ਕਸ਼ਮੀਰੀਆਂ ਲਈ ਪੰਜਾਬ ’ਚੋਂ ਉੱਠੀ ਆਵਾਜ਼ ਦਾ ਮਹੱਤਵ

ਪਾਵੇਲ ਕੁੱਸਾ

ਪਾਵੇਲ ਕੁੱਸਾ

ਕਸ਼ਮੀਰੀਆਂ ਦੀ ਪੀੜ ਪੰਜਾਬ ਅੰਦਰ ਡੂੰਘੀ ਤਰ੍ਹਾਂ ਮਹਿਸੂਸ ਕੀਤੀ ਗਈ ਹੈ। 15 ਸਤੰਬਰ ਨੂੰ ਪੰਜਾਬ ਦੀਆਂ ਤਪਦੀਆਂ ਸੜਕਾਂ ’ਤੇ ਘੰਟਿਆਂ ਬੱਧੀ ਅੱਗ ਸੇਕਦੇ ਕਿਰਤੀ ਲੋਕਾਂ ਦੇ ਕਾਫਲਿਆਂ ਨੂੰ ਦੇਖ ਕੇ ਤਾਂ ਇਹੀ ਕਿਹਾ ਜਾ ਸਕਦਾ ਹੈ। ਨਹੀਂ ਤਾਂ ਕੌਣ ਅਜਿਹੀ ਗਰਮੀ ’ਚ ਸੜਕ ’ਤੇ ਆਉਂਦਾ ਹੈ। ਕੋਈ ਰੜਕ ਪਵੇ, ਕੋਈ ਚੀਸ ਉੱਠੇ ਤਾਂ ਹੀ ਕੋਈ ਸਵੇਰੇ ਸਵੇਰੇ ਘਰਾਂ ਦੇ ਕੰਮ ਮੁਕਾ ਕੇ ਵੇਲੇ ਦੀ ਸੱਤਾ ਨੂੰ ਸੁਣਵਾਈ ਕਰਨ ਦਾ ਜੇਰਾ ਕਰਕੇ ਕੌਮੀ ਰਾਜਧਾਨੀ ਵੱਲ ਮੂੰਹ ਕਰਦਾ ਹੈ। ਉਹ ਵੀ ਉਦੋਂ ਜਦੋਂ ਤੁਹਾਨੂੰ ਦੇਸ਼ ਧ੍ਰੋਹੀ ਕਰਾਰ ਦਿੱਤਾ ਜਾ ਸਕਦਾ ਹੋਵੇ ਤੇ ਰਸਤੇ ’ਚ ਡਾਂਗਾਂ ਲਈ ਖੜ੍ਹੀ ਪੁਲੀਸ ਤੁਹਾਡਾ ਇੰਤਜ਼ਾਰ ਕਰ ਰਹੀ ਹੋਵੇ ਤਾਂ ਅੰਦਰ ਕੋਈ ਦਰਦ ਤੇ ਚੇਤਨਾ ਦੀ ਚਿਣਗ ਤਾਂ ਹੁੰਦੀ ਹੀ ਹੈ ਜਿਹੜੀ ਕਿਸੇ ਜਣੇ ਨੂੰ ਘਰ ਦੀ ਦਹਿਲੀਜ਼ ਤੋਂ ਬਾਹਰ ਲਿਆ ਕਿ ਮੋਢੇ ’ਤੇ ਝੰਡਾ ਲਹਿਰਾਉਣ ਤਕ ਲਿਆਉਂਦੀ ਹੈ। ਨਹੀਂ ਤਾਂ ਕਿੱਥੇ ਕਸ਼ਮੀਰ ਤੇ ਕਿੱਥੇ ਬਠਿੰਡਾ- ਮੁਕਤਸਰ ਦੇ ਟਿੱਬਿਆਂ ’ਚ ਮਿੱਟੀ ਨਾਲ ਮਿੱਟੀ ਹੁੰਦੇ ਆਉਂਦੇ ਸਾਡੇ ਕਿਰਤੀ ਕਾਮੇ,ਜਿਨ੍ਹਾਂ ਨੇ ਕਸ਼ਮੀਰ ਦੇਖਣਾ ਤਾਂ ਦੂਰ ਕਦੇ ਕਸ਼ਮੀਰ ਦੀਆਂ ਗੱਲਾਂ ਵੀ ਨਹੀਂ ਸੀ ਸੁਣੀਆਂ ਤੇ ਅੱਜ ਉਨ੍ਹਾਂ ਦੇ ਬੁੱਲ੍ਹਾਂ ’ਤੇ ਇਹ ਨਾਅਰਾ ਹੈ ‘ਸ਼ਾਹ-ਮੋਦੀ ਦੀ ਨਹੀਂ ਜਾਗੀਰ -ਕਸ਼ਮੀਰੀ ਲੋਕਾਂ ਦਾ ਕਸ਼ਮੀਰ।’ ਕਸ਼ਮੀਰੀ ਕੌਮੀ ਸੰਘਰਸ਼ ਦੇ ਇਤਿਹਾਸ ’ਚ ਇਹ ਸ਼ਾਇਦ ਪਹਿਲਾ ਮੌਕਾ ਹੋਵੇਗਾ ਜਦੋਂ ਜ਼ੁਲਮਾਂ ਦਾ ਸੇਕ ਝੱਲਦੇ ਕਸ਼ਮੀਰੀ ਲੋਕਾਂ ਲਈ ਅਜਿਹੇ ਪਿਆਰ ਤੇ ਦ੍ਰਿੜ੍ਹਤਾ ਭਰੀ ਹਮਾਇਤ ਦੀ ਫੁਹਾਰ ਭਾਰਤ ਵੱਲੋਂ ਆਈ ਹੋਵੇ, ਉਹ ਵੀ ਉਨ੍ਹਾਂ ਦਿਨਾਂ ’ਚ ਜਦੋਂ ਮੁਲਕ ਅੰਦਰ ‘ਅਖੰਡ ਭਾਰਤ’ ਲਈ ‘ਦੇਸ਼ ਭਗਤੀ’ ਦਰਸਾਉਣ ਦਾ ਮਾਹੌਲ ਸਿਰਜਿਆ ਹੋਵੇ । 5 ਅਗਸਤ ਤੋਂ ਜਦੋਂ ਤੋਂ ਸਰਕਾਰ ਨੇ ਕਸ਼ਮੀਰ ਦਾ ਮੁੱਦਾ ਹੀ ਖ਼ਤਮ ਕਰਨ ਦਾ ਐਲਾਨ ਕੀਤਾ ਹੈ ਤਾਂ ਇਹ ਪੰਜਾਬ ਦੀਆਂ ਗਲੀਆਂ ਤੇ ਚੌਕ ਹਨ, ਕਾਲਜ ਤੇ ਖੇਤ ਹਨ, ਜਿੱਥੇ ਕਸ਼ਮੀਰ ਦਾ ਮੁੱਦਾ ਜਿਉਂਦਾ ਹੋ ਗਿਆ ਹੈ,ਜਿੱਥੇ ਕਸ਼ਮੀਰੀ ਲੋਕਾਂ ਦੇ ਹੱਕ ਦੀਆਂ ਗੱਲਾਂ ਚੱਲੀਆਂ ਹਨ, ਕਸ਼ਮੀਰੀ ਲੋਕਾਂ ਦੇ ਪਿੰਡਿਆਂ ’ਤੇ ਪਾਈਆਂ ਹੋਈਆਂ ਲਾਸਾਂ ’ਤੇ ਮੱਲ੍ਹਮ ਲਾਉਣ ਦੀ ਭਾਵਨਾ ਜਾਗ ਪਈ ਹੈ| ਉਸ ਦਿਨ ਤੋਂ ਹੀ ਪੰਜਾਬ ’ਚ ਕਸ਼ਮੀਰੀ ਲੋਕਾਂ ਦੇ ਸਵੈ ਨਿਰਣੇ ਦੇ ਹੱਕ ਦੀ ਹਮਾਇਤ ਦਾ ਪਰਚਮ ਝੂਲ ਰਿਹਾ ਹੈ। ਪੰਜਾਬ ਦੇ ਪਿੰਡਾਂ ਦੀਆਂ ਸੱਥਾਂ ’ਚ ਕਸ਼ਮੀਰ ਅੰਦਰ ਵਾਪਰ ਰਹੀਆਂ ਘਟਨਾਵਾਂ ਦੀ ਚਰਚਾ ਹੋ ਰਹੀ ਹੈ ਤੇ ਉੱਥੋਂ ਦੀਆਂ ਖ਼ਬਰਾਂ ਨਵੇਂ ਉਤਸ਼ਾਹ, ਫ਼ਿਕਰਮੰਦੀ ਤੇ ਡੂੰਘੀ ਦਿਲਚਸਪੀ ਦੇ ਰਲੇ ਮਿਲੇ ਭਾਵਾਂ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਕਰਜ਼ੇ-ਖ਼ੁਦਕੁਸ਼ੀਆਂ ਦੀ ਝੰਬੀ ਪੰਜਾਬ ਦੀ ਕਿਸਾਨੀ ਤੇ ਨਸ਼ਿਆਂ ’ਚ ਰੁੜ੍ਹ ਰਹੀ ਜਵਾਨੀ, ਏਨੇ ਕਹਿਰਾਂ ਅੱਗੇ ਵੀ ਕਸ਼ਮੀਰੀ ਕੌਮ ਦੇ ਅਡੋਲ ਖੜ੍ਹੇ ਰਹਿਣ ’ਤੇ ਮਾਣ ਵੀ ਜਤਾਉਂਦੀ ਜਾਪਦੀ ਹੈ, ਹੈਰਾਨੀ ਵੀ ਪ੍ਰਗਟਾਉਂਦੀ ਹੈ ਤੇ ਆਪਣੀ ਹੋਣੀ ਤੇ ਹਾਲਤ ਨਾਲ ਉਸ ਜਜ਼ਬੇ ਤੇ ਹਾਲਾਤ ਦਾ ਮੁਕਾਬਲਾ ਕਰਕੇ ਦੇਖਣ ਦਾ ਯਤਨ ਕਰਦੀ ਵੀ ਦਿਖਾਈ ਦਿੰਦੀ ਹੈ। ਇਨ੍ਹਾਂ ਦਿਨਾਂ ’ਚ ਪੰਜਾਬ ਅੰਦਰ ਵਾਪਰਿਆ ਇਹ ਵਰਤਾਰਾ ਨਿਵੇਕਲਾ ਹੈ। ਪੰਜਾਬ ’ਚ ਆਪਣੇ ਹੱਕਾਂ ਲਈ ਸੜਕਾਂ ’ਤੇ ਨਿੱਤਰਨ ਦੀ ਵਿਰਾਸਤ ਹੈ, ਪਰ ਜਿਹੜੇ ਸਾਡੇ ਮੁਲਕ ਦੇ ਹੀ ਹਾਕਮਾਂ ਨੇ ਸਾਡੇ ਅੰਦਰ ਝੂਠੀ ਦੇਸ਼ ਭਗਤੀ ਜਗਾਉਣ ਰਾਹੀਂ ਦਬਾ ਕੇ ਰੱਖੇ ਹੋਏ ਹੋਣ, ਉਨ੍ਹਾਂ ਲਈ ਨੰਗੇ ਧੜ ਨਿੱਤਰਨਾ ਤੇ ਬੇਖੋਫ਼ ਨਿੱਤਰਨਾ ਪੰਜਾਬੀਆਂ ਦੇ ਮਾਣ ਕਰਨ ਲਾਇਕ ਹੈ। ਜੇਕਰ ਪੰਜਾਬ ਦੇ ਕੋਨੇ ਕੋਨੇ ’ਚ ਕਸ਼ਮੀਰੀ ਕੌਮੀ ਸੰਘਰਸ਼ ਦੀ ਗੂੰਜ ਪਈ ਹੈ ਤਾਂ ਇਹ ਉਨ੍ਹਾਂ ਸੈਂਕੜੇ ਚੇਤਨ ਤੇ ਜੁਝਾਰੂ ਕਾਰਕੁੰਨਾਂ ਦੀ ਮਿਹਨਤ ਦਾ ਸਿੱਟਾ ਹੈ ਜਿਨ੍ਹਾਂ ਨੇ ਕਸ਼ਮੀਰ ਦੀ ਹਕੀਕਤ ਪੰਜਾਬੀ ਲੋਕਾਂ ਤਕ ਪਹੁੰਚਾਈ ਹੈ, ਪਰ ਕਸ਼ਮੀਰੀ ਕੌਮ ਦੀ ਹਾਲਤ ਬਾਰੇ, ਉਨ੍ਹਾਂ ’ਤੇ ਜ਼ੁਲਮਾਂ, ਉਨ੍ਹਾਂ ਦੀ ਵਿਰੋਧ-ਲਹਿਰ ਤੇ ਮੰਗਾਂ ਬਾਰੇ, ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਦੇ ਰੋਲ ਬਾਰੇ ਜਿੰਨੀ ਵਿਸਥਾਰੀ ਤੇ ਬਹੁਪਰਤੀ ਚਰਚਾ ਘਰਾਂ ਤੇ ਸੱਥਾਂ ’ਚ ਚੱਲੀ ਹੈ, ਇਹ ਲੋਕਾਂ ਦੀ ਸਮਾਜੀ ਸਿਆਸੀ ਸਰੋਕਾਰਾਂ ਪ੍ਰਤੀ ਜਾਗ ਰਹੀ ਦਿਲਚਸਪੀ ਕਾਰਨ ਹੀ ਸੰਭਵ ਹੋ ਸਕਿਆ ਹੈ। ਇਹ ਵਰਤਾਰਾ ਉਨ੍ਹਾਂ ਹਲਕਿਆਂ ਲਈ ਸ਼ੀਸ਼ਾ ਬਣਨਾ ਚਾਹੀਦਾ ਹੈ ਜਿਹੜੇ ਪੰਜਾਬ ਦੇ ਲੋਕਾਂ ਦੇ ਅਜਿਹੇ ਸਰੋਕਾਰਾਂ ਤੋਂ ਮੁੱਖ ਮੋੜ ਚੁੱਕੇ ਹੋਣ ਬਾਰੇ ਅਣਜਾਣੇ ’ਚ ਹੀ ਫਤਵੇ ਜਾਰੀ ਕਰ ਦਿੰਦੇ ਹਨ। ਇਸ ਸਾਰੀ ਚਰਚਾ ਨੂੰ ਏਨੀ ਦਿਲਚਸਪੀ ਨਾਲ ਸੁਣਨ, ਗ੍ਰਹਿਣ ਕਰਨ ਤੇ ਅਮਲੀ ਪੱਧਰ ’ਤੇ ਲਿਆਉਣ ਲਈ ਆਧਾਰ ਤਾਂ ਕਿਰਤਾਂ ਦੇ ਸਾਂਝੇ ਹਿੱਤਾਂ ਦੀ ਤੰਦ ਹੀ ਬਣੀ ਹੈ ਜੋ ਸੁੱਚੀ ਕਿਰਤ ’ਚ ਗੁੰਨ੍ਹੀ ਸਾਧਾਰਨ ਲੋਕਾਈ ਦੇ ਧੁਰ ਅੰਦਰ ਵਸੀ ਇਨਸਾਫ਼ ਪਸੰਦਗੀ ਦੀ ਭਾਵਨਾ ਨਾਲ ਜੁੜੀ ਹੁੰਦੀ ਹੈ। ਕਿਸੇ ਖੇਤ ਮਜ਼ਦੂਰ ਔਰਤ ਲਈ ਜਿਹੜੀ ਖੇਤਾਂ ਤੋਂ ਪੱਠੇ ਲੈਣ ਗਈ ਜ਼ਮੀਨ ਮਾਲਕੀ ਤੇ ਮਰਦ ਹੰਕਾਰ ਦੇ ਜੁੜਵੇਂ ਦਾਬੇ ਨੂੰ ਧੁਰ ਅੰਦਰ ਤਕ ਝੱਲਦੀ ਹੈ, ਕਸ਼ਮੀਰ ’ਚ ਬਲਾਤਕਾਰ ਪੀੜਤ ਔਰਤਾਂ ਦੀਆਂ ਪੀੜਾਂ ਨੂੰ ਬੁੱਝਣਾ ਔਖਾ ਕਿਵੇਂ ਹੋ ਸਕਦਾ ਹੈ। ਕਿਸੇ ਦਲਿਤ ਲਈ ਜਾਤ - ਪਾਤ ਦੇ ਡੰਗ ਦੀ ਵੇਦਨਾ ਕਿਸੇ ਕਸ਼ਮੀਰੀ ਨੌਜਵਾਨ ਦੇ ਸਵੈ ਮਾਣ ਦੇ ਫ਼ੌਜੀ ਬੂਟਾਂ ਹੇਠ ਕੁਚਲੇ ਜਾਣ ਦੀ ਚੀਸ ਨਾਲੋਂ ਜ਼ਿਆਦਾ ਵਿੱਥ ’ਤੇ ਨਹੀਂ ਹੁੰਦੀ। ਭਰ ਜਵਾਨੀ ’ਚ ਵਿੱਛੜੇ ਪੁੱਤਰਾਂ ਚਾਹੇ ਉਹ ਨਸ਼ਿਆਂ ਦੇ ਦਰਿਆ ’ਚ ਰੁੜ੍ਹ ਗਏ ਹੋਣ ਤੇ ਚਾਹੇ ਕਿਸੇ ਪਰਾਈ ਧਰਤੀ ਤੋਂ ਆਈਆਂ ਧਾੜਾਂ ਨੇ ਕੋਹ ਲਏ ਹੋਣ, ਇਸਦੀ ਕਿਸਮ ਕਿਸੇ ਵਿਸ਼ਲੇਸ਼ਕ ਲਈ ਤਾਂ ਵੱਖਰੀ ਹੁੰਦੀ ਹੈ, ਪਰ ਮਾਵਾਂ ਲਈ ਪੀੜਾਂ ਤਾਂ ਇਕੋ ਜਿੰਨੀਆਂ ਹੁੰਦੀਆਂ ਹਨ। ਇਨ੍ਹਾਂ ਪੀੜਾਂ ਦੀ ਪਰੁੰਨੀ ਪਈ ਲੋਕਾਈ ਦੀ ਸਾਂਝ ਪੰਜਾਬ ਦੇ ਕਿਰਤੀ ਲੋਕਾਂ ਲਈ ਕਸ਼ਮੀਰੀ ਲੋਕਾਂ ਦੇ ਹੱਕ ’ਚ ਨਿੱਤਰ ਆਉਣ ਦਾ ਆਧਾਰ ਬਣੀ ਹੈ। ਇਸ ਆਧਾਰ ਨੂੰ ਹਕੀਕੀ ਕਦਮਾਂ ’ਚ ਇਨ੍ਹਾਂ ਕਾਫਲਿਆਂ ਵੱਲੋਂ ਆਪਣੇ ਸੰਘਰਸ਼ਾਂ ਦੌਰਾਨ ਹਾਸਲ ਕੀਤੀ ਚੇਤਨਾ ਨੇ ਸਾਕਾਰ ਕੀਤਾ ਹੈ। ਇਹ ਸਮਾਜੀ ਸਿਆਸੀ ਚੇਤਨਾ ਹੈ ਜਿਹੜੇ ਪੰਜਾਬ ਦੇ ਇਨ੍ਹਾਂ ਸੰਘਰਸਸ਼ੀਲ ਲੋਕਾਂ ਨੇ ਦਹਾਕਿਆਂ ਬੱਧੀ ਹੱਕਾਂ ਲਈ ਸੰਘਰਸ਼ ਕਰਨ ਦੇ ਅਮਲ ਦੌਰਾਨ ਹਾਸਲ ਕੀਤੀ ਹੈ ਤੇ ਇਹ ਚੇਤਨਾ ਹੀ ਉਨ੍ਹਾਂ ਨੂੰ ਕਸ਼ਮੀਰੀ ਲੋਕਾਂ ਦੇ ਹੱਕ ਲਈ ਸੜਕਾਂ ਤਕ ਲੈ ਆਈ ਹੈ। ਇਹ ਜਮਾਤੀ ਸੰਘਰਸ਼ਾਂ ਦੇ ਅਮਲ ਦੌਰਾਨ ਵਿਕਸਤ ਹੋਈ ਚੇਤਨਾ ਹੈ ਜਿਹੜੀ ਉਨ੍ਹਾਂ ਨੂੰ ਸਿੱਖਾਂ ਵਜੋਂ ਨਹੀਂ ਸਗੋਂ ਕਿਰਤੀ ਪੰਜਾਬੀਆਂ ਵਜੋਂ ਕਸ਼ਮੀਰੀ ਲੋਕਾਂ ਦੇ ਹੱਕ ’ਚ ਡਟਣ ਦਾ ਜਜ਼ਬਾ ਦਿੰਦੀ ਹੈ। ਇਸ ਸਮੁੱਚੀ ਸਰਗਰਮੀ ਦਾ ਸਾਰ ਤੱਤ ਚੰਡੀਗੜ੍ਹ ਰੈਲੀ ਵਿਚ ਸ਼ਾਮਲ ਹੋਣ ਆਈ ਇਕ ਖੇਤ ਮਜ਼ਦੂਰ ਔਰਤ ਦੇ ਬੋਲਾਂ ’ਚੋਂ ਪ੍ਰਗਟ ਹੁੰਦਾ ਹੈ। ਉਸ ਨੇ ਕਿਹਾ ,‘ਹਾਂ ਭਾਈ,ਜੇ ਅੱਜ ਆਪਾਂ ਉਨ੍ਹਾਂ ਲਈ ਬੋਲਾਂਗੇ, ਕੱਲ੍ਹ ਨੂੰ ਆਪਣੀ ਮਦਦ ’ਤੇ ਉਹ ਫੇਰ ਹੀ ਆਉਣਗੇ, ਸਾਂਝ ਤਾਂ ਇਉਂ ਹੀ ਬਣੇਗੀ|’ ਮੁਕਤਸਰ ਜ਼ਿਲ੍ਹੇ ਦੇ ਇਕ ਦਲਿਤ ਵਿਹੜੇ ਦੀ ਔਰਤ ਵੱਲੋਂ ਦਬਾਈ ਹੋਈ ਕਸ਼ਮੀਰੀ ਕੌਮੀਅਤ ਨਾਲ ਹਕੀਕੀ ਰਿਸ਼ਤੇ ਦੀ ਅਜਿਹੀ ਪਛਾਣ ਮੁਲਕ ਦੀ ਕਿਰਤੀ ਲੋਕਾਈ ਦੇ ਭਵਿੱਖ ਲਈ ਬਹੁਤ ਮਹੱਤਵ ਰੱਖਦੀ ਹੈ। ਪੰਜਾਬ ਅੰਦਰ ਕਸ਼ਮੀਰੀ ਲੋਕਾਂ ਦੇ ਹੱਕਾਂ ਲਈ ਹੋਈ ਇਹ ਵਿਆਪਕ ਸਰਗਰਮੀ ਸਿਰਫ਼ ਕਸ਼ਮੀਰੀ ਲੋਕਾਂ ’ਤੇ ਜ਼ੁਲਮਾਂ ਖਿਲਾਫ਼ ਹਾਅ ਦਾ ਨਾਅਰਾ ਹੀ ਨਹੀਂ ਹੈ ਨਾ ਹੀ ਇਹ ਕੇਂਦਰ ਦੀ ਸਰਕਾਰ ਵੱਲੋਂ ਕੀਤੇ ਗਏ ਹੁਣ ਦੇ ਨਵੇਂ ਕਸ਼ਮੀਰ ਵਿਰੋਧੀ ਫ਼ੈਸਲਿਆਂ ਤਕ ਸੀਮਤ ਹੈ, ਸਗੋਂ ਇਸ ਸਮੁੱਚੀ ਸਰਗਰਮੀ ਦੌਰਾਨ ਕਸ਼ਮੀਰੀ ਲੋਕਾਂ ਦੇ ਸਵੈ ਨਿਰਣੇ ਦੇ ਬੁਨਿਆਦੀ ਜਮਹੂਰੀ ਹੱਕ ਨੂੰ ਬੁਲੰਦ ਕੀਤਾ ਗਿਆ ਹੈ। ਪੰਜਾਬ ਦੀ ਧਰਤੀ ਤੋਂ ਇਹ ਆਵਾਜ਼ ਉੱਠਣਾ ਬਹੁਤ ਸੁਲੱਖਣਾ ਵਰਤਾਰਾ ਹੈ। ਇਸ ਵਰਤਾਰੇ ਦਾ ਕਸ਼ਮੀਰੀ ਲੋਕਾਂ ਦੀ ਲਹਿਰ ਲਈ ਮਹੱਤਵ ਤਾਂ ਹੈ ਹੀ, ਪਰ ਪੰਜਾਬੀ ਲੋਕਾਂ ਲਈ ਇਸਤੋਂ ਵੀ ਜ਼ਿਆਦਾ ਹੈ। ਪੰਜਾਬ ਅੰਦਰ ਲੋਕਾਂ ਵੱਲੋਂ ਇਸ ਧੜੱਲੇ ਤੇ ਸਪੱਸ਼ਟਤਾ ਨਾਲ ਉਨ੍ਹਾਂ ਦੇ ਹੱਕ ’ਚ ਨਿੱਤਰਨਾ ਇਹ ਬੁੱਝਣ ਲਈ ਕਾਫ਼ੀ ਹੈ ਕਿ ਪੰਜਾਬੀ ਕਿਰਤੀ ਲੋਕਾਂ ਨੂੰ ਨਿਰਾਸ਼ਾ ਤੇ ਬੇਵਸੀ ਦੇ ਆਲਮ ’ਚੋਂ ਕੱਢ ਸਕਣ ਵਾਲੀਆਂ ਚਿਣਗਾਂ ਏਸ ਧਰਤੀ ’ਤੇ ਸੁਲਘ ਰਹੀਆਂ ਹਨ। ਇਨ੍ਹਾਂ ਮਘਦੀਆਂ ਚਿਣਗਾਂ ’ਚ ਹੀ ਪੰਜਾਬੀਆਂ ਦਾ ਭਵਿੱਖ ਮੌਜੂਦ ਹੈ। ਸੰਪਰਕ: 94170-54015

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All