ਕਾਂਗਰਸ ਵੱਲੋਂ ਹੁਣ ਹਰਿਆਣਵੀਆਂ ਨਾਲ ਨਸ਼ਾ ਮੁਕਤੀ ਦਾ ਵਾਅਦਾ

ਇਕਬਾਲ ਸਿੰਘ ਸ਼ਾਂਤ

ਚੋਣ ਪ੍ਰਚਾਰ ਕਰਦੇ ਹੋਏ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ।

ਡੱਬਵਾਲੀ, 10 ਅਕਤੂਬਰ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਦਾਅਵਿਆਂ ਅਤੇ ਵਾਅਦਿਆਂ ’ਚ ਹੁਣ ਤੱਕ ਅਸਫ਼ਲ ਰਹੀ ਅਮਰਿੰਦਰ ਸਿੰਘ ਸਰਕਾਰ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਨੇ ਹੁਣ ਕਾਂਗਰਸ ਸਰਕਾਰ ਬਣਨ ’ਤੇ ਹਰਿਆਣਾ ਨੂੰ ਨਸ਼ਾ ਮੁਕਤ ਕਰਨ ਦਾ ਐਲਾਨ ਕੀਤਾ ਹੈ। ਉਹ ਅੱਜ ਡੱਬਵਾਲੀ ਹਲਕੇ ’ਚ ਕਾਂਗਰਸ ਉਮੀਦਵਾਰ ਅਮਿਤ ਸਿਹਾਗ ਦੀ ਹਮਾਇਤ ’ਚ ਦੌਰਾ ਕਰ ਕੇ ਵੋਟਰਾਂ ਨੂੰ ਕਾਂਗਰਸ ਦੇ ਹੱਕ ’ਚ ਭੁਗਤਣ ਦੀ ਅਪੀਲ ਕਰ ਰਹੇ ਹਨ। ਉਨ੍ਹਾਂ ਹਰਿਆਣਾ ਵਿੱਚ ਕਾਂਗਰਸ ਦੀ ਇਮਾਨਦਾਰ ਸਰਕਾਰ ਬਣਨ ਦੇ ਦਾਅਵੇ ਕੀਤੇ। ਜ਼ਿਕਰਯੋਗ ਹੈ ਕਿ ਹਰਿਆਣਵੀ ਵੋਟਰਾਂ ਨੂੰ ਲੁਭਾਉਣ ਲਈ ਅੱਜ-ਕੱਲ੍ਹ ਸਿਆਸੀ ਪਾਰਟੀਆਂ ਦੇ ਉਮੀਦਵਾਰ ਬਾਹਰੀ ਸੂਬਿਆਂ ਦੇ ਸਿਆਸੀ ਆਗੂਆਂ ਦਾ ਸਹਾਰਾ ਲੈ ਰਹੇ ਹਨ। ਕੁਝ ਉਮੀਦਵਾਰ ਵੋਟਰਾਂ ਨੂੰ ਭਰਮਾਉਣ ਲਈ ਗਾਉਣ ਵਾਲਿਆਂ ਦਾ ਸਹਾਰਾ ਵੀ ਲੈ ਰਹੇ ਹਨ। ਮਨਪ੍ਰੀਤ ਸਿੰਘ ਬਾਦਲ ਨੇ ਨਸ਼ਿਆਂ ਦੇ ਮੁੱਦੇ ’ਤੇ ਹਰਿਆਣਾ ਦੀ ਮਨੋਹਰ ਲਾਲ ਖੱਟਰ ਸਰਕਾਰ ’ਤੇ ਸ਼ਬਦੀ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ’ਚ ਕਾਂਗਰਸ ਸਰਕਾਰ ਨੇ ਚਿੱਟੇ ਦੇ ਨਸ਼ੇ ਨੂੰ ਖ਼ਤਮ ਕੀਤਾ ਹੈ। ਨਸ਼ਾ ਤਸਕਰ ਪੰਜਾਬ ਤੋਂ ਭੱਜ ਕੇ ਹਰਿਆਣਾ ’ਚ ਬੈਠ ਗਏ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਨਸ਼ੇ ਨੂੰ ਖ਼ਤਮ ਕਰਨ ’ਚ ਫੇਲ੍ਹ ਸਾਬਤ ਹੋਈ ਹੈ। ਮਨਪ੍ਰੀਤ ਸਿੰਘ ਬਾਦਲ ਨੇ ਡੱਬਵਾਲੀ ਹਲਕੇ ਦੇ ਪਿੰਡ ਡੱਬਵਾਲੀ, ਜੋਗੇਵਾਲਾ, ਪੰਨੀਵਾਲਾ ਮੋਰੀਕਾ, ਮਾਂਗੇਆਣਾ, ਹੈਬੂਆਨਾ, ਪੰਨੀਵਾਲਾ ਰੁਲਦੂ, ਪਿਪਲੀ, ਜਗਮਾਲ-ਵਾਲੀ, ਚੋਰਮਾਰ, ਓਢਾਂ, ਮਿਠੜੀ, ਸਾਂਵਤਖੇੜਾ ਅਤੇ ਡੱਬਵਾਲੀ ਸ਼ਹਿਰ ਦਾ ਚੋਣ ਸਭਾਵਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਸਰਕਾਰ ਬਣਨ ’ਤੇ ਕੋਟਲਾ ਬ੍ਰਾਂਚ ਨਹਿਰ ਦੀ ਸਮੱਸਿਆ ਹੱਲ ਕਰਨ ਦਾ ਭਰੋਸਾ ਦਿੱਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All