ਕਾਬਿਲ-ਏ-ਫ਼ਖ਼ਰ ਗੁਲੂਕਾਰਾ-ਜ਼ੁਬੈਦਾ ਖ਼ਾਨਮ : The Tribune India

ਕਾਬਿਲ-ਏ-ਫ਼ਖ਼ਰ ਗੁਲੂਕਾਰਾ-ਜ਼ੁਬੈਦਾ ਖ਼ਾਨਮ

ਕਾਬਿਲ-ਏ-ਫ਼ਖ਼ਰ ਗੁਲੂਕਾਰਾ-ਜ਼ੁਬੈਦਾ ਖ਼ਾਨਮ

‘ਅਸਾਂ ਜਾਣ ਕੇ ਮੀਟ ਲਈ ਅੱਖ ਵੇ,ਝੂਠੀ-ਮੂਠੀ ਦਾ ਪਾ ਲਿਆ ਈ ਕੱਖ ਵੇ...’(ਹੀਰ-1955) ਅਤੇ ‘ਸਈਓ ਨੀ ਮੇਰਾ ਦਿਲ ਧੜਕੇ, ਦਿਲ ਧੜਕੇ ਨਾਲ ਅੱਖ ਫੜਕੇ...’ (ਸ਼ੇਖਚਿਲੀ-1956) ਇਨ੍ਹਾਂ ਇੰਤਹਾਈ ਸੁਰੀਲੇ, ਦਿਲਕਸ਼ ਅਤੇ ਸਦਾਬਹਾਰ ਨਗ਼ਮਿਆਂ ਨੂੰ ਸੁਣ ਕੇ ਕਿਹੜਾ ਪੰਜਾਬੀ ਹੈ, ਜਿਹੜਾ ਰੂਹ ਤੀਕਰ ਸਰਸ਼ਾਰ ਨਾ ਹੋਇਆ ਹੋਵੇ। ਮਿਠਾਸ ਨਾਲ ਲਬਰੇਜ਼ ਅਤੇ ਦਿਲ ਦੀਆਂ ਗਹਿਰਾਈਆਂ ਨੂੰ ਛੂਹ ਜਾਣ ਵਾਲੀ ਇਸ ਪੁਰਕਸ਼ਿਸ਼ ਆਵਾਜ਼ ਦੀ ਮਲਿਕਾ ਗੁਲੂਕਾਰਾ ਦਾ ਨਾਂ ਹੈ ‘ਜ਼ੁਬੈਦਾ ਖ਼ਾਨਮ’ ਜੋ ਬੀਤੀ 19 ਅਕਤੂਬਰ ਨੂੰ ਦਿਲ ਦਾ ਦੌਰਾ ਪੈਣ ਕਰਕੇ 78 ਵਰ੍ਹਿਆਂ ਦੀ ਉਮਰ ’ਚ ਇੰਤਕਾਲ ਫਰਮਾ ਗਈ। ਆਪਣਾ ਅੰਤਲਾ ਸਮਾਂ ਆਪਣੇ ਪੁੱਤਰਾਂ ਨਾਲ ਲਾਹੌਰ ਦੀ ਵੈਸਟਵੁੱਡ ਕਲੋਨੀ ਵਿੱਚ ਗੁਜ਼ਾਰਨ ਵਾਲੀ ‘ਜ਼ੁਬੈਦਾ ਖ਼ਾਨਮ’ ਦੀ ਪੈਦਾਇਸ਼ ਅਣਵੰਡੇ ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ਵਿੱਚ 1935 ਨੂੰ ਇੱਕ ਮੁਸਲਿਮ ਪਰਿਵਾਰ ’ਚ ਹੋਈ। ‘ਜ਼ੁਬੈਦਾ’ ਮਹਿਜ਼ 12 ਸਾਲਾਂ ਦੀ ਸੀ, ਜਦੋਂ ਮੁਲਕ ਦੀ ਵੰਡ ਮਗਰੋਂ ਅੰਮ੍ਰਿਤਸਰ ਨੂੰ ਖ਼ੈਰ-ਆਬਾਦ ਕਹਿ ਕੇ ਲਾਹੌਰ (ਪਾਕਿਸਤਾਨ) ਟੁਰ ਜਾਣਾ ਪਿਆ। ‘ਜ਼ੁਬੈਦਾ’ ਦੇ ਪਰਿਵਾਰ ਦਾ ਤੁਅੱਲਕ ਕਿਸੇ ਵੀ ਸੰਗੀਤਕ ਘਰਾਣੇ ਨਾਲ ਨਹੀਂ ਸੀ ਅਤੇ ਨਾ ਹੀ ਗਾਇਕੀ ਉਨ੍ਹਾਂ ਦੇ ਪਰਿਵਾਰ ਦਾ ਹਿੱਸਾ ਸੀ। ਸੰਗੀਤ ਉਸ ਨੂੰ ਖ਼ੁਦਾ ਵੱਲੋਂ ਨਾਯਾਬ ਤੋਹਫ਼ਾ ਸੀ, ਜਿਸ ਵਿੱਚ ਉਹਨੇ ਆਹਲਾ ਮੁਕਾਮ ਅਤੇ ਸ਼ੌਹਰਤ ਹਾਸਲ ਕੀਤੀ। ਜਿਸ ਵਕਤ ‘ਜ਼ੁਬੈਦਾ ਖ਼ਾਨਮ’ ਨੇ ਪੰਜਾਬੀ ਫ਼ਿਲਮਾਂ ਵਿੱਚ ਪ੍ਰਵੇਸ਼ ਕੀਤਾ, ਉਸ ਸਮੇਂ ਆਜ਼ਾਦ ਪਾਕਿਸਤਾਨ ’ਚ ਬਣਨ ਵਾਲੀ ਪਹਿਲੀ ਪੰਜਾਬੀ ਫ਼ਿਲਮ ‘ਫੇਰੇ’ ਅਤੇ ‘ਮੁੰਦਰੀ’ (1949) ਦੀ ਪਹਿਲੀ ਅਤੇ ਮੁੱਖ ਗੁਲੂਕਾਰਾ ‘ਮੁਨੱਵਰ ਸੁਲਤਾਨਾ’ ਆਪਣੀ ਪੁਰਕਸ਼ਿਸ਼ ਅਤੇ ਖੂਬਸੂਰਤ ਆਵਾਜ਼ ਸਦਕਾ ਫ਼ਿਲਮਾਂ ’ਚ ਛਾਈ ਹੋਈ ਸੀ। ਐਪਰ 50 ਦੇ ਦਹਾਕੇ ਵਿੱਚ ਰੇਡੀਓ ਪਾਕਿਸਤਾਨ, ਲਾਹੌਰ ਦੇ ਸਟੇਸ਼ਨ ਡਾਇਰੈਕਟਰ ‘ਅਯੂਬ ਰੋਮਾਨੀ’ ਨਾਲ ਨਿਕਾਹ ਕਰਵਾਉਣ ਤੋਂ ਬਾਅਦ ਫ਼ਿਲਮਾਂ ਵਿੱਚ ਗਾਉਣਾ ਘੱਟ ਕਰ ਦਿੱਤਾ ਸੀ। 4 ਜਨਵਰੀ, 1951 ਵਿੱਚ ‘ਇੰਡੀਆ ਐਂਡ ਪਾਕਿਸਤਾਨ ਪ੍ਰੋਡਕਸ਼ਨ’ ਦੀ ਸਾਂਝੀ ਪੰਜਾਬੀ ਫ਼ਿਲਮ ‘ਬਿੱਲੋ’ ‘ਜ਼ੁਬੈਦਾ ਖ਼ਾਨਮ’ ਦੇ ਗਾਇਨ ਕਰੀਅਰ ਦੀ ਬਤੌਰ ਪਸ-ਏ-ਪਰਦਾ ਗੁਲੂਕਾਰਾ ਪਹਿਲੀ ਫ਼ਿਲਮ ਸੀ, ਜਿਸ ਵਿੱਚ ਮਕਬੂਲ ਗੁਲੂਕਾਰਾ ‘ਜ਼ੀਨਤ ਬੇਗ਼ਮ’ ਨੇ ਵੀ ਆਪਣੀ ਆਵਾਜ਼ ਦਾ ਤਰੰਨੁਮ ਬਿਖੇਰਿਆ ਸੀ। ਬੇਸ਼ੱਕ ਇਹ ਫ਼ਿਲਮ ਭਾਵੇਂ ਕੋਈ ਖਾਸ ਕਮਾਲ ਨਹੀਂ ਵਿਖਾ ਸਕੀ, ਪਰ ‘ਜ਼ੁਬੈਦਾ’ ਦੀ ਸੁਰੀਲੀ ਆਵਾਜ਼ ਮੌਸੀਕੀ ਦਿਆਂ ਰੀਝਵਾਨਾਂ ਨੂੰ ਬੇਹੱਦ ਪਸੰਦ ਆਈ। ‘ਤਸਵੀਰ ਮਹਿਲ ਪਿਕਚਰਜ਼’ ਦੇ ਬੈਨਰ ਹੇਠ 13 ਜੂਨ, 1953 ਨੂੰ ਰਿਲੀਜ਼ ਹੋਈ ਨਿਰਦੇਸ਼ਕ ‘ਨਜ਼ੀਰ’ ਦੀ ਪੰਜਾਬੀ ਫ਼ਿਲਮ ‘ਸ਼ਹਿਰੀ ਬਾਬੂ’ ਆਪਣੇ ਗੀਤਾਂ ਸਦਕਾ ਯਾਦਗਾਰੀ ਬਣ ਗਈ। ਫ਼ਿਲਮ ਦੇ ਮਰਕਜ਼ੀ ਕਿਰਦਾਰ ‘ਸਵਰਨ ਲਤਾ’ ਅਤੇ ‘ਸੰਤੋਸ਼ ਕੁਮਾਰ’ ਨੇ ਨਿਭਾਏ ਜਦ ਕਿ ਦੂਜੀ ਅਦਾਕਾਰਾ ਵਜੋਂ ‘ਜ਼ੁਬੈਦਾ’ ਦੀ ਬਤੌਰ ਅਦਾਕਾਰਾ ਇਹ ਪਹਿਲੀ ਫ਼ਿਲਮ ਸੀ। ‘ਜ਼ੁਬੈਦਾ ਖ਼ਾਨਮ’ ਪਹਿਲੀ ਵਾਰ ਆਪਣੇ ਮਸ਼ਹੂਰ ਜ਼ਮਾਨਾ ਗੀਤ: ‘ਰਾਤਾਂ ਮੇਰੀਆਂ ਬਣਾ ਕੇ ਰੱਬਾ ਨ੍ਹੇਰੀਆਂ, ਨਸੀਬਾਂ ਵਾਲੇ ਤਾਰੇ ਟੁੱਟ ਗਏ...’ ਤੇ ‘ਗੱਲਾਂ ਸੁਣ ਕੇ ਮਾਹੀ ਦੇ ਨਾਲ ਮੇਰੀਆਂ, ਦੁਪੱਟਾ ਬੇਈਮਾਨ ਹੋ ਗਿਆ...’ ਦੇ ਨਾਲ ਮਕਬੂਲ ਹੋਈ। ਫ਼ਿਲਮਸਾਜ਼ ‘ਨਜ਼ੀਰ’ ਦੀ ਪੰਜਾਬੀ ਫ਼ਿਲਮ ‘ਹੀਰ’ (1955), ਜੋ ਆਪਣੇ ਸਦਾਬਹਾਰ ਨਗ਼ਮਿਆਂ ਕਰਕੇ ਅੱਜ ਵੀ ਯਾਦ ਕੀਤੀ ਜਾਂਦੀ ਹੈ, ’ਚ ਨਗ਼ਮਾਨਿਗ਼ਾਰ ‘ਨਜ਼ੀਨ ਕਾਦਰੀ’ ਦੇ ਲਿਖੇ ਬੋਲਾਂ ‘ਅਸਾਂ ਜਾਣ ਕੇ ਮੀਟ ਲਈ ਅੱਖ ਵੇ, ਝੂਠੀ ਮੂਠੀ ਦਾ ਪਾ ਲਿਆ ਈ ਕੱਖ ਵੇ...’, ‘ਢੋਲ ਦਿਲੇ ਦਾ ਜਾਨੀ ਅਜੇ ਨੀ ਆਇਆ...’ ਤੇ ‘ਅੱਖਾਂ ਮਿਲੀਆਂ ਗੁਲਾਬੀ ਨੈਣਾ ਨਾਲ...’ ਨੂੰ ਆਪਣੇ ਸੁਰੀਲੇ ਸੁਰਾਂ ’ਚ ਅਜਿਹਾ ਪਰੋਇਆ ਕਿ ਹੁਣ ਜ਼ੁਬੈਦਾ ਖ਼ਾਨਮ ‘ਨੰਬਰ ਵੰਨ’ ’ਤੇ ਆਸੀਨ ਗੁਲੂਕਾਰਾ ਸੀ। ਫ਼ਿਲਮ ‘ਪੱਤਣ’,  ‘ਪਾਟੇ ਖਾਂ’, ‘ਮਾਹੀ ਮੁੰਡਾ’, ‘ਗੁੱਡਾ ਗੁੱਡੀ’, ‘ਚੰਨ ਮਾਹੀ’, ‘ਯੱਕੇ ਵਾਲੀ’, ‘ਛੂ ਮੰਤਰ’, ‘ਕਰਤਾਰ ਸਿੰਘ’, ‘ਜੱਟੀ’, ‘ਬੋਦੀ ਸ਼ਾਹ’ ਤੇ ‘ਬਹਿਰੂਪੀਆ’ ਆਦਿ ’ਚ ਜ਼ੁਬੈਦਾ ਵੱਲੋਂ ਗਾਏ ਗੀਤ ਬਹੁਤ ਮਕਬੂਲ ਹੋਏ। ‘ਜ਼ੁਬੈਦਾ ਖ਼ਾਨਮ’ ਨੇ ਸਿਰਫ ਪੰਜਾਬੀ ਫ਼ਿਲਮਾਂ ’ਚ ਹੀ ਨਹੀਂ ਬਲਕਿ ਪਾਕਿਸਤਾਨ ’ਚ 1955 ਤੋਂ ਲੈ ਕੇ 1967 ਤਕ ਬਣੀਆਂ ਲਗਪਗ 45 ਕੁ ਫ਼ਿਲਮਾਂ ’ਚ ਬਿਹਤਰੀਨ ਉਰਦੂ ਗੀਤ ਵੀ ਗਾਏ। 50 ਤੋਂ ਲੈ ਕੇ 60 ਦੇ ਦਹਾਕੇ ਤਕ ‘ਜ਼ੁਬੈਦਾ ਖ਼ਾਨਮ’ ਦੀ ਪੰਜਾਬੀ ਫ਼ਿਲਮਾਂ ’ਚ ਮੁਕੰਮਲ ਇਜਾਰੇਦਾਰੀ ਰਹੀ। ਉਸ ਲਈ ਕਾਮਯਾਬੀ ਦਾ ਇਹ ਸਫ਼ਰ ਐਨਾ ਆਸਾਨ ਵੀ ਨਹੀਂ ਸੀ। 50 ਦੇ ਦਹਾਕੇ ’ਚ ਜਿੱਥੇ ‘ਮੁਨੱਵਰ ਸੁਲਤਾਨਾ’, ‘ਜ਼ੀਨਤ ਬੇਗ਼ਮ’, ‘ਨਸੀਮ ਅਖ਼ਤਰ’, ‘ਪੁਖਰਾਜ ਭੱਪਾ’, ‘ਇਕਬਾਲ ਬਾਨੋ’ ਵਰਗੀਆਂ ਦਿੱਗਜ਼ ਗੁਲੂਕਾਰਾਵਾਂ ਤੋਂ ‘ਜ਼ੁਬੈਦਾ ਖ਼ਾਨਮ’ ਨੂੰ ਸਖ਼ਤ ਚੁਣੌਤੀ ਮਿਲੀ, ਉੱਥੇ 60 ਦੇ ਦਹਾਕੇ ਦੀ ਸ਼ੁਰੂਆਤ ‘ਚ ‘ਨਸੀਮ ਬੇਗ਼ਮ’ ਫਿਰ ‘ਨਜ਼ੀਰ ਬੇਗ਼ਮ’ ਅਤੇ ‘ਮਾਲਾ’ ਵੀ ਕਿਸੇ ਤਰ੍ਹਾਂ ਘੱਟ ਨਹੀਂ ਸਨ। ਪਰ ਇਨ੍ਹਾਂ ਵਿੱਚੋਂ ‘ਜ਼ੁਬੈਦਾ ਖ਼ਾਨਮ’ ਪੁਰਕਸ਼ਿਸ਼ ਆਵਾਜ਼ ਦੀ ਜੁਦਾਗਾਨਾ ਸ਼ਨਾਖ਼ਤ ਸੀ। ਪਾਕਿਸਤਾਨ ਫ਼ਿਲਮ ਤਵਾਰੀਖ਼ ਦੀ ਇਸ ਮਅਰੂਫ਼ ਗੁਲੂਕਾਰਾ ਨੇ ਆਪਣੇ ਫ਼ਿਲਮੀ ਕਰੀਅਰ ਦੇ ਸਿਖਰ ’ਤੇ ਪਹੁੰਚ ਕੇ ਕੈਮਰਾਮੈਨ ‘ਰਿਆਜ਼ ਬੁਖਾਰੀ’ ਨਾਲ ਨਿਕਾਹ ਕਰਕੇ ਫ਼ਿਲਮੀ ਗੁਲੂਕਾਰੀ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ ਸੀ। - ਮਨਦੀਪ ਸਿੰਘ ਸਿੱਧੂ ਸੰਪਰਕ: 97805-09545

