ਕਿਸਾਨਾਂ ਮਜ਼ਦੂਰਾਂ ਦਾ ਬੁੱਟਰ ਸ਼ੂਗਰ ਮਿੱਲ ਅੱਗੇ ਸੂਬਾ ਪੱਧਰੀ ਮੋਰਚਾ ਸ਼ੁਰੂ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਬੁੱਟਰ ਸ਼ੂਗਰ ਮਿੱਲ ਅੱਗੇ ਧਰਨਾ ਦਿੰਦੇ ਹੋਏ।

ਮਨਮੋਹਨ ਸਿੰਘ ਢਿੱਲੋਂ ਅੰਮ੍ਰਿਤਸਰ, 1 ਦਸੰਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿੱਚ ਸ਼ੁਰੂ ਹੋਏ ਮੋਰਚੇ ਨੂੰ ਸੰਬੋਧਨ ਕਰਦਿਆਂ ਸੂਬਾ ਜਨ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ, ਲਖਵਿੰਦਰ ਸਿੰਘ ਵਰਿਆਮ, ਰਣਜੀਤ ਸਿੰਘ ਕਲੇਰਬਾਲਾ ਨੇ ਕਿਹਾ ਹੈ ਕਿ ਬੁੱਟਰ ਗੰਨਾ ਮਿੱਲ ਹਰਗੋਬਿੰਦਪੁਰ ਨਾਲ ਸਬੰਧਤ ਕਿਸਾਨ ਆਗੂਆਂ ਦਾ ਸਿਆਸੀ ਪ੍ਰਭਾਵ ਹੇਠ ਜਾਣ ਬੁੱਝ ਕੇ ਗੰਨਾ ਬਾਂਡ ਨਹੀਂ ਕਰ ਰਹੀ ਅਤੇ ਮਿੱਲ ਦੀ ਮੈਨੇਜਮੈਂਟ ਜਥੇਬੰਦੀ ਵਿਰੁੱਧ ਝੂਠਾ ਪ੍ਰਾਪੇਗੰਡਾ ਕਰ ਰਹੀ ਹੈ ਕਿ ਜਥੇਬੰਦੀ ਮਿੱਲ ਬੰਦ ਕਰਾਉਣਾ ਚਾਹੁੰਦੀ ਹੈ, ਜਦੋਂਕਿ ਜਥੇਬੰਦੀ ਨੇ ਪਹਿਲਾਂ ਵੀ ਤੇ ਹੁਣ ਵੀ ਸ਼ਾਂਤਮਈ ਤਰੀਕੇ ਨਾਲ ਮਿੱਲ ਅੱਗੇ ਧਰਨਾ ਲਾ ਕੇ ਗੰਨਾ ਬਾਂਡ ਕਰਵਾਉਣ, ਗੰਨੇ ਦਾ ਬਕਾਇਆ ਲੈਣ, ਗੰਨੇ ਦਾ ਵਾਧੂ ਕੱਟ ਰੋਕਣ ਤੇ ਸਹੀ ਤੁਲਾਈ ਕਰਵਾਉਣ ਲਈ ਮੋਰਚਾ ਲਾਇਆ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਮੰਗ ਕਰਦੀ ਹੈ ਕਿ ਪਰਾਲੀ ਸਾਂਭਣ ਲਈ 6000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ, ਕੀਤੇ ਪਰਚੇ ਤੇ ਪਾਏ ਜੁਰਮਾਨੇ ਰੱਦ ਕੀਤੇ ਜਾਣ, ਠੋਸ ਨੀਤੀ ਬਣਾ ਕੇ ਸਰਕਾਰ ਪਰਾਲੀ ਦਾ ਹੱਲ ਕਰੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਮੰਨਣ ਟੋਲ ਪਲਾਜ਼ਾ ਲਈ 14 ਏਕੜ ਜ਼ਮੀਨ ਜਬਰੀ ਐਕੁਆਇਰ ਕਰਨ ਦਾ ਨੋਟੀਫਿਕੇਸ਼ਨ ਰੱਦ ਕੀਤਾ ਜਾਵੇ, ਮੁੱਖ ਮੰਤਰੀ ਨਾਲ ਮੀਟਿੰਗਾਂ ਦੌਰਾਨ ਮੰਨੀਆਂ ਹੋਈਆਂ ਮੰਗਾਂ ਤੁਰੰਤ ਲਾਗੂ ਕੀਤੀਆਂ ਜਾਣ, ਹੜ੍ਹ ਪੀੜਤਾਂ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇ, ਫਿਰੋਜ਼ਪੁਰ ਦੇ ਪਿੰਡ ਨਿਆਜੀਆਂ ਦੇ ਗਰੀਬ ਕਿਸਾਨ ਦੀ ਆੜ੍ਹਤੀਏ ਵੱਲੋਂ ਲਿਆਂਦੀ ਕੁਰਕੀ ਰੱਦ ਕੀਤੀ ਜਾਵੇ, ਰੇਤ ਦੀ ਨਜਾਇਜ਼ ਮਾਈਨਿੰਗ ਬੰਦ ਕੀਤੀ ਜਾਵੇ, ਦਰਿਆਵਾਂ ਨੇੜੇ ਕਾਬਜ਼ ਕਿਸਾਨਾਂ ਨੂੰ ਰੇਤ ਕੱਢਣ ਦਾ ਹੱਕ ਦਿੱਤਾ ਜਾਵੇ, ਪੰਜਾਬ ਨਸ਼ਾ ਮੁਕਤ ਕਰਕੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇ। ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਸਮਾਂ ਰਹਿੰਦਿਆਂ ਤੇ ਸ਼ਾਂਤਮਈ ਮੋਰਚਾ ਲਾ ਕੇ ਬੈਠੇ ਕਿਸਾਨਾਂ ਮਜ਼ਦੂਰਾਂ ਦੇ ਮਸਲੇ ਹੱਲ ਨਾ ਕੀਤੇ ਤਾਂ ਜਥੇਬੰਦੀ ਨੂੰ 3 ਦਸੰਬਰ ਨੂੰ ਰੇਲਾਂ ਰੋਕੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All