ਕਾਮੇਡੀ ਸ਼ੋਅ: ਗਵਾਰਾਂ ਦਾ ਹਾਸਾ

ਐੱਸ.ਪੀ. ਸਿੰਘ*

ਹਜ਼ਾਰਾਂ ਸਾਲਾਂ ਦੀ ਸੱਭਿਅਤਾ ਦੀ ਦੁਹਾਈ ਦੇਣ ਵਾਲਿਆਂ ਨੂੰ ਬਹੁਤ ਮਹੀਨਿਆਂ, ਹਫ਼ਤਿਆਂ ਤੋਂ ਤਲਬ ਉੱਠ ਰਹੀ ਏ ਇਹ ਪਤਾ ਕਰਨ ਦੀ ਕਿ ਰਾਤ ਨੂੰ ਟੀਵੀ ’ਤੇ ਹਾਸਿਆਂ ਦੇ ਗੱਫੇ ਵੰਡਣ ਵਾਲਾ ਨੌਜਵਾਨ ਹੁਣ ਆਪਣਾ ਕਾਮੇਡੀ ਸ਼ੋਅ ਕਦੋਂ ਦੁਬਾਰਾ ਸ਼ੁਰੂ ਕਰੇਗਾ? ਆਪਣੇ ਆਲੇ-ਦੁਆਲੇ ਦੀ ਅਰਥਹੀਣ ਸਿਆਸੀ ਬਿਆਨਬਾਜ਼ੀ ਤੋਂ ਅੱਕੇ ਬਹੁਤ ਸਾਰੇ ਲੋਕ ਖ਼ਬਰਾਂ ਦੀ ਦੁਨੀਆ ਤੋਂ ਪਰ੍ਹੇ ਜਾਕੇ, ਆਪਣਾ ਚਿੱਤ ਖੁੱਲ੍ਹ ਕੇ ਹੱਸਣ-ਹਸਾਉਣ ਵਾਲੇ ਕਿਸੇ ਕਾਮੇਡੀ ਪ੍ਰੋਗਰਾਮ ਨਾਲ ਜਾ ਲਾਉਂਦੇ ਨੇ। ਔਰਤਾਂ ਦੀ ਦਿੱਖ ਬਾਰੇ ਫੂਹੜ ਫ਼ਿਕਰਾਕਸ਼ੀ, ਆਪਣੀ ਘਰ ਵਾਲੀ ਦੇ ਪੇਕਿਆਂ ਦੀ ਗੁਰਬਤ ਤੇ ਮਰਦ-ਔਰਤ ਸਬੰਧਾਂ ਬਾਰੇ ਘਟੀਆ ਤਨਜ਼ ਨਾਲ ਲਬਰੇਜ਼ ਟੈਲੀਵਿਜ਼ਨ ਸ਼ੋਆਂ ਦੀ ਭਰਪੂਰ ਮੰਗ ਹੈ। ਸ਼ਰਮਾ ਜੀ ਦਾ ਸ਼ੋਅ ਕਦੋਂ ਦੁਬਾਰਾ ਸ਼ੁਰੂ ਹੋਵੇਗਾ, ਇਹ ਕਿਆਸ ਲਾਉਂਦਿਆਂ ਪੱਤਰਕਾਰਾਂ ਨੇ ਬੜੇ ਕਾਲਮ ਕਾਲੇ ਕੀਤੇ ਨੇ। ਇੱਕ ਅਜਿਹੇ ਸਮੇਂ ਜਦੋਂ ਅਸੀਂ ‘ਐਂਡ ਆਫ਼ ਹਿਸਟਰੀ’, ‘ਐਂਡ ਆਫ਼ ਪੌਲਿਟਿਕਸ’ ਅਤੇ ‘ਡੈੱਥ ਆਫ਼ ਆਈਡਿਓਲੋਜੀ’ ਵਾਲੇ ਮੁਕਾਮਾਂ ਵਿੱਚੋਂ ਲੰਘ ਰਹੇ ਹਾਂ ਤੇ ਵਿਸ਼ਵ ਭਰ ਵਿੱਚ ਸਿਆਸਤ ਤੋਂ ਵਿਰਵੀਆਂ ਲੋਕ-ਭੀੜਾਂ ‘ਮੈਂ-ਮੇਰਾ-ਸਾਡਾ‘ ਦਾ ਅਲਾਪ ਕਰਦੀਆਂ, ਕੱਟੜਵਾਦੀ ਮੋੜਾ ਕੱਟਦੀਆਂ, ਕੋਈ ਮਜ਼ਬੂਤ ਨੇਤਾ ਲੱਭ, ਚੁਣ ਜਾਂ ਉਭਾਰ ਰਹੀਆਂ ਨੇ ਤਾਂ ਅਜਿਹੇ ਬਿਆਨੀਏ ਦਾ ਠੋਕਵਾਂ ਜਵਾਬ ਰਵਾਇਤੀ ਮੀਡੀਆ ਦੇ ਨਾਲ-ਨਾਲ ਕਾਮੇਡੀ ਸ਼ੋਅ ਦੇ ਰਹੇ ਨੇ। ਖ਼ਬਰੀ ਸੁਰਖੀਆਂ ਤੋਂ ਅੱਕੀ ਭੀੜ ਰਾਤ ਨੂੰ ਆਪਣੇ ਮਨਪਸੰਦ ਕਾਮੇਡੀ ਸ਼ੋਅ ਦੇ ਐਂਕਰ ਸੰਗ ਹੱਸਦੀ ਸਿਰਫ਼ ਚੁਟਕਲੇ ਹੀ ਨਹੀਂ ਮਾਣਦੀ ਬਲਕਿ ਉਨ੍ਹਾਂ ਖ਼ਬਰਾਂ ਦਾ ਮਖਾਣਿਆਂ ਵਾਂਗ ਸੇਵਨ ਕਰਦੀ ਏ ਜਿਹੜੀਆਂ ਉਹ ਅਖ਼ਬਾਰੀ ਸਫ਼ਿਆਂ ’ਤੇ ਨਹੀਂ ਪੜ੍ਹਦੀ। ਪੱਛਮ ਵਿੱਚ ਤਾਂ ਰਾਤ ਦੇ ਟੈਲੀਵਿਜ਼ਨ ਕਾਮੇਡੀ ਸ਼ੋਅ ਪਿਛਲੇ ਕੁਝ ਦਹਾਕਿਆਂ ਵਿੱਚ ਬੜੇ ਮਕਬੂਲ ਵੀ ਹੋਏ ਨੇ ਤੇ ਉਨ੍ਹਾਂ ਨੇ ਆਪਣਾ ਰਾਜਨੀਤਕ ਅਸਰ ਵੀ ਛੱਡਿਆ ਏ, ਪਰ ਅਸੀਂ ਆਪਣੇ ਹਮਸਾਏ ਪੰਜਾਬ ਹੀ ਵੱਲ ਝਾਤ ਮਾਰੀਏ ਤਾਂ ਉਨ੍ਹਾਂ ਦੇ ਹਾਸਿਆਂ ਦਾ ਖ਼ਾਸਾ ਸਾਡੇ ਠਹਾਕਿਆਂ ਦਾ ਮੂੰਹ ਚਿੜਾਉਂਦਾ ਏ। ਹਰ ਸ਼ਬੋ-ਰੋਜ਼ ਪਾਣੀ ਪੀ-ਪੀ ਪਾਕਿਸਤਾਨ ਨੂੰ ਕੋਸਦਾ ਸਾਡਾ ਟੈਲੀਵਿਜ਼ਨ ਕਿਸੇ ਲਾਫ਼ਟਰ ਚੈਲੇਂਜ, ਕਾਮੇਡੀ ਸਰਕਸ ਜਾਂ ਹਾਸੇ ਦੀ ਬਾਦਸ਼ਾਹਤ ਦਾ ਸ਼ਾਹਅਸਵਾਰ ਤਾਂ ਹੋ ਸਕਿਐ, ਪਰ ਭੀੜ ਨੂੰ ਉਹਦੇ ਹੀ ਜੀਵਨ ਦੀਆਂ ਅੰਤਰੀਵੀ ਮੁਸ਼ਕਿਲਾਂ ਨੂੰ ਜਾਣ-ਸਮਝ, ਉਨ੍ਹਾਂ ਨਾਲ਼ ਮੱਥਾ ਲਾਉਣ ਲਈ ਤਿਆਰ ਕਰਨ ਦਾ ਉਹਦੇ ਕੋਲ ਕੋਈ ਮਨਸੂਬਾ ਨਹੀਂ। ਉਸ ‘ਦੂਜੇ ਮੁਲਕ’ ਵਿੱਚ, ਜਿੱਥੇ ਹਕੂਮਤਾਂ ਦੀ ਪੱਤਰਕਾਰਾਂ, ਐਂਕਰਾਂ ਤੇ ਅਖ਼ਬਾਰਾਂ ਨੂੰ ਸੋਧਣ ਦੀ ਮਨਸ਼ਾ ਤੇ ਸ਼ਕਤੀ ਉਸ ਤੋਂ ਕਿਤੇ ਵਧੇਰੀ ਏ ਜਿਸ ਦਾ ਜ਼ਿਕਰ ਕੋਈ ਰਵੀਸ਼ ਕੁਮਾਰ ਆਪਣੀ ਜਾਨ ਨੂੰ ਖ਼ਤਰਿਆਂ ਦੇ ਹਵਾਲੇ ਨਾਲ ਗਾਹੇ-ਬਗਾਹੇ ਕਰਦਾ ਹੈ, ਪੰਜਾਬੀ ਵਿੱਚ ਨਸ਼ਰ ਹੁੰਦੇ ਕਾਮੇਡੀ ਸ਼ੋਆਂ ਨੇ ਸਿਆਸਤ ਭਰ-ਭਰ ਕੇ ਦੇਗਾਂ ਧਰੀਆਂ ਨੇ। ਸਿਆਸੀ ਲਤੀਫ਼ੇ ਤੇ ਦਲੇਰ ਠਹਾਕਿਆਂ ਦਾ ਅਮੁੱਕ ਲੰਗਰ ਹਰ ਰਾਤ ਵਰਤੀਂਦਾ ਏ। ਹਕੂਮਤਾਂ ਦੇ ਸੀਨਿਆਂ ’ਤੇ ਲੋਕ-ਠੱਠੇ ਦਾ ਸੱਪ ਮੌਲਦਾ ਏ ਤੇ ਹਰ ਹਜੂਮੀ ਸਿਆਸੀ ਨਜੂਮੀ ਬਣ ਕੇ ਫਿਰ ਦਿਨ ਚੜ੍ਹਦੇ ਯਾਰਾਂ ਨਾਲ ਆਪਣੇ ਨੇਤਾਵਾਂ ਦੀ ਅਸਲੀਅਤ ਦੇ ਵਰਕੇ ਫੋਲਦਾ ਏ। ਬੇਈਮਾਨ ਸਿਆਸਤਦਾਨ, ਰਿਸ਼ਵਤਖੋਰ ਪੁਲਸੀਆ, ਕੰਮਚੋਰ ਸਰਕਾਰੀ ਅਫ਼ਸਰ ਤੇ ਚਗ਼ਲ ਨੂੰ ਘੋਰ ਸਿਆਣਪ ਦੱਸਦਾ ਅਖ਼ਬਾਰ-ਨਵੀਸ - ਸਭਨਾਂ ਦਾ ਸੱਚ ਤੋਲਦਾ ਏ। ਏਹੀ ਕੰਮ ਗੰਭੀਰ ਸਿਆਸੀ ਟੀਵੀ ਡਿਬੇਟ ਨੇ ਕਰਨਾ ਸੀ ਪਰ ‘‘ਜਿਹੜੀ ਸਾਰੇ ਪਿੰਡ ਵਿੱਚ ਕਹਿ ਨਾ ਸਕੇ ਕੋਈ ਸੱਚਾ, ਫੇਰ ਉਹ ਹਿੱਕ ਤੇ ਚਮੋਟਾ ਮਾਰ ਕੇ ਆਖੇ ਮਰਾਸੀ ਬੱਚਾ!’’ ਸੋਹੇਲ ਅਹਿਮਦ ਛਿੱਲ ਕੇ ਰੱਖ ਦੇਂਦਾ ਏ ‘ਹਸਬੇ-ਹਾਲ’ ਵਿੱਚ, ਕਦੇ ਸਿਤਾਰਿਆਂ ਤੇ ਕਦੇ ਡਾਢੀਆਂ ਦੀਆਂ - ਕਰਤਾਰਿਆਂ ਦੀ ਆਕੜ ਭੰਨ੍ਹ ਦਿੰਦਾ ਏ ਅਮਾਨੁਲ੍ਹਾਹ ਖਾਨ ‘ਮਜ਼ਾਕਰਾਤ’ ਵਿੱਚ, ਤੇ ਆਪਣੇ ਦਾਨਾ ਜਹੇ ਅੰਦਾਜ਼ ਵਿੱਚ ਗਲੇ ਵਿੱਚ ਨੈੱਕਟਾਈ ਟੁੰਗੀ ਜੁਨੈਦ ਸਲੀਮ ਜਦੋਂ ਵਿਸ਼ੇ ਤੇ ਸਿਆਸਤਦਾਨ ਦੋਵਾਂ ਨੂੰ ਹੱਥ ਪਾਉਂਦਾ ਹੈ ਤਾਂ ਤੁਹਾਡਾ ਹਾਸਾ ਨਿਕਲ ਜਾਂਦਾ ਹੈ ਤੇ ਲੀਡਰ ਦਾ ਰਹਿੰਦਾ ਕੁਝ ਨਹੀਂ। ਆਫ਼ਤਾਬ ਇਕਬਾਲ ਤਾਂ ‘ਖਬਰਦਾਰ’ ਸ਼ੋਅ ਵਿੱਚ ਐਸਾ ਮੁਗ਼ਲੀਆ ਦਰਬਾਰ ਲਾਉਂਦਾ ਏ ਕਿ ਕੋਈ ਭਗਵੇ ਸਾਫ਼ੇ ਵਾਲਾ ‘ਦੇਸ਼ਭਗਤ’ ਬੁਲਾਰਾ ਵੀ ਭਿਓਂ-ਭਿਓਂ ਕੇ ਕਿਸੇ ਮੁਗਲ਼ ਬਾਦਸ਼ਾਹ ਨੂੰ ਇੰਜ ਨਹੀਂ ਕੁੱਟਦਾ ਪਰ ਹੁਨਰ ਉਹਦਾ ਇਹਦੇ ਵਿੱਚ ਨਹੀਂ - ਹੁਨਰ ਉਹਦਾ ਹੈ ਹੱਸਦੇ-ਹਸਾਉਂਦੇ ਸਾਨੂੰ ਸੂਖ਼ਮ ਗਿਆਨ ਦੇਣ ਵਿੱਚ। ਆਫ਼ਤਾਬ ਇਕਬਾਲ ਨੇ ਇਹ ਚੋਜ ਪਹਿਲਾਂ ‘ਹਸਬੇ-ਹਾਲ’ ਵਿੱਚ ਕੀਤਾ, ਫਿਰ ‘ਖ਼ਬਰਨਾਕ’ ਵਿੱਚ, ਤੇ ਹੁਣ ‘ਖ਼ਬਰਦਾਰ’ ਵਿੱਚ। ਇਹ ਕਾਲਮ ਲਿਖਣ ਲੱਗਿਆਂ ਮੈਂ ਸ਼ੁੱਕਰਵਾਰ, 12 ਅਕਤੂਬਰ ਵਾਲਾ ਉਹਦਾ ‘ਖ਼ਬਰਦਾਰ’ ਵੇਖਿਆ ਯੂਟਿਊਬ ’ਤੇ। ਹਾਸਾ-ਠੱਠਾ ਕਰਦਿਆਂ ਢਿੱਡੀਂ ਪੀੜਾਂ ਪਾ ਰਿਹਾ ਸੀ, ਨਾਲੇ ਦੱਸੀ ਜਾ ਰਿਹਾ ਸੀ ਕਿ ਜਾਦੂਨਾਥ ਸਰਕਾਰ ਨੇ ਚਾਰ ਜਿਲਦਾਂ ਵਾਲੇ ‘“he 6all of Mogul 5mpire’ (ਦਿ ਫਾਲ ਆਫ਼ ਮੁਗ਼ਲ ਅੰਪਾਇਰ) ਵਿੱਚ ਕਿਵੇਂ ਬੌਧਿਕ ਬੇਈਮਾਨੀ ਨੂੰ ਮੁਗ਼ਲੀਆ ਸਲਤਨਤ ਦੇ ਪਤਨ ਦਾ ਮੁੱਖ ਕਾਰਨ ਦੱਸਿਆ ਏ। ਹੁਣ ਫ਼ੈਸਲਾ ਕਰ ਲਵੋ ਕਿ ਉਹ ਕਾਮੇਡੀ ਸ਼ੋਅ ਕਰ ਰਿਹਾ ਸੀ ਕਿ ਐੱਮ.ਏ. ਇਤਿਹਾਸ ਦੇ ਚੌਥੇ ਸਮੈਸਟਰ ਵਾਲਿਆਂ ਦੀ ਵਿਸ਼ੇਸ਼ ਕਲਾਸ ਲੈ ਰਿਹਾ ਸੀ? ਵਿੱਚ-ਵਿੱਚ ਅੰਗਰੇਜ਼ੀ ਵੀ ਪੜ੍ਹਾ ਰਿਹਾ ਸੀ- ficklemindedness ਦਾ ਮਤਲਬ ਸਮਝਾ ਰਿਹਾ ਸੀ। ਤੁਸੀਂ ਕਿਸੇ ਅੰਗਰੇਜ਼ੀ ਦੇ ਸ਼ਬਦ ਦਾ ਉਲਥਾ ਪੁੱਛ ਨਾ ਬੈਠਣਾ, ‘ਬਾਦਸ਼ਾਹ ਜਹਾਂਗੀਰ’ ਨੇ ਉਹਦੇ ਪ੍ਰੋਗਰਾਮ ਵਿੱਚ ਸ਼ੁੱਕਰਵਾਰ ਨੂੰ ਪੁੱਛਿਆ ਸੀ, ਉਸਨੂੰ ਝੱਗ ਵਾਂਗ ਬਿਠਾ ਦਿੱਤਾ। ਸੋਹੇਲ ਅਹਿਮਦ ‘ਅਜ਼ੀਜ਼ੀ’ ਦੇ ਕਿਰਦਾਰ ਵਿੱਚ ਮਸ਼ਕਰੀਆਂ ਵੀ ਕਰ ਲੈਂਦੈ ਪਰ ਦਾਨਿਸ਼ਵਰਾਂ ਵਾਲੀ ਅਕਲ ਵੀ ਵੰਡ ਜਾਂਦੈ। ਆਮ ਆਦਮੀ ਦਾ ਬੌਧਿਕ ਲਬਾਦਾ ਪਾ ਕੇ ਮੋਟੀ ਗੱਲ ਵੀ ਕਰ ਜਾਂਦੈ ਤੇ ਫਿਰ ਪਿੱਛੇ-ਪਿੱਛੇ ਐਂਕਰ ਜੁਨੈਦ ਸਲੀਮ ਉਹਦੇ ਸਰਲੀਕਰਨ ਨੂੰ ਵੀ ਰੇਖਾਂਕਿਤ ਕਰ ਦਿੰਦਾ ਏ। ਪਾਕਿਸਤਾਨ ਦੀ ਹੇਠਲੀ ਮੱਧਵਰਗੀ ਜਮਾਤ ਲਈ ਸੋਹੇਲ ‘ਫ਼ੀਕਾ’ ਬਣ ਜਾਂਦਾ ਏ, ‘ਮਾਸਟਰ ਮਜੀਦ’ ਹੋ ਕੇ ਅਧਿਆਪਕਾਂ ਦੀਆਂ ਮੁਸ਼ਕਿਲਾਂ ਤੇ ਕਮਜ਼ੋਰੀਆਂ ਦਾ ਖੁਲਾਸਾ ਕਰਦਾ ਏ ਤੇ ‘ਥਾਣੇਦਾਰ ਸਿਦੀਕ’ ਬਣ ਕੇ ਪੁਲੀਸ ਅੰਦਰਲੀ ਰਿਸ਼ਵਤਖੋਰੀ ਦਾ ਪਰਦਾਫਾਸ਼ ਕਰਦਾ ਏ। ਜੁਨੈਦ ਤੇ ਸੋਹੇਲ ਦੀ ਜੋੜੀ ਨੇ ਸਿਆਸਤ ਅਤੇ ਸਮਾਜ ਨੂੰ ਦਰਪੇਸ਼ ਮਸਲਿਆਂ ਬਾਰੇ ਜਿੰਨੀ ਜਾਗਰੂਕਤਾ ਆਪਣੇ ਕਾਮੇਡੀ ਪ੍ਰੋਗਰਾਮ ਰਾਹੀਂ ਫੈਲਾਈ ਏ, ਉਹਦੇ ਮੁਕਾਬਲੇ ਰਵਾਇਤੀ ਟਿੱਪਣੀਕਾਰ ਊਣੇ ਰਹਿ ਜਾਂਦੇ ਨੇ। ਅਮਾਨੁਲ੍ਹਾਹ ਖ਼ਾਨ ਤਾਂ ਲਹਿੰਦੇ ਪੰਜਾਬ ਦਾ ਵਨ-ਮੈਨ ਇੰਸਟੀਚਿਊਸ਼ਨ ਏ- ਬੋਲੀ ਉਹਦੀ ਕਦੀ ਗਲੀ-ਮੁਹੱਲੇ ਦੀ ਜ਼ੁਬਾਨ ਤੋਂ ਉੱਤੇ ਨਹੀਂ ਉੱਠਦੀ ਤੇ ਫ਼ਲਸਫ਼ਾ ਉਹਦੀ ਗੱਲ ਦਾ ਸੁਕਰਾਤ ਦਾ ਮੋਢਾ ਜਾ ਫੜਦਾ ਏ। ਵੱਖੀਂ ਪੀੜ ਪੈ ਜਾਂਦੀ ਹੈ ਤੇ ਦਿਮਾਗ਼ ਵਿੱਚ ਰੌਸ਼ਨੀ ਫੈਲ ਜਾਂਦੀ ਹੈ। ਸਮਾਜ ਦਾ ਦੁਖਾਂਤ ਬਿਆਨ ਕਰਦੀ ਕਾਮੇਡੀ ਨਾਲ ਨਿੱਤ ਲਹਿੰਦਾ ਪੰਜਾਬ ਜੁੜ ਬੈਠਦਾ ਏ, ਇੱਥੇ ਅਸੀਂ ਯੂਟਿਊਬ ’ਤੇ ਉਨ੍ਹਾਂ ਦੇ ਪ੍ਰੋਗਰਾਮ ਭਾਲਦੇ ਹਾਂ ਤੇ ਸੋਚਦੇ ਹਾਂ ਕਿ ਸਾਡੀ ਕਾਮੇਡੀ ਕਦੋਂ ਉਨ੍ਹਾਂ ਦੇ ਹਾਣ ਦੀ ਹੋਵੇਗੀ? ਸਾਰਾ ਮੁਕਾਬਲਾ ਪਾਕਿਸਤਾਨ ਨੂੰ ਗਾਲ੍ਹਾਂ ਕੱਢਣ ਨਾਲ ਨਹੀਂ ਹੋਣਾ। ਪੱਛਮ ਨੇ ਲੇਟਨਾਈਟ ਟੈਲੀਵਿਜ਼ਨ ਦਾ ਇੱਕ ਪੂਰ ਖੜ੍ਹਾ ਕਰ ਲਿਆ ਏ; ਲੈਰੀ ਕਿੰਗ, ਡੇਵਿਡ ਲੈਟਰਮੈਨ ਤੇ ਸਟੀਫ਼ਨ ਕੋਲਬਰਟ ਤੋਂ ਲੈ ਕੇ ਜਿੰਮੀ ਕਿੱਮਲ਼ ਤੇ ਜਿੰਮੀ ਫੈਲਨ ਤੱਕ ਸਰੋਤਿਆਂ ਦੀ ਇੱਕ ਵੱਡੀ ਜਮਾਤ ਨਿਰਮਿਤ ਹੋ ਚੁੱਕੀ ਹੈ। ਅਸੀਂ ਆਪਣੇ ਲਾਫ਼ਟਰ ਚੈਲੇਂਜ ਤੇ ਕਾਮੇਡੀ ਸਰਕਸ ਰਾਹੀਂ ਭੀੜ ਨੂੰ ਦੇਰ ਰਾਤ ਜੋੜ ਤਾਂ ਲਿਆ ਹੈ ਪਰ ਸਾਡੀ ਕਾਮੇਡੀ ਵਿੱਚੋਂ ਸਿਆਸਤ ਮਨਫ਼ੀ ਏ ਅਤੇ ਲੋਕ-ਸੂਝ ਦਾ ਨਿਰਮਾਣ ਗੈਰਹਾਜ਼ਰ ਏ। ਅਜੋਕੇ ਸਮਾਜ ਨੂੰ ਦਰਪੇਸ਼ ਮਸਲਿਆਂ ਉੱਤੇ ਤਨਜ਼-ਓ-ਮਜ਼ਾਹ ਤੋਂ ਅਸੀਂ ਕਿਉਂ ਕਤਰਾਅ ਰਹੇ ਹਾਂ? ਜੇ ਦੁਨੀਆ ਭਰ ਵਿੱਚ ਹਾਸੇ-ਠੱਠੇ ਤੇ ਪਾਪੁਲਰ ਮਾਸ ਐਜੂਕੇਸ਼ਨ ਨੇ ਹੱਥ-ਮਿਲਾਈ ਕੀਤੀ ਹੋਈ ਏ ਤਾਂ ਸਾਡੇ ਚੁਟਕਲੇ ਨੇ ਸਿਆਸਤ ਤੋਂ ਕਿਨਾਰਾਕਸ਼ੀ ਕਰਨ ’ਤੇ ਕਿਉਂ ਲੱਕ ਬੱਧਾ ਏ? ਪੱਛਮ ਤੋਂ ਨਾ ਸਿੱਖਦੇ ਅਸੀਂ ਉਪਮਹਾਂਦੀਪ ਵਿਚਲੇ ਆਪਣੇ ਹਮਸਾਇਆਂ ਤੋਂ ਸਿੱਖੀਏ। ਅਜਿਹਾ ਨਹੀਂ ਕਿ ਸਾਨੂੰ ਵੱਲ ਨਹੀਂ ਆਉਂਦਾ - ਜਸਵਿੰਦਰ ਭੱਲੇ ਤੇ ਬਾਲ ਮੁਕੰਦ ਹੋਰਾਂ ਨੇ ਸੂਬੇ ਦੇ ਖੱਬੀਖਾਨ ਦੀ ਮੰਜੀ ਚੁਟਕਲੇ ਵਾਲੀ ਸੀਡੀ ਨਾਲ ਠੋਕ ਦਿੱਤੀ ਸੀ। ਭਗਵੰਤ ਮਾਨ ਨੂੰ ਸਿਆਸੀ ਘੁਲਾਟੀਆਂ ਦੀਆਂ ਨੀਂਦਾਂ ਹਰਾਮ ਕਰਨੀਆਂ ਆਉਂਦੀਆਂ ਨੇ। ਸੋਸ਼ਲ ਮੀਡੀਆ ’ਤੇ ਠੱਠਾ ਕਰ-ਕਰ ਵੱਡੇ-ਵੱਡੇ ਸਿਆਸਤੀਆਂ ਨੂੰ ਠਿੱਠ ਕੀਤਾ ਏ ਲੋਕਾਂ। ਫ਼ਿਰ ਟੈਲੀਵਿਜ਼ਨ ਦੇ ਕਾਮੇਡੀ ਸ਼ੋਅ ਕਿਉਂ ਹਿੰਮਤ ਨਹੀਂ ਕਰ ਰਹੇ? ਟਰੰਪ ਬਾਰੇ ਕਾਮੇਡੀ ਵੇਖੋ ਤੇ ਝਾਤ ਮਾਰੋ ਕਿ ਸਾਡੇ ਸਿਆਸਤਦਾਨਾਂ ਬਾਰੇ ਦੜ੍ਹ ਵੱਟ ਕੇ ਤੇ ਕਿਸੇ ਦੀ ਗੁਰਬਤ, ਕਿਸੇ ਦੀ ਚਾਲ ਜਾਂ ਔਰਤ ਦੇ ਰੰਗਰੂਪ ਬਾਰੇ ਕਾਮੇਡੀ ਕਰਦਾ ਸਾਡਾ ਟੈਲੀਵਿਜ਼ਨ ਕਿੰਨਾ ਛਿਛੋਰਾ ਹਾਸਾ ਹੱਸ ਰਿਹਾ ਏ। ਇਹ ਡਰੂ ਕਾਮੇਡੀ ਏ ਜਿਹੜੀ ਤਕੜੇ ਨੂੰ ਹੱਥ ਨਹੀਂ ਪਾਉਂਦੀ, ਸਾਡੇ ਜੀਵਨ ਤੋਂ ਟੁੱਟੀ ਹੋਈ ਸਾਡੇ ’ਤੇ ਗਵਾਰਾਂ ਦਾ ਹਾਸਾ ਹੱਸ ਰਹੀ ਏ। ਅੱਲ੍ਹਾ ਤੋਂ ਖ਼ੈਰ ਮੰਗੋ ਕਿਧਰੇ ਸੋਹੇਲ ਅਹਿਮਦ ਸਾਡੇ ਹਾਸੇ ਬਾਰੇ ਠੱਠਾ ਨਾ ਕਰੇ ਕਿਸੇ ਦਿਨ! ਮੈਥੋਂ ਇਹ ‘ਹਸਬੇਹਾਲ’ ਜਰਿਆ ਨਹੀਂ ਜਾਣਾ, ਤੁਹਾਥੋਂ ਹੱਸਿਆ ਨਹੀਂ ਜਾਣਾ ਤੇ ਚਾਰ ਗਵਾਰਾਂ ਨੇ ਕਿਸੇ ਐਂਕਰ ਨੂੰ ਆ ਦੱਸਣਾ ਏ ਉਸ ਸ਼ਾਮ ਕਿ ਲਹਿੰਦਾ ਬੜਾ ਭੈੜਾ ਏ, ਇਹਨੂੰ ਚੜ੍ਹਦੇ ਦਾ ਲਿਹਾਜ਼ ਨਹੀਂ। *(ਲੇਖਕ ਸੀਨੀਅਰ ਪੱਤਰਕਾਰ ਹੈ, ਤੇ ਕਾਮੇਡੀ ਵਿੱਚ ਅਕਲ ਭਾਲਣ ਦੀ ਹਿਮਾਕਤ ਕਰਨ ਦਾ ਦੋਸ਼ੀ ਹੈ।)

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All