ਕਿਸਾਨਾਂ ਨੇ ਡੀਸੀ ਦਫ਼ਤਰ ਸਾਹਮਣੇ ਲਾਈ ਨਰਮੇ ਨੂੰ ਅੱਗ

ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਕਾਰਕੁਨ ਡੀ.ਸੀ ਦਫ਼ਤਰ ਬਾਹਰ ਨਰਮਾ ਫੂਕਦੇ ਹੋਏ।

ਜੋਗਿੰਦਰ ਸਿੰਘ ਮਾਨ ਮਾਨਸਾ, 12 ਅਕਤੂਬਰ ਮਾਲਵਾ ਪੱਟੀ ਵਿੱਚ ਨਰਮੇ ਦੀ ਖਰੀਦ ਪ੍ਰਤੀ ਸਰਕਾਰੀ ਏਜੰਸੀਆਂ ਦੀ ਉਦਾਸੀਨਤਾ ਖਿਲਾਫ਼ ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਨੇ ਮਾਨਸਾ ਸ਼ਹਿਰ ਵਿੱਚ ਰੋਸ ਮੁਜ਼ਾਹਰਾ ਕੀਤਾ ਅਤੇ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਨਰਮਾ ਸਾੜਿਆ। ਕਿਸਾਨਾਂ ਨੇ ਕਿਹਾ ਕਿ ਪਹਿਲਾਂ ਭਾਰਤੀ ਕਪਾਹ ਨਿਗਮ ਮੰਡੀਆਂ ਵਿੱਚ ਨਹੀਂ ਆਈ ਅਤੇ ਜੇ ਹੁਣ ਕਿਤੇ-ਕਿਤੇ ਪੁੱਜੀ ਵੀ ਹੈ ਤਾਂ ਨਰਮੇ ਨੂੰ ਕੇਂਦਰ ਸਰਕਾਰ ਦੇ ਮਿਥੇ ਹੋਏ ਰੇਟ ਮੁਤਾਬਕ ਖਰੀਦਣ ਤੋਂ ਘੇਸਲ ਮਾਰੀ ਬੈਠੀ ਹੈ। ਨਰਮੇ ਦੀ ਢੇਰੀ ਨੂੰ ਅੱਗ ਲਾਉਣ ਸਮੇਂ ਜ਼ਿਲਾ ਕਚਹਿਰੀਆਂ ‘ਚ ਜੁੜੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਸਰਕਾਰਾਂ ਦੀਆਂ ਨੀਤੀਆਂ ਕਾਰਨ ਅੱਜ ਨਰਮਾ ਉਤਪਾਦਕ ਕਿਸਾਨਾਂ ਨੂੰ ਸ਼ਰੇਆਮ ਮੰਡੀਆਂ ਵਿੱਚ ਲੁੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਵਾਮੀ ਨਾਥਨ ਕਮਿਸ਼ਨ ਦੀਆ ਸਿਫਾਰਸ਼ਾਂ ਮੁਤਾਬਿਕ ਸਾਰੇ ਲਾਗਤ ਖਰਚੇ ਜੋੜ ਕੇ ਨਰਮੇ ਦਾ ਰੇਟ 8200 ਰੁਪਏ ਪ੍ਰਤੀ ਕੁਇੰਟਲ ਬਣਦਾ ਹੈ ਅਤੇ ਕੇਂਦਰ ਸਰਕਾਰ ਵੱਲੋਂ ਇਹ ਰੇਟ ਦੇਣ ਦੀ ਬਜਾਏ ਸਿਰਫ 5550 ਰੁਪਏ ਪ੍ਰਤੀ ਕੁਇੰਟਲ ਨਰਮੇ ਦੀ ਫਸਲ ਦਾ ਰੇਟ ਤੈਅ ਕੀਤਾ ਹੈ ਪਰ ਹੁਣ ਮੰਡੀਆਂ ਵਿੱਚ ਫਸਲ ਦੀ ਖਰੀਦ ਸਮੇਂ ਇਹ ਵੀ ਕਿਸਾਨਾਂ ਨੂੰ ਪੂਰਾ ਨਹੀਂ ਦਿੱਤਾ ਜਾਂਦਾ। ਉਨ੍ਹਾਂ ਦੱਸਿਆ ਕਿ ਸਰਕਾਰੀ ਖਰੀਦ ਏਜੰਸੀਆਂ ਦੇ ਮੰਡੀਆਂ ਵਿੱਚ ਨਾ ਆਉਂਣ ਕਾਰਨ ਵਪਾਰੀ ਵਰਗ ਮਨ ਮਰਜੀ ਦੇ ਨਾਲ ਨਰਮੇ ਦਾ ਰੇਟ 4600-4700 ਰੁਪਏ ਤੋਂ ਵੱਧ ਨਹੀਂ ਦੇ ਰਹੇ। ਕਿਸਾਨ ਆਗੂ ਦਾ ਕਹਿਣਾ ਹੈ ਕਿ ਜਿੱਥੇ ਕੇਂਦਰ ਸਰਕਾਰ ਦੀ ਨਰਮਾ ਖਰੀਦਣ ਵਾਲੀ ਏਜੰਸੀ ਸੀ.ਸੀ.ਆਈ. ਮੰਡੀ ਵਿੱਚ ਨਹੀਂ ਪੁੱਜੀ, ਉਥੇ ਪੰਜਾਬ ਦੀ ਕੈਪਟਨ ਸਰਕਾਰ ਵੀ ਮਾਰਕਫੈੱਡ ਨੂੰ ਨਰਮਾ ਖਰੀਦਣ ਲਈ ਕੁਝ ਨਹੀਂ ਕਹਿ ਰਹੀ। ਉਨ੍ਹਾਂ ਮੰਗ ਕੀਤੀ ਕਿ ਸਰਕਾਰੀ ਖਰੀਦ ਏਜੰਸੀਆਂ ਨੂੰ ਤੁਰੰਤ ਮੰਡੀਆਂ ਵਿੱਚ ਭੇਜ ਕੇ ਨਰਮੇ ਦੀ ਸਰਕਾਰੀ ਖਰੀਦ ਸ਼ੁਰੂ ਕੀਤੀ ਜਾਵੇ ਅਤੇ ਕਿਸਾਨਾਂ ਨੂੰ ਸਰਕਾਰ ਵੱਲੋਂ ਤੈਅ ਕੀਤਾ ਨਰਮੇ ਦਾ ਐਲਾਨਿਆ ਭਾਅ ਦਿੱਤਾ ਜਾਵੇ। ਇਸ ਮੌਕੇ ਮਹਿੰਦਰ ਸਿੰਘ ਰੁਮਾਣਾ, ਇੰਦਰਜੀਤ ਸਿੰਘ ਝੱਬਰ, ਜੋਗਿੰਦਰ ਸਿੰਘ ਦਿਆਲਪੁਰਾ, ਉੱਤਮ ਸਿੰਘ ਰਾਮਾਂਨੰਦੀ, ਜਗਦੇਵ ਸਿੰਘ ਭੈਣੀ ਬਾਘਾ, ਸੁੱਖਾ ਸਿੰਘ ਗੋਰਖਨਾਥ, ਮਲਕੀਤ ਸਿੰਘ ਕੋਟ ਧਰਮੂ, ਜੱਗਾ ਸਿੰਘ ਜਟਾਣਾ, ਮੇਜਰ ਸਿੰਘ ਗੋਬਿੰਦਪੁਰਾ, ਭਾਨ ਸਿੰਘ ਬਰਨਾਲਾ, ਸਾਧੂ ਸਿੰਘ, ਭੋਲਾ ਸਿੰਘ ਮਾਖਾ, ਬਿੱਟੂ ਖੋਖਰ ਖੁਰਦ ਨੇ ਸੰਬੋਧਨ ਕੀਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All