ਕਾਲੀ ਸੂਚੀ ਖ਼ਤਮ ਕਰਨ ਨੂੰ ਰਾਜਨੀਤਕ ਸਟੰਟ ਗਰਦਾਨਿਆ

ਪੱਤਰ ਪ੍ਰੇਰਕ ਹੁਸ਼ਿਆਰਪੁਰ, 16 ਸਤੰਬਰ

ਸ਼੍ਰੋਮਣੀ ਅਕਾਲੀ ਦਲ (ਅ) ਦੇ ਅਹੁਦੇਦਾਰ ਹੁਸ਼ਿਆਰਪੁਰ ਵਿੱਚ ਮੀਟਿੰਗ ਮਗਰੋਂ। -ਫੋਟੋ: ਹਰਪ੍ਰੀਤ ਕੌਰ

ਸ਼੍ਰੋਮਣੀ ਅਕਾਲੀ ਦਲ (ਅ) ਦੀ ਮੀਟਿੰਗ ਪਾਰਟੀ ਦੇ ਸੀਨੀਅਰ ਆਗੂ ਗੁਰਦੀਪ ਸਿੰਘ ਖੁਣ-ਖੁਣ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਬੋਲਦਿਆਂ ਵਰਕਿੰਗ ਕਮੇਟੀ ਦੇ ਮੈਂਬਰ ਗੁਰਨਾਮ ਸਿੰਘ ਸਿੰਗੜੀਵਾਲਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਾਲੀ ਸੂਚੀ ਨੂੰ ਖਤਮ ਕਰਨ ਦਾ ਕੀਤਾ ਗਿਆ ਐਲਾਨ ਕੇਵਲ ਰਾਜਨੀਤਿਕ ਸਟੰਟ ਤੋਂ ਇਲਾਵਾ ਹੋਰ ਕੁੱਝ ਨਹੀਂ ਹੈ। ਉਨ੍ਹਾਂ ਪੁੱਛਿਆ ਕਿ ਸਰਕਾਰ ਇਹ ਦੱਸੇ ਕਿ ਕਾਲੀ ਸੂਚੀ ਕਿਸ ਅਧਾਰ ’ਤੇ ਬਣਾਈ ਗਈ ਸੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਕਾਲੀ ਸੂਚੀ ਨੂੰ ਖਤਮ ਕਰਨ ਦਾ ਸਵਾਗਤ ਕਰਨਾ ਵੀ ਮਹਿਜ਼ ਇਕ ਡਰਾਮਾ ਹੈ। ਕਿਉਂਕਿ ਇਨ੍ਹਾਂ ਲੋਕਾਂ ਨੇ ਆਪਣੇ ਮਾਲੀ ਤੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਸਿੱਖ ਕੌਮ ਨੂੰ ਅਤਿਵਾਦੀ ਕਹਿ ਕੇ ਵਿਸ਼ਵ ਪੱਧਰ ’ਤੇ ਬਦਨਾਮ ਕਰਨ ’ਚ ਉਨ੍ਹਾਂ ਦਾ ਸਾਥ ਦਿੱਤਾ ਅਤੇ ਹੁਣ ਕੇਂਦਰ ਸਰਕਾਰ ਵੱਲੋਂ ਕਾਲੀ ਸੂਚੀ ਨੂੰ ਖਤਮ ਕਰਨ ਦੇ ਸਿਆਸੀ ਸਟੰਟ ਦਾ ਸਵਾਗਤ ਕਰਕੇ ਸੁਖਬੀਰ ਲੋਕ ਵਿਖਾਵਾ ਕਰ ਰਹੇ ਹਨ। ਇਸ ਮੌਕੇ ਸੰਦੀਪ ਸਿੰਘ ਖਾਲਸਾ, ਸਤਵੰਤ ਸਿੰਘ, ਹਰਦੀਪ ਸਿੰਘ, ਪ੍ਰਿਤਪਾਲ ਸਿੰਘ, ਕਰਨੈਲ ਸਿੰਘ ਹਾਜ਼ਿਰ ਸਨ।

ਨੋਟੀਫ਼ਿਕੇਸ਼ਨ ਦਿਖਾਉਣ ਦੀ ਮੰਗ ਰਈਆ (ਪੱਤਰ ਪ੍ਰੇਰਕ): ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਭੋਮਾ, ਮੁੱਖ ਸਲਾਹਕਾਰ ਸਰਬਜੀਤ ਸਿੰਘ ਜੰਮੂ, ਸਲਾਹਕਾਰ ਸਤਨਾਮ ਸਿੰਘ ਕੰਡਾ, ਬਲਵਿੰਦਰ ਸਿੰਘ ਖੋਜਕੀਪੁਰ ਅਤੇ ਕੁਲਦੀਪ ਸਿੰਘ ਪ੍ਰਧਾਨ ਮਜੀਠਾ ਨੇ ਕਿਹਾ ਕਿ ਅਸੀਂ ਕਾਲੀ ਸੂਚੀ ਵਿੱਚ ਸਿੱਖਾਂ ਦੇ ਨਾਮ ਕੱਢਣ ਵਾਲੇ ਐਲਾਨ ਨੂੰ ਸੱਚ ਤਾਂ ਹੀ ਮੰਨਦੇ ਹਾਂ ਜੇ ਇਹ ਐਲਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਆਪ ਕਰਨ ਅਤੇ ਇਸ ਸਬੰਧੀ ਬਾਕਾਇਦਾ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਨੋਟੀਫ਼ਿਕੇਸ਼ਨ ਜਾਰੀ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਸਬੰਧੀ ਅਧਿਕਾਰਤ ਨੋਟੀਫ਼ਿਕੇਸ਼ਨ ਸਰਕਾਰੀ ਗਜ਼ਟ ਵਿਚ ਕੱਢਦੇ ਹਨ ਅਤੇ ਕਾਲੀ ਸੂਚੀ ਦੇ ਨਾਵਾਂ ਸਮੇਤ ਤਾਂ ਫੈਡਰੇਸ਼ਨ ਸਮਾਂ ਲੈ ਕੇ ਭਾਰਤ ਦੇ ਦੋਵਾਂ ਨੇਤਾਵਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕਰਕੇ ਆਵੇਗੀ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All