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਵਿਚਾਲੇ ਸ਼ਬਦੀ ਜੰਗ ਭਖੀ

ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਵਿਚਾਲੇ ਸ਼ਬਦੀ ਜੰਗ ਭਖੀ

ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਭਗਵੰਤ ਮਾਨ ਨੂੰ ਸੰਵਿਧਾਨ ਦੀਆਂ ਧਾਰਾ...

ਪੰਜਾਬ ਦੇ ਰਾਜਪਾਲ ਪੁਰੋਹਿਤ ਸੂਬੇ ਵਿੱਚ ‘ਅਪਰੇਸ਼ਨ ਲੋਟਸ’ ਨੂੰ ਲਾਗੂ ਕਰਨ ਲਈ ਭਾਜਪਾ ਦੇ ਇਸ਼ਾਰੇ ’ਤੇ ਕੰਮ ਕਰ ਰਹੇ: ‘ਆਪ’

ਪੰਜਾਬ ਦੇ ਰਾਜਪਾਲ ਪੁਰੋਹਿਤ ਸੂਬੇ ਵਿੱਚ ‘ਅਪਰੇਸ਼ਨ ਲੋਟਸ’ ਨੂੰ ਲਾਗੂ ਕਰਨ ਲਈ ਭਾਜਪਾ ਦੇ ਇਸ਼ਾਰੇ ’ਤੇ ਕੰਮ ਕਰ ਰਹੇ: ‘ਆਪ’

ਕੈਬਨਿਟ ਮੰਤਰੀ ਅਮਨ ਅਰੋੜਾ ਨੇ ‘ਆਪ’ ਸਰਕਾਰ ਵਿਰੁੱਧ ਸਾਜ਼ਿਸ਼ ਰਚਣ ਦੇ ਦ...

ਖਰਾਬ ਮੌਸਮ ਕਾਰਨ ਪ੍ਰਧਾਨ ਮੰਤਰੀ ਦਾ ਮੰਡੀ ਦੌਰਾ ਰੱਦ

ਖਰਾਬ ਮੌਸਮ ਕਾਰਨ ਪ੍ਰਧਾਨ ਮੰਤਰੀ ਦਾ ਮੰਡੀ ਦੌਰਾ ਰੱਦ

ਭਾਜਪਾ ਯੂਥ ਵਰਕਰਾਂ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਕੀਤਾ ਸੰਬੋਧਨ

ਸ਼ਹਿਰ

View All