ਕਹਾਣੀਆਂ ਦੀ ਸਤਰੰਗੀ ਪੀਂਘ : The Tribune India

ਕਹਾਣੀਆਂ ਦੀ ਸਤਰੰਗੀ ਪੀਂਘ

ਕਹਾਣੀਆਂ ਦੀ ਸਤਰੰਗੀ ਪੀਂਘ

ਪੰਜਾਬੀ ਦੀਆਂ ਕਲਾਸਿਕ ਕਹਾਣੀਆਂ ਸੰਪਾਦਕ: ਜਿੰਦਰ ਪੰਨੇ: 287, ਕੀਮਤ: 200 ਰੁਪਏ ਸੰਗਮ ਪਬਲੀਕੇਸ਼ਨ, ਪਟਿਆਲਾ। ‘ਪੰਜਾਬੀ ਦੀਆਂ ਕਲਾਸਿਕ ਕਹਾਣੀਆਂ’ ਸੰਗ੍ਰਹਿ ਵਿੱਚ ਗੁਰਬਖਸ਼ ਸਿੰਘ ਰਚਿਤ ਕਹਾਣੀ ‘ਭਾਬੀ ਮੈਨਾ’ ਤੋਂ ਆਰੰਭ ਕਰਕੇ, ਖ਼ਾਲਿਦ ਫਰਿਆਦ ਧਾਰੀਵਾਲ ਰਚਿਤ ਕਹਾਣੀ ‘ਘਰ’ ਤੱਕ, ਕੁੱਲ ਉਨੱਤੀ ਕਹਾਣੀਕਾਰਾਂ ਦੀਆਂ ਕਹਾਣੀਆਂ ਸੰਕਲਿਤ ਹਨ। ਹੋਰ ਕਹਾਣੀਆਂ ਹਨ, ‘ਤਾਸ਼ ਦੀ ਆਦਤ’ (ਨਾਨਕ ਸਿੰਘ), ‘ਪੇਮੀ ਦੇ ਨਿਆਣੇ’ (ਸੰਤ ਸਿੰਘ ਸੇਖੋਂ), ‘ਰਾਸ ਲੀਲ੍ਹਾ’ (ਸੁਜਾਨ ਸਿੰਘ), ‘ਮੁਰਕੀਆਂ’ (ਨੌਰੰਗ ਸਿੰਘ),  ‘ਚਾਨਣੀ ਰਾਤ ਦਾ  ਦੁਖਾਂਤ’ (ਕਰਤਾਰ ਸਿੰਘ ਦੁੱਗਲ), ‘ਸ਼ਾਹ ਦੀ ਕੰਜਰੀ’ (ਅੰਮ੍ਰਿਤਾ ਪ੍ਰੀਤਮ) ‘ਸਵੇਰ ਹੋਣ ਤੱਕ’ (ਸੰਤੋਖ ਸਿੰਘ ਧੀਰ), ‘ਖੱਬਲ’ (ਕੁਲਵੰਤ ਸਿੰਘ ਵਿਰਕ), ‘ਡੈੱਡ ਲਾਈਨ’ (ਪੇ੍ਰਮ ਪ੍ਰਕਾਸ਼), ‘ਸੁੱਤਾ ਨਾਗ’ (ਰਾਮ ਸਰੂਪ ਅਣਖੀ), ‘ਸ਼ਾਨੇ ਪੰਜਾਬ’ (ਰਘਬੀਰ ਢੰਡ), ‘ਗੁਲਬਾਨੋ’  (ਅਜੀਤ ਕੌਰ), ‘ਸ਼ਹੀਦ’ ਗੁਲਜ਼ਾਰ ਸਿੰਘ ਸੰਧੂ), ‘ਹਵਾ’ (ਗੁਰਦੇਵ ਸਿੰਘ ਰੁਪਾਣਾ),  ‘ਘੋਟਣਾ’ (ਮੋਹਨ ਭੰਡਾਰੀ), ‘ਓਪਰਾ ਮਰਦ’ (ਗੁਰਬਚਨ ਸਿੰਘ ਭੁੱਲਰ), ‘ਬਰਫ਼ ਦਾ ਦਾਨਵ’ (ਜਸਬੀਰ ਭੁੱਲਰ), ‘ਪਾਣੀ ਦੀ ਕੰਧ’ (ਕਿਰਪਾਲ ਕਜ਼ਾਕ), ‘ਸਿਉਂਕ’ (ਬਲਦੇਵ ਸਿੰਘ) ‘ਦੋ ਟਾਪੂ’ (ਜਰਨੈਲ ਸਿੰਘ), ‘ਰਾਜ਼ੀਮੰਦਾ’ (ਗੁਰਚਰਨ ਚਾਹਲ ਭੀਖੀ), ‘ਸੁਨਹਿਰੀ ਕਿਣਕ’ (ਵਰਿਆਮ ਸੰਧੂ), ‘ਰੇਪ ਕੇਸ’ (ਗੁਰਪਾਲ ਲਿੱਟ), ‘ਕਤਲ’ (ਜਿੰਦਰ), ‘ਵਿਚਲੀ ਅੌਰਤ’ (ਤਲਵਿੰਦਰ ਸਿੰਘ), ‘ਸੂਰਜ ਦੀ ਕੋਈ ਪਿੱਠ ਨਹੀਂ ਹੁੰਦੀ’ (ਬਲਵਿੰਦਰ ਸਿੰਘ ਗਰੇਵਾਲ), ‘ਅੰਤਰਾ’ (ਸੁਖਜੀਤ)। ਇਨ੍ਹਾਂ ਕਹਾਣੀਆਂ ਦੀ ਚੋਣ ਲਈ ਸੰਪਾਦਕ ਵਧਾਈ ਦਾ ਪਾਤਰ ਹੈ। ਭਾਬੀ ਮੈਨਾ, ਤਾਸ਼ ਦੀ ਆਦਤ, ਪੇਮੀ ਦੇ ਨਿਆਣੇ, ਰਾਸ ਲੀਲ੍ਹਾ ਅਤੇ ਸਵੇਰ ਹੋਣ ਤੱਕ, ਕਹਾਣੀਆਂ ਪੰਜਾਬੀ ਸਾਹਿਤ ਜਗਤ ਵਿੱਚ ਸ੍ਰੇਸ਼ਟ ਅਤੇ ਪ੍ਰਮਾਣਿਕ ਮੰਨੀਆਂ ਗਈਆਂ ਹਨ। ਪ੍ਰੇਮ ਪ੍ਰਕਾਸ਼ ਰਚਿਤ ਕਹਾਣੀ ਡੈੱਡ ਲਾਈਨ ਵਿੱਚ ਇੱਕ  ਅਨੋਖੀ ਸਥਿਤੀ ਅਤੇ ਅਨੋਖੇ ਸਬੰਧਾਂ ਦਾ ਚਿਤਰਣ ਹੈ। ਕਹਾਣੀ ਦੇ ਕੇਂਦਰੀ ਬਿੰਦੂ ਸਤਪਾਲ, ਐਸ.ਪੀ. ਅਨੰਦ, ਸੱਤੀ ਜਾਂ ਪਾਲੀ ਦੀ ਮੌਤ ਤੋਂ ਇੱਕ ਵਰ੍ਹਾ ਪਿੱਛੋਂ ਵੀ ਕਹਾਣੀ ਦੀ ਮੁੱਖ ਪਾਤਰ ਸ੍ਰੀਮਤੀ ਆਨੰਦ (ਸੱਤੀ ਭਾਬੀ) ਨੂੰ ਸਮਝ ਨਹੀਂ ਆਉਂਦੀ ਕਿ ਉਹ ਮੇਰਾ ਕੀ ਸੀ? ‘‘ਦਿਓਰ, ਪੇ੍ਰਮੀ ਜਾਂ ਪਤੀ?’’ ਗੁਰਬਚਨ ਸਿੰਘ ਭੁੱਲਰ  ਰਚਿਤ ‘ਓਪਰਾ ਮਰਦ’ ਇੱਕ ਵਿਆਹੁਤਾ ਇਸਤਰੀ ‘ਦੀਪੋ’ ਦੀ ਆਪਣੇ ਵਿਆਹ ਸਮੇਂ, ਕੁੜੀਆਂ ਨਾਲ  ਚੋਰੀ ਚੋਰੀ ਆਪਣਾ ਲਾੜਾ ਦੇਖਣ ਸਮੇਂ, ਕਿਸੇ ਦੂਸਰੇ ਨੌਜਵਾਨ ਨੂੰ ਲਾੜਾ ਸਮਝ ਕੇ ਖ਼ੁਸ਼ ਹੋਣ, ਬਾਅਦ ਵਿੱਚ ਅਸਲੀਅਤ ਦਾ ਗਿਅਾਨ ਤੇ ਉਦਾਸੀ ਅਤੇ ਫਿਰ ਇੱਕ ਦਿਨ ਉਸੇ ਖ਼ੂਬਸੂਰਤ ਨੌਜਵਾਨ ਦੇ ਉਨ੍ਹਾਂ ਨੂੰ ਮਿਲਣ ਆਉਣ ਸਮੇਂ ਰਾਤ ਨੂੰ  ਉਸ ਨਾਲ ਪਿਆਰ ਭਰਿਆ ਵਾਰਤਾਲਾਪ ਅਤੇ ਸਰੀਰਕ ਸਬੰਧ ਬਣਾਉਣ ਉਪਰੰਤ ਆਪਣੇ ਆਪ ਨੂੰ ਦੋਸ਼ੀ ਸਮਝਣ ਦੇ ਅਨੁਭਵ ਦੀ ਕਥਾ ਹੈ। ਆਪਣੇ ਆਪ ਨੂੰ ਦੋਸ਼ੀ ਸਮਝਦੀ ਦੀਪੋ, ਰਣਧੀਰ ਵੱਲੋਂ ਦਿੱਤਾ ਇੱਕ ਸੌ ਰੁਪਏ ਦਾ ਨੋਟ ਵਾਪਸ ਕਰ ਦਿੰਦੀ ਹੈ ਅਤੇ ਚਾਹੁੰਦੀ ਹੈ ਕਿ ਰਣਧੀਰ ਵੀ ਉਸ ਦਾ ਕਰੋਸ਼ੀਏ ਦਾ ਕੱਢਿਆ ਰੁਮਾਲ ਉਸ ਨੂੰ ਮੋੜ ਦੇਵੇ। ਗੁਲਜ਼ਾਰ ਸਿੰਘ ਸੰਧੂ ਰਚਿਤ ਕਹਾਣੀ ‘ ਸ਼ਹੀਦ’ ਆਪਣੇ ਆਪ ਵਿੱਚ ਕਈ ਵਿਸ਼ੇ  ਸਮੋਈ ਬੈਠੀ ਹੈ। ਦੇਸ਼ ਦੀ ਵੰਡ ਸਮੇਂ ਪਿੰਡ ਵਿਚਲੇ ਫਿਰਕੂ ਵਾਤਾਵਰਨ ਨੂੰ ਚਿੱਤਰਦੀ ਇਹ ਕਹਾਣੀ ਲੋਕਾਂ ਦੇ ਟੁੱਟਦੇ ਤਿੜਕਦੇ  ਧਾਰਮਿਕ ਵਿਸ਼ਵਾਸ ਨੂੰ ਬੜੇ ਕਲਾਮਈ ਢੰਗ ਨਾਲ ਬਿਆਨ ਕਰਦੀ ਹੈ। ਗੁਰਪਾਲ ਲਿੱਟ ਰਚਿਤ ਕਹਾਣੀ ‘ਰੇਪ ਕੇਸ’ ਆਰਥਿਕ ਤੰਗੀ ਅਤੇ ਬੇਰੁਜ਼ਗਾਰੀ ਦੀ ਚੱਕੀ ਵਿੱਚ ਪਿਸਦੇ ਜੋੜੇ  ਰਚਨਾ ਅਤੇ ਪਾਸੀ ਦੇ ਤਣਾਯੁਕਤ ਜੀਵਨ ’ਤੇ ਝਾਤ ਹੈ। ਸੰਪਾਦਕ ਵੱਲੋਂ ਕੀਤੀ ਕਹਾਣੀਆਂ ਦੀ ਚੋਣ ਸ਼ਲਾਘਾਯੋਗ ਹੈ, ਪਰ ਕੁਝ ਨਾਮਵਰ ਕਹਾਣੀਕਾਰਾਂ ਦੀਆਂ ਕਹਾਣੀਆਂ ਦੀ ਅਣਹੋਂਦ ਰੜਕਦੀ ਹੈ। ਨਵਤੇਜ ਸਿੰਘ, ਸੁਖਬੀਰ, ਜਸਵੰਤ ਸਿੰਘ ਵਿਰਦੀ ਅਤੇ ਗੁਰਦਿਆਲ ਸਿੰਘ ਦੀਆਂ ਕਹਾਣੀਆਂ ਨੂੰ ਇਸ  ਸੰਗ੍ਰਹਿ ਵਿੱਚ ਨਾ ਸ਼ਾਮਲ ਕਰਨ ਦਾ ਕਾਰਨ ਕੇਵਲ ਸੰਪਾਦਕ ਹੀ ਦੱਸ ਸਕਦਾ ਹੈ। ਇਸ ਤੋਂ ਬਿਨਾਂ ਸੰਗ੍ਰਹਿ ਦੀ ਸੰਪਾਦਨਾ ਲਈ ਜਿੰਦਰ ਸ਼ਲਾਘਾ ਦਾ ਪਾਤਰ ਹੈ।

- ਡਾ. ਸੁਰਿੰਦਰ ਗਿੱਲ ਸੰਪਰਕ: 99154-73505

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਵਿਚਾਲੇ ਸ਼ਬਦੀ ਜੰਗ ਭਖੀ

ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਵਿਚਾਲੇ ਸ਼ਬਦੀ ਜੰਗ ਭਖੀ

ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਭਗਵੰਤ ਮਾਨ ਨੂੰ ਸੰਵਿਧਾਨ ਦੀਆਂ ਧਾਰਾ...

ਪੰਜਾਬ ਦੇ ਰਾਜਪਾਲ ਪੁਰੋਹਿਤ ਸੂਬੇ ਵਿੱਚ ‘ਅਪਰੇਸ਼ਨ ਲੋਟਸ’ ਨੂੰ ਲਾਗੂ ਕਰਨ ਲਈ ਭਾਜਪਾ ਦੇ ਇਸ਼ਾਰੇ ’ਤੇ ਕੰਮ ਕਰ ਰਹੇ: ‘ਆਪ’

ਪੰਜਾਬ ਦੇ ਰਾਜਪਾਲ ਪੁਰੋਹਿਤ ਸੂਬੇ ਵਿੱਚ ‘ਅਪਰੇਸ਼ਨ ਲੋਟਸ’ ਨੂੰ ਲਾਗੂ ਕਰਨ ਲਈ ਭਾਜਪਾ ਦੇ ਇਸ਼ਾਰੇ ’ਤੇ ਕੰਮ ਕਰ ਰਹੇ: ‘ਆਪ’

ਕੈਬਨਿਟ ਮੰਤਰੀ ਅਮਨ ਅਰੋੜਾ ਨੇ ‘ਆਪ’ ਸਰਕਾਰ ਵਿਰੁੱਧ ਸਾਜ਼ਿਸ਼ ਰਚਣ ਦੇ ਦ...

ਖਰਾਬ ਮੌਸਮ ਕਾਰਨ ਪ੍ਰਧਾਨ ਮੰਤਰੀ ਦਾ ਮੰਡੀ ਦੌਰਾ ਰੱਦ

ਖਰਾਬ ਮੌਸਮ ਕਾਰਨ ਪ੍ਰਧਾਨ ਮੰਤਰੀ ਦਾ ਮੰਡੀ ਦੌਰਾ ਰੱਦ

ਭਾਜਪਾ ਯੂਥ ਵਰਕਰਾਂ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਕੀਤਾ ਸੰਬੋਧਨ

ਸ਼ਹਿਰ

View All