚੇਪੂ, ਡੱਬੀ ਮੈਨਾ, ਲਗੋਜਾ, ਪਹਾੜੀ ਕਾਂ, ਪੱਤੜ, ਲਾਟੂ, ਲਾਲ ਗੱਲ੍ਹਾਂ ਵਾਲੀ ਬੁਲਬੁਲ, ਕਾਲੀ ਅਤੇ ਲਾਲ ਗਾਲ੍ਹੜੀ ਵੀ ਘੱਟ ਦੇਖਣ ਨੂੰ ਮਿਲਦੇ ਹਨ। ਗੁਰਸੇਵਕ ਸਿੰਘ ,ਧੌਲਾ (ਬਰਨਾਲਾ) ਫੋਨ: 94632-16267 ਚਿੜੀਆਂ ਦੇ ਝੂੰਡ ਦੇ ਝੂੰਡ, ਬੇਸ਼ੁਮਾਰ ਗਟਾਰਾਂ ਦਾਣੇ ਚੁਗਦੀਆਂ ਸਨ। ਵਿਹੜੇ  ਵਿਚ ਚਿੜੀਆਂ ਦੀ ਚਹਿ-ਚਹਾਟ ਇਕ ਆਨੰਦ ਜਿਹਾ ਆਉਂਦਾ ਸੀ। ਡੇਰਿਆਂ ਅਤੇ ਗੁਰਦੁਆਰਿਆਂ ਵਿਚ ਮੋਰਾਂ ਦੀ ਕਿਆਓ ਕਿਆਓ ਦੀ ਆਵਾਜ਼ ਨਾਲ ਅਲੱਗ ਰਾਗ ਛਿੜਦਾ ਸੀ। ਸਾਉਣ ਦੇ ਮਹੀਨੇ ਵਿਚ ਜਦੋਂ ਮੋਰ ਪੈਲਾਂ ਪਾਉਂਦਾ ਸੀ ਤਾਂ ਉਹ ਵੱਖਰਾ ਹੀ ਨਜ਼ਾਰਾ ਪੇਸ਼ ਕਰਦਾ ਸੀ। ਅੱਜ-ਕੱਲ੍ਹ ਵਿਚਾਰੀਆਂ ਚਿੜੀਆਂ ਦੀ ਹਾਲਤ ਵੀ ਨਿਮਾਣੀਆਂ ਕੁੜੀਆਂ ਵਰਗੀ ਹੀ ਹੋ ਗਈ ਹੈ। ਇੱਲ੍ਹਾਂ ਮਰੇ ਹੋਏ ਪਸ਼ੂਆਂ ਦਾ ਮਾਸ ਖਾਣ ਲਈ ਉੱਥੇ ਇਕੱਠੀਆਂ ਨਹੀਂ ਹੁੰਦੀਆਂ। ਇੱਲ੍ਹਾਂ ਦੀ ਜਗ੍ਹਾ ਹੁਣ ਉਥੇ ਖੂੰਖਾਰ ਕੁੱਤੇ ਇਕੱਠੇ ਹੁੰਦੇ ਹਨ, ਜਿਹੜੇ ਪਤਾ ਨਹੀਂ ਕਦੋਂ ਕਿਸੇ ਪਸ਼ੂ ਜਾਂ ਇਨਸਾਨ 'ਤੇ ਹਮਲਾ ਕਰ ਦਿੰਦੇ ਹਨ। ਸਾਨੂੰ ਹੁਣ ਪੰਛੀਆਂ ਬਾਰੇ ਜ਼ਰੂਰ ਗੰਭੀਰਤਾ ਨਾਲ ਸੋਚਣਾ ਪਵੇਗਾ। ਅਮਰਜੀਤ ਕੌਰ, ਝੁਨੀਰ (ਮਾਨਸਾ) ਕਾਂ, ਮੋਰ, ਕਾਲ-ਕੜਛੀ, ਚੱਕੀਰੌਣਾ, ਇੱੱਲ੍ਹ, ਘੋਗੜ, ਗਟਾਰ, ਬਾਜ, ਘੁੱਗੀ, ਕਬੂਤਰ,ਗਰੜ  