ਕਿਰਤ ਦੇ ਸੱਚ ਨੂੰ ਪ੍ਰਣਾਇਆ ਨੌਜਵਾਨ

ਦਵਿੰਦਰ ਵਰਮਾ

ਇਹ ਨੌਜਵਾਨ ਕਿਰਤ ਦੇ ਸੱਚ ਨੂੰ ਪਛਾਣਦਾ ਹੈ ਤਾਂ ਹੀ ਤਾਂ ਉਸਨੇ ਚੰਗੀ ਪੜ੍ਹਾਈ ਕੀਤੀ ਹੋਣ ਦੇ ਬਾਵਜੂਦ ਕੋਈ ਬੱਝਵਾਂ ਰੁਜ਼ਗਾਰ ਨਾ ਮਿਲਣ ਲਈ ਸਰਕਾਰਾਂ ਨੂੰ ਦੋਸ਼ੀ ਠਹਿਰਾਉਣ ਦੀ ਬਜਾਏ ਖ਼ੁਦ ਹੰਭਲਾ ਮਾਰਿਆ ਹੈ। ਉਹ ਨੌਕਰੀ ਨਾ ਹੋਣ ਦਾ ਰੋਣਾ ਨਹੀਂ ਰੋਂਦਾ, ਨਾ ਹੀ ਆਪਣੇ ਹੱਥ ਵਿਚ ਬੀ.ਟੈੱਕ ਦੀ ਡਿਗਰੀ ਹੋਣ ਦਾ ਰੋਹਬ ਮਾਰਦਾ ਹੈ, ਅੱਜ ਉਹ ਖ਼ੁਦ ਆਪਣਾ ਆਸਰਾ ਹੀ ਨਹੀਂ ਬਣਿਆ, ਬਲਕਿ ਉਨ੍ਹਾਂ ਹਜ਼ਾਰਾਂ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣਿਆ ਹੈ, ਜਿਹੜੇ ਰੁਜ਼ਗਾਰ ਨਾ ਹੋਣ ਦਾ ਰੋਣਾ ਰੋਂਦੇ ਹਨ। ਇਸ ਤਰ੍ਹਾਂ ਦੀ ਮਿਸਾਲ ਪੈਦਾ ਕੀਤੀ ਹੈ ਲਹਿਰਾਗਾਗਾ ਦੇ ਨੌਜਵਾਨ ਸੰਦੀਪ ਸਿੰਘ ਨੇ। ਮੱਧਵਰਗੀ ਪਰਿਵਾਰ ਨਾਲ ਸਬੰਧਿਤ ਇਸ ਨੌਜਵਾਨ ਨੂੰ ਆਏ ਦਿਨ ਵਿੱਤੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਨੌਕਰੀ ਦੀ ਤਲਾਸ਼ ਕਰਦਾ ਸੀ, ਪਰ ਕਿਧਰੇ ਗੱਲ ਨਹੀਂ ਬਣੀ। ਛੋਟੇ ਹੁੰਦਿਆਂ ਹੀ ਸਿਰ ਤੋਂ ਪਿਤਾ ਦਾ ਸਾਇਆ ਉਠ ਗਿਆ। ਫਿਰ ਬਾਕੀ ਦੋ ਭਰਾ ਪਰਿਵਾਰ ਤੋਂ ਅਲੱਗ ਹੋ ਗਏ। ਬਜ਼ੁਰਗ ਮਾਤਾ ਨਾਲ ਰਹਿੰਦਿਆਂ ਘਰ ਦੇ ਸਾਰੇ ਖ਼ਰਚ ਦੀ ਜ਼ਿੰਮੇਵਾਰੀ ਸੰਦੀਪ ’ਤੇ ਆ ਗਈ, ਪਰ ਉਸਨੇ ਹਿੰਮਤ ਨਹੀਂ ਹਾਰੀ ਅਤੇ ਔਖਾ ਹੋ ਕੇ ਪੜ੍ਹਾਈ ਜਾਰੀ ਰੱਖੀ। ਮਾਂ ਨੇ ਗੁਰਬਤ ਹੰਢਾਉਂਦੇ ਹੋਏ ਪੁੱਤ ਨੂੰ ਪੜ੍ਹਾਇਆ। ਉਸਨੇ ਪੜ੍ਹਾਈ ਦੇ ਨਾਲ ਨਾਲ ਕੰਮ ਦੀ ਭਾਲ ਵੀ ਨਿਰੰਤਰ ਜਾਰੀ ਰੱਖੀ। ਇਸ ਦੌਰਾਨ ਹੀ ਉਹ ਕੇ.ਸੀ.ਟੀ. ਇੰਜਨੀਅਰਿੰਗ ਕਾਲਜ, ਫ਼ਤਹਿਗੜ੍ਹ ਸਾਹਿਬ ਤੋਂ ਵਧੀਆ ਨੰਬਰਾਂ ਨਾਲ ਬੀ.ਟੈੱਕ ਦੀ ਡਿਗਰੀ ਹਾਸਲ ਕਰ ਗਿਆ। ਹੁਣ ਹੱਥ ਵਿਚ ਡਿਗਰੀ ਤਾਂ ਸੀ, ਪਰ ਕੋਈ ਰੁਜ਼ਗਾਰ ਨਹੀਂ ਸੀ। ਰੋਜ਼ਾਨਾ ਨੌਕਰੀ ਲਈ ਇੱਧਰ ਉੱਧਰ ਭਟਕਦਿਆਂ ਘਰ ਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਦੇਖ ਕੇ ਇਸ ਨੌਜਵਾਨ ਨੇ ਕੋਈ ਆਪਣਾ ਕੰਮ ਸ਼ੁਰੂ ਕਰਨ ਦਾ ਮਨ ਬਣਾਇਆ, ਪਰ ਕੋਈ ਵੀ ਕੰਮ ਸ਼ੁਰੂ ਕਰਨ ਲਈ ਲੋੜੀਂਦੀ ਪੂੰਜੀ ਫਿਰ ਰਾਹ ਵਿਚ ਰੁਕਾਵਟ ਬਣਦੀ। ਫਿਰ ਉਸਨੇ ਘੱਟ ਤੋਂ ਘੱਟ ਪੈਸਿਆਂ ਨਾਲ ਆਪਣਾ ਕੰਮ ਸ਼ੁਰੂ ਕਰਨ ਬਾਰੇ ਸੋਚਿਆ। ਫਿਰ ਗੱਲ ਕੁਲਚਿਆਂ ਦੀ ਰੇਹੜੀ ’ਤੇ ਆ ਕੇ ਟਿਕੀ। ਥੋੜ੍ਹੀ ਜਿਹੀ ਪੂੰਜੀ ਦੇ ਨਿਵੇਸ਼ ਨਾਲ ਅੱਜ ਉਹ ‘ਬਾਬਾ ਹੀਰਾ ਸਿੰਘ ਭੱਠਲ ਇੰਜਨੀਅਰਿੰਗ ਕਾਲਜ, ਲਹਿਰਾਗਾਗਾ ਦੇ ਬਾਹਰ ਕੁਲਚਿਆਂ ਦੀ ਰੇਹੜੀ ਲਗਾ ਰਿਹਾ ਹੈ। ਕਿਰਤ ਨੂੰ ਪ੍ਰਣਾਇਆ ਇਹ ਨੌਜਵਾਨ ਅੱਜ ਸ਼ਹਿਰ ਵਾਸੀਆਂ ਅਤੇ ਇਸ ਕਾਲਜ ਦੇ ਵਿਦਿਆਰਥੀਆਂ ਨੂੰ ਕੁਲਚੇ ਵੇਚ ਕੇ ਆਪਣਾ ਅਤੇ ਆਪਣੀ ਬਜ਼ੁਰਗ ਮਾਤਾ ਦਾ ਖ਼ਰਚ ਖਿੜੇ ਮੱਥੇ ਉਠਾਉਂਦਾ ਹੈ। ਉਸ ਕੋਲ ਕੁਲਚਾ ਖਾਣ ਲਈ ਆਉਂਦੇ ਜਾਂਦੇ ਗਾਹਕਾਂ ਨੂੰ ਉਸ ਦੀ ਰੇਹੜੀ ਵਿਚਕਾਰ ਟੰਗਿਆ ਛੋਟਾ ਜਿਹਾ ਬਲੈਕ ਬੋਰਡ ਸੋਚਣ ਲਈ ਮਜਬੂਰ ਕਰਦਾ ਹੈ, ਜਿਸ ’ਤੇ ਉਸਨੇ ਸਾਬਕਾ ਰਾਸ਼ਟਰਪਤੀ ਏ.ਪੀ. ਜੇ. ਅਬਦੁਲ ਕਲਾਮ ਦੀਆਂ ਇਹ ਸਤਰਾਂ ਮੋਟੇ ਅੱਖਰਾਂ ’ਚ ਲਿਖੀਆਂ ਹੋਈਆਂ ਹਨ: ‘ਜਦੋਂ ਤਕ ਪੜ੍ਹਾਈ ਦਾ ਮੁੱਖ ਮਕਸਦ ਨੌਕਰੀ ਰਹੇਗਾ ਉਦੋਂ ਤਕ ਸਮਾਜ ਵਿਚ ਨੌਕਰ ਹੀ ਪੈਦਾ ਹੋਣਗੇ ਮਾਲਕ ਨਹੀਂ।’ ਉਸ ਵੱਲੋਂ ਲਿਖੇ ਇਹ ਸ਼ਬਦ ਜਿੱਥੇ ਆਉਣ ਜਾਣ ਵਾਲੇ ਗਾਹਕਾਂ ਨੂੰ ਉਸਦੀ ਦ੍ਰਿੜਤਾ ਅਤੇ ਸੰਜੀਦਗੀ ਤੋਂ ਵਾਕਿਫ਼ ਕਰਵਾਉਂਦੇ ਹਨ, ਉੱਥੇ ਹੀ ਇਹ ਸਤਰਾਂ ਹਰ ਵੇਲੇ ਨੌਕਰੀ-ਨੌਕਰੀ ਕਰਦੀ ਨੌਜਵਾਨ ਪੀੜ੍ਹੀ ਨੂੰ ਬਿਨਾਂ ਕਿਸੇ ਸ਼ਰਮ ਤੋਂ ਹੱਥੀਂ ਕਿਰਤ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਲਈ ਪ੍ਰੇਰਿਤ ਵੀ ਕਰਦੀਆਂ ਹਨ। ਬੇਸ਼ੱਕ ਕੋਈ ਵੀ ਕੰਮ ਵੱਡਾ ਜਾਂ ਛੋਟਾ ਨਹੀਂ ਹੁੰਦਾ, ਪਰ ਇਕ ਚੰਗੇ ਪੜ੍ਹੇ ਲਿਖੇ ਨੌਜਵਾਨ ਵੱਲੋਂ ਇਸ ਤਰ੍ਹਾਂ ਦੀ ਸ਼ੁਰੂਆਤ ਕਰਨੀ ਜਿੱਥੇ ਸੋਚਣ ਲਈ ਮਜਬੂਰ ਕਰਦੀ ਹੈ, ਉੱਥੇ ਪ੍ਰੇਰਿਤ ਵੀ ਕਰਦੀ ਹੈ। ਸੰਪਰਕ : 94642-43000

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All