ਕਾਲਾ ਪੰਡਤ

ਜਿੰਦਰ ਕਥਾ ਪ੍ਰਵਾਹ

ਜਿੰਦਰ ਪੰਜਾਬੀ ਦਾ ਪ੍ਰਮੁੱਖ ਕਹਾਣੀਕਾਰ ਹੈ ਜਿਸ ਨੇ ਪੰਜਾਬੀ ਸਾਹਿਤ ਨੂੰ ਕਈ ਯਾਦਗਾਰੀ ਕਹਾਣੀਆਂ ਦਿੱਤੀਆਂ ਹਨ। ਉਸ ਨੇ ਚੜ੍ਹਦੇ ਪੰਜਾਬ ਦੇ ਪਾਠਕਾਂ ਨੂੰ ਲਹਿੰਦੇ ਪੰਜਾਬ ਦੇ ਕਹਾਣੀਕਾਰਾਂ ਨਾਲ ਵਾਕਿਫ਼ ਕਰਾ ਕੇ ਦੋਵਾਂ ਪੰਜਾਬਾਂ ਵਿਚ ਸਭਿਆਚਾਰਕ ਅਤੇ ਭਾਵਨਾਤਮਕ ਸਾਂਝ ਸਿਰਜਣ ਦੇ ਖੇਤਰ ਵਿਚ ਵਿਸ਼ੇਸ਼ ਉਪਰਾਲਾ ਕੀਤਾ ਹੈ। ਉਸ ਦੀ ਪੰਜਾਬੀ ਸਾਹਿਤ ਨੂੰ ਵਡਮੁੱਲੀ ਤੇ ਬਹੁ-ਦਿਸ਼ਾਈ ਦੇਣ ਹੈ।

‘‘ਆਹ ਦੇਖ ਪਾੜ੍ਹਿਆ, ਮਰਣ ਲੱਗਿਆਂ ਇਹਦੀ ਫੋਸੀ ਨਿਕਲ ਗਈ। ਪਤਾ ਨ੍ਹੀਂ ਕਿੰਨਾ ਔਖਾ ਮਰਿਆ ਹੋਣਾ। ਰਾਤੀਂ ਤਾਂ ਚੰਗਾ ਭਲਾ ਸੀ। ਅਸੀਂ ਬਥੇਰਾ ਚਿਰ ਗੱਲਾਂ ਕੀਤੀਆਂ। ਮੈਂ ਜਾਣ ਲੱਗਿਆਂ ਕਿਹਾ ਸੀ ਕਿ ਸਵੇਰ ਨੂੰ ਚਾਹ ਨਾ ਬਣਾਈਂ। ਮੈਂ ਆਪਣੇ ਘਰੋਂ ਲੈ ਆਵਾਂਗਾ। ਸਵੇਰੇ ਕੁਮੰਡਲੀ ’ਚ ਚਾਹ ਲੈ ਕੇ ਗਿਆ ਤਾਂ ਅੱਗੋਂ ਭੌਰ ਉੱਡ ਗਿਆ ਸੀ। ਇਹਦਾ ਸਰੀਰ ਆਕੜਿਆ ਪਿਆ ਸੀ। ਕੋੜ੍ਹੀ ਮੇਰੇ ਵਾਂਗ ਧੁਰੋਂ ਮਾੜੇ ਲੇਖ ਲਿਖਾ ਕੇ ਜੰਮਿਆ...।’’ ਪ੍ਰਕਾਸ਼ ਨੂੰ ਨਹਾਉਂਦਿਆਂ, ਜਦੋਂ ਭਾਗ ਨੇ ਪਿੱਠ ਦੇ ਹੇਠਲੇ ਪਾਸੇ ਹੱਥ ਮਾਰਿਆ ਤਾਂ ਉਸ ਦਾ ਹੱਥ ਗੰਦ ਨਾਲ ਭਰ ਗਿਆ। ਪਰ ਉਸ ਸੂਗ ਨਾ ਮੰਨੀ। ਮੈਂ ਗੌਰ ਨਾਲ ਦੇਖਿਆ- ਪ੍ਰਕਾਸ਼ ਹੱਡੀਆਂ ਦੀ ਮੁੱਠ ਬਣਿਆ ਪਿਆ ਸੀ। ਮਾਸ ਤਾਂ ਕਿਤੇ ਦਿਸਦਾ ਹੀ ਨਹੀਂ ਸੀ। ਮੈਂ ਤੇ ਅਰੋੜਿਆਂ ਦਾ ਰਾਮਦਿੱਤਾ, ਭਾਗ ਦੀ ਮਦਦ ਲਈ ਖੜ੍ਹੇ ਸੀ। ਨੁਹਾ ਉਹੀ ਰਿਹਾ ਸੀ ਤੇ ਦੱਸੀ ਜਾ ਰਿਹਾ ਸੀ, ‘‘ਜਦੋਂ ਮੈਂ ਔਸ ਕਮਰੇ ’ਚ ਆਇਆ ਤਾਂ ਪੰਡਤ ਸਿੱਧਾ ਪਿਆ ਸੀ। ਪਤਾ ਨ੍ਹੀਂ ਇਹਦੇ ਚਿੱਤ ’ਚ ਕੀ ਆਇਆ ਹੋਣਾ, ਇਹ ਅੰਦਰ ਪੈ ਗਿਆ। ਰਾਤੀਂ ਤਾਂ ਹੁੰਮ-ਵਟ ਵੀ ਬਹੁਤ ਸੀ। ਮੇਰਿਆ ਦਾਤਿਆ ਤੇਰੀਆਂ ਤੂੰ ਹੀ ਜਾਣੇ।’’ ਗਰਮੀਆਂ ਦੇ ਦਿਨ ਸਨ। ਸਮਾਂ ਗਿਆਰਾਂ ਕੁ ਵਜੇ ਦਾ ਸੀ। ਮੈਨੂੰ ਘੰਟਾ ਕੁ ਪਹਿਲਾਂ ਰਾਮਦਿੱਤੇ ਦਾ ਸੁਨੇਹਾ ਮਿਲਿਆ ਸੀ ਕਿ ਹੁਣ ਆਪਾਂ ਰਲ-ਮਿਲ ਕੇ ਉਸ ਦਾ ਅੰਤਿਮ ਸੰਸਕਾਰ ਕਰਨਾ ਹੈ। ਜਦੋਂ ਮੈਂ ਉਨ੍ਹਾਂ ਦੀ ਹਵੇਲੀ ਗਿਆ ਤਾਂ ਭਾਗ ਤੇ ਰਾਮਦਿੱਤਾ ਇਕ ਪਾਸੇ ਖੜ੍ਹੇ ਗੱਲਾਂ ਕਰ ਰਹੇ ਸਨ, ਪਰ ਦੇਖ ਫਿਰਨੀ ਵੱਲ ਰਹੇ ਸਨ। ਮੈਂ ਨੇੜੇ ਗਿਆ ਤਾਂ ਉਨ੍ਹਾਂ ਨੇ ਮੇਰੇ ਵੱਲ ਸਵਾਲੀਆ ਨਜ਼ਰਾਂ ਨਾਲ ਦੇਖਿਆ। ਮੈਂ ਆਪਣੀ ਆਦਤ ਮੁਤਾਬਿਕ ਪੁੱਛ ਲਿਆ, ‘‘ਚਾਚਾ ਮੇਰੇ ਲਈ ਸੇਵਾ?’’ ‘‘ਗਰਮੀ ਬਹੁਤ ਆ। ਆਪਾਂ ਇਹਦੀ ਦੇਹ ਨੂੰ ਕਿਸੇ ਬੰਨੇ-ਕੰਢੇ ਲਾਈਏ।’’ ਭਾਗ ਬੋਲਿਆ। ‘‘ਜੇ ਹੋਰ ਘੰਟਾ ਲੇਟ ਹੋ ਗਏ ਤਾਂ ਲਾਸ਼ ਨੇ ਮੁਸ਼ਕ ਮਾਰਨ ਲੱਗ ਜਾਣਾ।’’ ਰਾਮਦਿੱਤੇ ਨੇ ਚਿੰਤਾ ਜ਼ਾਹਿਰ ਕੀਤੀ। ‘‘ਹਾਂ, ਇਹ ਤੁਹਾਡੀ ਗੱਲ ਠੀਕ ਆ। ਕੋਈ ਚੀਜ਼ ਵਸਤ ਲਿਆਉਣੀ ਤਾਂ ਦੱਸੋ,’’ ਮੈਂ ਦੋਹਾਂ ਨੂੰ ਪੁੱਛਿਆ। ‘‘ਕਿਸੇ ਚੀਜ਼ ਦੀ ਲੋੜ ਨ੍ਹੀਂ,’’ ਦੋਹਾਂ ਨੇ ਇਕੱਠਿਆਂ ਹੀ ਕਿਹਾ। ਉਦੋਂ ਹੀ ਮੇਰਾ ਵਿਚਕਾਰਲਾ ਤਾਇਆ ਵੀ ਆ ਗਿਆ, ‘‘ਇਹਦਾ ਕੋਈ ਰਿਸ਼ਤੇਦਾਰ ਤਾਂ ਹੈ ਨ੍ਹੀਂ ਜਿਹਨੂੰ ਆਪਾਂ ਉਡੀਕਣਾ। ਸਿਵਿਆਂ ’ਚ ਮੈਂ ਬਾਲਣ ਸੁਟਵਾ ਆਇਆਂ। ਇਕ ਜਣਾ ਹੋਰ ਆ ਜਾਵੇ ਤਾਂ ਆਪਾਂ ਅਰਥੀ ਚੁੱਕਣ ਵਾਲੇ ਬਣੀਏ।’’ ਜ਼ਿਮੀਂਦਾਰਾਂ ’ਚੋਂ ਕਿਸੇ ਨੇ ਆਉਣਾ ਨਹੀਂ ਸੀ। ਨਾ ਬੰਦਿਆਂ ਨੇ। ਨਾ ਬੁੜ੍ਹੀਆਂ ਨੇ। ਜੇ ਉਨ੍ਹਾਂ ਦੀ ਆਪਣੀ ਬਿਰਾਦਰੀ ਦਾ ਕੋਈ ਮਰਿਆ ਹੁੰਦਾ ਤਾਂ ਪੰਜਾਹ ਬੰਦੇ ਇਕੱਠੇ ਹੋ ਜਾਣੇ ਸਨ। ਆਦਿਧਰਮੀਆਂ ਨਾਲ ਪੰਡਤ ਦੀ ਕਦੇ ਕੋਈ ਸਾਂਝ ਨਹੀਂ ਰਹੀ ਸੀ। ਭਾਗ ਛੜਾ ਸੀ। ਉਸ ਦੀ ਪੰਡਿਤ ਨਾਲ ਪੁਰਾਣੀ ਸਾਂਝ ਸੀ। ਸਾਨੂੰ ਹਿੰਦੂਆਂ ’ਚ ਸਮਝ ਕੇ ਉਸ ਬੁਲਾਇਆ ਸੀ। ਅਸੀਂ ਚਾਰ ਜਣੇ ਉਸ ਦੀ ਅਰਥੀ ਚੁੱਕ ਕੇ ਤੁਰੇ। ਪੰਜਵਾਂ ਜਣਾ ਨਵੀਂ ਆਬਾਦੀ ’ਚੋਂ ਰਲਿਆ। ਸਿਆਣੇ ਕਹਿੰਦੇ ਹਨ ਕਿ ਜਿਸ ਦਾ ਕੋਈ ਨਹੀਂ ਹੁੰਦਾ, ਰੱਬ ਉਸ ਦਾ ਕਾਜ ਨਿਬੇੜਨ ਲਈ ਕੋਈ ਨਾ ਕੋਈ ਢੋਅ-ਮੇਲਾ ਬਣਾ ਦਿੰਦਾ। ਭਾਈ ਨੂੰ ਅੰਤਿਮ ਅਰਦਾਸ ਕਰਨ ਲਈ ਸੁਨੇਹਾ ਭੇਜਿਆ ਸੀ, ਪਰ ਉਹ ਪੱਤਰਾ ਵਾਚ ਗਿਆ। ਨਾ ਕੋਈ ਅੰਤਿਮ ਅਰਦਾਸ ਹੋਈ। ਨਾ ਹੀ ਘੜਾ ਭੰਨਿਆ ਗਿਆ। ਨਾ ਹੀ ਉਸ ਦੇ ਮੂੰਹ ’ਚ ਦੇਸੀ ਘਿਓ ਪਾਇਆ। ਨਾ ਹੀ ਕੋਈ ਸਮੱਗਰੀ। ਨਾ ਕਿਸੇ ਦੇ ਮੂੰਹੋਂ ਸਤਿਨਾਮ ਵਾਹਿਗੁਰੂ ਨਿਕਲਿਆ। ਨਾ ਰਾਮ ਨਾਮ ਸੱਤ ਹੈ। ਮਿੱਟੀ ਦੇ ਤੇਲ ਤੇ ਸਲਵਾੜ ਨੇ ਇਕਦਮ ਅੱਗ ਫੜ ਲਈ। ਅਸੀਂ ਇਕ ਦੂਜੇ ਵੱਲ ਐਦਾਂ ਦੇਖਿਆ ਜਿੱਦਾਂ ਪੁੱਛ ਰਹੇ ਹੋਈਏ; ਹੁਣ ਇੱਥੇ ਕਾਸ ਲਈ ਖੜ੍ਹੇ ਹੋਣਾ। ਜੀਤੂ ਕੇ ਘਰ ਕੋਲ ਆ ਕੇ ਅਸੀਂ ਆਪੋ ਆਪਣੇ ਘਰਾਂ ਨੂੰ ਤੁਰ ਪਏ। ਅਗਾਂਹ ਕੁਝ ਕਰਨਾ ਹੈ ਜਾਂ ਨਹੀਂ, ਇਸ ਬਾਰੇ ਕਿਸੇ ਨੇ ਵੀ ਇਕ-ਦੂਜੇ ਨਾਲ ਸੁਲਾਹ ਨਾ ਮਾਰੀ। ਮਨ ’ਚ ਇਹ ਵਿਚਾਰ ਲਿਆਉਂਦਿਆਂ ਕਿ ਜੇ ਪਿੰਡ ਵਾਲਿਆਂ ਨੂੰ ਨਹੀਂ ਤਾਂ ਅਸੀਂ ਕਿਹੜਾ ਠੇਕਾ ਲਿਆ। ਉਸ ਦਾ ਸਰੀਰ ਕੀੜੇ ਪੈਣੋਂ ਬਚਾ ਲਿਆ, ਇਹੀ ਅਸੀਂ ਕਰ ਸਕੇ। ਉਹ ਸਾਡੇ ਪਿੰਡ ਕਦੋਂ ਆਇਆ ਜਾਂ ਉਹਨੂੰ ਕੌਣ ਲੈ ਕੇ ਆਇਆ ਇਸ ਗੱਲ ਬਾਰੇ ਕਦੇ ਕਿਸੇ ਨੇ ਨਹੀਂ ਸੋਚਿਆ। ਮੈਨੂੰ ਇੰਨਾ ਕੁ ਪਤਾ ਲੱਗਾ ਕਿ ਉਹ ਨੁਰਪੂਰੋਂ ਆਇਆ ਸੀ। ਉਸ ਦਾ ਇਕ ਭਰਾ ਯੂ.ਪੀ. ਵੱਲ ਰਹਿੰਦਾ ਸੀ। ਉਹ ਇਕ ਵਾਰ ਆਪਣੇ ਪਰਿਵਾਰ ਸਮੇਤ ਉਸ ਨੂੰ ਮਿਲਣ ਆਇਆ ਸੀ। ਉਹ ਹਫ਼ਤਾ ਕੁ ਪ੍ਰਕਾਸ਼ ਕੋਲ ਰਿਹਾ। ਮੈਂ ਪ੍ਰਕਾਸ਼ ਦੇ ਮਾਂ-ਪਿਓ ਦੇਖੇ ਸਨ। ਉਹ ਕਿੱਥੇ ਮਰੇ, ਇਸ ਗੱਲ ਦਾ ਵੀ ਕੋਈ ਥਹੁ-ਪਤਾ ਨਹੀਂ। ਉਸ ਦਾ ਤੀਜਾ ਭਰਾ ਕਿੱਥੇ ਮਰਿਆ-ਖਪਿਆ, ਕਿਸੇ ਨੂੰ ਉਸ ਬਾਰੇ ਨਹੀਂ ਪਤਾ। ਉਹ ਛੜਾ ਸੀ। ਪਿੰਡ ’ਚ ਕਰਤਾਰੇ ਕੀ ਪਸ਼ੂਆਂ ਵਾਲੀ ਹਵੇਲੀ ’ਚ ਰਹਿੰਦਾ ਸੀ ਜਿੱਥੇ ਇਕ ਕਮਰੇ ’ਚ ਉਸ ਆਪਣਾ ਮਾੜਾ-ਮੋਟਾ ਸਾਮਾਨ ਰੱਖਿਆ ਸੀ। ਬਾਹਰਲੇ ਪਾਸੇ ਉਹ ਆਪਣਾ ਲੁਹਾਰਾ-ਤਰਖਾਣਾ ਕੰਮ ਕਰਦਾ ਸੀ। ਰੋਟੀ ਉਸ ਨੂੰ ਕਰਤਾਰੇ ਦੇ ਘਰੋਂ ਆ ਜਾਂਦੀ ਜਾਂ ਉਹ ਆਪ ਜਾ ਕੇ ਫੜ ਲਿਆਉਂਦਾ। ਚਾਹ ਆਪ ਬਣਾ ਲੈਂਦਾ। ਅਹਿਰਨ ਤਪਾ ਕੇ ਉਹ ਕੰਮ ਵੀ ਕਰੀ ਜਾਂਦਾ। ਬੀੜੀਆਂ ਵੀ ਪੀਈ ਜਾਂਦਾ। ਜੇ ਕੋਈ ਉਸ ਨੂੰ ਕਿਸੇ ਗੱਲੋਂ ਰੋਕਦਾ ਜਾਂ ਟੋਕਦਾ ਤਾਂ ਉਹ ਕੌੜ ਨਜ਼ਰਾਂ ਨਾਲ ਉਸ ਨੂੰ ਘੂਰਦਾ। ਜੇ ਅੱਗੇ ਕੋਈ ਮਹਾਤੜ ਬੈਠਾ ਹੁੰਦਾ ਤਾਂ ਸੋਟੀ ਮਾਰਨ ਤੱਕ ਜਾਂਦਾ। ਲੋਕ ਉਸ ਨੂੰ ‘ਕਾਲਾ ਪੰਡਤ’ ਕਹਿੰਦੇ। ਸਾਹਮਣੇ ਪ੍ਰਕਾਸ਼ ਜਾਂ ਪੰਡਤ ਜੀ। ਦਿਨ ਚੜ੍ਹਦਿਆਂ ਨੂੰ ਜਾਂ ਕਿਸੇ ਕੰਮ ’ਤੇ ਜਾਂਦਿਆਂ ਉਹ ਮੱਥੇ ਲੱਗ ਜਾਂਦਾ ਤਾਂ ਅਗਲਾ ਮੂੰਹ ’ਚ ਬੁੜ ਬੁੜ ਕਰਦਾ ਕਿ ਅੱਜ ਦਾ ਦਿਨ ਸ਼ੁਭ ਨਹੀਂ। ਜਾਂਦਿਆਂ ਨੂੰ ਕਾਲਾ ਪੰਡਤ ਜਾਂ ਚਿੱਟਾ... ਮੱਥੇ ਲੱਗ ਜਾਵੇ ਤਾਂ ਇਸ ਤੋਂ ਜ਼ਿਆਦਾ ਬਦਸ਼ਗਨੀ ਕਿਹੜੀ ਹੋ ਸਕਦੀ ਹੈ! ਉਸ ਦੀ ਬੋਲ-ਬਾਣੀ ਬਹੁਤ ਮਾੜੀ ਸੀ, ਪਰ ਉਹ ਦਿਲ ਦਾ ਮਾੜਾ ਨਹੀਂ ਸੀ। ਉਹ ਬਹੁਤ ਘੱਟ ਬੋਲਦਾ। ਮਤਲਬ ਦੀ ਗੱਲ ਕਰਦਾ। ਜਿੰਨਾ ਕੁ ਕੋਈ ਪੁੱਛਦਾ ਓਨਾ ਹੀ ਜੁਆਬ ਦਿੰਦਾ। ਬਿਨਾਂ ਕਿਸੇ ਲੋੜ ਤੋਂ ਕਿਸੇ ਜ਼ਿਮੀਂਦਾਰ ਦੇ ਖੇਤ ਬੰਨੇ ਨਾ ਜਾਂਦਾ। ਪਸ਼ੂ ਉਸ ਕੋਈ ਰੱਖਿਆ ਨਹੀਂ ਸੀ। ਲੋੜਾਂ ਸੀਮਤ ਸਨ। ਭੁੱਖ ਉਸ ਕਦੇ ਦਿਖਾਈ ਨਹੀਂ ਸੀ। ਭੁੱਖ ਦਿਖਾਉਣੀ ਵੀ ਕਿਸ ਲਈ ਸੀ। ਸਾਲ ’ਚ ਇਕ ਅੱਧ ਵਾਰ ਕੱਪੜਿਆਂ ਦੀ ਲੋੜ ਪੈਂਦੀ ਸੀ। ਕੰਮ ਕਰਦਿਆਂ ਉਸ ਦੇ ਤੇੜ ਕੱਛਾ ਤੇ ਬਨੈਣ ਪਾਈ ਹੁੰਦੀ। ਗਰਮੀਆਂ ’ਚ ਬਨੈਣ ਵੀ ਲਾਹ ਸੁੱਟਦਾ। ਕਿੱਕਰ ਦੀ ਬਿਰਲੀ ਛਾਂ ’ਚੋਂ ਸੂਰਜ ਦੀਆਂ ਕਿਰਨਾਂ ਉਸ ਦੀ ਟਿੰਡ ’ਤੇ ਪੈਂਦੀਆਂ। ਪਰ ਉਸ ਦਾ ਇਸ ਵੱਲ ਧਿਆਨ ਹੀ ਨਾ ਜਾਂਦਾ। ਭਾਦੋਂ ਮਹੀਨੇ ਵੀ ਸਿਖਰ ਦੁਪਹਿਰੇ ਕਾਰਖਾਨਾ ਤਪਾਉਂਦਾ। ਪੈਰਾਂ ਭਾਰ ਬੈਠਦਾ। ਉਸ ਦੇ ਸਾਹਮਣੇ ਅਹਿਰਨ ਪਈ ਹੁੰਦੀ। ਸੱਜੇ ਹੱਥ ਪੱਖਾ ਤੇ ਭੱਠੀ। ਇਕ ਤਾਂ ਲੋਹੇ ਦੀ ਗਰਮੀ। ਨਾਲ ਹੀ ਭੱਠੀ ਦਾ ਸੇਕ। ਉਸ ਦਾ ਮੂੰਹ ਵੀ ਗਰਮ ਲੋਹੇ ਵਰਗਾ ਹੋ ਜਾਂਦਾ। ਪਰ ਉਹ ਆਪਣੀ ਥਾਂ ਤੋਂ ਇਕ ਇੰਚ ਵੀ ਇੱਧਰ-ਉੱਧਰ ਨਾ ਹੁੰਦਾ। ਇੰਨਾ ਕੁ ਕਰਦਾ ਕਿ ਜੇ ਲੋੜ ਨਾ ਹੁੰਦੀ ਤਾਂ ਭੱਠੀ ਮੋਹਰੇ ਲੋਹੇ ਦਾ ਪੱਤਰਾ ਦੇ ਦਿੰਦਾ। ਕਈ ਜਣੇ ਸਲਾਹ ਦੇ ਚੁੱਕੇ ਸਨ ਕਿ ਉਤਾਂਹ ਤਰਪੈਲ ਤਾਣ ਲਿਆ ਕਰ ਜਾਂ ਕੋਈ ਪੁਰਾਣੀ ਚਾਦਰ ਤਾਣ ਦਿਆ ਕਰ। ਉਸ ਕਦੇ ਵੀ ਕਿਸੇ ਵੀ ਸਲਾਹ ਵੱਲ ਧਿਆਨ ਤਾਂ ਕੀ ਦੇਣਾ ਸੀ, ਸੰਵਾਰ ਕੇ ਹੁੰਗਾਰਾ ਵੀ ਨਹੀਂ ਭਰਿਆ ਸੀ। ਜਿੱਦਾਂ ਇਸ ਗੱਲ ਨਾਲ ਉਸ ਦਾ ਕੋਈ ਸਰੋਕਾਰ ਨਾ ਹੋਵੇ। ਸਿਆਲਾਂ ’ਚ ਉਹ ਖੇਸ ਇਕ ਪਾਸੇ ਰੱਖ ਦਿੰਦਾ। ਸਰੀਰ ਮੁੜ੍ਹਕੇ ਨਾਲ ਭਿੱਜ ਜਾਂਦਾ। ਉਹ ਆਪਣੀ ਥਾਂ ਤੋਂ ਇਕਦਮ ਨਾ ਉੱਠਦਾ। ਉਸ ਨੂੰ ਪਤਾ ਹੁੰਦਾ ਸੀ ਕਿ ਜੇ ਉਹ ਉੱਠਿਆ ਤਾਂ ਸਰੀਰ ਗਰਮ-ਸਰਦ ਹੋ ਜਾਵੇਗਾ। ਪੈਰਾਂ ਭਾਰ ਬੈਠਿਆਂ-ਬੈਠਿਆਂ ਪੈਰ ਸੁੰਨ ਹੋਣ ਲੱਗਦੇ ਤਾਂ ਉਹ ਹੇਠ ਇੱਟ ਰੱਖ ਕੇ ਬੈਠ ਜਾਂਦਾ। ਫਿਰਨੀ ਤੋਂ ਦੀ ਕੌਣ ਆ ਜਾਂ ਜਾ ਰਿਹਾ ਹੈ ਉਸ ਇਸ ਵੱਲ ਧਿਆਨ ਹੀ ਨਹੀਂ ਦਿੱਤਾ ਸੀ। ਚਊ ਜਾਂ ਰੰਬਾ ਬਣਾਉਣ ਵੇਲੇ, ਜੇ ਸਾਹਮਣੇ ਬੈਠਾ ਬੰਦਾ ਘਣ ਚਲਾਉਂਦਾ ਥੱਕ ਜਾਂਦਾ ਤਾਂ ਉਹ ਆਪ ਉੱਠ ਕੇ ਉਸ ਦੀ ਥਾਂ ’ਤੇ ਜਾ ਬੈਠਦਾ, ‘‘ਲੈ ਆਹ ਫੜ ਸੰਨ੍ਹੀ। ਘੁੱਟ ਕੇ ਫੜੀਂ। ਦੇਖ ਕਿੱਦਾਂ ਸੱਟ ਬੱਝਦੀ। ਰਾਤ ਨੂੰ ਮੈਨੂੰ ਆਵਾਜ਼ ਮਾਰ ਲਿਆ ਕਰ।’’ ਉਹ ਦੰਦਾਂ ਨਾਲ ਕਚੀਚੀ ਲੈ ਕੇ ਘਣ ਮਾਰਦਾ। ਦੇਖਣ ਵਾਲਾ ਕਹਿਣੋ ਨਾ ਰਹਿੰਦਾ, ‘‘ਮੁੱਠ ਕੁ ਦਾ ਪੰਡਤ ਆ। ਜਾਨ ਸਹੁਰੇ ’ਚ ਕਿੰਨੀ ਆ।’’ ਮੇਰਾ ਵਿਚਕਾਰਲਾ ਤਾਇਆ ਵੀ ਸੇਪੀ ਦਾ ਕੰਮ ਕਰਦਾ ਸੀ। ਸਾਡੇ ਪਾਸੇ ਦੇ ਘਰ ਇਨ੍ਹਾਂ ਦੋਹਾਂ ਦੇ ਪੱਕੇ ਘਰ ਸਨ। ਘਰ ਕਹਿਣਾ ਵੀ ਠੀਕ ਨਹੀਂ, ਇਨ੍ਹਾਂ ਦੋਹਾਂ ਕੋਲੋਂ ਆਪਣਾ ਸੇਪੀ ਦਾ ਕੰਮ ਕਰਾਉਂਦੇ ਸਨ। ਕਦੇ ਇਕ ਦੋ ਘਰ ਇੱਧਰ-ਉੱਧਰ ਟੁੱਟ ਕੇ ਚਲੇ ਜਾਂਦੇ। ਪਰ ਇਹ ਦੋਵੇਂ ਇਕ ਦੂਜੇ ਨਾਲ ਵਿਗਾੜਦੇ ਨਾ। ਅੰਦਰਖਾਤੇ ਇਕ ਦੂਜੇ ਦੀਆਂ ਜੜ੍ਹਾਂ ਵੱਢਦੇ। ਜੇ ਪ੍ਰਕਾਸ਼ ਦਾ ਇਕ ਘਰ ਤਾਏ ਕੋਲ ਚਲਾ ਜਾਂਦਾ ਤਾਂ ਉਹ ਤਾਏ ਦੇ ਦੋ ਘਰ ਤੋੜ ਕੇ ਹੀ ਸੁਖ ਦਾ ਸਾਹ ਲੈਂਦਾ। ਦੋਹਾਂ ਕੋਲ ਆਪਣੇ ਆਪਣੇ ਸੰਦ ਸਨ। ਇਕ ਦੂਜੇ ਕੋਲੋਂ ਮੰਗਣ ਦੀ ਲੋੜ ਹੀ ਨਾ ਪੈਂਦੀ। ਦੋਵੇਂ ਇਕ ਦੂਜੇ ਨੂੰ ਆਪਣਾ ਸ਼ਰੀਕ ਸਮਝਦੇ। ਸਾਂਝੇ ਘਰਾਂ ਰਾਹੀਂ ਆਪਣਾ ਗੁੱਭ-ਗਲ੍ਹਾਟ ਕੱਢਦੇ। ਮੰਦਾ-ਚੰਗਾ ਬੋਲਦੇ। ਕੋਈ ਤੀਜਾ ਪੁੱਛਦਾ ਤਾਂ ਪ੍ਰਕਾਸ਼ ਦਾ ਜੁਆਬ ਹੁੰਦਾ, ‘‘ਮੈਂ ਆਪਣਾ ਕੀਤਾ ਖਾਣਾ। ਦੁਰਗਾ ਆਪਣਾ। ਸਾਡਾ ਕਾਹਦਾ ਵੈਰ-ਵਿਰੋਧ। ਨਾ ਉਸ ਦਾ ਜੱਦੀ-ਪੁਸ਼ਤੀ ਕਿੱਤਾ। ਨਾ ਮੇਰਾ। ਇਹ ਤਾਂ ਸਮੇਂ ਦਾ ਸੰਯੋਗ ਸੀ ਕਿ ਅਸੀਂ ਇਸ ਪਾਸੇ ਪੈ ਗਏ।’’ ਤਾਇਆ ਕਹਿੰਦਾ, ‘‘ਇਹ ਤਾਂ ਦਰਵੇਸ਼ ਪੰਡਤ ਆ। ਸਾਰੀ ਦੁਨੀਆ ਪੰਡਤਾਂ ਨੂੰ ਪੂਜਦੀ ਆ। ਮੈਂ ਕਿਹਦੇ ਪਾਣੀਹਾਰ ਆਂ। ਫੇਰ ਇਸ ਦਾ ਤੇ ਮੇਰਾ ਕੀ ਮੁਕਾਬਲਾ। ਇਹ ਛੜਾ-ਛਟਾਂਕ। ਮੈਂ ਕਬੀਲਦਾਰ।’’ ਜਦੋਂ ਪ੍ਰਕਾਸ਼ ਸਾਹਮਣੇ ਆ ਜਾਂਦਾ ਤਾਂ ਤਾਇਆ ਪੁੱਛਦਾ, ‘‘ਪੰਡਤ ਜੀ, ਠੀਕ ਓਂ?’’ ਪ੍ਰਕਾਸ਼ ਤਾਏ ਨਾਲ ਸਿਗਰਟ ਦੀ ਸੁਲਾਹ ਮਾਰ ਲੈਂਦਾ। ਮੇਰਾ ਤਾਇਆ ਜ਼ਿਮੀਦਾਰਾਂ ਨਾਲੋਂ ਉਸ ਨੂੰ ਆਪਣੇ ਜ਼ਿਆਦਾ ਨੇੜੇ ਸਮਝਦਾ। ਦੋਵੇਂ ਆਪਣੇ ਆਪ ਨੂੰ ਪੱਕੇ ਹਿੰਦੂ ਸਮਝਦੇ। ਇਸੇ ਗੱਲ ਨੇ ਉਨ੍ਹਾਂ ਦੀ ਸਾਂਝ ਟੁੱਟਣ ਨਹੀਂ ਦਿੱਤੀ ਸੀ। ਤਾਇਆ ਰਾਤ ਨੂੰ ਗਾ ਕੇ ਰਾਮਾਇਣ ਪੜ੍ਹਦਾ। ਪ੍ਰਕਾਸ਼ ਸਿਆਲਾਂ ’ਚ ਮਹੀਨੇ ’ਚ ਦੋ-ਤਿੰਨ ਵਾਰ ‘ਭਗਵਤ ਗੀਤਾ’ ਪੜ੍ਹਦਾ। ਅੱਧੀ ਕੁ ਰਾਤ ਨੂੰ। ਉਸ ਦੇ ਝੌਂਪੜੀਨੁਮਾ ਦਰਵਾਜ਼ੇ ਦੀਆਂ ਝੀਤਾਂ ’ਚੋਂ ਤੇਲ ਵਾਲੇ ਦੀਵੇ ਦੀ ਲੋਅ ਬਾਹਰ ਨੂੰ ਆਉਂਦੀ। ਕੋਈ ਬਿਮਾਰ-ਠਮਾਰ ਜਾਂ ਹਾਜਤ ਕਰਕੇ ਖੇਤਾਂ ਵੱਲ ਨੂੰ ਜਾਂਦਾ ਤਾਂ ਸੋਚਦਾ ਕਿ ਪੰਡਤ ਇਸ ਵੇਲੇ ਕੀ ਕਰ ਰਿਹਾ ਹੋਵੇਗਾ। ਇਕ ਦਿਨ ਸੱਤੂ ਨੇ ਇਨ੍ਹਾਂ ਝੀਤਾਂ ਥਾਣੀਂ ਦੇਖਿਆ। ‘ਭਗਵਤ ਗੀਤਾ’ ਦੇ ਵਰਕੇ ਖੁੱਲ੍ਹੇ ਸਨ। ਪੰਡਤ ਹੁਬਕੀਂ-ਹੁਬਕੀਂ ਰੋ ਰਿਹਾ ਸੀ। ਇਕ ਵਾਰ ਤਾਂ ਸੱਤੂ ਦੇ ਮਨ ’ਚ ਆਇਆ ਕਿ ਦਰਵਾਜ਼ਾ ਖੁੱਲ੍ਹਵਾ ਕੇ ਅੰਦਰ ਜਾਵੇ। ਪੰਡਤ ਨੂੰ ਪੁੱਛੇ ਕਿ ਕੀ ਹੋਇਆ? ਪੰਡਤ ਨੇ ਐਦਾਂ ਹੱਥ ਜੋੜੇ ਹੋਏ ਸਨ ਜਿੱਦਾਂ ਕੋਈ ਭੁੱਲ ਬਖਸ਼ਾ ਰਿਹਾ ਹੋਵੇ। ਉਹ ਕਿਸੇ ਬੱਚੀ ਨੂੰ ਯਾਦ ਕਰ ਰਿਹਾ ਸੀ। ਸੱਤੂ ਨੇ ਪੰਡਤ ਦਾ ਇਹ ਰੂਪ ਕਈ ਵਾਰ ਦੇਖਿਆ, ਪਰ ਪੁੱਛਿਆ ਨਾ। ਦੂਜੇ ਦਿਨ ਪੰਡਤ ਦੀਆਂ ਅੱਖਾਂ ’ਚ ਲਾਲੀ ਅਵੱਸ਼ ਦੇਖੀ ਸੀ। ਲੋਕ ਉਸ ਨੂੰ ਨਿਰਮੋਹਾ ਕਹਿੰਦੇ। ਕਿਸੇ ਦੀ ਮਰਗ ’ਤੇ ਉਹ ਅਵੱਸ਼ ਜਾਂਦਾ। ਮੁਰਦੇ ਨੂੰ ਨਹਾਉਣ ’ਚ ਮਦਦ ਕਰਦਾ। ਸਿਵੇ ’ਚ ਭਾਰੀਆਂ-ਭਾਰੀਆਂ ਲੱਕੜਾਂ ਟਿਕਾਉਂਦਾ। ਫੁੱਲ ਚੁਗਣ ਨਾਲ ਜਾਂਦਾ। ਫੇਰ ਕਈ ਦਿਨ ਗੁੰਮ-ਸੁੰਮ ਰਹਿੰਦਾ। ਸੂਰਜ ਚੜ੍ਹਦਾ ਤਾਂ ਉਸ ਦਾ ਦਿਨ ਸ਼ੁਰੂ ਹੋ ਜਾਂਦਾ। ਸੂਰਜ ਡੁੱਬਦਾ ਤਾਂ ਉਸ ਲਈ ਰਾਤ ਪੈ ਜਾਂਦੀ। ਘੰਟਾ ਕੁ ਉਸ ਦੇ ਅੰਦਰ ਮਿੱਟੀ ਦੇ ਤੇਲ ਵਾਲਾ ਦੀਵਾ ਜਗਦਾ। ਸਾਨੂੰ ਨੇੜੇ ਨਕੋਦਰ ਸ਼ਹਿਰ ਪੈਂਦਾ ਸੀ। ਉਹ ਹਾੜ੍ਹੀ-ਸਾਉਣੀ ਕਿਸੇ ਕੋਲੋਂ ਸਾਈਕਲ ਮੰਗ ਕੇ ਸ਼ਹਿਰ ਜਾਂਦਾ। ਮੈਂ ਉਸ ਨੂੰ ਪਿੰਡੋਂ ਬਾਹਰ ਜਾਂਦਿਆਂ ਬਹੁਤ ਹੀ ਘੱਟ ਦੇਖਿਆ। ਉਸ ਲਈ ਉਸ ਦਾ ਕੰਮ ਹੀ ਸਭ ਕੁਝ ਸੀ। ਉਹ ਸਾਡੇ ਪਿੰਡ ਲਈ ਅਜਿਹਾ ਸ਼ਖ਼ਸ ਸੀ ਜਿਸ ਦੇ ਲੁਹਾਰਾ-ਤਰਖਾਣਾ ਕੰਮ ਤੋਂ ਬਿਨਾਂ ਉਸ ਦੀ ਕੋਈ ਹੋਂਦ ਨਹੀਂ ਸੀ। ਉਸ ਨੂੰ ਕੋਈ ਜਨੇਤ ਨਾਲ ਨਹੀਂ ਲੈ ਕੇ ਗਿਆ ਸੀ। ਆਪਣੇ ਕਿਸੇ ਦਿਨ ਸੁੱਧ ’ਤੇ ਉਚੇਚਾ ਨਹੀਂ ਸੱਦਿਆ ਸੀ। ਜਦੋਂ ਕਿਸੇ ਦੇ ਦਿਨ ਸੁੱਧ ਹੁੰਦਾ ਤਾਂ ਬਾਕੀਆਂ ਨਾਲ ਉਸ ਨੂੰ ਨੇਂਦਾ ਦਿੱਤਾ ਜਾਂਦਾ। ਉਹ ਨੇਂਦਾ ਖਾਣ ਜਾਂਦਾ। ਪੰਡਤ ਵਜੋਂ ਨਹੀਂ, ਪਿੰਡ ਦੇ ਵਸਨੀਕ ਵਜੋਂ। ਉਸ ’ਚ ਆਪਣੀ ਜਾਤ ਦੀ ਹਉਮੈ ਸੀ। ਉਹ ਜ਼ਿਮੀਂਦਾਰਾਂ ਦੇ ਘਰੇ ਰਹਿੰਦਾ। ਉਨ੍ਹਾਂ ਦੇ ਕੰਮ ਕਰਦਾ, ਪਰ ਆਪਣੇ ਆਪ ਨੂੰ ਉਨ੍ਹਾਂ ਤੋਂ ਉਪਰ ਸਮਝਦਾ। ਜੇ ਕੋਈ ਉਸ ਨੂੰ ਸਰਾਧ ਦੀ ਰੋਟੀ ਦੇ ਜਾਂਦਾ ਤਾਂ ਉਹ ਫੜ ਕੇ ਰੱਖ ਲੈਂਦਾ, ਪਰ ਖਾਂਦਾ ਨਾ। ਕਿਸੇ ਨੂੰ ਹਾਕ ਮਾਰ ਕੇ ਚੁੱਕਾ ਦਿੰਦਾ ਜਾਂ ਕੋਈ ਕੰਮ ਕਰਾਉਣ ਆਉਂਦਾ ਤਾਂ ਉਸ ਨੂੰ ਖੁਆ ਦਿੰਦਾ। ਮੂੰਹ ’ਚ ਬੁੜ ਬੁੜ ਕਰੀ ਜਾਂਦਾ। ਅੰਦਰ ਉੱਠੇ ਉਬਾਲ ਨੂੰ ਅੰਦਰ ਹੀ ਅੰਦਰ ਦਬਾ ਦਿੰਦਾ: ‘‘ਮੈਨੂੰ ਕੰਮੀਂ-ਕਮੀਨ ਸਮਝਦੇ ਨੇ। ਮੈਂ ਇਨ੍ਹਾਂ ਨੂੰ ਕੀ ਜਾਣਦਾਂ। ਮੇਰਾ ਪਿਓ ਪਟਵਾਰੀ ਰਿਹਾ। ਕੋਈ ਕਹਿ ਕੇ ਦੇਖੇ ਜੇ ਉਸ ਕਿਸੇ ਕੋਲੋਂ ਸੇਰ ਦਾਣੇ ਵੀ ਲਏ ਹੋਣ। ਅਸੀਂ ਤਾਂ ਦੇਣ ਵਾਲੇ ਆਂ। ਲੈਣ ਵਾਲੇ ਨ੍ਹੀਂ।’’ ਕਿਸੇ ਚੱਕਰ ’ਚ ਉਸ ਦੇ ਪਿਉ ਨੂੰ ਸਰਕਾਰੀ ਨੌਕਰੀ ਤੋਂ ਕੱਢ ਦਿੱਤਾ ਸੀ। ਫੇਰ ਉਨ੍ਹਾਂ ਦੀ ਜ਼ਿੰਦਗੀ ਬਦ ਤੋਂ ਬਦਤਰ ਹੁੰਦੀ ਗਈ। ਉਨ੍ਹਾਂ ਦਿਨਾਂ ’ਚ ਕੋਈ ਵਿਰਲਾ ਵਾਂਝਾ ਪੜ੍ਹਦਾ ਸੀ। ਪ੍ਰਕਾਸ਼ ਨੇ ਵੀ ਕੀ ਪੜ੍ਹਣਾ ਸੀ। ਉਸ ਨੇ ਇਕ ਤੋਂ ਬਾਅਦ ਇਕ ਧੱਕੇ ਖਾਧੇ, ਪਰ ਹਠ ਨਾ ਛੱਡਿਆ। ਪਹਿਲਾਂ ਉਸ ਨੇ ਕਾਲੀ ਦੀ ਡਿਊੜੀ ’ਚ ਕੱਪੜੇ ਸੀਊਣੇ ਸ਼ੁਰੂ ਕੀਤੇ। ਕੁਝ ਸਾਲਾਂ ਮਗਰੋਂ ਆਪਣੀ ਮਸ਼ੀਨ ਚੁੱਕ ਕੇ ਮਹਿੰਗੇ ਦੀ ਬਾਹਰਲੀ ਬੈਠਕ ’ਚ ਆ ਡੇਰੇ ਲਾਏ। ਕੱਪੜਿਆਂ ’ਤੋਂ ਰੋਟੀ-ਪਾਣੀ ਨਾ ਤੁਰਿਆ ਤਾਂ ਉਹ ਕਰਤਾਰੇ ਕੀ ਕੋਠੜੀ ’ਚ ਆ ਬੈਠਿਆ। ਆਪਣਾ ਤੋਰੀ-ਫੁਲਕਾ ਤੋਰਨ ਲਈ ਤੀਹਾਂ ਕੁ ਸਾਲਾਂ ਦੀ ਉਮਰ ’ਚ ਸੇਪੀ ਦਾ ਕੰਮ ਸ਼ੁਰੂ ਕਰ ਲਿਆ।

ਜਿੰਦਰ