ਖੰਭ ਅਤੇ ਕੋਇਲ ਪਹਿਲਾਂ ਆਮ ਵੇਖੇ ਜਾਂਦੇ ਸਨ। ਹੁਣ ਇਹ ਨਜ਼ਰ ਨਹੀਂ ਆਉਂਦੇ। ਅੱਜ ਕੁਝ ਪੰਛੀ ਸ਼ਿਕਾਰ ਕਰਕੇ ਮਾਰੇ ਜਾਂਦੇ ਹਨ ਜਿਵੇਂ ਤਿੱਤਰ। ਕਈ ਪੰਛੀ ਜ਼ਹਿਰੀਲੀ ਦਵਾਈ ਨਾਲ ਮਰ ਗਏ ਹਨ। ਪਹਿਲਾਂ ਘੁੱਗੀਆਂ, ਗਟਾਰ, ਬਾਜ, ਕਬੂਤਰ, ਚਿੜੀਆਂ ਆਦਿ ਘਰ ਦੀਆਂ ਰੌਣਕਾਂ ਮੰਨੀਆਂ ਜਾਂਦੀਆਂ ਹਨ, ਪਰ ਅੱਜ-ਕੱਲ੍ਹ ਇਸ ਦੀ ਥਾਂ ਸ਼ਹਿਰੀਕਰਨ ਹੋ ਰਿਹਾ ਹੈ। ਸੁਖਵੀਰ ਸਿੰਘ, ਗਾਹੂ ਪੱਤੀ, ਲੌਂਗੋਵਾਲ। ਵਾਤਾਵਰਣ ਦਿਨ ਪ੍ਰਤੀ ਦਿਨ ਦੂਸ਼ਿਤ ਹੁੰਦਾ ਜਾ ਰਿਹਾ ਹੈ। ਇਹ ਵਾਤਾਵਰਣ ਕਈ ਪੰਛੀਆਂ ਲਈ ਖਤਰੇ ਦਾ ਕਾਰਨ ਬਣਦਾ ਜਾ ਰਿਹਾ ਹੈ। ਅੱਜਕੱਲ੍ਹ ਚਿੜੀਆਂ ਦੀ ਗਿਣਤੀ ਬਹੁਤ ਘਟਦੀ ਜਾ ਰਹੀ ਹੈ। ਪਹਿਲਾਂ ਸਵੇਰ ਹੁੰਦੇ ਹੀ ਚਿੜੀਆਂ ਦੀ ਚਹਿ-ਚਹਾਟ ਸੁਣਨ ਨੂੰ ਮਿਲਦੀ ਸੀ। ਹੁਣ ਮੋਬਾਈਲ ਟਾਵਰਾਂ ਦੇ ਕਾਰਨ ਇਨ੍ਹਾਂ ਦੀ ਗਿਣਤੀ ਘੱਟ ਹੋ ਗਈ ਹੈ। ਇਸੇ ਤਰ੍ਹਾਂ ਹੀ ਹੋਰ ਵੀ ਕਈ ਪੰਛੀਆਂ ਦੀ ਗਿਣਤੀ ਘਟਦੀ ਜਾ ਰਹੀ ਹੈ, ਜਿਵੇਂ ਇੱਲਾਂ, ਕਾਂ ਆਦਿ। ਅਮਰਦੀਪ ਸਿੰਘ,  ਸ਼ਾਹਪੁਰ ਕਲਾਂ, ਫੋਨ: 94170-61237 ਪੰਛੀ ਆਪਣੀ ਮਨਮੋਹਣੀ ਅਵਾਜ਼ ਨਾਲ ਸਾਰਿਆਂ ਦਾ ਮਨ ਮੋਹ ਲੈਂਦੇ ਹਨ। ਹਰੇਕ ਪੰਛੀ ਦੀ ਆਪਣੀ ਅਲੱਗ ਪਹਿਚਾਣ ਹੁੰਦੀ ਹੈ। ਪੰਛੀਆਂ ਦੀ ਹੋਂਦ ਨਾਲ ਵਾਤਾਵਰਣ ਸੁੰਦਰ ਹੋ ਜਾਂਦਾ ਹੈ। ਪੰਛੀਆਂ ਦੇ ਜਾਣ-ਬੁਝ ਕੇ ਅੰਨ੍ਹੇਵਾਹ ਹੋ ਰਿਹੇ ਸ਼ਿਕਾਰ ਨੇ ਇਨ੍ਹਾਂ ਨੂੰ ਅਲੋਪ ਹੋ ਜਾਣ ਦੇ ਕਿਨਾਰੇ 'ਤੇ ਖੜ੍ਹੇ ਕਰ ਦਿੱਤਾ ਹੈ, ਜਿਵੇਂ ਡੋਡੋ, ਮਾਰੀਮੀਅਮ, ਇੱਲਾਂ, ਚਿੜੀਆਂ, ਤੋਤੇ, ਕੋਇਲਾਂ, ਪਦਹਿਰਰੀ, ਕਬੂਤਰ, ਬਾਜ, ਗਿਰਝਾਂ, ਬਗਲੇ, ਮਗਰਈਆਂ, ਬੱਤਖ, ਕੂਜਾਂ, ਘੁੱਗੀ, ਉੱਲੂ, ਪਹੀਹਾਂ ਆਦਿ। ਜੇ ਇਨ੍ਹਾਂ ਨੂੰ ਨਾ ਸੰਭਾਲਿਆ ਗਿਆ ਤਾਂ ਪੰਛੀ ਤਸਵੀਰਾਂ ਵਿਚ ਹੀ ਵੇਖਣ ਨੂੰ ਰਹਿ ਜਾਣਗੇ। ਰਮਨਦੀਪ ਸਿੰਘ ਆਰੀਆ ਸੀਨੀਅਰ ਸੈਕੰਡਰੀ ਸਕੂਲ, ਧੂਰੀ ਫੋਨ: 98789-09514 ਪੰਛੀਆਂ ਦੀ ਆਵਾਜ਼ ਸਾਨੂੰ ਮੋਹ ਲੈਂਦੀ ਹੈ। ਸਾਡਾ ਵੀ ਮਨ ਕਰਦਾ ਹੈ ਕਿ ਉਹ ਸਾਡੀਆਂ ਅੱਖਾਂ ਸਾਹਮਣੇ ਰਹਿਣ, ਪਰ ਅੱਜਕਲ੍ਹ ਕੁਝ ਲੋਕ ਉਨ੍ਹਾਂ ਨੂੰ ਫੜ ਕੇ ਪਿੰਜਰੇ ਵਿਚ ਕੈਦ ਕਰਕੇ ਆਪਣੇ ਘਰ ਰੱਖ ਲੈਂਦੇ ਹਨ। ਆਸਮਾਨ ਵਿਚ ਬਹੁਤ ਸਾਰੇ ਪੰਛੀ ਉੱਡਦੇ ਹਨ, ਜਿਨ੍ਹਾਂ ਵਿਚ ਮੋਰ, ਚੀਨਾ ਕਬੂਤਰ ਆਦਿ। ਇਸ ਤਰ੍ਹਾਂ ਦੇ ਪੰਛੀਆਂ ਨੂੰ ਫੜ ਕੇ ਲੋਕ ਵੇਚਦੇ ਹਨ। 'ਮੋਰ' ਸਾਡਾ ਰਾਸ਼ਟਰੀ ਪੰਛੀ ਹੈ। ਲੋਕ ਇਸ ਨੂੰ ਫੜ੍ਹ ਕੇ ਇਸ ਦੇ ਖੰਭ ਵੇਚਦੇ ਹਨ। ਪੰਛੀਆਂ ਦੇ ਘੱਟ ਨਜ਼ਰ ਆਉਣ ਦਾ ਇਕ ਕਾਰਨ ਦਰੱਖਤਾਂ ਦੀ ਕਟਾਈ ਹੈ। ਅੰਤ ਵਿਚ ਮੈਂ ਇਹ ਹੀ ਕਹਿਣਾ ਚਾਹੁੰਦਾ ਹਾਂ ਕਿ ਜੋ ਪੰਛੀਆਂ ਦਾ ਸ਼ਿਕਾਰ ਕਰਦੇ ਹਨ, ਉਨ੍ਹਾਂ ਉਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਗਗਨਦੀਪ ਸਿੰਘ,  ਆਰੀਆ ਸੀਨੀਅਰ ਸੈਕੰਡਰੀ ਸਕੂਲ, ਧੂਰੀ  ਫੋਨ: 98153-87060 ਸ਼ੁਤਰਮੁਰਗ, ਇੱਲਾਂ, ਡੋਡੋ, ਗਿਰਝਾਂ, ਚਿੜੀਆਂ, ਘੁੱਗੀਆਂ, ਬੱਤਖਾਂ, ਕੂੰਜਾਂ, ਅਜਿਹੀਆਂ ਕਿਸਮਾਂ ਹਨ ਜਿਹੜੀਆਂ ਅਲੋਪ ਹੋਣ ਦੀ ਕਗਾਰ 'ਤੇ ਖੜ੍ਹੀਆਂ ਹਨ। ਇਸ ਦਾ ਮੁੱਖ ਕਾਰਨ ਸ਼ਿਕਾਰ ਤੇ ਵਾਤਾਵਰਨ ਵਿਚ ਵਿਗਾੜ ਹੋਣਾ ਹੈ। ਜੇ ਇਨ੍ਹਾਂ ਦੀ ਸਾਂਭ-ਸੰਭਾਲ ਨਾ ਕੀਤੀ ਗਈ ਤਾਂ ਇਹਅਲੋਪ ਹੋ ਜਾਣਗੇ। ਸੁਖਵਿੰਦਰ ਸਿੰਘ,  ਸ.ਸ.ਸ. ਸਕੂਲ ਢਢੋਗਲ ਖੇੜ੍ਹੀ ਫੋਨ: 94637-81514 ਅੱਜ ਅਨੇਕਾਂ ਪੰਛੀਆਂ ਦੀਂ ਪਰਜਾਤੀਆਂ ਸਮਾਪਤ ਹੋ ਚੁੱਕੀਆਂ ਹਨ ਤੇ ਕਈ ਸਮਾਪਤ ਹੋਣ ਦੇ ਕੰਢੇ ਉਤੇ ਹਨ। ਇਕ ਭੋਲਾ ਜਿਹਾ ਤੇ ਪਿਆਰਾ ਪੰਛੀ ਗੁਟਾਰ ਕਿਧਰੇ ਵੀ ਦਿਖਾਈ ਨਹੀਂ ਦਿੰਦਾ। ਪਹਿਲਾਂ ਇਹ ਪੰਛੀ ਅਕਸਰ ਹੀ ਵਿਹੜਿਆਂ ਵਿਚ ਚੋਗਾ ਚੁਗਦੇ ਨਜ਼ਰ ਆਉਂਦੇ ਸਨ। ਚੱਕੀਰਾਹਾ, ਜਿਸ ਨੂੰ ਕੋਈ ਚੱਕੀਟੌਣਾ ਨਾਂ ਨਾਲ ਵੀ ਬੁਲਾਉਂਦੇ ਹਨ, ਅੱਜ ਦਿਖਾਈ ਨਹੀਂ ਦਿੰਦਾ। ਇਸ ਪੰਛੀ ਦੇ ਸਿਰ ਉਪਰ ਇਕ ਕਲਗੀ ਬਣੀ ਹੁੰਦੀ ਹੈ। ਇਸ ਦੇ ਖੰਭ ਰੰਗ-ਬਿਰੰਗੇ, ਚਮਕੀਲੇ ਤੇ ਕਈ ਰੰਗਾਂ ਦੇ ਹੁੰਦੇ ਸਨ। ਇੱਲ੍ਹਾਂ, ਬਾਜ, ਬਿਜੜਾ,  ਘੁੱਗੀ ਸਾਡੇ ਆਲੇ-ਦੁਆਲੇ ਪਾਏ ਜਾਣ ਵਾਲੇ ਪੰਛੀ ਹਨ, ਟਾਵੇਂ-ਟਾਵੇਂ ਹੀ ਨਜ਼ਰੀਂ ਪੈਂਦੇ ਹਨ। ਦਰੱਖਤਾਂ ਦੀ ਕਟਾਈ ਅੰਨ੍ਹੇਵਾਹ ਹੋ ਰਹੀ ਹੈ, ਜਿਸ ਨਾਲ ਇਨ੍ਹਾਂ ਪੰਛੀਆਂ ਦਾ ਬਸੇਰਾ ਖਤਮ ਹੋ ਰਿਹਾ ਹੈ। ਦੂਜਾ ਆਬਾਦੀ ਦੇ ਵਧਣ ਕਰਕੇ ਰਿਹਾਇਸ਼ਾਂ ਵਧ ਗਈਆਂ ਹਨ। ਸਾਨੂੰ ਇਨ੍ਹਾਂ ਪੰਛੀਆਂ ਦੀਆਂ ਪਰਜਾਤੀਆਂ ਨੂੰ ਵਿਨਾਸ਼ ਤੋਂ ਬਚਾਉਣਾ ਚਾਹੀਦਾ ਹੈ। ਹਰਪ੍ਰੀਤ ਕੌਰ, ਭੱਟੀਆਂ (ਖੰਨਾ)। ਵਾਰਸਸ਼ਾਹ ਦੀ ਕਾਲੇ ਰੰਗ ਦੀ ਚਿੜੀ, ਜਿਸ ਨੂੰ ਕਾਂ ਕਾੜਿਚ ਕਿਹਾ ਜਾਂਦਾ ਸੀ, ਅਲੋਪ ਹੋ ਗਈ ਹੈ। ਕੂੰਜਾਂ ਉਡਾਰੀ ਮਾਰ ਗਈਆਂ ਹਨ। ਕੱਖਾਂ-ਕਾਨਿਆਂ ਅਤੇ ਸ਼ਤੀਰਾਂ/ਬਾਲਿਆਂ ਵਾਲੀਆਂ ਛੱਤਾਂ ਵਿਚ ਆਪਣੇ ਬੋਟਾਂ ਨੂੰ ਨਿੱਕੀਆਂ-ਨਿੱਕੀਆਂ ਸੁੰ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਪੰਜਾਬ ਬਜਟ 2022-23 ਦੀ ਪੁਣ-ਛਾਣ

ਪੰਜਾਬ ਬਜਟ 2022-23 ਦੀ ਪੁਣ-ਛਾਣ

ਰੁਪਏ ਦੀ ਕੀਮਤ ਵਿਚ ਨਿਘਾਰ ਦਾ ਦੂਜਾ ਪਾਸਾ

ਰੁਪਏ ਦੀ ਕੀਮਤ ਵਿਚ ਨਿਘਾਰ ਦਾ ਦੂਜਾ ਪਾਸਾ

ਪੰਜਾਬ ਸਰਕਾਰ ਦੇ ਬਜਟ ਦਾ ਲੇਖਾ-ਜੋਖਾ

ਪੰਜਾਬ ਸਰਕਾਰ ਦੇ ਬਜਟ ਦਾ ਲੇਖਾ-ਜੋਖਾ

ਪੰਜਾਬ ਦਾ ਬਜਟ ਅਤੇ ਖੇਤੀ ਸੈਕਟਰ

ਪੰਜਾਬ ਦਾ ਬਜਟ ਅਤੇ ਖੇਤੀ ਸੈਕਟਰ

ਸ਼ਹਿਰ

View All