ਮੈਂ ਪਿੰਡ ਛੱਡ ਕੇ ਜਲੰਧਰ ਆ ਗਿਆ। ਦਸ ਕੁ ਸਾਲਾਂ ਮਗਰੋਂ ਇਕ ਦਿਨ ਜੋਗਿੰਦਰ ਸਿੰਘ ਦੀ ਚੱਕੀ ਕੋਲ ਭਾਗ ਮਿਲਿਆ ਤਾਂ ਗੱਲਾਂ ਗੱਲਾਂ ’ਚ ਪ੍ਰਕਾਸ਼ ਦਾ ਜ਼ਿਕਰ ਆਇਆ। ਉਸ ਕਿਹਾ, ‘‘ਪਾੜ੍ਹਿਆ, ਆਪਾਂ ਨੂੰ ਪੰਡਤ ਦਾ ਪਤਾ। ਅਗਲੀ ਪੀੜ੍ਹੀ ਨੂੰ ਉਸ ਦਾ ਕੀ ਪਤਾ ਹੋਣਾ। ਛੜੇ ਬੰਦੇ ਦੀ ਵੀ ਕੀ ਜ਼ਿੰਦਗੀ ਹੁੰਦੀ ਆ। ਲੋਕ ਇਹੀ ਕਹਿੰਦੇ ਹੁੰਦੇ ਐ ਨਾ। ਆਹ ਜਿਹੜੇ ਜ਼ਮੀਨਾਂ ਜਾਇਦਾਦਾਂ ਵਾਲੇ ਨੇ, ਇਨ੍ਹਾਂ ਨੂੰ ਕੋਈ ਕਿੰਨਾ ਕੁ ਯਾਦ ਕਰਦਾ। ਦੇਖੋ ਆਪਾਂ ਪੰਡਤ ਨੂੰ ਯਾਦ ਕਰ ਰਹੇ ਹਾਂ ਨਾ। ਉਹ ਆਪਣੀਆਂ ਸ਼ਰਤਾਂ ’ਤੇ ਜਿਉਂਦਾ ਰਿਹਾ। ਬਾਬਾ ਬੁੱਲ੍ਹੇਸ਼ਾਹ ਕਹਿੰਦਾ ਹੈ: ਹੀਰੇ ਦਾ ਕੋਈ ਮੁੱਲ ਨਾ ਜਾਣੇ... ਰੌਲਿਆਂ ਵੇਲੇ ਆਪਣੇ ਪਿੰਡ ਦੇ ਮੁੰਡੇ ਕਾਂਗਣੇ ਲੁੱਟਮਾਰ ਕਰਨ ਗਏ। ਪੰਡਤ ਵੀ ਨਾਲ ਸੀ। ਅਸੀਂ ਜਾਂਦਿਆਂ ਸਾਰ ਮੁਸਲਮਾਨ ਮਾਰਨੇ ਸ਼ੁਰੂ ਕਰ ਦਿੱਤੇ। ਮੈਂ ਕਿਉਂ ਝੂਠ ਬੋਲਾਂ। ਮੈਂ ਆਪ ਸੰਦੂਕ ’ਚ ਲੁਕੀ ਬੁੜ੍ਹੀ ਮਾਰੀ। ਅਸੀਂ ਤਾਂ ਲੁੱਟਣ ਗਏ ਸੀ। ਜਿਸ ਦੇ ਹੱਥ ਜੋ ਵੀ ਲੱਗਾ, ਉਸ ਪੰਡਾਂ ਬੰਨ੍ਹ ਲਈਆਂ। ਬੇਰੀ ਵਾਲੇ ਘਰ ਕੋਲ ਮੈਂ ਪੰਡ ਚੁੱਕੀ ਆਇਆ ਤਾਂ ਪੰਡਤ ਛੇ ਕੁ ਮਹੀਨਿਆਂ ਦੀ ਇਕ ਬੱਚੀ ਨੂੰ ਹੱਥਾਂ ’ਚ ਚੁੱਕੀ ਹੁਬਕੀਂ-ਹੁਬਕੀਂ ਰੋ ਰਿਹਾ ਸੀ। ਸ਼ਾਇਦ ਬੱਚੀ ਨੇ ਉਸ ਦੇ ਹੱਥਾਂ ’ਚ ਹੀ ਪ੍ਰਾਣ ਤਿਆਗੇ ਸੀ। ਮੈਂ ਉਹਨੂੰ ਪੁੱਛਿਆ ਕਿ ਪੰਡਤਾ ਆਹ ਕੀ ਕਰ ਰਿਹਾਂ। ਉਹ ਅੰਨ੍ਹੇਵਾਹ ਰੱਬ ਨੂੰ ਗਾਲ੍ਹਾਂ ਕੱਢਣ ਲੱਗਾ। ਫੇਰ ਸਾਨੂੰ ਵੀ ਗਾਲ੍ਹਾਂ ਕੱਢਣ ਲੱਗਾ। ਉਸ ਉੱਥੇ ਬੈਠਿਆਂ ਹੀ ਟੋਆ ਪੁੱਟਿਆ। ਸਿਰ ਤੋਂ ਸਾਫਾ ਲਾਹ ਕੇ ਲਾਸ਼ ਨੂੰ ਲਪੇਟਿਆ। ਦਫ਼ਨਾਇਆ। ਫੇਰ ਪਿੰਡ ਆ ਕੇ ਮਹੀਨਾ ਭਰ ਆਪਣੀ ਛੰਨ ’ਚੋਂ ਬਾਹਰ ਨਾ ਨਿਕਲਿਆ। ਲੋਕ ਉਸ ਨੂੰ ਛੜਾ ਪੰਡਤ ਕਹਿੰਦੇ, ਪਰ ਮੈਨੂੰ ਪਤਾ ਉਸ ਉਸੇ ਦਿਨ ਵਿਆਹ ਨਾ ਕਰਾਉਣ ਦੀ ਸਹੁੰ ਖਾ ਲਈ ਸੀ।’’ ਭਾਗ ਉਸ ਦੀਆਂ ਗੱਲਾਂ ਸੁਣਾਉਂਦਾ-ਸੁਣਾਉਂਦਾ ਕਿੰਨਾ ਚਿਰ ਰੋਂਦਾ ਰਿਹਾ। ਵਿਚ ਵਿਚ ਦੱਸਣ ਲੱਗ ਜਾਂਦਾ: ‘‘ਉਸ ਤਾਂ ਭੀਸ਼ਮ ਪਿਤਾਮਾ ਵਾਂਗੂ ਪੱਕੀ ਹੀ ਸਹੁੰ ਪਾ ਲਈ ਸੀ। ਆਖ਼ਰੀ ਦਮ ਤੱਕ ਆਪਣੇ ਬਚਨਾਂ ’ਤੇ ਦ੍ਰਿੜ੍ਹ ਰਿਹਾ।’’ ਸੰਪਰਕ: 98148-03254

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All